ਸਿੱਖ ਖਬਰਾਂ

ਗੁਰਜੰਟ ਸਿੰਘ ਆਸਟ੍ਰੇਲੀਆ ਦੇ ਕਥਿਤ ਸਾਥੀਆਂ ਵਿਰੁਧ ਮਾਮਲਾ ਹੁਣ ਠੰਡੇ ਬਸਤੇ ਵਿਚ ਪਿਆ; ਖਬਰਖਾਨਾ ਖਾਮੋਸ਼

January 3, 2019 | By

ਚੰਡੀਗੜ੍ਹ (ਸਿੱਖ ਸਿਆਸਤ): ਪੰਜਾਬ ਪੁਲਿਸ ਵਲੋਂ ਜਦੋਂ ਵੀ ਕੋਈ ਗ੍ਰਿਫਤਾਰੀ ਖਾੜਕੂਵਾਦ ਦੇ ਨਾਂ ਉੱਤੇ ਕੀਤੀ ਜਾਂਦੀ ਹੈ ਤਾਂ ਇਹਨਾਂ ਗ੍ਰਿਫਤਾਰੀਆਂ ਬਾਰੇ ਇਹ ਦਾਅਵਾ ਜਰੂਰ ਕੀਤਾ ਜਾਂਦਾ ਹੈ ਕਿ ਫੜੇ ਗਏ ਬੰਦੇ ਖਤਰਨਾਕ ਖਾੜਕੂ ਹਨ ਜਿਨ੍ਹਾਂ ਦੇ ਤਾਰ ਵਿਦੇਸ਼ਾਂ ਵਿਚ ਜੁੜੇ ਹੋਏ ਹਨ। ਅਜਿਹੇ ਹੀ ਦਾਅਵੇ ਲੰਘੇ ਸਾਲ 10 ਮਈ ਨੂੰ ਫਰੀਦਕੋਟ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਸੰਦੀਪ ਸਿੰਘ (26) ਅਤੇ ਅਮਰ ਸਿੰਘ (48) ਬਾਰੇ ਕੀਤੇ ਗਏ ਸਨ। ਪੁਲਿਸ ਨੇ ਉਹਨਾਂ ਵਿਰੁਧ ਅਜੋਕੇ ਸਮੇਂ ਦੇ ਸਭ ਤੋਂ ਘਾਤਕ ਕਾਨੂੰਨ “ਗੈਰਕਾਨੂੰਨੀ ਕਾਰਵਾਈਆਂ (ਰੋਕੂ) ਕਾਨੂੰਨ” (ਯੂ.ਏ.ਪੀ.ਏ) ਤਹਿਤ ਮਾਮਲਾ (ਐਫ.ਆਈ.ਆਰ ਨੰਬਰ 73/18, ਠਾਣਾ ਕੋਟਕਪੂਰਾ ਸਿਟੀ) ਦਰਜ਼ ਕੀਤਾ ਸੀ। ਪੁਲਿਸ ਦੇ ਦਾਅਵਾ ਕੀਤਾ ਸੀ ਕਿ ਇਹ ਦੋਵੇਂ ਗੁਰਜੰਟ ਸਿੰਘ ਆਸਟ੍ਰੇਲੀਆ ਦੇ ਸੰਪਰਕ ਵਿਚ ਸਨ ਅਤੇ ਉਸਦੀ ਜਥੇਬੰਦੀ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਨਾਲ ਜੁੜੇ ਹੋਏ ਸਨ। ਖਬਰਖਾਨੇ ਨੇ ਵੀ ਪੁਲਿਸ ਦੇ ਦਾਅਵਿਆਂ ਨੂੰ ਜਚਾ-ਜਚਾ ਕੇ ਛਾਪਿਆ ਸੀ ਤੇ ਇੰਝ ਦਰਸਾਇਆ ਸੀ ਕਿ ਇਹਨਾਂ ਦੀ ਗ੍ਰਿਫਤਾਰੀ ਬਹੁਤ ਵੱਡੀ ਕਾਰਵਾਈ ਸੀ। ਪਰ ਹੁਣ ਅੱਠ ਮਹੀਨੇ ਬੀਤ ਜਾਣ ਉੱਤੇ ਵੀ ਇਸ ਮਾਮਲੇ ਵਿਚ ਮੁਕਦਮਾ ਚਲਾਉਣ ਦੀ ਮੁੱਢਲੀ ਕਾਰਵਾਈ ਵੀ ਪੂਰੀ ਨਹੀਂ ਹੋ ਸਕੀ।

ਉੱਪਰ: ਗੁਰਜੰਟ ਸਿੰਘ ਆਸਟ੍ਰੇਲੀਆ, ਹੇਠਾਂ: ਸੰਦੀਪ ਸਿੰਘ (ਖੱਬੇ), ਅਮਰ ਸਿੰਘ (ਸੱਜੇ) [ਪੁਰਾਣੀਆਂ ਤਸਵੀਰਾਂ]

ਸਿੱਖ ਸਿਆਸਤ ਵਲੋਂ ਇਕੱਠੀ ਕੀਤੀ ਗਈ ਜਾਣਕਾਰੀ ਮੁਤਾਬਕ ਅਗਸਤ 2018 ਵਿਚ ਸੰਦੀਪ ਸਿੰਘ ਤੇ ਅਮਰ ਸਿੰਘ ਨੂੰ ਸਥਾਨਕ ਅਦਾਲਤ ਨੇ ਇਸ ਮਾਮਲੇ ਵਿਚ ਜਮਾਨਤ ਦੇ ਦਿੱਤੀ ਸੀ। ਇਸ ਤੋਂ ਬਾਅਦ ਮਿਤੀ 20 ਨਵੰਬਰ, 2018 ਨੂੰ ਸਥਾਨਕ ਜੱਜ ਏਕਤਾ ਉੱਪਲ (ਜੁਡੀਸ਼ੀਅਲ ਮੈਜਿਸਟ੍ਰੇਟ, ਫਸਟ ਕਲਾਸ, ਫਰੀਦਕੋਟ), ਨੇ ਲਿਖਤੀ ਫੈਸਲੇ ਵਿਚ ਇਸ ਮਾਮਲੇ ਨੂੰ ਪੂਰਾ ਚਲਾਣ ਆਉਣ ਤੱਕ “ਠੰਡੇ ਬਸਤੇ” ਵਿਚ ਪਾ ਦਿੱਤਾ ਜਿਸ ਨੂੰ ਕਾਨੂੰਨੀ ਭਾਸ਼ਾ ਵਿਚ “ਸਾਈਨ ਡਾਈ” ਕਹਿੰਦੇ ਹਨ। ਅਦਾਲਤੀ ਭਾਸ਼ਾ ਵਿਚ ਸਾਈਨ ਡਾਈ ਦਾ ਭਾਵ ਹੁੰਦਾ ਹੈ ਕਿ ਕਿਸੇ ਮਾਮਲੇ ਦੀ ਸੁਣਵਾਈ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤੀ ਜਾਂਦੀ ਹੈ ਤੇ ਅਗਲੀ ਕੋਈ ਵੀ ਤਰੀਕ ਨਹੀਂ ਮਿੱਥੀ ਜਾਂਦੀ।

ਆਪਣੇ ਫੈਸਲੇ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਵਿਚ ਅਦਲਾਤ ਨੇ ਇਹ ਤੱਥ ਦਰਜ਼ ਕੀਤੇ ਹਨ ਕਿ ਮਾਮਲੇ ਦੀ ਜਾਂਚ ਕਰਨ ਵਾਲੀ ਪੁਲਿਸ ਨੂੰ 23 ਅਗਸਤ, 24 ਅਗਸਤ, 7 ਸਤੰਬਰ, 25 ਸਤੰਬਰ, 6 ਅਕਤੂਬਰ, 22 ਅਕਤੂਬਰ, 15 ਨਵੰਬਰ ਅਤੇ 19 ਨਵੰਬਰ 2018 ਨੂੰ ਵਾਰ-ਵਾਰ ਮੌਕਾ ਦੇਣ ਉੱਤੇ ਵੀ ਇਸ ਮਾਮਲੇ ਵਿਚ ਮੁਕਦਮਾ ਚਲਾਉਣ ਲਈ ਲੋੜੀਂਦੀ ਮਨਜੂਰੀ ਨਹੀਂ ਵਿਖਾ ਸਕੀ ਬਲਕਿ ਇਸ ਮਾਮਲੇ ਦਾ ਜਾਂਚ ਅਫਸਰ ਇਨ੍ਹਾਂ ਵਿਚੋਂ ਕਈ ਤਰੀਕਾਂ ਉੱਤੇ ਅਦਾਲਤ ਵਿਚ ਪੇਸ਼ ਹੀ ਨਹੀਂ ਹੋਇਆ।

ਅਦਾਲਤ ਨੇ ਕਿਹਾ ਹੈ ਕਿ ਯੂ.ਏ.ਪੀ.ਏ ਕਾਨੂੰਨ ਤਹਿਤ ਮੁਕਦਮਾ ਚਾਲਉਣ ਦੀ ਮਨਜੂਰੀ ਤੋਂ ਬਿਨਾ ਪੁਲਿਸ ਵਲੋਂ ਪੇਸ਼ ਕੀਤਾ ਗਿਆ ਚਲਾਣ ਅਧੂਰਾ ਹੈ ਤੇ ਇਸ ਦੇ ਅਧਾਰ ਉੱਤੇ ਅੱਗੇ ਕੋਈ ਕਾਰਵਾਈ ਨਹੀਂ ਚੱਲ ਸਕਦੀ। ਇਸ ਲਈ ਅਦਾਲਤ ਨੇ ਮੁਕਦਮੇਂ ਨੂੰ ਠੰਡੇ ਬਸਤੇ (ਸਾਈਨ ਡਾਈ) ਕਰ ਦਿੱਤਾ ਹੈ।

ਅਦਾਲਤ ਦਾ ਕਹਿਣਾ ਹੈ ਕਿ ਜੇਕਰ ਅੱਗੇ ਚੱਲ ਕੇ ਕਿਸੇ ਸਮੇਂ ਚਲਾਣ ਮੁਕੰਮਲ ਰੂਪ ਵਿਚ ਪੇਸ਼ ਹੁੰਦਾ ਹੈ ਤਾਂ ਮੁੜ ਕਾਰਵਾਈ ਲਈ ਤਰੀਕ ਮਿੱਥੀ ਜਾ ਸਕੇਗੀ।

ਇਸ ਸਮੁੱਚੀ ਕਾਰਵਾਈ ਨੇ ਇਕ ਵਾਰ ਮੁੜ ਪੁਲਿਸ ਵਲੋਂ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਸਮੇਂ ਕੀਤੇ ਜਾਂਦੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਕੱਢੀ ਹੈ ਕਿਉਂਕਿ ਇਨ੍ਹਾਂ ਗ੍ਰਿਫਤਾਰੀਆ ਵੇਲੇ ਤਾਂ ਪੁਲਿਸ ਵਲੋਂ ਪੁਖਤਾ ਸਬੂਤ ਹੋਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਤੇ ਹਰ ਮਾਮਲੇ ਵਿਚ ਵਿਦੇਸ਼ੀ ਸਾਜਿਸ਼ ਫੜ੍ਹ ਲਏ ਜਾਣ ਦਾ ਦਾਅਵਾ ਵੀ ਕੀਤਾ ਜਾਂਦਾ ਹੈ ਪਰ ਬਾਅਦ ਵਿਚ ਇਹ ਦਾਅਵੇ ਹਵਾ ਹੋ ਜਾਂਦੇ ਹਨ।

ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਖਬਰਖਾਨਾ (ਮੀਡੀਆ) ਜਿੱਥੇ ਇਨ੍ਹਾਂ ਗ੍ਰਿਫਤਾਰੀਆਂ ਵੇਲੇ ਪੁਲਿਸ ਦੇ ਦਾਅਵਿਆਂ ਨੂੰ ਲਿਸ਼ਕਾ-ਪੁਸ਼ਕਾ ਕੇ ਪੇਸ਼ ਕਰਦਾ ਹੈ ਓਥੇ ਜਦੋਂ ਇਹਨਾਂ ਮਾਮਲਿਆ ਵਿਚ ਪੁਲਿਸ ਦੇ ਦਾਅਵੇ ਗਲਤ ਸਾਬਤ ਹੋਣ ਲੱਗਦੇ ਹਨ ਤਾਂ ਉਦੋਂ ਬਹੁਤ ਘੱਟ ਖਬਰਾਂ ਨਸ਼ਰ ਕੀਤੀਆਂ ਜਾਂਦੀਆਂ ਹਨ ਤੇ ਜ਼ਿਆਦਾਤਰ ਟੀਵੀ ਤੇ ਅਖਬਾਰਾਂ ਦੜ ਵੱਟ ਜਾਂਦੇ ਹਨ।

ਇਹ ਹੋਰ ਗ੍ਰਿਫਤਾਰੀ:

ਸਿੱਖ ਸਿਆਸੀ ਕੈਦੀਆਂ ਦੀ ਸੂਚੀ ਰੱਖਣ ਵਾਲੇ ਤੇ ਸਿੱਖ ਸਿਆਸੀ ਨਜ਼ਰਬੰਦਾਂ ਦੇ ਮਾਮਲਿਆਂ ਦੇ ਜਾਣਕਾਰ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਉਕਤ ਮਾਮਲੇ ਵਿਚ ਪੁਲਿਸ ਇਕ ਹੋਰ ਗ੍ਰਿਫਤਾਰੀ ਕੀਤੀ ਹੈ। ਵਕੀਲ ਮੰਝਪੁਰ ਨੇ ਕਿਹਾ ਕਿ: “ਐਫ.ਆਈ.ਆਰ. ਨੰਬਰ 73/18 ਜਿਹੜੀ ਕਿ ਕੋਟਕਪੂਰਾ ਸਿਟੀ ਠਾਣੇ ਵਿਚ ਦਰਜ਼ ਹੋਈ ਸੀ ਵਿਚ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਬੱਲ ਦੇ ਵਾਸੀ ਪਲਵਿੰਦਰ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,