ਸਿੱਖ ਖਬਰਾਂ

ਗੁ. ਗਿਆਨ ਗੋਦੜੀ ਦੀ ਉਸਾਰੀ ਲਈ ਜ਼ਮੀਨ ਦੇਣ ਲਈ ਉਤਰਾਖੰਡ ਦੇ ਮੁੱਖ ਮੰਤਰੀ ਨੇ ਪ੍ਰਸ਼ਾਸ਼ਨ ਨੂੰ ਕੀਤੀ ਹਦਾਇਤ

November 7, 2014 | By

ਮੁੱਖ ਮੰਤਰੀ ਹਰੀਸ਼ ਰਾਵਤ

ਮੁੱਖ ਮੰਤਰੀ ਹਰੀਸ਼ ਰਾਵਤ

ਹਰਿਦੁਆਰ (6 ਨਵੰਬਰ, 2014): ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਜਗਾ ‘ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਜਾ ਰਹੇ ਸਿੱਖਾਂ ਨੂੰ ਹਰਿਦੂਆਰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਹਰਿ ਕੀ ਪੌੜੀ ਵਿਖੇ ਪਹਿਲੀ ਗੁਰੂ ਨਾਨਕ ਸਹਿਬ ਸੰਬੰਧਿਤ ਗੁਰਦੁਆਰਾ ਸਾਹਿਬ ਦੀ ਉਸਾਰੀ ਸਬੰਧੀ ਸੰਬੰਧਿਤ ਧਿਰਾਂ ਵਿਚ ਆਮ ਸਹਿਮਤੀ ਹੋਣ ਪਿੱਛੋਂ ਅੱਜ ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਹਰਿਦੁਆਰ ਦੇ ਜ਼ਿਲ੍ਹਾ ਮਜਿਸਟਰੇਟ ਨੂੰ ਹਦਾਇਤ ਕੀਤੀ ਕਿ ਜਿਥੇ ਵੀ ਜ਼ਮੀਨ ਉਪਲਬਧ ਹੋਵੇ, ਗੁਰਦੁਆਰਾ ਗਿਆਨ ਗੋਦੜੀ ਲਈ ਜ਼ਮੀਨ ਮੁਹੱਈਆ ਕੀਤੀ ਜਾਵੇ।

ਆਲ ਇੰਡੀਆ ਸਿੱਖ ਕਾਨਫਰੰਸ ਦੇ ਮੁਖੀ ਗੁਰਚਰਨ ਸਿੰਘ ਬੱਬਰ ਸਮੇਤ ਕਈ ਪ੍ਰਮੁੱਖ ਸਿੱਖ ਆਗੂਆਂ ਨੂੰ ਅੱਜ ਸਵੇਰੇ 4 ਵਜੇ ਜਵਾਲਾਪੂਰੀ ਸਬਜ਼ੀ ਮੰਡੀ ਵਿੱਚ ਗ੍ਰਿਫਤਾਰ ਕਰ ਲਿਆ।ਗੁਰਬਚਨ ਸਿੰਘ ਬੱਬਰ ਨੇ ਐਲਾਨ ਕੀਤਾ ਸੀ ਕਿ ਉਹ ਗੁਰੂ ਨਾਨਕ ਸਾਹਿਬ ਦਾ ਗੁਰ ਪੂਰਬ ਇਤਿਹਾਸਕ ਅਸਥਾਨ ਗੁ. ਗਿਆਨ ਗੋਦੜੀ ਹਰਿ ਕੀ ਪਾਉੜੀ ਹਰਿਦੁਆਰ ਵਿੱਖੇ ਮਨਾਉਣਗੇ।

ਹਰਿਦੁਆਰ ‘ਚ ਮੁੱਖ ਮੰਤਰੀ ਜਿਨ੍ਹਾਂ ਰੇਸ ਕੋਰਸ ਅਤੇ ਪ੍ਰੇਮ ਨਗਰ ਵਿਖੇ ਨਤਮਸਤਕ ਹੋਣ ਲਈ ਗੁਰਦੁਆਰਾ ਸਾਹਿਬ ਵਿਖੇ ਗਏ ਨੇ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੱਖ-ਵੱਖ ਫਿਰਕਿਆਂ ਵਿਚ ਪਿਆਰ ਤੇ ਸਦਭਾਵਨਾ ਦਾ ਸੰਦੇਸ਼ ਦੇਣ ਲਈ ਵਿਸ਼ਵ ਭਰ ਦੀ ਯਾਤਰਾ ਕੀਤੀ ਸੀ।

ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਨਾਨਕ ਵੱਲੋਂ ਦਿਖਾਏ ਰਸਤੇ ‘ਤੇ ਚੱਲਣਾ ਚਾਹੀਦਾ ਹੈ।  ਰਾਵਤ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਨੇ ਉੱਤਰਖੰਡ ਵਿਚ ਨਾਨਕਮਤਾ ਅਤੇ ਰੀਠਾ ਸਾਹਿਬ ਦੀ ਯਾਤਰਾ ਕੀਤੀ ਸੀ।

739008__pabni

ਪ੍ਰੋਫੈਸਰ ਪੰਡਿਤਰਾਓ ਗੁ. ਗਿਆਨ ਗੋਦੜੀ ਵਾਲੀ ਜਗਾ ‘ਤੇ ਜਪੁਜੀ ਦਾ ਪਾਠ ਕਰਦੇ ਹੋਏ

ਇੱਥੇ ਇਹ ਵਰਨਣਯੋਗ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਉਹ ਇਤਿਹਾਸਕ ਅਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਪੰਡਿਤਾਂ ਵੱਲੋਂ ਸੂਰਜ਼ ਨੂੰ ਪਾਣੀ ਦੇਣ ਦੇ ਕਰਮਕਾਂਡ ਦਾ ਖੰਡਨ ਕਰਦਿਆਂ ਉਨ੍ਹਾਂ ਨੂੰ ਗਿਆਨ ਦੀ ਦਾਤ ਬਖਸ਼ੀ ਸੀ।ਇੱਥੇ ਉਨ੍ਹਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਨਵੰਬਰ 1984 ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਚੱਲੀ ਸਿੱਖ ਨਸਲਕੁਸ਼ੀ ਦੀ ਹਨੇਰੀ ਦੌਰਾਨ ਹਿੰਦੂਤਵੀ ਜਨੂੰਨੀਆਂ ਨੇ ਢਾਹ ਦਿੱਤਾ ਸੀ।

ਜਿੱਥੇ ਉਤਰਾਂਚਲ ਪੁਲਿਸ ਅੱਜ ਹਰਿ ਕੀ ਪੌੜੀ ਵੱਲ ਆ ਰਹੇ ਸਿੱਖਾਂ ਦੀਆਂ ਗਿ੍ਫ਼ਤਾਰੀਆਂ ‘ਚ ਲੱਗੀ ਰਹੀ, ਉਥੇ ਚੰਡੀਗੜ੍ਹ ਤੋਂ ਹਰਿ ਕੀ ਪੌੜੀ ਪੁੱਜੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਨੇ ਦਸਤਾਰਧਾਰੀ ਨਾ ਹੋਣ ਦਾ ਫਾਇਦਾ ਉਠਾਉਂਦਿਆਂ ਉਥੇ ਜਾ ਕੇ ਆਪਣੀ ਮਾਂ-ਬੋਲੀ ਕੰਨੜ ਵਿਚ ‘ਜਪੁਜੀ ਸਾਹਿਬ’ ਦਾ ਪਾਠ ਕੀਤਾ।

ਇਹੀ ਨਹੀਂ, ਪ੍ਰੋਫੈਸਰ ਪੰਡਿਤਰਾਓ ਨੇ ਉਥੋਂ ਦੇ ਦੁਕਾਨਦਾਰਾਂ ਨੂੰ ਸ੍ਰੀ ਜਪੁਜੀ ਸਾਹਿਬ ਦੇ ਗੁਟਕੇ ਵੰਡੇ। ਉਥੋਂ ਟੈਲੀਫੋਨ ਰਾਹੀਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਪੰਡਿਤਰਾਓ ਨੇ ਕਿਹਾ ਕਿ ਅਜਿਹਾ ਉਸ ਵੱਲੋਂ ਇਸ ਲਈ ਕੀਤਾ ਗਿਆ ਤਾਂ ਕਿ ਉਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਵਿਰੋਧ ਕਰ ਰਹੇ ਦੁਕਾਨਦਾਰਾਂ ਦੀ ਸੋਚ ਬਦਲ ਸਕੇ। ਚੇਤੇ ਰਹੇ ਕਿ ਪ੍ਰੋਫੈਸਰ ਪੰਡਿਤਰਾਓ ਚੰਡੀਗੜ੍ਹ ਦੇ ਸਰਕਾਰੀ ਕਾਲਜ ਸੈਕਟਰ-46 ਵਿਚ ਅਧਿਆਪਕ ਹਨ, ਉਹ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੰਨੜ ਭਾਸ਼ਾ ਵਿਚ ਅਨੁਵਾਦ ਲਈ ਯਤਨਸ਼ੀਲ ਹਨ ਅਤੇ ਉਨ੍ਹਾਂ ਦੇ ਅਜਿਹੇ ਉੱਦਮਾਂ ਲਈ ਕਰਨਾਟਕ ਦੇ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,