ਵਿਦੇਸ਼ » ਸਿੱਖ ਖਬਰਾਂ

ਵਿਚਾਰ, ਵਿਦਿਆ, ਰਣਨੀਤੀ, ਅਤੇ ਵਿਰਸੇ ਦੀ ਸੰਭਾਲ ਲਈ ਸਰੀ ਵਿਖੇ ਕੇਂਦਰ ਸਥਾਪਿਤ ਹੋਇਆ

October 31, 2020 | By

ਸਰੀ, ਬੀ.ਸੀ: ਕਨੇਡਾ ਦੇ ਸ਼ਹਿਰ ਸਰੀ ਵਿੱਚ ਵਿਚਾਰ, ਵਿਦਿਆ, ਰਣਨੀਤੀ, ਅਤੇ ਵਿਰਸੇ ਦੀ ਸੰਭਾਲ ਲਈ ਉੱਦਮ ਕਰਨ ਹਿੱਤ ਨੌਜਵਾਨ ਵਿਚਾਰਕਾਂ ਵੱਲੋਂ “ਖਾਲਿਸਤਾਨ ਕੇਂਦਰ” ਸਥਾਪਿਤ ਕੀਤਾ ਗਿਆ ਹੈ।

20 ਅਕਤੂਬਰ 2020 ਨੂੰ ਇਸ ਬਾਰੇ ਜਾਰੀ ਕੀਤੇ ਗਏ ਇੱਕ ਲਿਖਤੀ ਬਿਆਨ ਵਿੱਚ ਕਿਹਾ ਗਿਆ ਹੈ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਖਾਲਸਾ ਪੰਥ ਦੀ ਅਪਾਰ ਬਖ਼ਸ਼ਿਸ਼ ਸਦਕਾ ਦੁਨੀਆ ਭਰ ਦੇ ਨੌਜਵਾਨ ਪੰਥ ਦਰਦੀਆਂ ਵਲੋਂ “ਖਾਲਿਸਤਾਨ ਕੇਂਦਰ” ਦਾ ਉਦਘਾਟਨ ਕੀਤਾ ਗਿਆ ਹੈ”।

ਇਸ ਕੇਂਦਰ ਦੇ ਪ੍ਰਬੰਧਕਾਂ ਅਨੁਸਾਰ ਕੇਂਦਰ ਦਾ ਮੁੱਖ ਟੀਚਾ ਗੁਰਮਤ ਸਿਧਾਂਤ ਅਨੁਸਾਰੀ ਚੱਲਣ ਵਾਲੀ ਸਮੂਹਕ ਪੰਥਕ ਅਗਵਾਈ ਨੂੰ ਉਸਾਰਨ ਅਤੇ ਸਹਿਯੋਗ ਦੇਣ ਦੇ ਕਾਰਜ ਨਾਲ ਪ੍ਰਣਾਇਆ ਹੋਇਆ ਹੈ।

ਕੇਂਦਰ ਦੇ ਪਲੇਠੇ ਬਿਆਨ ਵਿੱਚ ਕਿਹਾ ਗਿਆ ਹੈ ਕਿ “ਸੰਸਾਰ ਭਰ ਦੇ ਪੰਥਕ ਨੌਜਵਾਨਾਂ ਦੀ ਕਾਬਲੀਅਤ ਨੂੰ ਹੋਰ ਉਜਾਗਰ ਅਤੇ ਅਗਵਾਈ ਯੋਗ ਬਣਾਉਣ ਲਈ ਇਹ ਕੇਂਦਰ ਕਾਰਜਸ਼ੀਲ ਰਹੇਗਾ। ਮੁੱਖ ਰੂਪ ਵਿੱਚ ਮਹੱਤਵਪੂਰਨ ਰਚਨਾਤਮਕ ਖੋਜ ਅਤੇ ਸੰਵਾਦ ਰਚਾਉਣ ਦੇ ਉੱਦਮ, ਭਵਿੱਖਤ ਰਣਨੀਤੀ ਦਾ ਰੂਪ-ਰੇਖਾ ਬਾਰੇ ਵਿਚਾਰ, ਅਤੇ ਪੰਥ-ਪੰਜਾਬ ਨਾਲ ਸਬੰਧਤ ਮਸਲਿਆਂ ਦੀ ਸੂਝ-ਬੂਝ ਨਾਲ ਵਿਸ਼ਲੇਸ਼ਣ ਪੇਸ਼ ਕਰਨ ਵਾਲੇ ਕਾਰਜ ਕਰੇਗਾ”।

“ਇਹ ਕੇਂਦਰ ਗੁਰੂ ਗ੍ਰੰਥ-ਪੰਥ ਦੇ ਆਸ਼ੇ ਅਨੁਸਾਰ ਪੰਥਕ ਲੀਡਰਸ਼ਿਪ ਤਿਆਰ ਕਰਨਾ ਲੋਚਦਾ ਹੈ। ਕੇਂਦਰ ਦੇ ਕਾਰਜ ਉਹਨਾਂ ਸਿੱਖਾਂ ਨੂੰ ਲਾਮਬੰਦ ਕਰਨ ਲਈ ਸੇਧਤ ਰਹਿਣਗੇ ਜਿਹੜੇ ਸਾਡੀ ਧਰਤੀ ਅਤੇ ਸਰੀਰਾਂ ਉੱਪਰ ਦੁਨਿਆਵੀ ਰਾਜਾਂ ਦੀ ਬਾਦਸ਼ਾਹਤ ਨੂੰ ਖ਼ਤਮ ਕਰਨ, ਤੇ ਗੁਰੂ ਖਾਲਸਾ ਪੰਥ ਦੇ ਪਾਤਸ਼ਾਹੀ ਦਾਵੇ ਨੂੰ ਕਾਇਮ ਰੱਖਣ ਦੇ ਬੁਨਿਆਦੀ ਕਾਰਜਾਂ ਲਈ ਵਚਨਬੱਧ ਹਨ”।

ਪ੍ਰਬੰਧਕਾਂ ਮੁਤਾਬਿਕ ਇਨ੍ਹਾਂ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਕੇਂਦਰ ਦੇ ਚਾਰ ਕਾਰਜ ਖੇਤਰ ਹੋਣਗੇ:

ਵਿਚਾਰ – ਗੁਰਮਤਿ ਅਧਾਰਤ ਰਾਜਸੀ ਵਿਸ਼ਲੇਸ਼ਣ ਅਤੇ ਸਿੱਖ ਵਿਸ਼ਵ ਦ੍ਰਿਸ਼ਟੀ ਦਾ ਪਸਾਰ

ਵਿਦਿਆ – ਭਵਿੱਖਤ ਅਗਵਾਈ ਦੀ ਉਸਾਰੀ ਲਈ ਨੌਜਵਾਨਾਂ ਦੀ ਸਿਧਾਂਤਕ ਅਤੇ ਅਮਲੀ ਸਿਖਲਾਈ

ਰਣਨੀਤੀ – ਰਣਨੀਤਕ ਮੌਕਿਆਂ ਅਤੇ ਵੰਗਾਰਾਂ ਦਾ ਮੁਲਾਂਕਣ

ਵਿਰਸਾ – ਖਾਲਸਾਈ ਜੁਝਾਰੂ ਵਿਰਾਸਤ ਦੀ ਸੰਭਾਲ

ਜਾਣਕਾਰੀ ਮੁਤਾਬਿਕ ਇਸ ਕੇਂਦਰ ਦਾ ਮੁੱਖ ਦਫ਼ਤਰ ਸਰੀ, ਬ੍ਰਿਟਸ਼ ਕੋਲੰਬੀਆ ਵਿੱਚ ਇੱਕ ਨਵਿਆਈ ਹੋਈ ਜਗ੍ਹਾ ਵਿੱਚ ਹੋਵੇਗਾ ਜਿੱਥੇ ਵਿੱਦਿਅਕ ਕਾਰਜ, ਸਿਖਲਾਈ, ਅਤੇ ਜਨਤਕ ਸਮਾਗਮਾਂ ਲਈ ਜਗ੍ਹਾ ਦਾ ਵੀ ਪ੍ਰਬੰਧ ਹੈ। ਇਸ ਤੋਂ ਇਲਾਵਾ ਕੇੰਦਰ ਦਾ ਬਹੁਤ ਸਾਰਾ ਕੰਮ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਲਈ ਬਿਜਲਈ (ਡਿਜ਼ੀਟਲ) ਤਰੀਕਿਆਂ ਨਾਲ ਉਪਲਭਧ ਰਹੇਗਾ।

ਕੇਂਦਰ ਦਾ ਪਹਿਲਾ ਲੇਖਾ, ਜੁਝਾਰੂ ਸਿੱਖ ਸੰਘਰਸ਼ ਅਤੇ ਵਿਸ਼ਵੀ ਮੀਡੀਆ: ਹਿੰਦੁਸਤਾਨੀ ਕੂਟਨੀਤੀ, ਖੁਫੀਆ ਤੰਤਰ ਅਤੇ ਖਾਲਿਸਤਾਨ ਦਾ ਬ੍ਰਿਤਾਂਤ, ਸਿੱਖ ਸੰਘਰਸ਼ ਦੇ ਖਿਲਾਫ਼ ਲਾਏ ਜਾਂਦੇ ਬਹੁਤੇ ਇਲਜਾਮਾਂ ਨੂੰ ਹਿੰਦੁਸਤਾਨੀ ਕੂਟਨੀਤੀ ਅਤੇ ਖੁਫੀਆ ਗਤੀਵਿਧੀਆਂ ਦੇ ਸੰਧਰਬ ਵਿੱਚ ਸਮਝਣ ਦਾ ਯਤਨ ਕਰਦਾ ਹੈ। ਇਸ ਸਮਝ ਦੀਆਂ ਨੀਂਹਾਂ ਉੱਤੇ ਪਾਏਦਾਰ ਪੰਥਕ ਪ੍ਰਤੀਕਰਮ ਅਤੇ ਕਾਰਵਾਈ ਨੂੰ ਉਤਸ਼ਾਹਿਤ ਕਰਨ ਦੇ ਲਈ ਕੁਝ ਸੁਝਾਉ ਵੀ ਦਿੱਤੇ ਗਏ ਹਨ ਤਾਂ ਕਿ ਮਸਲੇ ਦੀਆਂ ਜੜ੍ਹਾਂ ਨੂੰ ਮੁਖਾਤਿਬ ਹੋ ਸਕੀਏ।

ਕੇਂਦਰ ਦਾ ਕੰਮ ਸਮੁੱਚੇ ਤੌਰ ‘ਤੇ ਵਿਸ਼ਵ ਭਰ ਦੀਆਂ ਪੰਥਕ ਸੰਸਥਾਵਾਂ ਨਾਲ ਜੁੜੇ ਨੌਜਵਾਨਾਂ ਦੁਆਰਾ ਸਾਂਝੇ ਰੂਪ ਵਿੱਚ ਚਲਾਇਆ ਜਾਵੇਗਾ ਜਿਹਨਾਂ ਵਿੱਚ ਮੁੱਖ ਰੂਪ ਵਿੱਚ ਸਿੱਖ ਲਿਬਰੇਸ਼ਨ ਫਰੰਟ, ਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਅਤੇ ਖਾਲਿਸਤਾਨ ਐਕਟਿਵਿਸਟ ਫੈਡਰੇਸ਼ਨ ਸ਼ਾਮਲ ਹਨ। ਇਸ ਕਾਜ ਵਿੱਚ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ (ਸਰੀ, ਬ੍ਰਿਟਸ਼ ਕੋਲੰਬੀਆ) ਅਤੇ ਓਨਟਾਰੀਓ ਗੁਰਦੁਆਰਾਜ਼ ਕਮੇਟੀ ਦਾ ਵੀ ਖਾਸ ਸਹਿਯੋਗ ਰਹੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,