ਸਿੱਖ ਖਬਰਾਂ

ਪੰਥਕ ਜਥੇਬੰਦੀਆਂ ਵਿੱਚ ਵਖਰੇਵੇਂ ਵਧਣ ਦੇ ਅਸਾਰ; ਭਾਈ ਹਵਾਰਾ ਲਈ ਸਲਾਹਕਾਰ ਕਮੇਟੀ ਤੇ ਛਿੜਿਆ ਵਿਵਾਦ

March 12, 2016 | By

ਫਤਹਿਗੜ੍ਹ ਸਾਹਿਬ: ਸਰਬੱਤ ਖਾਲਸਾ ਦੀਆਂ ਜਥੇਬੰਦੀਆਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸੌਂਪੀ ਗਈ ਸੇਵਾ ਦਾ ਸਤਿਕਾਰ ਕਰਦੇ ਹੋਏ, ਉਨ੍ਹਾਂ ਦੇ ਹਰ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਨ ਲਈ ਹਮੇਸ਼ਾ ਤਤਪਰ ਰਹੇਗਾ, ਪਰ ਜੋ ਕਾਰਜਕਾਰੀ ਜਾ ਸਲਾਹਕਾਰ ਕਮੇਟੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਬਣਾਉਣੀ ਹੈ, ਉਹ ਵੀ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਖੁਦ ਪੰਥਕ ਸਖਸ਼ੀਅਤਾਂ ਅਤੇ ਜਥੇਬੰਦੀਆਂ ਨਾਲ ਸੰਪਰਕ ਕਰਕੇ ਬਣਾਉਣਗੇ।ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਭਾਈ ਇਕਬਾਲ ਸਿੰਘ ਟਿਵਾਣਾ ਵੱਲੋਂ ਬੀਤੇ ਕੱਲ੍ਹ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਅਮਰ ਸਿੰਘ ਚਹਿਲ ਵੱਲੋਂ ਜਾਰੀ ਕੀਤੇ ਇੱਕ ਬਿਆਨ ਦੇ ਪ੍ਰਤੀਕਰਮ ਵਜੋਂ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਬੀਤੇ ਦਿਨ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਅਮਰ ਸਿੰਘ ਚਹਿਲ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਇੱਛਾ ਅਨੁਸਾਰ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਣ ਲਈ ਇੱਕ ਕਾਰਜਕਾਰੀ ਕਮੇਟੀ ਬਣਾਈ ਜਾ ਰਹੀ ਹੈ, ਜਿਸ ਲਈ ਕਨੇਡਾ, ਅਮਰੀਕਾ ਅਤੇ ਇੰਗਲੈਂਡ ਵਿਚ ਵਸਦੇ ਪੰਥਕ ਚਿੰਤਕ ਸਿੱਖਾਂ ਵੱਲੋਂ ਸ਼ਮੂਲੀਅਤ ਕਰਨ ਵਾਸਤੇ ਕਾਫ਼ੀ ਨਾਂਅ ਆ ਚੁਕੇ ਹਨ ਪਰ ਪੰਜਾਬ ਸਮੇਤ ਭਾਰਤ ਵਿਚਲੀਆਂ ਪੰਥਕ ਜਥੇਬੰਦੀਆਂ , ਪੰਥਕ ਆਗੂਆਂ ਅਤੇ ਸਿੱਖ ਸੰਗਤ ਵਲੋਂ ਨਾਂਅ ਦੇਣ ਵਿਚ ਕਾਫੀ ਢਿੱਲ ਵਰਤੀ ਜਾ ਰਹੀ ਹੈ ।

ਅਮਰ ਸਿੰਘ ਚਹਿਲ ਦਾ ਬਿਆਨ ਪੜ੍ਹਨ ਲਈ ਵੇਖੋ:

ਭਾਈ ਹਵਾਰਾ ਵੱਲੋਂ ਵਿਸ਼ਵ ਭਰ ਦੀਆਂ ਸਿੱਖ ਜਥੇਬੰਦੀਆਂ ਨੂੰ ਸਾਂਝੀ “ਐਗਜ਼ੈਕਟਿਵ ਕਮੇਟੀ” ਬਣਾਉਣ ਦੀ ਅਪੀਲ

ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਸਮਾਗਮ ਦੇ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਕਸ਼ਮਕੱਸ਼ ਹੋਰ ਵੱਧਦੀ ਨਜਰ ਆ ਰਹੀ ਹੈ ਤੇ ਇਨ੍ਹਾਂ ਬਿਆਨਾਂ ਤੋਂ ਪੰਥਕ ਜਥੇਬੰਦੀਆਂ ਅੰਦਰ ਦੂਰੀਆਂ ਹੋਰ ਵੱਧਦੀਆਂ ਪ੍ਰਤੀਤ ਹੋ ਰਹੀਆਂ ਹਨ।

simranjit-singh-mann3

ਭਾਈ ਟਿਵਾਣਾ ਨੇ ਕਿਹਾ ਕਿ ਜੋ ਨਾਮ ਨਿਹਾਦ ਜਥੇਬੰਦੀਆਂ ਜਾਂ ਆਗੂ, ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਕੌਮ ਨੂੰ ਅਤੇ ਆਗੂਆਂ ਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਨ ਲਈ ਕੀਤੀ ਗਈ ਅਤਿ ਸੰਜ਼ੀਦਾ ਅਪੀਲ ਦਾ ਹਵਾਲਾ ਦੇ ਕੇ, ਦੂਸਰੇ ਤਖ਼ਤਾਂ ਦੇ ਸਰਬੱਤ ਖ਼ਾਲਸਾ ਵੱਲੋ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਜਿਨ੍ਹਾਂ ਦੀ 14 ਮਾਰਚ ਨੂੰ ਰਿਹਾਅ ਹੋਣ ਦੀ ਵੱਡੀ ਸੰਭਾਵਨਾ ਹੈ, ਉਹਨਾਂ ਦੀ ਰਿਹਾਈ ਹੋਣ ਤੋ ਪਹਿਲੇ ਹੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਸਹਿਯੋਗ ਲਈ ਕਾਰਜਕਾਰੀ ਕਮੇਟੀ ਬਣਾਉਣ ਦੇ ਨਾਮ ਹੇਠ ਜੋ ਸਰਬੱਤ ਖ਼ਾਲਸਾ ਦੇ ਦੂਸਰੇ ਫੈਸਲਿਆ ਨੂੰ ਪ੍ਰਵਾਨ ਨਾ ਕਰਦੇ ਹੋਏ ਕਾਰਵਾਈਆਂ ਹੋ ਰਹੀਆਂ ਹਨ । ਅਜਿਹੀਆ ਕਾਰਵਾਈਆਂ ਅਤੇ ਕੌਮ ਵਿਚ ਭੰਬਲਭੂਸਾ ਪਾਉਣ ਵਾਲੇ ਅਜਿਹੇ ਪ੍ਰੋਗਰਾਮਾਂ ਵਿਚ ਸਰਬੱਤ ਖ਼ਾਲਸਾ ਜਥੇਬੰਦੀਆਂ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰਨਗੀਆਂ ।

ਉਹਨਾਂ ਕਿਹਾ ਕਿ ਜਦੋ ਸਰਬੱਤ ਖ਼ਾਲਸਾ ਵੱਲੋ ਨਿਯੁਕਤ ਕੀਤੇ ਗਏ ਬੰਦੀ ਜਥੇਦਾਰ ਸਾਹਿਬਾਨ ਰਿਹਾਅ ਹੋ ਗਏ, ਉਸ ਉਪਰੰਤ ਅਗਲੀਆਂ ਏਕਤਾ ਪ੍ਰਤੀ ਕਾਰਵਾਈਆਂ ਲਈ ਜੋ ਵੀ ਹੁਕਮ ਚਾਰੇ ਜਥੇਦਾਰ ਸਾਹਿਬਾਨ ਜੀ ਦੀ ਸਲਾਹ ਉਪਰੰਤ ਹੋਣਗੇ, ਉਸ ਨੂੰ ਪੂਰਨ ਕਰਨ ਲਈ ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਸਿੱਖ ਕੌਮ ਵੱਲੋ ਕੋਈ ਕਸਰ ਨਹੀਂ ਛੱਡੀ ਜਾਵੇਗੀ ।

ਉਹਨਾਂ ਕਿਹਾ ਕਿ ਬੇਸ਼ੱਕ ਸ. ਅਮਰ ਸਿੰਘ ਚਹਿਲ ਅਤੇ ਹੋਰ ਸਖਸ਼ੀਅਤਾਂ ਭਾਈ ਜਗਤਾਰ ਸਿੰਘ ਹਵਾਰਾ ਦੇ ਲਈ ਕਾਨੂੰਨੀ ਚਾਰਜੋਈ ਕਰਦੇ ਹੋਏ ਉਹਨਾਂ ਨਾਲ ਨਿਰੰਤਰ ਸੰਪਰਕ ਵਿਚ ਹਨ ਅਤੇ ਉਹਨਾਂ ਨਾਲ ਹਵਾਰਾ ਸਾਹਿਬ ਕਾਨੂੰਨੀ ਅਤੇ ਪੰਥਕ ਮੁੱਦਿਆ ਉਤੇ ਜ਼ਰੂਰ ਵਿਚਾਰਾਂ ਕਰਦੇ ਹੋਣਗੇ । ਪਰ ਅਸੀਂ ਵੀ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਨਿਰੰਤਰ ਰਾਬਤਾ ਰੱਖਿਆ ਹੋਇਆ ਹੈ । ਇਸ ਲਈ ਇਹ ਕਿਵੇ ਹੋ ਸਕਦਾ ਹੈ ਕਿ ਜਿਸ ਸਰਬੱਤ ਖ਼ਾਲਸਾ ਨੇ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੱਖ ਸੇਵਾ ਬਖਸਿ਼ਸ਼ ਕੀਤੀ ਹੋਵੇ, ਉਸ ਸਰਬੱਤ ਖ਼ਾਲਸਾ ਵੱਲੋ ਨਿਯੁਕਤ ਕੀਤੇ ਗਏ ਦੂਸਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਹੋਰ ਉਸ ਸਮੇਂ ਹੋਏ 12 ਫੈਸਲਿਆ ਨੂੰ ਨਜ਼ਰ ਅੰਦਾਜ ਕਰਕੇ ਸ. ਅਮਰ ਸਿੰਘ ਚਹਿਲ ਐਡਵੋਕੇਟ ਜਾਂ ਹੋਰਨਾਂ ਨੂੰ ਭਾਈ ਜਗਤਾਰ ਸਿੰਘ ਹਵਾਰਾ ਕੌਮ ਲਈ ਕੋਈ ਹੋਰ ਵੱਖਰਾ ਹੁਕਮ ਕਰਨ ?

ਉਹਨਾਂ ਕਿਹਾ ਕਿ ਪੰਥ ਵਿਚ ਆਪੋ-ਆਪਣਾ ਯੋਗਦਾਨ ਪਾ ਰਹੀਆਂ ਸ. ਅਮਰ ਸਿੰਘ ਚਹਿਲ ਵਰਗੀਆਂ ਸਖਸ਼ੀਅਤਾਂ ਜਾਂ ਹੋਰਨਾਂ ਪੰਥਕ ਜਥੇਬੰਦੀਆਂ ਜਾਂ ਆਗੂਆਂ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਦਾ ਕੋਈ ਰਤੀਭਰ ਵੀ ਵੈਰ-ਵਿਰੋਧ ਨਹੀਂ । ਲੇਕਿਨ ਸਰਬੱਤ ਖ਼ਾਲਸਾ ਦੇ ਵੱਲੋਂ ਹੋਏ ਸਮੁੱਚੇ 13 ਫੈਸਲਿਆ ਨੂੰ ਪ੍ਰਵਾਨ ਨਾ ਕਰਨ ਵਾਲਿਆ ਨਾਲ ਉਸ ਸਮੇਂ ਤੱਕ ਏਕਤਾ ਜਾਂ ਹੋਰ ਪੰਥਕ ਮੁੱਦਿਆ ਉਤੇ ਕੋਈ ਵਿਚਾਰ ਨਹੀਂ ਹੋ ਸਕੇਗਾ, ਜਦੋਂ ਤੱਕ ਉਹ ਏਕਤਾ ਕਰਵਾਉਣ ਵਾਲੀਆਂ ਸਭ ਸਖਸ਼ੀਅਤਾਂ ਅਤੇ ਜਥੇਬੰਦੀਆਂ ਸਰਬੱਤ ਖ਼ਾਲਸਾ ਵੱਲੋ ਕੀਤੇ ਗਏ 13 ਫੈਸਲਿਆ ਨੂੰ ਆਤਮਿਕ ਤੌਰ ਤੇ ਕੌਮ ਨੂੰ ਇਕ ਲੜੀ ਵਿਚ ਪ੍ਰੋਣ ਲਈ ਪ੍ਰਵਾਨਗੀ ਨਹੀਂ ਦੇ ਦਿੰਦੀਆਂ ।

ਸ. ਟਿਵਾਣਾ ਨੇ ਆਪਣੇ ਬਿਆਨ ਦੇ ਅਖੀਰ ਵਿਚ ਕਿਹਾ ਕਿ ਸਰਬੱਤ ਖ਼ਾਲਸਾ ਹੋਣ ਤੋ ਪਹਿਲੇ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਯੂਬਾ ਸਿਟੀ ਵਿਚ ਉਥੋ ਦੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਖਸ਼ੀਅਤਾਂ ਨੇ ਵੱਡੇ ਪੱਧਰ ਤੇ ਇਕੱਠ ਕਰਕੇ ਹੋਣ ਵਾਲੇ ਸਰਬੱਤ ਖ਼ਾਲਸਾ ਨੂੰ ਹਰ ਤਰ੍ਹਾਂ ਸਹਿਯੋਗ ਵੀ ਕੀਤਾ ਸੀ ਅਤੇ ਇਹਨਾਂ ਯੂਰਪੀਨ ਅਤੇ ਹੋਰ ਵੱਡੇ ਮੁਲਕਾਂ ਦੀ ਤਰਫੋ ਸਰਬੱਤ ਖ਼ਾਲਸਾ ਵਿਚ ਆਪਣੇ ਨੁਮਾਇੰਦੇ ਵੀ ਭੇਜੇ ਸਨ । ਜਿਨ੍ਹਾਂ ਨੇ ਖੁਦ ਸਰਬੱਤ ਖ਼ਾਲਸਾ ਵਿਚ ਹਾਜ਼ਰ ਹੋ ਕੇ 13 ਮਤਿਆ ਨੂੰ ਜੈਕਾਰਿਆ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਸੀ । ਇਸ ਉਪਰੰਤ ਅਮਰੀਕਾ ਦੇ ਨਿਊਜਰਸੀ ਅਤੇ ਨਿਊਯਾਰਕ ਵਿਚ ਵੱਖੋ-ਵੱਖਰੇ ਤੌਰ ਤੇ ਉਥੋ ਦੀਆਂ ਨਾਮਵਰ ਸਖਸ਼ੀਅਤਾਂ ਅਤੇ ਜਥੇਬੰਦੀਆਂ ਦੇ ਹੋ ਚੁੱਕੇ ਇਕੱਠਾਂ ਨੇ ਸਰਬੱਤ ਖ਼ਾਲਸਾ ਦੇ ਹੋਏ ਫੈਸਲਿਆ ਨੂੰ ਪ੍ਰਵਾਨਗੀ ਦਿੱਤੀ ਹੈ।

ਉਹਨਾਂ ਕਿਹਾ ਕਿ ਆਸਟ੍ਰੇਲੀਆ ਦੇ ਮੈਲਬੋਰਨ ਸ਼ਹਿਰ ਵਿਚ ਵੀ ਸਮੁੱਚੀਆਂ ਪੰਥਕ ਜਥੇਬੰਦੀਆਂ ਦਾ ਅਜਿਹਾ ਇਕੱਠ ਹੋ ਰਿਹਾ ਹੈ, ਉਹਨਾਂ ਦੇ ਫੈਸਲੇ ਵੀ ਸਰਬੱਤ ਖ਼ਾਲਸਾ ਦੇ ਹੱਕ ਵਿਚ ਹੀ ਆਉਣਗੇ। ਉਹਨਾਂ ਨਾਲ ਹੀ ਕਿਹਾ ਕਿ ਉਥੇ ਵੀ ਇਸੇ ਤਰ੍ਹਾਂ ਈਰਖਾਵਾਦੀ ਸੋਚ ਅਧੀਨ ਥੋੜ੍ਹੀ-ਬਹੁਤੀ ਵਿਰੋਧਤਾ ਵੀ ਦਰਜ ਹੋ ਸਕਦੀ ਹੈ । ਲੇਕਿਨ ਜਿਹਨਾਂ ਕੁਝ ਆਗੂਆਂ ਦੀ ਸਰਬੱਤ ਖ਼ਾਲਸੇ ਦੇ ਹੋਏ ਫੈਸਲਿਆ ਨਾਲ, ਹਊਮੈ ਅਤੇ ਈਰਖਾ ਦੀ ਬਦੌਲਤ ਦਾਲ ਨਹੀਂ ਗਲੀ, ਉਹ ਸਰਬੱਤ ਖ਼ਾਲਸਾ ਹੋਣ ਤੋ ਪਹਿਲੇ ਅਤੇ ਅੱਜ ਵੀ ਬਿਨ੍ਹਾਂ ਕਿਸੇ ਦਲੀਲ ਦੇ ਵਿਰੋਧਤਾ ਕਰਕੇ, ਖ਼ਾਲਸਾ ਪੰਥ ਨੂੰ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਭਾਵਨਾ ਅਨੁਸਾਰ ਏਕਤਾ ਨੂੰ ਅਮਲੀ ਰੂਪ ਵਿਚ ਅੱਗੇ ਵੱਧਣ ਲਈ ਡੂੰਘਾਂ ਪ੍ਰਸ਼ਨ ਚਿੰਨ੍ਹ ਲਗਾਉਣ ਦੀ ਕੋਸਿ਼ਸ਼ ਕਰ ਰਹੇ ਹਨ । ਇਸ ਏਕਤਾ ਦੇ ਰਾਹ ਵਿਚ ਆਈ ਦਲੀਲ ਪੂਰਵਕ ਰੁਕਾਵਟ ਨੂੰ ਕਿਸ ਸਹਿਜ ਅਤੇ ਸੂਝਵਾਨਤਾ ਦੇ ਢੰਗ ਨਾਲ ਦੂਰ ਕਰਨਾ ਹੈ, ਇਹ ਦੋ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਜੀ ਦੀ ਰਿਹਾਈ ਉਪਰੰਤ ਸਮੁੱਚੇ ਤਖ਼ਤਾਂ ਦੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਆਪਸੀ ਵਿਚਾਰ ਕਰਕੇ ਖੁਦ ਹੀ ਢੁੱਕਵਾ ਹੱਲ ਲੱਭ ਲੈਣਗੇ ਅਤੇ ਕੌਮੀ ਏਕਤਾ ਨੂੰ ਹਰ ਕੀਮਤ ਤੇ ਪੂਰਨ ਕੀਤਾ ਜਾਵੇਗਾ । ਜੋ ਸਲਾਹਕਾਰ ਕਮੇਟੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਬਣਾਉਣੀ ਹੈ, ਉਹ ਵੀ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਖੁਦ ਪੰਥਕ ਸਖਸ਼ੀਅਤਾਂ ਅਤੇ ਜਥੇਬੰਦੀਆਂ ਨਾਲ ਸੰਪਰਕ ਕਰਕੇ, ਬਿਨ੍ਹਾਂ ਕਿਸੇ ਤਰ੍ਹਾਂ ਦਾ ਵਿਵਾਦ ਜਾਂ ਭੰਬਲਭੂਸਾ ਪਾਉਣ ਤੋ ਉਸਦਾ ਹੱਲ ਕੱਢਣ ਦੇ ਸਮਰੱਥ ਹਨ ਤੇ ਉਹ ਇਸ ਮਿਸ਼ਨ ਦੀ ਪੂਰਤੀ ਅਵੱਸ਼ ਕਰਨਗੇ ।

ਉਹਨਾਂ ਅਪੀਲ ਕਰਦਿਆਂ ਕਿਹਾ ਕਿ ਏਕਤਾ ਦੇ ਵੱਡੇ ਮਿਸ਼ਨ ਸੰਬੰਧੀ ਕਿਸੇ ਤਰ੍ਹਾਂ ਦੇ ਉੱਠਣ ਵਾਲੇ ਉਸ ਵਿਵਾਦ, ‘ਤੇ ਵਿਸ਼ਵਾਸ ਨਾ ਕਰਨ, ਜਿਸ ਨਾਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਦੇ ਸਮੁੱਚੇ ਆਗੂਆਂ ਅਤੇ ਸਖਸ਼ੀਅਤਾਂ ਦੇ ਇਖ਼ਲਾਕ ਉਤੇ ਕੋਈ ਪੰਥ ਵਿਰੋਧੀ ਸ਼ਕਤੀ ਦਾਗ ਲਗਾਉਣ ਦੀ ਅਸਫਲ ਕੋਸਿ਼ਸ਼ ਕਰੇ ਜਾਂ ਏਕਤਾ ਦੇ ਨਾਮ ਤੇ ਭਰਾ-ਮਾਰੂ ਜੰਗ ਨੂੰ ਉਤਸ਼ਾਹਿਤ ਕਰਨ ਦੀ ਅਸਫਲ ਕੋਸਿ਼ਸ਼ ਕਰੇ । ਖ਼ਾਲਸਾ ਪੰਥ ਦੀਆਂ “ਸਮੂਹਿਕ ਏਕਤਾ” ਦੀਆਂ ਭਾਵਨਾਵਾਂ ਨੂੰ ਹਰ ਕੀਮਤ ‘ਤੇ ਖ਼ਾਲਸਾ ਪੰਥ ਦੀਆਂ ਅਰਦਾਸਾਂ ਸਦਕਾ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਸਰਬੱਤ ਖ਼ਾਲਸਾ ਦੇ ਕੌਮੀ ਫੈਸਲਿਆ ਨੂੰ ਲਾਗੂ ਕਰਕੇ ਮੰਜਿ਼ਲ ਵੱਲ ਵੱਧਿਆ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,