ਲੜੀਵਾਰ ਕਿਤਾਬਾਂ

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 16) – ਨਵੀਂ ਮਾਰਗ-ਸੇਧ : ਗਾਂਧੀ ਬਾਗ਼ੋ-ਬਾਗ਼

December 1, 2010 | By

Sikh Politics of Twentieth Century - Book by Ajmer Singh(ਪਾਠ 3 – ਪੇਸ਼ਕਦਮੀ ਤੇ ਕੁਰਾਹਾ): ਨਵੀਂ ਮਾਰਗ-ਸੇਧ : ਗਾਂਧੀ ਬਾਗ਼ੋ-ਬਾਗ਼

(ਪਾਠਕਾਂ ਦੇ ਧਿਆਨ ਹਿੱਤ: ਇਸ ਲਿਖਤ ਵਿੱਚ ਜੋ ਅੰਕ {} ਵਿੱਚ ਪਾਏ ਗਏ ਹਨ, ਉਹ ਹਵਾਲਾ/ਟਿੱਪਣੀ ਸੂਚਕ ਹਨ। ਸਾਰੇ ਹਵਾਲੇ ਅਤੇ ਟਿੱਪਣੀਆਂ ਲਿਖਤ ਦੇ ਅਖੀਰ ਵਿੱਚ ਦਰਜ਼ ਹਨ।)
ਸਿੱਖਾਂ ਦੇ ਬਲਸ਼ਾਲੀ ਸੰਘਰਸ਼ ਸਦਕਾ ਜਦ ਜਨਵਰੀ 1922 ਵਿਚ ਦਰਬਾਰ ਸਾਹਿਬ ਦੀਆਂ ਚਾਬੀਆਂ ਦਾ ਮੋਰਚਾ ਫਤਹਿ ਕਰ ਲਿਆ ਗਿਆ ਤਾਂ ਗਾਂਧੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਸਰਦਾਰ ਖੜਕ ਸਿੰਘ ਨੂੰ ਫੌਰਨ ਵਧਾਈ ਦੀ ਤਾਰ ਭੇਜੀ ਜਿਸ ਵਿਚ ਉਸ ਨੇ ਸਿੱਖਾਂ ਦੀ ਇਸ ਜਿੱਤ ਨੂੰ ‘ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ’ ਕਹਿ ਕੇ ਵਡਿਆਇਆ। ਗਾਂਧੀ ਦਾ ਇਹ ਸੰਦੇਸ਼ ਨਿਰਾ ਸਿਸ਼ਟਾਚਾਰ ਦਾ ਮਾਮਲਾ ਨਹੀਂ ਸੀ। ਇਹ ਬਹੁਤ ਹੀ ਭਾਵਪੂਰਤ ਸੀ। ਇਹ ਉਸ ਵੱਲੋਂ ਸਿੱਖ ਲਹਿਰ ਨੂੰ ਫਾਹੁਣ ਲਈ ਸੁਟਿਆ ਇਕ ਜਾਲ ਸੀ ਜਿਸ ਨੇ ਸਿੱਖ ਲਹਿਰ ਉਤੇ ਬਹੁਤ ਹੀ ਦੂਰ-ਰਸ ਪ੍ਰਭਾਵ ਛੱਡਿਆ।

ਮੂਲ ਰੂਪ ਵਿਚ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਸਿੱਖ ਧਰਮ ਦੀ ਦੇਹੀ ਅੰਦਰ ਦਾਖਲ ਹੋ ਚੁੱਕੇ ਬ੍ਰਾਹਮਣਵਾਦੀ ਮਾਦੇ ਨੂੰ ਕੱਢਕੇ ਬਾਹਰ ਸੁੱਟ ਦੇਣ ਦੇ ਉਦੇਸ਼ ਨਾਲ ਹੋਈ ਸੀ। ਭਾਵੇਂ ਬਰਤਾਨਵੀ ਹਕੂਮਤ ਵੱਲੋਂ ਮਹੰਤ ਲਾਣੇ ਦੇ ਪੱਖ ਵਿਚ ਖੜੋ ਜਾਣ ਅਤੇ ਆਪਣੇ ਰਾਜਸੀ ਅਨੁਮਾਨਾਂ ਤੇ ਗਿਣਤੀਆਂ-ਮਿਣਤੀਆਂ ’ਚੋਂ ਸਿੱਖ ਲਹਿਰ ਪ੍ਰਤੀ ਜਾਬਰਾਨਾ ਰਵੱਈਆ ਧਾਰਨ ਕਰ ਲੈਣ ਸਦਕਾ, ਇਸ ਲਹਿਰ ਦੀ ਧਾਰ ਬਸਤੀਵਾਦੀ ਹਾਕਮਾਂ ਵਿਰੁੱਧ ਵੀ ਸੇਧਤ ਹੋ ਗਈ ਸੀ। ਪਰ ਫਿਰ ਵੀ ਇਸ ਲਹਿਰ ਦਾ ਗਤੀ-ਅਮਲ, ਭਾਰਤ ਦੀ ਆਜ਼ਾਦੀ ਦੇ ਅੰਦੋਲਨ ਨਾਲੋਂ ਅਹਿਮ ਰੂਪ ’ਚ ਅਲੱਗ ਅਤੇ ਵੱਖਰਾ ਸੀ। ਗੁਰਦੁਆਰਿਆਂ ਨੂੰ ਹਿੰਦੂਵਾਦੀ ਪ੍ਰਭਾਵਾਂ ਤੋਂ ਮੁਕਤ ਕਰਾਉਣ ਦੀ ਲੜਾਈ ਨੂੰ ਭਾਰਤ ਦੇ ਆਜ਼ਾਦੀ ਅੰਦੋਲਨ ਦੀ ਹੀ ਇਕ (ਅਧੀਨ) ਕੜੀ ਵਜੋਂ ਪੇਸ਼ ਕਰਨਾ, ਇਸ ਦੇ ਮੂਲ ਖਾਸੇ ਨੂੰ ਨਕਾਰਨਾ ਸੀ। ਜਦ ਨਵੀਂ ਸਿੱਖ ਲੀਡਰਸ਼ਿੱਪ ਨੇ, ਆਪਣੀ ਬੇਸਮਝੀ ਜਾਂ ਅਗਿਆਨਤਾ ਦੀ ਵਜ੍ਹਾ ਕਰਕੇ, ਗਾਂਧੀ ਦੀ ਇਹ ਗੁਰਬੰਦੀ (ਫਾਰਮੂਲੇਸ਼ਨ) ਪ੍ਰਵਾਨ ਕਰ ਲਈ ਤਾਂ ਉਹ ਵਿਚਾਰਧਾਰਕ ਤੌਰ ’ਤੇ ਨਿਹੱਥੀ ਹੋ ਕੇ ਰਹਿ ਗਈ। ਇਸ ਨਾਲ ਉਸ ਦੀ ਸਿੱਖ ਕੌਮ ਦੇ ਹਿਤਾਂ ਨੂੰ ਸਿਰਮੌਰ ਰੱਖ ਕੇ ਸੋਚਣ ਤੇ ਅਮਲ ਕਰਨ ਦੀ ਸਮਰੱਥਾ ਜਾਂਦੀ ਰਹੀ ਅਤੇ ਉਹ ਰਾਜਸੀ ਤੌਰ ’ਤੇ ਕਾਂਗਰਸੀ (ਹਿੰਦੂ) ਆਗੂਆਂ ਦੀ ਪਿਛਲੱਗ ਹੋ ਤੁਰੀ। ਮਸਲਾ ਸਾਈਮਨ ਕਮਿਸ਼ਨ ਦਾ ਹੋਵੇ (1928) ਜਾਂ ਕਰਿੱਪਸ ਤਜ਼ਵੀਜਾਂ (1942) ਦਾ, ਅਕਾਲੀ ਆਗੂਆਂ ਨੇ ਆਜ਼ਾਦਾਨਾਂ ਤੌਰ ’ਤੇ ਸੋਚਣ ਤੇ ਫੈਸਲੇ ਲੈਣ ਦੀ ਬਜਾਇ, ਕਾਂਗਰਸੀ ਆਗੂਆਂ ਦੀ ਪੈੜ ਵਿਚ ਪੈੜ ਰੱਖਣ ਦਾ ਸਵੈ-ਵਿਨਾਸ਼ਕਾਰੀ ਰਾਹ ਅਖ਼ਤਿਆਰ ਕਰ ਲਿਆ। ਜੇਕਰ ਕਾਂਗਰਸ ਨੇ, ਆਪਣੀਆਂ ਰਾਜਸੀ ਗਿਣਤੀਆਂ-ਮਿਣਤੀਆਂ ਤਹਿਤ, 1930 ਵਿਚ ਕੌਂਸਲ ਚੋਣਾਂ ਦੇ ਬਾਈਕਾਟ ਦਾ ਫੈਸਲਾ ਲੈ ਲਿਆ ਤਾਂ ਸਿੱਖ ਲੀਗ ਨੇ ਝੱਟ ਅਤੇ ਬਿਨਾਂ ਸੋਚੇ ਵਿਚਾਰੇ ਇਸ ’ਤੇ ਫੁੱਲ ਚੜ੍ਹਾਉਣ ਦਾ ਐਲਾਨ ਕਰ ਦਿੱਤਾ। ਸੈਂਟਰਲ ਸਿੱਖ ਲੀਗ ਦੇ ਸਕੱਤਰ ਤੇ ਸਰਕਰਦਾ ਸਿੱਖ ਲੀਡਰ ਸਰਦੂਲ ਸਿੰਘ ਕਵੀਸ਼ਰ ਨੇ ਪੰਜਾਬ ਅਸੰਬਲੀ ਦੀਆਂ ਚੋਣਾਂ ’ਚੋਂ ਆਪਣੇ ਉਮੀਦਵਾਰੀ ਦੇ ਕਾਗਜ਼ ਵਾਪਸ ਲੈ ਲਏ। ਕਾਂਗਰਸ ਨੇ ਬਦੇਸ਼ੀ ਵਸਤੂਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਤਾਂ ਮਾਸਟਰ ਤਾਰਾ ਸਿੰਘ (ਜੋ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਨ) ਨੇ ਅਕਾਲ ਤਖ਼ਤ ਵੱਲੋਂ ਝੱਟ ਇਹ ਫੈਸਲਾ ਕਰ ਮਾਰਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਦੇਸੀ ਖੱਦਰ ਦੇ ਹੋਣਗੇ ਅਤੇ ਗੁਰਦੁਆਰਿਆਂ ਅੰਦਰ ਬਦੇਸ਼ੀ ਖੰਡ ਦਾ ਬਣਿਆ ਕੜਾਹ ਪ੍ਰਸ਼ਾਦ ਪ੍ਰਵਾਨ ਨਹੀਂ ਕੀਤਾ ਜਾਵੇਗਾ।{12} ਬਾਬਾ ਖੜਕ ਸਿੰਘ ਨੇ ਹੋਰਨਾਂ 26 ਸਿੱਖਾਂ ਨਾਲ ਰਲ ਕੇ ਆਜ਼ਾਦੀ ਦੀ ‘‘ਕੌਮੀ ਲਹਿਰ’’ ਅੰਦਰ ਸ਼ਾਮਲ ਹੋਣ ਲਈ ਦਸ ਹਜ਼ਾਰ ਸਿੱਖ ਵਲੰਟੀਅਰਾਂ ਨੂੰ ਤਿਆਰ-ਬਰ-ਤਿਆਰ ਹੋਣ ਦਾ ਸੱਦਾ ਦੇ ਦਿੱਤਾ। ਜਦ 1921 ਵਿਚ ਬਰਤਾਨੀਆ ਦੇ ਸ਼ਹਿਜ਼ਾਦੇ (ਪਰਿੰਸ ਔਫ ਵੇਲਜ਼) ਨੇ ਖਾਲਸਾ ਕਾਲਜ (ਅੰਮ੍ਰਿਤਸਰ) ਨੂੰ ਸਿੱਖ ਯੂਨੀਵਰਸਿਟੀ ਐਲਾਨਣ ਲਈ ਅੰਮ੍ਰਿਤਸਰ ਆਉਣ ਦਾ ਪ੍ਰੋਗਰਾਮ ਬਣਾਇਆ ਤਾਂ ਪ੍ਰੋ. ਨਰਿੰਜਣ ਸਿੰਘ ਤੇ ਉਸਦੇ ਹਮਖਿਆਲ ਹੋਰਨਾਂ ਸਿੱਖ ਪ੍ਰੋਫੈਸਰਾਂ ਨੇ ਕਾਲਜ ਵਿਚ ਹੜਤਾਲ ਕਰਵਾ ਕੇ ਸ਼ਹਿਜ਼ਾਦੇ ਦੀ ਪ੍ਰਸਤਾਵਿਤ ਫੇਰੀ ਵਿਰੁੱਧ ਤਿੱਖਾ ਰੋਸ ਜ਼ਾਹਿਰ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਮਤੇ ਰਾਹੀਂ ਸਹਿਜ਼ਾਦੇ ਦੀ ਭਾਰਤ ਫੇਰੀ ਮੌਕੇ ਹੜਤਾਲ ਕਰਨ ਅਤੇ ਸਿੱਖ ਫੌਜੀਆਂ ਤੇ ਪੈਨਸ਼ਨੀਆਂ ਨੂੰ ਸਹਿਜ਼ਾਦੇ ਦੇ ਮਾਣ ਵਿਚ ਹੋਣ ਵਾਲੇ ਸਮਾਗਮਾਂ ਤੋਂ ਲਾਂਭੇ ਰਹਿਣ ਦਾ ਸੱਦਾ ਦਿੱਤਾ।{13} ਇਸ ਵਿਰੋਧ ਸਦਕਾ ਸਹਿਜ਼ਾਦੇ ਨੂੰ ਆਪਣੀ ਅੰਮ੍ਰਿਤਸਰ ਫੇਰੀ ਮਨਸੂਖ ਕਰਨੀ ਪੈ ਗਈ। ਇਸ ਦੇ ਉਲਟ ਜਦ ਮਦਨ ਮੋਹਨ ਮਾਲਵੀਆ (ਇਕ ਕਾਂਗਰਸੀ ਹਿੰਦੂ ਲੀਡਰ) ਅੰਮ੍ਰਿਤਸਰ ਪਹੁੰਚਿਆ ਤਾਂ ਅਕਾਲੀ ਲਹਿਰ ਵਿਚ ਸਰਗਰਮ ਸਿੱਖ ਪ੍ਰੋਫੈਸਰਾਂ ਦੀ ਅਗਵਾਈ ਹੇਠ ਖਾਲਸਾ ਕਾਲਜ ਦੇ ਵਿਦਿਆਰਥੀ, ਅੰਤਾਂ ਦੇ ਚਾਅ ਉਤਸ਼ਾਹ ਨਾਲ, ਰੇਲਵੇ ਸਟੇਸ਼ਨ ’ਤੇ ਉਸ ਦੀ ਆਓ ਭਗਤ ਕਰਨ ਲਈ ਪਹੁੰਚੇ। ਇਕ ਹਿੰਦੂ ਕਾਂਗਰਸੀ ਆਗੂ ਪ੍ਰਤੀ ਸਿੱਖ ਵਿਦਿਆਰਥੀਆਂ ਵਿਚ ਸ਼ਰਧਾ ਤੇ ਚਾਓ ਇਸ ਕਦਰ ਉਛਾਲੇ ਖਾ ਰਿਹਾ ਸੀ ਕਿ ਉਨ੍ਹਾਂ ਨੇ ਉਸ ਦੀ ਬੱਘੀ ਦੇ ਘੋੜੇ ਪਾਸੇ ਕਰ ਦਿੱਤੇ ਅਤੇ ਆਪ ‘ਘੋੜੇ’ ਬਣ ਕੇ ਖਾਲਸਾ ਕਾਲਜ ਤੱਕ ‘ਜਲੂਸ’ (ਵੱਧ ਆਪਣਾ!) ਕੱਢਿਆ।

ਸਿੱਖ ਲੀਡਰਸ਼ਿੱਪ ਦਾ ਕਾਂਗਰਸੀ ਆਗੂਆਂ ਨਾਲ ਯਾਰਾਨਾ ਏਨਾ ਗੂੜ੍ਹਾ ਹੋ ਗਿਆ ਕਿ ਬਾਬਾ ਖੜਕ ਸਿੰਘ ਇਕੋ ਸਮੇਂ ਸੈਂਟਰਲ ਸਿੱਖ ਲੀਗ ਦਾ ਵੀ ਤੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਵੀ ਪ੍ਰਧਾਨ ਸੀ। ਸਰਦੂਲ ਸਿੰਘ ਕਵੀਸ਼ਰ ਇਕੋ ਸਮੇਂ ਸਿੱਖ ਲੀਗ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਦੋਨਾਂ ਦਾ ਸਕੱਤਰ ਸੀ। ਸਿੱਖਾਂ ਦੀ ਕਾਂਗਰਸ ਨਾਲ ਇਸ ਵਧ ਰਹੀ ਨੇੜਤਾ ਉਤੇ ਗਾਂਧੀ ਬੇਹੱਦ ਪ੍ਰਸੰਨ ਸੀ। 1921 ਵਿਚ ਕਾਂਗਰਸ ਦੇ ਅਹਿਮਦਾਬਾਦ ਸੈਸ਼ਨ ’ਚ ਸਿੱਖ ਡੈਲੀਗੇਟਾਂ ਦੀ ਭਰਵੀਂ ਸ਼ਮੂਲੀਅਤ ’ਤੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਗਾਂਧੀ ਨੇ ਕਿਹਾ, ‘‘ਹੁਣ… ਹਰ ਜਗ੍ਹਾ ਹੀ ਸਿੱਖ ਭਾਈਚਾਰਾ ਕੌਮੀ ਲਹਿਰਾਂ ਵਿਚ ਵਧ ਚੜ੍ਹ ਕੇ ਅੱਗੇ ਆ ਰਿਹਾ ਹੈ…।’’{14} ਸਿੱਖ ਅਖ਼ਬਾਰਾਂ ਵਿਚ ਅਤੇ ਸਿੱਖ ਆਗੂਆਂ ਵੱਲੋਂ ਇਹ ਗੱਲ ਆਮ ਕਹੀ ਤੇ ਦੁਹਰਾਈ ਜਾਣ ਲੱਗੀ ਕਿ ‘ਸਵਰਾਜ’ ਤੋਂ ਬਗੈਰ ਸਿੱਖਾਂ ਦੇ ਹਿਤ ਸੁਰੱਖਿਅਤ ਨਹੀਂ ਹੋ ਸਕਦੇ। ਪਰ ਕਿਸੇ ਵੀ ਸਿੱਖ ਵਿਦਵਾਨ ਜਾਂ ਆਗੂ ਨੇ, ਕਿਸੇ ਵੀ ਜਗ੍ਹਾ, ਇਹ ਗੱਲ ਸਪਸ਼ਟ ਨਹੀਂ ਕੀਤੀ ਕਿ ‘ਸਵਰਾਜ’ ਨਾਲ ਉਨ੍ਹਾਂ ਦੇ ਹਿਤ ਕਿਵੇਂ ਪੂਰੇ ਹੋ ਜਾਣਗੇ ਜਾਂ ਸੁਰੱਖਿਅਤ ਹੋ ਜਾਣਗੇ? ਹਿੰਦੂਆਂ ਦੇ ਮਾਮਲੇ ’ਚ ਗੱਲ ਬੜੀ ਸਾਫ਼ ਤੇ ਸਪਸ਼ਟ ਸੀ। ਉਨ੍ਹਾਂ ਲਈ ‘ਸਵਰਾਜ’ ਦਾ ਅਰਥ ਬਰਤਾਨਵੀ ਹਾਕਮਾਂ ਦੀ ਗੁਲਾਮੀ ਤੋਂ ਛੁਟਕਾਰਾ ਸੀ। ‘ਸਵਰਾਜ’ ਨੇ ਉਨ੍ਹਾਂ ਨੂੰ ਰਾਜਭਾਗ ਦੇ ਮਾਲਕ ਬਨਾਉਣਾ ਸੀ। ਇਸ ਸੰਦਰਭ ’ਚ ਦੇਖਿਆਂ ਕਾਂਗਰਸੀ ਆਗੂਆਂ ਦਾ ਨਿਸ਼ਾਨਾ ਸਾਫ਼ ਸੀ ਕਿ : ਭਾਰਤ ਲਈ ਆਜ਼ਾਦੀ ਤੇ ਉਨ੍ਹਾਂ ਲਈ ਰਾਜਸੀ ਤਾਕਤ। ਪਰ ਇਕ ਘੱਟਗਿਣਤੀ ਵਰਗ ਹੋਣ ਦੇ ਨਾਤੇ ਸਿੱਖਾਂ ਨੂੰ ‘ਸਵਰਾਜ’ ਨਾਲ ਸਿਧਮਸਿੱਧੀ ਆਜ਼ਾਦੀ ਅਤੇ ਰਾਜਸੀ ਸੱਤਾ ਨਹੀਂ ਸੀ ਮਿਲ ਜਾਣੀ। ਖਾਸ ਕਰਕੇ ਹਿੰਦੂ ਆਗੂਆਂ ਦੀ ਸਿੱਖ ਧਰਮ ਤੇ ਭਾਈਚਾਰੇ ਬਾਰੇ ਸਮੁੱਚੀ ਸਮਝ ਤੇ ਵਤੀਰੇ ’ਚੋਂ ਕੋਈ ਅਗਿਆਨੀ ਵੀ ਸੌਖ ਨਾਲ ਇਹ ਅਨੁਮਾਨ ਲਾ ਸਕਦਾ ਸੀ ਕਿ ਹਿੰਦੂ ਬਹੁਗਿਣਤੀ ਦੇ ਰਾਜ ਹੇਠ ਸਿੱਖਾਂ ਦੇ ਹਿਤ ਕਿੰਨੇ ਕੁ ਸੁਰੱਖਿਅਤ ਰਹਿ ਸਕਣਗੇ? ਸੁਲਝੀ ਤੇ ਸਿਆਣੀ ਲੀਡਰਸ਼ਿੱਪ ਜਦ ਕਿਸੇ ਹੋਰ ਰਾਜਸੀ ਧਿਰ ਨਾਲ ਸਹਿਯੋਗ ਅਤੇ ਗੱਠਜੋੜ ਸਥਾਪਤ ਕਰਦੀ ਹੈ ਤਾਂ ਉਹ ਇਸ ਗੱਠਜੋੜ ਰਾਹੀਂ ਆਪਣੇ ਹਿਤਾਂ ਦੀ ਪੂਰਤੀ ਤੇ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਮੁਕੰਮਲ ਸੋਚ ਵਿਚਾਰ ਕਰਕੇ ਤੁਰਦੀ ਹੈ। ਇਸ ਮਾਮਲੇ ’ਚ ਕੁੱਲ ਤੋਂ ਅਹਿਮ ਗੱਲ ਭਾਈਵਾਲ ਧਿਰ ਦੇ ਬੁਨਿਆਦੀ ਖਾਸੇ ਨੂੰ ਸਮਝਣਾ ਅਤੇ ਇਸ ਦੀ ਰੋਸ਼ਨੀ ਵਿਚ ਉਸ ਨਾਲ ਆਪਣੇ ਰਿਸ਼ਤੇ ਦੀ ਵਿਆਕਰਣ ਨਿਰਧਾਰਤ ਕਰਨਾ ਹੁੰਦਾ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਆਪਣੇ ਹਿਤਾਂ ਨੂੰ ਸੁਰੱਖਿਅਤ ਰੱਖਣ ਦੀਆਂ ਨੇਕ ਇਛਾਵਾਂ, ਮਹਿਜ਼ ਇਛਾਵਾਂ ਹੀ ਰਹਿ ਜਾਂਦੀਆਂ ਹਨ। ਲੱਖ ਢੂੰਡਣ ’ਤੇ ਵੀ ਅਜਿਹਾ ਕੋਈ ਪ੍ਰਮਾਣ ਨਹੀਂ ਮਿਲਦਾ ਜਿਸ ’ਚੋਂ ਸਿੱਖ ਲੀਡਰਸ਼ਿੱਪ ਵੱਲੋਂ ਕਾਂਗਰਸੀ ਆਗੂਆਂ ਨਾਲ ਸਾਂਝ ਤੇ ਨੇੜਤਾ ਬਨਾਉਣ ਲੱਗਿਆਂ ਅਜਿਹੀ ਸਾਵਧਾਨੀ ਵਰਤਣ ਦੀ ਝਲਕ ਮਿਲਦੀ ਹੋਵੇ। ਕੌਮ ਦੀ ਹੋਣੀ ਨੂੰ ਪ੍ਰਭਾਵਤ ਕਰਨ ਵਾਲੇ ਅਜਿਹੇ ਅਤੀ ਅਹਿਮ ਮਾਮਲਿਆਂ ਵਿਚ ਇਸ ਤਰ੍ਹਾਂ ਦੀ ‘ਮਾਸੂਮੀਅਤ’ ਦੀ ਇਤਿਹਾਸ ਅੰਦਰ ਸ਼ਾਇਦ ਹੀ ਕੋਈ ਹੋਰ ਮਿਸਾਲ ਮਿਲਦੀ ਹੋਵੇ।

ਹਵਾਲੇ ਅਤੇ ਟਿੱਪਣੀਆਂ:

12. The Tribune, June 10, 1921, quoted in Dr. Fauja Singh, ‘Akalis And The Indian National Congress (1920-47), Punjab Past and Present, Oct. 1981

13. K.L. Tuteja, Sikh Politics, p. 46; ਕਪੂਰ ਸਿੰਘ, ਸਾਚੀ ਸਾਖੀ, ਸਫ਼ਾ 108

14. The Collected works of Mahatma Gandhi, Vol. xxii, p. 168

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,