
March 31, 2011 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ (31 ਮਾਰਚ, 2011): ਫਰਵਰੀ 2007 ਵਿਚ ਹੋਏ ਸਮਝੌਤਾ ਐਕਸਪ੍ਰੈਸ ਬੰਬ ਕਾਂਡ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ। ਦਸੰਬਰ 2010 ਵਿਚ ਗ੍ਰਿਫ਼ਤਾਰ ਕੀਤਾ ਗਿਆ ਅਸੀਮਾਨੰਦ ਇਸ ਕਾਂਡ ਵਿਚ ਅਪਣੀ ਸ਼ਮੂਲੀਅਤ ਕਬੂਲ ਕਰ ਚੁੱਕਿਆ ਹੈ ਤੇ ਇਸ ਕਾਂਡ ਵਿਚ ਸ਼ਾਮਿਲ ਹੋਰਨਾਂ ਦੋਸ਼ੀਆਂ ਦੇ ਨਾਂ ਵੀ ਉਸਨੇ ਕਦੋਂ ਦੇ ਜਗ-ਜ਼ਾਹਰ ਕਰ ਦਿੱਤੇ ਹਨ ਪਰ ਫਿਰ ਵੀ ਭਾਰਤ ਸਰਕਾਰ ਇਸ ਕਾਂਡ ਦੀ ਅਸਲੀਅਤ ’ਤੇ ਪਰਦੇ ਪਾ ਰਹੀ ਹੈ।
ਉਕਤ ਵਿਚਾਰ ਪ੍ਰਗਟਾਉਂਦਿਆ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਭਾਰਤ-ਪਾਕਿ ਗ੍ਰਹਿ ਸਕੱਤਰਾਂ ਦੀ ਗੱਲਬਾਤ ਤੋਂ ਇਕ ਦਿਨ ਬਾਅਦ, ਪਕਿਸਤਾਨ ਸਰਕਾਰ ਦੇ ਸਵਾਲ ਦੇ ਜਵਾਬ ਵਿਚ ਭਾਰਤ ਸਰਕਾਰ ਨੇ ਕਿਹਾ ਹੈ ਕਿ ਇਸ ਕਾਂਡ ਦੀ ਜਾਂਚ ਅਜੇ ਚੱਲ ਰਹੀ ਹੈ ਤੇ ਅਸਲ ਦੋਸੀਆਂ ਦੀ ਪਛਾਣ ਅਜੇ ਕੀਤੀ ਜਾਣੀ ਹੈ ਜਦਕਿ ਇਸ ਕਾਂਡ ਦਾ ਮਾਸਟਰਮਾਈਂਡ ਅਸੀਮਾਨੰਦ ਪਹਿਲਾਂ ਹੀ ਇਸ ਸਬੰਧੀ ਅਸਲੀਅਤ ਬਿਆਨ ਚੁੱਕਿਆ ਹੈ ਪਰ ਭਾਰਤ ਸਰਕਾਰ ਜਾਨ-ਬੁੱਝ ਕੇ ਸਚਾਈ ਨੂੰ ਛੁਪਾ ਰਹੀ ਹੈ। ਕਿਉਂਕਿ ਇਸ ਸਚਾਈ ਨਾਲ ਹੋਰ ਵੀ ਬਹੁਤ ਕੁਝ ਦੁਨੀਆਂ ਦੇ ਸਾਹਮਣੇ ਆਵੇਗਾ ਜਿਸਨੂੰ ਦੇਸ਼ ਦੀ ਪ੍ਰਭੂਸੱਤਾ ’ਤੇ ਕਾਬਜ਼ ਸ਼ਕਤੀਆਂ ਛੁਪਾ ਕੇ ਰੱਖਣਾ ਚਾਹੁੰਦੀਆਂ ਹਨ। ਉਕਤ ਆਗੂਆਂ ਨੇ ਕਿਹਾ ਕਿ 26/11 ਦੇ ਮੁੰਬਈ ਹਮਲੇ ਮੌਕੇ ਹੋਈ ਏ. ਟੀ. ਐਸ. ਮੁੱਖੀ ਹੇਮੰਤ ਕਰਕਰੇ ਦੀ ਮੌਤ ਬਾਰੇ ਸਚਾਈ ਬਿਆਨਦੀ ਮਹਾਂਰਾਸ਼ਟਰ ਦੇ ਸਾਬਕਾ ਇੰਸਪੈਕਟਰ ਜਨਰਲ (ਪੁਲਿਸ) ਆਈ.ਜੀ. ਮੁਸਰਿਫ ਦੀ ਕਿਤਾਬ ‘ਹੂ ਕਿਲਡ ਕਰਕਰੇ’ ਵਿੱਚ ਸਮਝੌਤਾ ਐਕਸਪ੍ਰੈਸ, ਮਾਲੇਗਾਂਵ ਮਸਜਿਦ ਤੇ ਹੋਰਨਾਂ ਮਸਜਿਦਾਂ ਵਿੱਚ ਹੋਏ ਧਮਾਕਿਆਂ ਦੀ ਸਚਾਈ ਤੋਂ ਵੀ ਪਰਦਾ ਚੁੱਕਿਆ ਗਿਆ ਹੈ। ਇਸ ਕਿਤਾਬ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਕਾਂਡਾਂ ਪਿੱਛੇ ਕੌਣ ਲੋਕ ਜਿੰਮੇਵਾਰ ਹਨ ਤੇ ਕਿਸ ਤਰ੍ਹਾਂ ਇੱਕ ਖਾਸ ਤਰ੍ਹਾਂ ਦਾ ਅੱਤਵਾਦ ਦੇਸ਼ ਦੇ ਸੁਰੱਖਿਆ ਢਾਂਚੇ ਤੱਕ ਘੁਸਪੈਠ ਕਰ ਚੁੱਕਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਪ੍ਰੱਤਖ ਹੋ ਚੁੱਕੀ ਸਚਾਈ ਨੂੰ ਢਕਣ ਦੀ ਅਸਫਲ਼ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਉਕਤ ਆਗੂਆਂ ਨਾਲ ਸਰਪੰਚ ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਪ੍ਰਮਿੰਦਰ ਸਿੰਘ ਕਾਲਾ, ਭਗਵੰਤ ਸਿੰਘ ਮਹੱਦੀਆਂ ਆਦਿ ਵੀ ਹਾਜ਼ਰ ਸਨ।
Related Topics: Akali Dal Panch Pardhani, Hindu Groups, Indian Satae, Saffron Terror