November 30, 2010 | By ਸਿੱਖ ਸਿਆਸਤ ਬਿਊਰੋ
ਵੀਹਵੀਂ ਸਦੀ ਦੇ ਵੀਹਵਿਆਂ ਦੇ ਦਹਾਕੇ ਦੀ ਸ਼ੁਰੂਆਤ ਸਿੱਖ ਲਹਿਰ ਦੀ ਵੱਡੀ ਉਠਾਣ ਨਾਲ ਹੋਈ। 1920 ਵਿਚ ਸਿੱਖਾਂ ਨੂੰ ਕਈ ਕਾਮਯਾਬੀਆਂ ਹਾਸਲ ਹੋਈਆਂ। ਗੁਰਦੁਆਰਾ ਰਕਾਬਗੰਜ ਦੇ ਮਸਲੇ ’ਤੇ ਸਰਕਾਰ ਨੂੰ, ਸਿੱਖ ਸੰਘਰਸ਼ ਦੀ ਤਾਬ ਨਾ ਝਲਦਿਆਂ ਹੋਇਆਂ, ਆਪਣੀ ਅੜੀ ਛੱਡਣ ਲਈ ਮਜਬੂਰ ਹੋਣਾ ਪਿਆ। ‘ਬਾਬੇ ਦੀ ਬੇਰ’ (ਸਿਆਲਕੋਟ) ਅਤੇ ਪੰਜਾ ਸਾਹਿਬ ਦੇ ਗੁਰਦੁਆਰਿਆਂ ਨੂੰ ਮਹੰਤਾਂ ਦੇ ਚੁੰਗਲ ’ਚੋਂ ਕੱਢ ਕੇ ਸਿੱਖ ਸੰਗਤਾਂ ਦੇ ਕੰਟਰੋਲ ਹੇਠ ਲੈ ਆਂਦਾ ਗਿਆ। ਇਸੇ ਸਾਲ ਸਿੱਖ ਸੰਘਰਸ਼ ਦੀ ਕੁੱਖ ’ਚੋਂ ਪੰਥ ਦੀਆਂ ਦੋ ਜੌੜੀਆਂ ਜਥੇਬੰਦੀਆਂ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਨਮ ਲਿਆ। ਇਨ੍ਹਾਂ ਮੁੱਢਲੀਆਂ ਜਿੱਤਾਂ ਨੇ ਸਿੱਖ ਜਨਤਾ ਦੇ ਹੌਂਸਲੇ ਬੁਲੰਦ ਕਰ ਦਿੱਤੇ ਅਤੇ ਲੀਡਰਸ਼ਿੱਪ ਦਾ ਇਕ ਨਵਾਂ ਪੋਚ ਉਭਰ ਆਇਆ ਜਿਸ ਵਿਚ ਸਰਦਾਰ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਮਾਸਟਰ ਮੋਤਾ ਸਿੰਘ, ਤੇਜਾ ਸਿੰਘ ਸਮੁੰਦਰੀ, ਤੇਜਾ ਸਿੰਘ ਭੁੱਚਰ, ਕਰਤਾਰ ਸਿੰਘ ਝੱਬਰ, ਅਮਰ ਸਿੰਘ ਤੇ ਜਸਵੰਤ ਸਿੰਘ ਝਬਾਲ (ਦੋਨੋਂ ਭਰਾ) ਆਦਿ ਉਭਰਵੇਂ ਨਾਉਂ ਸ਼ਾਮਲ ਸਨ। ਜਿਵੇਂ ਕਿ ਅਜਿਹੇ ਲੋਕ ਉਭਾਰਾਂ ਵਿਚ ਅਕਸਰ ਵਾਪਰਦਾ ਹੈ, ਗੁਰਦੁਆਰਿਆਂ ਨੂੰ ਮਹੰਤਾਂ ਤੋਂ ਮੁਕਤ ਕਰਾਉਣ ਦੀ ਇਹ ਲਹਿਰ ਕੁਝ ਥਾਵਾਂ ’ਤੇ ਆਪਮੁਹਾਰਾ ਵੇਗ ਅਖਤਿਆਰ ਕਰ ਗਈ। ਨਨਕਾਣਾ ਸਾਹਿਬ ਜਨਮ ਅਸਥਾਨ ਦੇ ਮਹੰਤ ਨਰਾਇਣ ਦਾਸ ਖਿਲਾਫ ਸਿੱਖ ਸੰਗਤਾਂ ਅੰਦਰ ਭਾਰੀ ਗੁੱਸਾ ਪਾਇਆ ਜਾ ਰਿਹਾ ਸੀ। ਇਹ ਮਹੰਤ ਸਿਰਫ ਬਦਨਾਮ ਹੀ ਨਹੀਂ, ਪੁੱਜ ਕੇ ਬਦ ਵੀ ਸੀ। ਉਸ ਦੀ ਸਰਕਾਰੇ-ਦਰਬਾਰੇ ਪੂਰੀ ਪੁੱਗਤ ਸੀ। ਮਹੰਤ ਦੇ ਕਿਰਦਾਰ ਤੇ ਤਾਕਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿੱਪ ਇਸ ਮਾਮਲੇ ਵਿਚ ਥੋੜ੍ਹਾ ਸਾਵਧਾਨੀ ਵਰਤ ਕੇ ਚੱਲਣ ਦੀ ਸਮਝ ਰੱਖਦੀ ਸੀ। ਪਰ ਸੰਗਤਾਂ ਅੰਦਰ ਜਨਮ ਅਸਥਾਨ ਨੂੰ ਇਸ ਬਦਨਾਮ ਮਹੰਤਾ ਦੇ ਚੁੰਗਲ ਤੋਂ ਮੁਕਤ ਕਰਾਉਣ ਦਾ ਜੋਸ਼ ਤੇ ਜਜ਼ਬਾ ਏਨਾ ਜ਼ੋਰ ਫੜ ਚੁੱਕਾ ਸੀ ਕਿ ਲੀਡਰਸ਼ਿੱਪ ਦੇ ਨਾ ਚਾਹੁੰਦਿਆਂ ਹੋਇਆਂ ਵੀ 20 ਫਰਵਰੀ 1921 ਨੂੰ ਜੋਸ਼ੀਲੇ ਸਿੰਘਾਂ ਦਾ ਇਕ ਜਥਾ ਸ੍ਰੀ ਜਨਮ ਅਸਥਾਨ ਜਾ ਪਹੁੰਚਿਆ।{1} ਮਹੰਤ ਨੇ ਗਿਣੀ ਮਿਥੀ ਯੋਜਨਾ ਤਹਿਤ ਜਥੇ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਬਾਹਰਲਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਦੀ ਪਹਿਲਾਂ ਤੋਂ ਹੀ ਤਿਆਰ ਕੀਤੀ ਹੋਈ ਹਥਿਆਰਬੰਦ ਗੁੰਡਿਆਂ ਦੀ ਧਾੜ ਨੇ ਸਿੰਘਾਂ ਉਤੇ ਹੱਲਾ ਬੋਲ ਦਿੱਤਾ। ਇਸ ਹਮਲੇ ਵਿਚ 130 ਸਿੰਘ ਥਾਏਂ ਸ਼ਹੀਦ ਹੋ ਗਏ।
ਇਸ ਕਤਲੇਆਮ ਨੇ ਸਿੱਖ ਭਾਈਚਾਰੇ ਉਤੇ ਜਲ੍ਹਿਆਂਵਾਲੇ ਕਾਂਡ ਨਾਲੋਂ ਕਿਤੇ ਵੱਡਾ ਅਸਰ ਛੱਡਿਆ। ਉਸ ਅੰਦਰ ਰੋਸ ਤੇ ਗੁੱਸੇ ਦੀ ਇਕ ਵਿਆਪਕ ਲਹਿਰ ਪਸਰ ਗਈ। ਅਫਸਰਸ਼ਾਹੀ ਵੱਲੋਂ ਮਹੰਤ ਦਾ ਨੰਗੇ ਰੂਪ ’ਚ ਪੱਖ ਪੂਰਨ ਦੀ ਕਾਰਵਾਈ ਨੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾ ਦਿੱਤਾ। ਗਾਂਧੀ, ਜਿਸ ਨੇ ਸਿੱਖ ਲਹਿਰ ਅੰਦਰ ਪਹਿਲਾਂ ਹੀ ਆਪਣਾ ਅਸਰ ਰਸੂਖ ਕਾਇਮ ਕਰ ਲਿਆ ਹੋਇਆ ਸੀ, ਲਈ ਇਸ ਤੋਂ ਵੱਧ ਸੁਨਹਿਰੀ ਮੌਕਾ ਹੋਰ ਕੀ ਹੋ ਸਕਦਾ ਸੀ? ਗਰਮ ਲੋਹੇ ’ਤੇ ਸੱਟ ਮਾਰਨ ਲਈ ਉਹ 3 ਮਾਰਚ ਨੂੰ ਸ਼ਹੀਦੀ ਦੀਵਾਨ ’ਚ ਸ਼ਾਮਲ ਹੋਣ ਲਈ ਖੁਦ ਨਨਕਾਣਾ ਸਾਹਿਬ ਪਹੁੰਚਿਆ। ਸਿੱਖ ਲਹਿਰ ਦੇ ਵਹਿਣ ਨੂੰ ਆਪਣੇ ਆਜ਼ਾਦੀ ਦੇ ਅੰਦੋਲਨ ਦੀ ‘ਮੁੱਖ ਧਾਰਾ’ ਅੰਦਰ ਅਭੇਦ ਕਰ ਲੈਣ ਦੀ ਯੁੱਧਨੀਤਕ ਵਿਉਂਤ ਤਹਿਤ, ਉਸ ਨੇ ਸ਼ਹੀਦੀ ਦੀਵਾਨ ਨੂੰ ਸੰਬੋਧਨ ਕਰਦਿਆਂ ਹੋਇਆਂ ਬਹੁਤ ਹੀ ਸੋਚਿਆ ਸਮਝਿਆ ਭਾਸ਼ਨ ਦਿੱਤਾ। ਉਸ ਨੇ ਚਾਰ ਗੱਲਾਂ ’ਤੇ ਜ਼ੋਰ ਦਿੱਤਾ। ਇੱਕ, ਇਹ ਕਿ ਇਹ ਨਿਰੀ ਮਹੰਤ ਦੀ ਕਾਰਵਾਈ ਨਹੀਂ ਸਗੋਂ ‘‘ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਇਸ ਵਾਰਦਾਤ ਵਿਚ ਸਾਮਰਾਜੀ ਹਕੂਮਤ ਦਾ ਵੀ ਹੱਥ ਹੈ।’’ ਉਸ ਨੇ ਇਸ ਕਤੇਲਆਮ ਨੂੰ ‘‘ਡਾਇਰਪੁਣੇ ਦੀ ਦੂਜੀ ਐਡੀਸ਼ਨ’’ ਕਰਾਰ ਦਿੰਦਿਆਂ ਹੋਇਆਂ ਕਿਹਾ ਕਿ ਇਹ ‘‘ਜਲ੍ਹਿਆਂ ਵਾਲੇ ਬਾਗ ਦੇ ਸਾਕੇ ਨਾਲੋਂ ਵੱਧ ਵਹਿਸ਼ੀਆਨਾ, ਵੱਧ ਗਿਣੀ ਮਿਥੀ ਤੇ ਵੱਧ ਮਕਾਰੀ ਭਰੀ ਵਾਰਦਾਤ ਹੈ।’’ ਦੂਜੀ ਗੱਲ ਉਸ ਨੇ ਇਹ ਕਹੀ ਕਿ ‘‘ਇਹ ਸ਼ਹਾਦਤ ਭਾਰਤ ਮਾਤਾ ਨੂੰ ਸਮਰਪਤ ਹੋਣੀ ਚਾਹੀਦੀ ਹੈ।’’ ਤੀਜਾ, ਇਹ ਕਿ ‘‘ਖਾਲਸਾ ਸਿਰਫ ਆਜ਼ਾਦ ਭਾਰਤ ਅੰਦਰ ਹੀ ਆਜ਼ਾਦੀ ਮਾਣ ਸਕਦਾ ਹੈ’’। ਚੌਥਾ, ਉਸ ਨੇ ਸਮੁੱਚੀ ਘਟਨਾ ਦੀ ਡੂੰਘੀ ਤੇ ਭਰਵੀਂ ਜਾਂਚ ਪੜਤਾਲ ਲਈ ਇਕ ਗੈਰ-ਸਰਕਾਰੀ ਜਾਂਚ ਕਮੇਟੀ ਬਨਾਉਣ ਦੀ ਤਜਵੀਜ਼ ਰੱਖੀ ਅਤੇ ਨਾਲ ਹੀ ਇਹ ਪੇਸ਼ਕਸ਼ ਵੀ ਕੀਤੀ ਕਿ ਜੇਕਰ ਮੋਰਚੇ ਦੇ ਸੰਚਾਲਕ ਸਰਕਾਰੀ ਅਦਾਲਤੀ ਕਾਰਵਾਈ ਦਾ ਬਾਈਕਾਟ ਕਰਨ ਲਈ ਰਜ਼ਾਮੰਦ ਹੋ ਜਾਣ ਤਾਂ ਉਹ ਖੁਦ ਇਸ ਪੜਤਾਲੀਆ ਕਮੇਟੀ ਦਾ ਪ੍ਰਧਾਨ ਬਣਨ ਲਈ ਤਿਆਰ ਹੈ।{2}
ਉਸ ਵੇਲੇ ਪੁਰਾਣੀ ਤੇ ਨਵੀਂ ਸਿੱਖ ਲੀਡਰਸ਼ਿੱਪ ਵਿਚਕਾਰ ਕਸ਼ਮਕਸ਼ ਪੂਰੇ ਜ਼ੋਰਾਂ ’ਤੇ ਚੱਲ ਰਹੀ ਸੀ। ਬੇਸ਼ੱਕ ਭਾਰੂ ਸਿੱਖ ਰੌਂਅ ਨਵੀਂ ਲੀਡਰਸ਼ਿੱਪ ਦੇ ਹੱਕ ਵਿਚ ਸੀ ਪਰ ਪੁਰਾਣੀ ਲੀਡਰਸ਼ਿੱਪ ਨੇ ਅਜੇ ਦਿਲ ਅਤੇ ਮੈਦਾਨ ਨਹੀਂ ਸੀ ਛੱਡਿਆ। ਜਿਵੇਂ ਕਿ ਸਮਾਜੀ ਤੇ ਰਾਜਸੀ ਲਹਿਰਾਂ ਦਾ ਇਹ ਆਮ ਦਸਤੂਰ ਹੈ ਕਿ ਹਰ ਘਟਨਾ ਆਪਸ ਵਿਚ ਭਿੜ ਰਹੇ ਰੁਝਾਨਾਂ ਵਿਚਕਾਰ ਤਿੱਖੀ ਜ਼ੋਰ-ਅਜ਼ਮਾਈ ਤੇ ਤੀਬਰ ਸੰਘਰਸ਼ ਦਾ ਮੁੱਦਾ ਹੋ ਨਿਬੜਦੀ ਹੈ, ਉਵੇਂ ਨਨਕਾਣਾ ਸਾਹਿਬ ਦਾ ਸਾਕਾ ਵੀ ਜਿਥੇ ਬਰਤਾਨਵੀ ਹਕੂਮਤ ਵਿਰੁੱਧ ਸਿੱਖ ਸੰਘਰਸ਼ ਦਾ ਹੁਲਾਰ-ਪੈੜਾ (ਜੰਪਿੰਗ ਬੋਰਡ) ਬਣ ਗਿਆ ਹੋਇਆ ਸੀ, ਉਥੇ ਨਾਲ ਹੀ ਸਿੱਖ ਲਹਿਰ ਅੰਦਰਲੇ ਦੋ ਰੁਝਾਨਾਂ ਵਿਚਕਾਰ ਆਪਸੀ ਭੇੜ ਤੇ ਜ਼ੋਰ-ਅਜ਼ਮਾਈ ਦਾ ਅਖਾੜਾ ਵੀ ਬਣ ਗਿਆ ਸੀ। ਮਹੰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਨਮ ਅਸਥਾਨ ਦੀ ਸੇਵਾ ਸੰਭਾਲ ਦਾ ਕੰਮ ਇਕ ਕਮੇਟੀ ਦੇ ਸਪੁਰਦ ਕਰ ਦਿੱਤਾ ਗਿਆ ਸੀ। ਇਸ ਕਮੇਟੀ ਦੇ ਪ੍ਰਧਾਨ ਸਰਦਾਰ ਹਰਬੰਸ ਸਿੰਘ ਅਟਾਰੀ ਸਨ ਜੋ ਆਪਣੇ ਸਮਾਜੀ ਰੁਤਬੇ ਤੇ ਵਿਚਾਰਧਾਰਾ ਪੱਖੋਂ ਰਵਾਇਤੀ ਧਾਰਾ ਦੀ ਤਰਜਮਾਨੀ ਕਰਦੇ ਸਨ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਸਨ। ਇਉਂ, ਰਵਾਇਤੀ ਲੀਡਰਸ਼ਿੱਪ ਨੇ ਅਜੇ ਨਵੇਂ ਰੁਝਾਨ ਅੱਗੇ ਪੂਰੀ ਤਰ੍ਹਾਂ ਗੋਡੇ ਨਹੀਂ ਸਨ ਟੇਕੇ ਅਤੇ ਉਹ ਆਪਣੀ ਵਿਚਾਰਧਾਰਾ ਉਤੇ ਬਰਾਬਰ ਪਹਿਰਾ ਦੇ ਰਹੀ ਸੀ। ਸਿੱਖ ਲਹਿਰ ਦੇ ਅੰਦਰ ਚੱਲ ਰਹੀ ਇਹ ਸਿਧਾਂਤਕ ਜਦੋਜਹਿਦ ਬਾਹਰੀ ਅਸਰਾਂ ਤੋਂ ਅਭਿੱਜ ਨਹੀਂ ਸੀ। ਸਿੱਖ ਲਹਿਰ ਤੋਂ ਬਾਹਰਲੀਆਂ ਦੋ ਪ੍ਰਮੁੱਖ ਤਾਕਤਾਂ, ਬਰਤਾਨਵੀ ਹਕੂਮਤ ਅਤੇ ਉਸ ਵਿਰੁੱਧ ਰਾਜਸੀ ਲੜਾਈ ਲੜ ਰਹੀ ਹਿੰਦੂ ਜਮਾਤ (ਜਿਸ ਦੀ ਅਗਵਾਈ ਗਾਂਧੀ ਕਰ ਰਿਹਾ ਸੀ) ਸਿੱਖ ਲਹਿਰ ਦੇ ਅੰਦਰੂਨੀ ਗਤੀ-ਅਮਲ ਉਤੇ ਤਿੱਖੀ ਨਿਗ੍ਹਾ ਰੱਖ ਕੇ ਚੱਲ ਰਹੀਆਂ ਸਨ। ਉਹ ਇਸ (ਅੰਦਰੂਨੀ) ਅਮਲ ਨੂੰ ਆਪੋ ਆਪਣੇ ਪੱਖ ਵਿਚ ਪ੍ਰਭਾਵਿਤ ਕਰਨ ਲਈ ਯਤਨਸ਼ੀਲ ਸਨ। ਇਕ ਤਰ੍ਹਾਂ ਨਾਲ, ਇਹ ਤਾਕਤਾਂ ਸਿੱਖ ਲਹਿਰ ਦੇ ਜ਼ਰੀਏ ਆਪਸੀ ਲੜਾਈ ਹੀ ਲੜ ਰਹੀਆਂ ਸਨ। ਜਿਥੇ ਅੰਗਰੇਜ਼ ਹੁਕਮਰਾਨ ਰਵਾਇਤੀ ਵਰਗਾਂ ਦੀ ਲੀਡਰਸ਼ਿਪ ਨੂੰ ਮਜ਼ਬੂਤ ਹੋਇਆ ਪਸੰਦ ਕਰਦੇ ਸਨ, ਉਥੇ ਗਾਂਧੀ ਤੇ ਹੋਰ ਕਾਂਗਰਸੀ ਆਗੂ ਨਵੀਂ ਲੀਡਰਸ਼ਿੱਪ ਦਾ ਪੱਖ ਤਕੜਾ ਹੋਇਆ ਚਾਹੁੰਦੇ ਸਨ।
ਰਈਸ ਵਰਗ ਅਤੇ ਉਸ ਦੀ ਤਰਜਮਾਨ ਰਵਾਇਤੀ ਸਿੱਖ ਲੀਡਰਸ਼ਿੱਪ ਨਨਕਾਣਾ ਸਾਹਿਬ ਦੇ ਸਾਕੇ ਲਈ ਬਰਤਾਨਵੀ ਹਕੂਮਤ ਨੂੰ ਕਸੂਰਵਾਰ ਠਹਿਰਾਉਣ ਦੀ ਬਜਾਇ, ਮਹੰਤ ਜੁੰਡਲੀ ਤੇ ਵਾਕਿਆਤ ਨਾਲ ਸਬੰਧਤ ਅਫਸਰਾਂ ਨੂੰ ਹੀ ਦੋਸ਼ੀ ਮੰਨ ਕੇ ਚੱਲ ਰਹੇ ਸਨ ਅਤੇ ਅਦਾਲਤੀ ਕਾਰਵਾਈ ਦੇ ਜਰੀਏ ਹੱਕ ਇਨਸਾਫ ਹਾਸਲ ਕਰਨ ਪ੍ਰਤੀ ਪੂਰੇ ਆਸਵੰਦ ਸਨ। ਅਜਿਹੀ ਸੋਚ ਅਤੇ ਸੇਧ ਗਾਂਧੀ ਦੀਆਂ ਰਾਜਸੀ ਵਿਉਂਤਾਂ ਦੇ ਅਨੁਕੂਲ ਨਹੀਂ ਸੀ। ਸਰਕਾਰੀ ਅਦਾਲਤੀ ਕਾਰਵਾਈ ਦਾ ਬਾਈਕਾਟ ਕਰਨ ਅਤੇ ਗੈਰ-ਸਰਕਾਰੀ ਜਾਂਚ ਕਮੇਟੀ ਬਨਾਉਣ ਦਾ ਉਸ ਵੱਲੋਂ ਦਿੱਤਾ ਗਿਆ ਸੁਝਾਅ, ਉਸ ਦੀ ਸਿੱਖ ਲਹਿਰ ਨੂੰ ਆਪਣੀ ਮਨਭਾਉਂਦੀ ਦਿਸ਼ਾ ਦੇਣ ਦੀ ਯੁੱਧਨੀਤਕ ਵਿਉਂਤ ਦਾ ਹੀ ਹਿੱਸਾ ਸੀ। ਪਹਿਲਾਂ ਨਨਕਾਣਾ ਸਾਹਿਬ ਤੇ ਬਾਅਦ ’ਚ ਗੁਰੂ ਕਾ ਬਾਗ ਕਾਂਡਾਂ ਸਬੰਧੀ ਕਾਂਗਰਸ ਨੇ ਜੋ ਗੈਰ-ਸਰਕਾਰੀ ਪੜਤਾਲ ਰਿਪੋਰਟਾਂ ਜਾਰੀ ਕੀਤੀਆਂ, ਉਨ੍ਹਾਂ ਅੰਦਰ ਦੋਸ਼ ਦੀ ਉਂਗਲ ਬਰਤਾਨਵੀ ਹਾਕਮਾਂ ਵੱਲ ਸੇਧਤ ਕਰਦਿਆਂ ਹੋਇਆਂ ਸਿੱਖ ਭਾਈਚਾਰੇ ਅੰਦਰ ਅੰਗਰੇਜ਼ ਹਕੂਮਤ ਵਿਰੋਧੀ ਭਾਵਨਾਵਾਂ ਨੂੰ ਹਵਾ ਦੇਣ ਦੇ ਉਚੇਚੇ ਯਤਨ ਕੀਤੇ ਗਏ। ਗੁਰਦੁਆਰਾ ਲਹਿਰ ਦੇ ਅਮਲ ’ਚੋਂ ਤੇਜ਼ੀ ਨਾਲ ਉਭਰ ਕੇ ਸਾਹਮਣੇ ਆ ਰਹੀ ਨਵੀਂ ਲੀਡਰਸ਼ਿੱਪ ਆਪਣੇ ਨਵੇਂ ਖੂਨ, ਜੋਸ਼ ਤੇ ਜਜ਼ਬੇ ਸਦਕਾ ਹਰ ਮੁੱਦੇ ਤੇ ਹਰ ਮੌਕੇ ਨੂੰ ਬਰਤਾਨਵੀ ਹਾਕਮਾਂ ਖਿਲਾਫ ਤਿੱਖੀ ਲੜਾਈ ਲਈ ਇਸਤੇਮਾਲ ਕਰਨ ਦੀ ਸੋਚ ਅਤੇ ਪ੍ਰਵਿਰਤੀ ਰੱਖਦੀ ਸੀ। ਇਹ ਅਮਲ, ਬਿਨਾਂ ਛੋਟ, ਹਰ ਜਗ੍ਹਾ ਵਾਪਰਦਾ ਹੈ। ਜਦ ਵੀ ਕਿਸੇ ਸਮਾਜੀ ਭਾਈਚਾਰੇ ਅੰਦਰ, ਕਿਸੇ ਵੀ ਕਾਰਨ (ਜਾਂ ਕਾਰਨਾਂ) ਕਰਕੇ, ਤਿੱਖਾ ਉਬਾਲ ਪੈਦਾ ਹੁੰਦਾ ਹੈ ਤਾਂ ਉਸ ਅੰਦਰਲਾ ਸੱਜਰਾ ਖੂਨ ਹਮੇਸ਼ਾ ਹੀ ਕਿਨਾਰਿਆਂ ਤੋਂ ਬਾਹਰ ਛਲਕਣ ਦਾ ਰੁਝਾਨ ਰੱਖਦਾ ਹੈ। ਅਜਿਹੇ ਮੌਕਿਆਂ ’ਤੇ ਸਬੰਧਤ ਭਾਈਚਾਰੇ ਅੰਦਰਲਾ ਅੰਦੋਲਨਕਾਰੀ ਤੱਤ, ਹਮੇਸ਼ਾ ਹੀ ਇਕ ਆਮ ਅਸੂਲ ਵਜੋਂ, ਟਿਕਾਉ ਦੀ ਜਗ੍ਹਾ ਟਕਰਾਉ ਦੀ ਅਤੇ ਸਮਝੌਤੇ ਦੀ ਜਗ੍ਹਾ ਦੋ ਟੁੱਕ ਲੜਾਈ ਦੀ ਧੁੱਸ ਅਖਤਿਆਰ ਕਰਦਾ ਹੈ। ਟਕਰਾਉ ਅਤੇ ਲੜਾਈ ਉਸ ਦੀ ਰੂਹਾਨੀ ਖੁਰਾਕ ਹੁੰਦੀ ਹੈ। ਸਾਕੇ ਤੋਂ ਬਾਅਦ ਨਨਕਾਣਾ ਸਾਹਿਬ ਵਿਖੇ ਹੋਈ ਸ਼ਹੀਦੀ ਕਾਨਫਰੰਸ ਅੰਦਰ ਨਵੇਂ ਅਤੇ ਜੋਸ਼ੀਲੇ ਅੰਦੋਲਨਕਾਰੀਆਂ ਵੱਲੋਂ ਦਿੱਤੇ ਗਏ ਭਾਸ਼ਨ ਇਸ ਸੱਚਾਈ ਦੀ ਗੂੜ੍ਹੀ ਪੁਸ਼ਟੀ ਕਰਦੇ ਹਨ। ਇਨ੍ਹਾਂ ਭਾਸ਼ਨਾਂ ਅੰਦਰ ਦੋ ਗੱਲਾਂ ਉਤੇ ਖਾਸ ਬਲ ਦਿੱਤਾ ਗਿਆ।{3} ਇਕ, ਇਹ ਕਿ ਨਨਕਾਣਾ ਸਾਹਿਬ ਦਾ ਸਾਕਾ ਕੋਈ ਟੁਟਵੀਂ ਕਹਿਰੀ ਘਟਨਾ ਨਹੀਂ ਸਗੋਂ ਬਰਤਾਨਵੀ ਹਾਕਮਾਂ ਦੀ ਸਿੱਖ ਕੌਮ ਨੂੰ ਰੋਲਣ ਉਜਾੜਨ ਦੀ ਇਕ ਵੱਡੀ ਯੋਜਨਾ ਦੀ ਕੜੀ ਹੈ। ਦੂਜਾ, ਇਹ ਕਿ ਸਿੱਖ ਕੌਮ ਦੇ ਬਚਾਉ ਲਈ, ਸਿੱਖਾਂ ਨੂੰ ਬਰਤਾਨਵੀ ਹਾਕਮਾਂ ਵਿਰੁੱਧ ਲੜ ਰਹੀਆਂ ‘‘ਹੋਰਨਾਂ ਤਾਕਤਾਂ’’ ਨਾਲ ਫੌਰੀ ਏਕਾ ਕਰਨਾ ਚਾਹੀਦਾ ਹੈ। ਉਹ ਗਾਂਧੀ ਨੂੰ ਬਰਤਾਨਵੀ ਹਾਕਮਾਂ ਵਿਰੁੱਧ ਲੜ ਰਹੀਆਂ ‘‘ਹੋਰਨਾਂ ਤਾਕਤਾਂ’’ ਦੇ ਦੂਤ ਵਜੋਂ ਦੇਖਦੇ ਸਨ ਅਤੇ ਉਸ ਦੀ ਸਟੇਜ ਉਤੇ ਹਾਜ਼ਰੀ ਉਨ੍ਹਾਂ ਨੂੰ ਧਰਵਾਸ ਅਤੇ ਹੁਲਾਰਾ ਦਿੰਦੀ ਸੀ।
ਜਿੱਥੋਂ ਤੱਕ ਸਿੱਖ ਅੰਦੋਲਨਕਾਰੀਆਂ ਦੀ ਪਹਿਲੀ ਧਾਰਨਾ ਦਾ ਸਬੰਧ ਹੈ, ਉਸ ਵਿਚੋਂ ਸੱਚਾਈ ਅਤੇ ਝੂਠ ਦੇ ਅੰਸ਼ਾਂ ਦੀ ਫਰੋਲਾ ਫਰਾਲੀ ਕਰਨੀ ਇਕ ਫਜ਼ੂਲ ਅਭਿਆਸ ਹੈ। ਇਹ ਮਾਮਲਾ ਦ੍ਰਿਸ਼ਟੀਕੋਣ ਦਾ ਹੈ। ਹਮੇਸ਼ਾ ਹੀ ਲੜਾਈ ਵਿਚ ਉਲਝੇ ਲੋਕਾਂ ਨੂੰ ਚੀਜਾਂ ਤੇ ਘਟਨਾਵਾਂ ਉਨ੍ਹਾਂ ਲੋਕਾਂ ਨਾਲੋਂ, ਜੋ ਲੜਾਈ ਤੋਂ ਬਾਹਰ ਹੁੰਦੇ ਹਨ, ਵੱਖਰੀ ਤਰ੍ਹਾਂ ਦਿਖਾਈ ਦਿੰਦੀਆਂ ਹਨ। ਇਸ ਨਿਯਮ ਨੂੰ ਅਤੇ ਲੜਾਈ ਦੀ ਤਪਸ਼ ਨਾਲ ਮਘ ਰਹੇ ਲੋਕਾਂ ਦੀ ਮਨੋਅਵਸਥਾ ਨੂੰ ਨਜ਼ਰਅੰਦਾਜ਼ ਕਰਕੇ ਸਮਾਜੀ ਲਹਿਰਾਂ ਬਾਰੇ ਮਕੈਨਕੀ ਕਿਸਮ ਦੇ ਨਿਰਣੇ ਤਾਂ ਕੱਢੇ ਜਾ ਸਕਦੇ ਹਨ ਪ੍ਰੰਤੂ ਉਨ੍ਹਾਂ ਦੀ ਆਤਮਾ ਦੇ ਕਰੀਬ ਨਹੀਂ ਪਹੁੰਚਿਆ ਜਾ ਸਕਦਾ।……ਖੈਰ, ਕੁਝ ਵੀ ਹੋਵੇ, ਸਿੱਖ ਅੰਦੋਲਨਕਾਰੀਆਂ ਦੇ ਸਿੱਖ ਲਹਿਰ ਸਬੰਧੀ ਅਜਿਹੇ ਨਿਰਣੇ ਤੇ ਅਨੁਮਾਨ, ਉਨ੍ਹਾਂ ਨੂੰ ਮੱਲੋਜ਼ੋਰੀ ਅਤੇ ਤੇਜ਼ੀ ਨਾਲ ਕਾਂਗਰਸ ਮਾਰਕਾ ‘ਕੌਮੀ ਮੁੱਖ ਧਾਰਾ’ ਵੱਲ ਧੂਹੀ ਲਈ ਜਾ ਰਹੇ ਸਨ। ਸ਼ਹੀਦੀ ਕਾਨਫਰੰਸ ਮੌਕੇ ਤਾਂ ਰਵਾਇਤੀ ਸਿੱਖ ਲੀਡਰਾਂ ਨੇ ਗਾਂਧੀ ਦੀ ਗੈਰ-ਸਰਕਾਰੀ ਜਾਂਚ ਕਮੇਟੀ ਬਨਾਉਣ ਦੀ ਤਜਵੀਜ਼, ਜਿਵੇਂ ਕਿਵੇਂ ਟਾਲ ਦਿੱਤੀ ਪਰ ਉਸ ਤੋਂ ਬਾਅਦ ਘਟਨਾਵਾਂ ਦੇ ਵਹਿਣ ਨੇ ਜੋ ਵੇਗ ਤੇ ਦਿਸ਼ਾ ਅਖਤਿਆਰ ਕਰ ਲਈ, ਉਸ ਦੇ ਸਨਮੁੱਖ ਰਵਾਇਤੀ ਲੀਡਰਸ਼ਿੱਪ ਨੂੰ ਆਪਣੇ ਪੈਰ ਟਿਕਾਉਣੇ ਮੁਸ਼ਕਲ ਹੋ ਗਏ।
ਸ਼ਹੀਦੀ ਕਾਨਫਰੰਸ ਤੋਂ ਫੌਰੀ ਬਾਅਦ ਬਰਤਾਨਵੀ ਹਕੂਮਤ ਨੇ ਸਿੱਖ ਲਹਿਰ ਉਤੇ ਤਸ਼ੱਦਦ ਦੀ ਇਕ ਵਿਆਪਕ ਮੁਹਿੰਮ ਆਰੰਭ ਦਿੱਤੀ। ਸਭਨਾਂ ਪ੍ਰਮੁੱਖ ਅੰਦੋਲਨਕਾਰੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹੀਂ ਸੁੱਟ ਦਿੱਤਾ ਗਿਆ ਅਤੇ ਉਨ੍ਹਾਂ ’ਤੇ ਮੁਕੱਦਮੇ ਚਲਾ ਕੇ ਸਖਤ ਸਜ਼ਾਵਾਂ ਸੁਣਾਈਆਂ ਗਈਆਂ। ਆਮ ਸਿੱਖ ਜਨਤਾ ਅੰਦਰ ਡਰ ਅਤੇ ਸਹਿਮ ਪੈਦਾ ਕਰਨ ਲਈ ਵੱਡੇ ਪੈਮਾਨੇ ’ਤੇ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਮਹੰਤਾਂ ਕੋਲੋਂ ਮੁਕਤ ਕਰਵਾਏ ਕਈ ਗੁਰਦੁਆਰੇ ਵਾਪਸ ਉਨ੍ਹਾਂ ਨੂੰ ਸੌਂਪ ਦਿੱਤੇ ਅਤੇ ਬਾਕੀਆਂ ’ਤੇ ਪੁਲਸ ਪਹਿਰੇ ਲਾ ਦਿੱਤੇ। ਅੰਗੇਰਜ਼ ਹਕੂਮਤ ਨੇ ਸੋਚਿਆਂ ਤਾਂ ਸ਼ਾਇਦ ਇਹ ਹੋਵੇਗਾ ਕਿ ਇਸ ਨਾਲ ਸਿੱਖ ਜਗਤ ਅੰਦਰ ਅੰਦੋਲਨਕਾਰੀਆਂ ਦੀ ਪੋਜ਼ੀਸ਼ਨ ਕਮਜ਼ੋਰ ਅਤੇ ਰਵਾਇਤੀ ਵਰਗਾਂ ਦੀ ਮਜ਼ਬੂਤ ਹੋ ਜਾਵੇਗੀ ਪਰ ਹੋਇਆ ਇਸ ਦੇ ਉਲਟ। ਸਿੱਖ ਸੰਘਰਸ਼ ਦੇ ਚੜ੍ਹਤ ਦੀ ਅਵਸਥਾ ’ਚ ਹੋਣ ਕਰਕੇ ਹਕੂਮਤੀ ਜਬਰ ਦੇ ‘ਟੀਕੇ’ ਦਾ ਉਲਟਾ ਅਸਰ ਹੋਇਆ। ਸਿੱਖ ਜਗਤ ਅੰਦਰ ਲੜਾਈ ਦਾ ਰੌਂਅ ਅਤੇ ਜਜ਼ਬਾ ਠੰਢਾ ਪੈਣ ਦੀ ਬਜਾਇ ਹੋਰ ਵੱਧ ਤਾਅ ਫੜ ਗਿਆ। 5 ਅਪ੍ਰੈਲ 1921 ਨੂੰ ਨਨਕਾਣਾ ਸਾਹਿਬ ਵਿਖੇ ਜੁੜੇ ਇਕ ਵਿਸ਼ਾਲ ਇਕੱਠ ਨੇ ਜੈਕਾਰਿਆਂ ਦੀ ਗੂੰਜ ਵਿਚ ਨਾਮਿਲਵਰਤਨ ਦਾ ਮਤਾ ਪਾਸ ਕਰ ਦਿੱਤਾ। ਇਸ ਤੋਂ ਛੇਵੇਂ ਦਿਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮਤੇ ਦੀ ਤਾਈਦ ਕਰ ਦਿੱਤੀ। ਹਾਲਤਾਂ ਵੱਲੋਂ ਲਏ ਇਸ ਮੋੜ ਨੇ ਸ. ਹਰਬੰਸ ਸਿੰਘ ਅਟਾਰੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਪਦ ਤੋਂ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ। ਉਸ ਦੀ ਜਗ੍ਹਾ ਸਰਦਾਰ ਖੜਕ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ। ਇਉਂ, ਸਿੱਖ ਲਹਿਰ ਅੰਦਰ ਪੁਰਾਣੀ ਲੀਡਰਸ਼ਿੱਪ ਨੂੰ ਹਟਾ ਕੇ ਨਵੀਂ ਲੀਡਰਸ਼ਿੱਪ ਦੀ ਸਥਾਪਤੀ ਦਾ ਅਮਲ ਆਪਣੇ ਮੰਤਕੀ ਟਿਕਾਣੇ ’ਤੇ ਅੱਪੜ ਗਿਆ।
ਇਸੇ ਦੌਰਾਨ ਗਾਂਧੀ ਨੇ ਸਿੱਖ ਲਹਿਰ ਅੰਦਰ ਆਪਣੇ ਦਖਲ ਨੂੰ ਵਧੇਰੇ ਕਾਰਗਰ ਬਨਾਉਣ ਲਈ ਉਚੇਚਾ ‘ਅਕਾਲੀ ਸਹਾਇਕ ਬਿਉਰੋ’ ਸਥਾਪਤ ਕੀਤਾ। ਪਹਿਲਾਂ ਪ੍ਰੋ. ਗਿਡਵਾਨੀ ਤੇ ਬਾਅਦ ’ਚ ਕੇਰਲਾ ਦੇ ਕੇ.ਐਮ. ਪਨੀਕਰ ਨੂੰ ਇਸ ਦਾ ਇਨਚਾਰਜ ਬਣਾਇਆ ਗਿਆ। ਗਾਂਧੀ ਅਤੇ ਬਿਉਰੋ ਦੇ ਇਨਚਾਰਜਾਂ ਦਰਮਿਆਨ ਹੋਇਆ ਚਿੱਠੀ- ਪੱਤਰ ਅਤੇ ਖਾਸ ਕਰਕੇ ਗਾਂਧੀ ਵੱਲੋਂ ਜੈਤੋ ਮੋਰਚੇ ਦੌਰਾਨ ਅਕਾਲੀ ਆਗੂਆਂ ਨੂੰ ਲਿਖੀਆਂ ਚਿੱਠੀਆਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਗਾਂਧੀ ਦੇ ਮਨ ਅੰਦਰ ਅਕਾਲੀ ਐਜੀਟੇਸ਼ਨ ਦੇ ਉਦੇਸ਼ਾਂ ਤੇ ਸਾਧਨਾਂ ਬਾਰੇ ਵਾਰ-ਵਾਰ ਸ਼ੰਕੇ ਉਠਦੇ ਰਹੇ। ਅੱਵਲ ਦਰਜੇ ਦੇ ਬੁੱਧੀਮਾਨ ਤੇ ਤੇਜ਼ ਦਿਮਾਗ਼ ਸਿਆਸਤਦਾਨ ਹੋਣ ਦੇ ਨਾਤੇ, ਗਾਂਧੀ ਨੇ ਇਸ ਪੰਥਕ ਉਭਾਰ ਦੀਆਂ ਸਭ ਲੁਪਤ ਸੰਭਾਵਨਾਵਾਂ ਦਾ ਕਿਆਫਾ ਲਾ ਲਿਆ ਹੋਇਆ ਸੀ। ਉਹ ਇਹ ਗੱਲ ਤਾੜ ਗਿਆ ਸੀ ਕਿ ਸਿੱਖ ਪੰਥ ਅੰਦਰ ਜਾਗੀ ਇਹ ਚੇਤਨਾ ਗੁਰਧਾਮਾਂ ਦੀ ਆਜ਼ਾਦੀ ਤੱਕ ਹੀ ਸੀਮਤ ਜਾਂ ਸੰਤੁਸ਼ਟ ਹੋ ਕੇ ਰਹਿ ਜਾਣ ਵਾਲੀ ਨਹੀਂ। ਸਿੱਖ ਕੌਮ ਅੰਦਰ ਗੁਰਧਾਮਾਂ ਦੀ ਆਜ਼ਾਦੀ ਲਈ ਜਾਗੇ ਇਸ ਜੋਸ਼ੋਖਰੋਸ਼ ਦਾ ਮੰਤਕੀ ਨਤੀਜਾ, ਉਸ ਅੰਦਰ ਆਜ਼ਾਦ ਸਿੱਖ ਰਾਜ ਲਈ ਸੁਸਤਾਈਆਂ ਰੀਝਾਂ ਦੇ ਮੁੜ ਕਰਮਸ਼ੀਲ ਹੋਣ ਵਿਚ ਨਿਕਲੇਗਾ। ਇਸ ਬਾਰੇ ਉਹ ਅਕਾਲੀਆਂ ਕੋਲੋਂ ਦੋ ਟੁਕ ਤੇ ਸਪਸ਼ਟ ਯਕੀਨਦਹਾਨੀ ਦੀ ਮੰਗ ਕਰਦਾ ਸੀ।{4} ਸ਼੍ਰੋਮਣੀ ਕਮੇਟੀ ਨੇ ਗਾਂਧੀ ਦੇ ਖਤਾਂ ਦੇ ਜੁਆਬ ਵਿਚ 20 ਅਪ੍ਰੈਲ 1924 ਨੂੰ ਇਕ ਲੰਮਾ ਪੱਤਰ ਲਿਖਿਆ ਜਿਸ ’ਚ ਗਾਂਧੀ ਦੇ ਸ਼ੰਕੇ ਨਵਿਰਤ ਕਰ ਦਿੱਤੇ ਗਏ। ਸ਼੍ਰੋਮਣੀ ਕਮੇਟੀ ਨੇ ਗਾਂਧੀ ਨੂੰ ਇਹ ‘‘ਪੂਰਨ ਵਿਸ਼ਵਾਸ’’ ਦੁਆਇਆ ਕਿ ‘‘ਸਿਰਫ ਸ਼੍ਰੋਮਣੀ ਕਮੇਟੀ ਹੀ ਨਹੀਂ, ਕੋਈ ਵੀ ਸਿੱਖ ਸੰਸਥਾ ਜਾਂ ਵਿਅਕਤੀ ਸੁਪਨੇ ਵਿਚ ਵੀ ਸਿੱਖ ਰਾਜ ਦੀ ਕਾਇਮੀ ਦਾ ਵਿਚਾਰ ਜਾਂ ਚਾਹਨਾ ਨਹੀਂ ਰੱਖਦਾ।’’{5}
ਉਧਰ, ਦੂਜੇ ਪਾਸੇ, ਬਰਤਾਨਵੀ ਹਾਕਮਾਂ ਦੀ ਸੋਚ ਦੀ ਸੂਈ ਵੀ ਕੁਝ ਇਸੇ ਹੀ ਮੀਟਰ ’ਤੇ ਘੁੰਮ ਰਹੀ ਸੀ। ਉਂਝ ਭਾਵੇਂ ਉਨ੍ਹਾਂ ਦੀ ਸਮੁੱਚੀ ਰਣਨੀਤੀ ਅੰਦਰ ਸਿੱਖ ਭਾਈਚਾਰੇ ਦਾ ਸਹਿਯੋਗ ਤੇ ਸਦਭਾਵਨਾ ਖਾਸ ਅਹਿਮੀਅਤ ਰੱਖਦੀ ਸੀ। ਪੰਜਾਬ ਉਤੇ ਕਬਜ਼ਾ ਕਰਨ ਤੋਂ ਬਾਅਦ ਵਾਹ ਲਗਦੀ ਉਹ ਸਿੱਖ ਕੌਮ ਨੂੰ ਨਰਾਜ਼ ਕਰਨ ਤੋਂ ਗੁਰੇਜ਼ ਕਰਨ ਦੀ ਆਮ ਸੇਧ ਅਪਣਾ ਕੇ ਚੱਲ ਰਹੇ ਸਨ। ਪਰ ਗੁਰਦੁਆਰਾ ਲਹਿਰ ਸ਼ੁਰੂ ਹੋਣ ਨਾਲ, ਖਾਸ ਕਰਕੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਜੇਕਰ ਉਨ੍ਹਾਂ ਆਪਣੀ ਇਸ ਆਮ ਸੇਧ ਤੋਂ ਲਾਂਭੇ ਹਟ ਕੇ, ਸਿੱਖ ਸੰਘਰਸ਼ ਪ੍ਰਤੀ ਜਾਬਰ ਵਤੀਰਾ ਧਾਰਨ ਕਰ ਲਿਆ ਹੋਇਆ ਸੀ ਤਾਂ ਇਸ ਦੇ ਦੋ ਕਾਰਨ ਨਜ਼ਰ ਆਉਂਦੇ ਹਨ। ਪਹਿਲਾ ਇਹ ਕਿ, ਗਾਂਧੀ ਵਾਂਗ ਅੰਗਰੇਜ਼ ਹਾਕਮਾਂ ਨੂੰ ਵੀ ਸਿੱਖ ਸੰਘਰਸ਼ ਦੇ ‘‘ਖਤਰਨਾਕ’’ ਦਿਸ਼ਾ ਅਖਤਿਆਰ ਕਰ ਜਾਣ ਦਾ ਹਕੀਕੀ ਡਰ ਮਾਰ ਰਿਹਾ ਸੀ। ਨਨਕਾਣਾ ਸਾਹਿਬ ਦੇ ਮੋਰਚੇ ਦੌਰਾਨ ਸਰਕਾਰ ਦੀ ਇਕ ਖੁਫੀਆ ਰਿਪੋਰਟ ਅੰਗਰੇਜ਼ ਹਾਕਮਾਂ ਦੇ ਮਨ ਅੰਦਰਲੇ ਡਰ ਅਤੇ ਤੌਖਲਿਆਂ ਦਾ ਇਸ ਤਰ੍ਹਾਂ ਖੁਲਾਸਾ ਕਰਦੀ ਸੀ: ‘‘ਸਿੱਖ ਕਿਰਸਾਨੀ ਅੰਦਰ ਇਹ ਵਿਚਾਰ ਪ੍ਰਵਾਹ ਚੱਲ ਰਿਹਾ ਹੈ ਕਿ ਮੌਜੂਦਾ ਲਹਿਰ ਇਕ ਵੱਡੀ ਚੱਕ-ਥੱਲ, ਜੋ ਸਿੱਖਾਂ ਨੂੰ ਮੁੜ ਪੰਜਾਬ ਦੀ ਮਾਲਕੀ ਬਹਾਲ ਕਰ ਦੇਵੇਗੀ, ਦੀ ਹੀ ਇਕ ਪੂਰਵਲੀ ਝਲਕੀ ਹੈ।’’{6} ਇਕ ਅੰਗਰੇਜ਼ ਲੇਖਕ (ਸਰ ਮਾਲਕਮ ਡਾਰਲਿੰਗ) ਦੇ ਸਿੱਖਾਂ ਬਾਰੇ ਲਿਖੇ ਵਿਚਾਰ ਵੀ ਬਹੁਤ ਭਾਵਪੂਰਤ ਹਨ। ‘‘ਐਟ ਫਰੀਡਮਜ਼ ਡੋਰ’’ ਨਾਂ ਦੀ ਕਿਤਾਬ ਵਿਚ ਡਾਰਲਿੰਗ ਲਿਖਦਾ ਹੈ ਕਿ ਸਿੱਖ ‘‘ਬੜੇ ਹੀ ਜੋਸ਼ਮੱਤੇ, ਮੜ੍ਹਕ ਵਾਲੇ ਤੇ ਰੋਹਬਦਾਰ ਲੋਕ ਹਨ। ਉਹ ਇਸ ਗੱਲ ਨੂੰ ਕਦੇ ਨਹੀਂ ਭੁਲਦੇ ਕਿ ਪੰਜਾਬ ਅਸੀਂ ਉਨ੍ਹਾ ਪਾਸੋਂ ਜਿੱਤ ਕੇ ਪ੍ਰਾਪਤ ਕੀਤਾ ਸੀ।’’ ਦੂਜਾ, ਅੰਗਰੇਜ਼ ਹਕੂਮਤ ਨੂੰ ਇਹ ਖਤਰਾ ਭਾਸਣ ਲੱਗ ਪਿਆ ਸੀ ਕਿ ਗੁਰਦੁਆਰਿਆਂ ਦਾ ਕੰਟਰੋਲ ਮਹੰਤਾਂ ਦੇ ਹੱਥਾਂ ’ਚੋਂ ਨਿਕਲ ਕੇ ਉਨ੍ਹਾਂ ਤਾਕਤਾਂ ਦੇ ਹੱਥਾਂ ’ਚ ਚਲਾ ਜਾਵੇਗਾ ਜੋ ਬਰਤਾਨਵੀ ਰਾਜ ਨੂੰ ਕੈਰੀ ਅੱਖ ਨਾਲ ਦੇਖਦੀਆਂ ਹਨ। ਉਨ੍ਹਾਂ ਨੂੰ ਡਰ ਸੀ ਕਿ ਇਹ ਤਾਕਤਾਂ ਗੁਰਦੁਆਰਿਆਂ ਦੇ ਰੁਤਬੇ ਤੇ ਆਮਦਨ ਵਗੈਰਾ ਦਾ ਸਰਕਾਰ ਵਿਰੋਧੀ ਰਾਜਸੀ ਲਹਿਰ ਲਈ ਇਸਤੇਮਾਲ ਕਰਨਗੀਆਂ। ਨਵੀਂ ਸਿੱਖ ਲੀਡਰਸ਼ਿੱਪ ਵੱਲੋਂ ਅਖਤਿਆਰ ਕੀਤੀ ਸੇਧ ਅਤੇ ਉਸ ਦੀ ਕਾਂਗਰਸ ਨਾਲ ਵਧ ਰਹੀ ਨੇੜਤਾ ’ਚੋਂ, ਸਰਕਾਰ ਨੂੰ ਆਪਣੇ ਖਦਸ਼ੇ ਸੱਚ ਹੁੰਦੇ ਪ੍ਰਤੀਤ ਹੋਣ ਲੱਗ ਪਏ ਸਨ। ਇਸ ਕਰਕੇ, ਉਸ ਨੇ ਨਨਕਾਣਾ ਸਾਹਿਬ ਦੀ ਸ਼ਹੀਦੀ ਕਾਨਫਰੰਸ ਤੋਂ ਫੌਰਨ ਬਾਅਦ ਸਿੱਖ ਭਾਈਚਾਰੇ ਉਤੇ, ਵਹਿਸ਼ੀ ਜਬਰ ਦੀ ਵਿਆਪਕ ਮੁਹਿੰਮ ਚਲਾ ਦਿੱਤੀ।{7}
ਜਿਥੋਂ ਤੱਕ ਮੁਸਲਿਮ ਭਾਈਚਾਰੇ ਦਾ ਸਬੰਧ ਸੀ, ਉਹ ਆਮ ਕਰਕੇ ਗੁਰਦੁਆਰਾ ਸਿੱਖ ਲਹਿਰ ਨੂੰ ਸ਼ੱਕ ਤੇ ਵਿਰੋਧ ਦੀ ਭਾਵਨਾ ਨਾਲ ਦੇਖਦਾ ਸੀ। ਸਰ ਫਜ਼ਲੀ-ਹੁਸੈਨ ਨੇ ਇਸ ਦੀ ਵਜ੍ਹਾ ਦਰਸਾਉਂਦਿਆਂ ਹੋਇਆਂ ਲਿਖਿਆ ਕਿ ‘‘ਭਾਵੇਂ ਸਿੱਖ ਧਾਰਮਿਕ ਤੌਰ ’ਤੇ ਆਪਣੀ ਸੁਤੰਤਰਤਾ ਦਾ ਐਲਾਨ ਕਰਦੇ ਹਨ, ਪਰ ਰਾਜਸੀ ਤੌਰ ’ਤੇ ਉਹ ਹਿੰਦੂ ਸਿਆਸਤਦਾਨਾਂ ਦੇ ਢਹੇ ਚੜ੍ਹੇ ਹੋਏ ਹਨ……..ਹਿੰਦੂਆਂ ਦੀ ਹਮਾਇਤ ਹਾਸਲ ਕਰ ਲੈਣ ਅਤੇ ਬਰਤਾਨਵੀ ਸਰਕਾਰ ਉਤੇ ਆਪਣੀ ਤਾਕਤ ਦਾ ਰੋਹਬ ਪਾ ਲੈਣ ਤੋਂ ਬਾਅਦ, ਉਹ ਆਪਣੀ ਪੋਜ਼ੀਸ਼ਨ ਨੂੰ ਪੱਕੇ-ਪੈਰੀਂ ਕਰਨਾ ਅਤੇ ਮੁਸਲਮਾਨਾਂ ਨੂੰ ਆਪਣੇ ਹੱਕਾਂ ’ਤੇ ਦਾਅਵਾ ਜਤਲਾਉਣ ਤੋਂ ਰੋਕਣ ਦੀ ਦਿਸ਼ਾ ’ਚ ਅੱਗੇ ਵਧਣਾ ਚਾਹੁੰਦੇ ਹਨ।’’{8}
ਸਿੱਖਾਂ ਨੂੰ ਹਰਿਮੰਦਰ ਸਾਹਿਬ ਉਤੇ ਸਰਕਾਰੀ ਕੰਟਰੋਲ ਚਿਰਾਂ ਤੋਂ ਰੜਕ ਰਿਹਾ ਸੀ। 29 ਅਕਤੂਬਰ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਇਕ ਮਤਾ ਪਾ ਕੇ ਸਰਕਾਰ ਵੱਲੋਂ ਨਿਯੁਕਤ ਕੀਤੇ ਸਰਬਰਾਹ ਸ. ਸੁੰਦਰ ਸਿੰਘ ਰਾਮਗੜ੍ਹੀਆ ਨੂੰ ਆਦੇਸ਼ ਦਿੱਤਾ ਕਿ ਉਹ ਤੋਸ਼ੇਖਾਨੇ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਖੜਕ ਸਿੰਘ ਦੇ ਹਵਾਲੇ ਕਰ ਦੇਵੇ। ਸ. ਸੁੰਦਰ ਸਿੰਘ ਰਾਮਗੜ੍ਹੀਆ ਨੇ ਫੌਰਨ ਡੀ.ਸੀ. ਨਾਲ ਸੰਪਰਕ ਕੀਤਾ ਅਤੇ ਡੀ.ਸੀ. ਨੇ ਚਾਬੀਆਂ ਆਪਣੇ ਇਕ ਸਹਾਇਕ ਦੇ ਸਪੁਰਦ ਕਰ ਦਿੱਤੀਆਂ। ਇਸ ਨਾਲ ਸਿੱਖ ਜਗਤ ਅੰਦਰ ਇਕਦਮ ਗੁੱਸਾ ਭੜਕ ਪਿਆ। ਮੋਰਚਾ ਸ਼ੁਰੂ ਹੋ ਗਿਆ। ਹਮੇਸ਼ਾ ਵਾਂਗ ਸਰਕਾਰ ਨੇ ਜਬਰ ਤਸ਼ੱਦਦ ਨਾਲ ਸਿੱਖਾਂ ਨੂੰ ਯਰਕਾਉਣਾ ਚਾਹਿਆ। ਵੱਡੀ ਪੱਧਰ ’ਤੇ ਗ੍ਰਿਫਤਾਰੀਆਂ ਤੇ ਸਜ਼ਾਵਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਸ. ਖੜਕ ਸਿੰਘ ਨੂੰ ਵੀ ਜੇਲ੍ਹ ’ਚ ਡੱਕ ਦਿੱਤਾ ਗਿਆ। ਪਰ ਜਿੰਨਾ ਸਰਕਾਰੀ ਤਸ਼ੱਦਦ ਤਿੱਖਾ ਹੁੰਦਾ ਗਿਆ, ਓਨਾ ਹੀ ਸਿੱਖ ਜਗਤ ਅੰਦਰ ਰੋਹ ਤੇ ਗੁੱਸਾ ਵਧਦਾ ਗਿਆ। ਲਹਿਰ ਪੰਜਾਬ ਦੇ ਪਿੰਡ ਪਿੰਡ ਤੱਕ ਫੈਲ ਗਈ। ਸਰਕਾਰ ਦੇ ਕਹੇ ’ਤੇ ਕੋਈ ਵੀ ਸਿੱਖ ਸਰਬਰਾਹ ਬਣਨ ਲਈ ਤਿਆਰ ਨਹੀਂ ਸੀ। ਮੋਰਚੇ ਦਾ ਸਿੱਖ ਫੌਜਾਂ ਤੱਕ ਅਸਰ ਫੈਲਣ ਲੱਗਾ ਅਤੇ ਸਰਕਾਰ ਨੂੰ ਝੁਕਣਾ ਪਿਆ। 17 ਜਨਵਰੀ 1922 ਨੂੰ ਬਿਨਾਂ ਸ਼ਰਤ ਰਿਹਾਈਆਂ ਦੇ ਹੁਕਮ ਹੋ ਗਏ ਅਤੇ 53 ਚਾਬੀਆਂ ਦਾ ਗੁੱਛਾ ਸ. ਖੜਕ ਸਿੰਘ ਨੂੰ ਭਰੇ ਦੀਵਾਨ ਵਿਚ ਸੌਂਪ ਦਿੱਤਾ ਗਿਆ। ਇਸ ਤਰ੍ਹਾਂ ਸਿੱਖ ਜਗਤ ਦੀ ਦਰਬਾਰ ਸਾਹਿਬ ਉਤੇ ਪੰਥਕ ਕੰਟਰੋਲ ਦੀ ਚਿਰਾਂ ਦੀ ਮੰਗ ਤੇ ਸੱਧਰ ਪੂਰੀ ਹੋ ਗਈ।
ਇਸ ਨਮੋਸ਼ੀ ਭਰੀ ਹਾਰ ਤੋਂ ਬਾਅਦ ਸਰਕਾਰ ਨੇ ਸਿੱਖ ਲਹਿਰ ਉਤੇ ਇਕ ਵਾਰ ਫਿਰ ਜਬਰ ਦਾ ਹਥਿਆਰ ਅਜ਼ਮਾ ਕੇ ਦੇਖਿਆ। ਮਾਰਚ 1922 ਵਿਚ ਫਿਰ ਤਸ਼ੱਦਦ ਦਾ ਇਕ ਦੌਰ ਚੱਲਿਆ। ਪਰ ਥੋੜ੍ਹੇ ਹੀ ਚਿਰ ਬਾਅਦ, ਅਗਸਤ 1922 ਵਿਚ ਉਸ ਨੂੰ ‘ਗੁਰੂ ਕੇ ਬਾਗ’ ਦੇ ਮੋਰਚੇ ਵਿਚ ਫਿਰ ਨੈਤਿਕ ਪਛਾੜ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਬਰਤਾਨਵੀ ਹਕੂਮਤ ਕਾਫੀ ਪੋਲੀ ਪੈ ਗਈ। ਪਰ ਸਿੱਖ ਲਹਿਰ ਦਾ ਵੇਗ ਅਜੇ ਜਿਉਂ ਦੀ ਤਿਉਂ ਬਣਿਆ ਹੋਇਆ ਸੀ। ਇਸ ਵੇਗ ਤੇ ਜੋਸ਼ੋਖਰੋਸ਼ ਦੀ ਲਹਿਰ ’ਚੋਂ ਹੀ ਸ਼੍ਰੋਮਣੀ ਕਮੇਟੀ ਨੇ, ਬਰਤਾਨਵੀ ਹਕੂਮਤ ਵੱਲੋਂ ਰਾਜਸੀ ਖੁੰਦਕ ਅਧੀਨ ਮਹਾਰਾਜਾ ਨਾਭਾ ਨੂੰ ਗੱਦੀਓਂ ਲਾਹੁਣ ਦੀ ਕਾਰਵਾਈ ਵਿਰੁੱਧ ਸੰਘਰਸ਼ ਕਰਨ ਦਾ ਫੈਸਲਾ ਲੈ ਲਿਆ। ਮੋਰਚਾ ਸ਼ੁਰੂ ਤਾਂ ਹੋ ਗਿਆ ਅਤੇ ਸਿੱਖ ਜਗਤ ਅੰਦਰ ਵੱਡੀ ਸਰਗਰਮੀ ਵੀ ਛਿੜ ਪਈ ਪਰ ਇਕ ਤਾਂ ਮਸਲਾ ਸਿੱਧਾ ਸਿਆਸੀ ਹੋਣ ਕਰਕੇ ਅਤੇ ਦੂਜਾ ਮਹਾਰਾਜਾ ਨਾਭਾ ਵੱਲੋਂ ਵਾਰ-ਵਾਰ ਥਿੜਕਣ ਤੇ ਕਮਜ਼ੋਰੀ ਦਿਖਾਉਣ ਨਾਲ ਸਿੱਖ ਲੀਡਰਸ਼ਿੱਪ ਨੂੰ ਕਾਫੀ ਕਸੂਤੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈ ਗਿਆ। ਜੈਤੋ ਵਿਖੇ ਫੌਜ ਵੱਲੋਂ ਦੀਵਾਨ ਅੰਦਰ ਅਖੰਡ ਪਾਠ ਵਿਚ ਵਿਘਨ ਪਾਉਣ ਦੀ ਘਟਨਾ ਨੇ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਅਜਿਹੀ ਚੋਭ ਲਾਈ ਕਿ ਉਨ੍ਹਾਂ ਲਈ ਇਹ ਮਸਲਾ ਜ਼ਿੰਦਗੀ ਮੌਤ ਦਾ ਸੁਆਲ ਬਣ ਗਿਆ। ਮੋਰਚੇ ਦੇ ਬੇਹੱਦ ਲਮਕ ਜਾਣ ਕਾਰਨ ਸਿੱਖ ਲੀਡਰਸ਼ਿੱਪ ਨੂੰ ਆਪਸੀ ਵਿਰੋਧਾਂ ਤੇ ਕਲੇਸ਼ਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਦੁਸ਼ਵਾਰ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਧਰ ਸਰਕਾਰ ਦਾ ਵੀ ਦਮ ਟੁੱਟ ਚੁੱਕਾ ਸੀ ਅਤੇ ਉਸਨੇ ਅੰਦਰਖਾਤੇ ਸਿੱਖਾਂ ਨਾਲ ਸੁਲਾਹ ਸਫ਼ਾਈ ਦਾ ਯਤਨ ਆਰੰਭ ਦਿੱਤਾ।
ਜਨਰਲ ਬਰਡਵੁੱਡ, ਜਿਸਦੀ ਸਿੱਖ ਹਲਕਿਆਂ ਅੰਦਰ ਚੰਗੀ ਸਾਖ ਸੀ, ਨੇ ਮਾਰਚ 1924 ਵਿਚ ਭਾਈ ਜੋਧ ਸਿੰਘ ਤੇ ਹੋਰਨਾਂ ਪਤਵੰਤੇ ਸਿੱਖਾਂ ਰਾਹੀਂ ਸਮਝੌਤੇ ਲਈ ਗੁਪਤ ਵਾਰਤਾਲਾਪ ਸ਼ੁਰੂ ਕਰ ਦਿੱਤਾ। ਕਾਂਗਰਸੀ ਆਗੂ ਇਸ ਵਾਰਤਾਲਾਪ ’ਤੇ ਢਿੱਡੋਂ ਖੁਸ਼ ਨਹੀਂ ਸਨ। ਵੈਸੇ ਉਨ੍ਹਾਂ ਨੂੰ ਸਿੱਖ ਲੀਡਰਸ਼ਿੱਪ ਦੀ ਮਹਾਰਾਜਾ ਨਾਭਾ ਦੇ ਮਸਲੇ ਪ੍ਰਤੀ ਅਪਣਾਈ ਸਮੁੱਚੀ ਪਹੁੰਚ ’ਤੇ ਹੀ ਵੱਡੇ ਇਤਰਾਜ਼ ਤੇ ਗਿਲੇ ਸਨ, ਜਿਨ੍ਹਾਂ ਕਰਕੇ ਕੇ.ਐਮ. ਪਨੀਕਰ ਨੇ ‘ਅਕਾਲੀ ਸਹਾਇਕ ਬਿਉਰੋ’ ਦੇ ਮੁੱਖੀ ਦਾ ਅਹੁੱਦਾ ਤਿਆਗ ਦਿੱਤਾ ਅਤੇ ਇਸ ਨਾਲ ਹੀ ਇਹ ਬਿਉਰੋ ਠੱਪ ਹੋ ਗਿਆ।{9} ਨਹਿਰੂ ਵੱਲੋਂ 29 ਅਪ੍ਰੈਲ 1924 ਨੂੰ ਡਾ. ਕਿਚਲੂ ਦੇ ਨਾਂ ਲਿਖੇ ਗਏ ਪੱਤਰ ’ਚੋਂ ਉਸ ਦੀ ਸਿੱਖ ਲੀਡਰਸ਼ਿੱਪ ਪ੍ਰਤੀ ਔਖ ਤੇ ਨਾਰਾਜ਼ਗੀ ਸਾਫ਼ ਦੇਖੀ ਜਾ ਸਕਦੀ ਸੀ।{10} ਇਸੇ ਦੌਰਾਨ ਬਰਡਵੁੱਡ ਦੀਆਂ ਸਮਝੌਤੇ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ। ਬਾਅਦ ਵਿਚ ਮਾਸਟਰ ਤਾਰਾ ਸਿੰਘ ਨੇ ਆਪਣੀ ਸਵੈ-ਜੀਵਨੀ ਵਿਚ ਇਹ ਗੱਲ ਕਬੂਲੀ ਕਿ ਸਮਝੌਤੇ ਦੇ ਇਹ ਯਤਨ ‘‘ਕੇਵਲ ਸਮਝ ਦੀ ਘਾਟ ਕਰਕੇ’’ ਨੇਪਰੇ ਨਾ ਚੜ੍ਹ ਸਕੇ।{11}
ਖੈਰ, ਲੰਮੀ ਕਸ਼ਮਕਸ਼ ਤੋਂ ਬਾਅਦ ਗੁਰਦੁਆਰਿਆਂ ਦੀ ਆਜ਼ਾਦੀ ਲਈ ਸਿੱਖ ਕੌਮ ਦੇ ਸਿਰੜੀ ਸੰਘਰਸ਼ ਨੂੰ ਅੰਤ ਸ਼ਾਨਦਾਰ ਫਤਹਿ ਨਸੀਬ ਹੋ ਗਈ। 2 ਜੁਲਾਈ 1925 ਨੂੰ ਗੁਰਦੁਆਰਾ ਸੁਧਾਰ ਸੰਬੰਧੀ ਉਹ ਕਾਨੂੰਨ ਪਾਸ ਹੋ ਗਿਆ ਜਿਸ ਨੇ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਰੇ ਇਤਿਹਾਸਕ ਗੁਰਧਾਮਾਂ ਦੀ ਸੇਵਾ-ਸੰਭਾਲ ਦਾ ਕਾਨੂੰਨੀ ਅਧਿਕਾਰ ਬਖ਼ਸ਼ ਦਿੱਤਾ।
ਹਵਾਲੇ ਅਤੇ ਟਿੱਪਣੀਆਂ:
1. ਸੋਹਨ ਸਿੰਘ ਜੋਸ਼, ਅਕਾਲੀ ਮੋਰਚਿਆਂ ਦਾ ਇਤਿਹਾਸ, ਸਫੇ 64-65
2. The Collected Works of Mahatma Gandhi, Vol XIX,pp. 399-402
3. Khushwant Singh, A History of Sikhs, Vol II, p. 201
4. Ganda Singh (Ed.), Some Confidential Papers of Akali Movement, pp. 54-55.
5. I bid 57
6. Ram Narayan Kumar, The Sikh Unrest And the Indian state, p. 52
7. Rajiv A.Kapur, Sikh Separatism : The Politics of Faith, p. 135
8. Sir Fazali Hussain, Punjabi politics, in Punjab Past and present Vol V, Part I, April 1971, p. 148
9. Ganda Singh (ed), op.cit., p. 246
10. S. Gopal (ed), Selected Works of Jawahar Lal Nehru, Vol II, p. 152
11. ਜਸਵੰਤ ਸਿੰਘ (ਸੰਪਾਦਕ), ਮਾਸਟਰ ਤਾਰਾ ਸਿੰਘ : ਜੀਵਨ ਸੰਘਰਸ਼ ਤੇ ਉਦੇਸ਼, ਸਫ਼ਾ 88
Related Topics: Ajmer Singh, Sikh History, Sikh Politics of Twentieth Century