ਸਿਆਸੀ ਖਬਰਾਂ » ਸਿੱਖ ਖਬਰਾਂ

ਵਿਵਾਦਤ ਪੁਸਤਕ ‘ਸਿੱਖ ਇਤਿਹਾਸ (ਹਿੰਦੀ)’ ਦੇ ਪੰਜਾਬੀ ਪ੍ਰਕਾਸ਼ਨ ਦਾ ਮਾਮਲਾ ਪੁਜਾ ਅਦਾਲਤ

February 21, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਾਲ 2005 ਵਿੱਚ ਛਾਪੀ ਗਈ ਵਿਵਾਦਤ ਪੁਸਤਕ ‘ਸਿੱਖ ਇਤਿਹਾਸ (ਹਿੰਦੀ)’ ਨਾਲ ਸਬੰਧਤ ਕਿਸੇ ਵੀ ਦੋਸ਼ੀ ਖਿਲਾਫ ਕਾਰਵਾਈ ਨਾ ਹੋਣ ਕਾਰਣ ਇਸੇ ਪੁਸਤਕ ਦੇ ਬਾਜ਼ਾਰ ਵਿੱਚ ਵਿਕ ਰਹੇ ਪੰਜਾਬੀ ਤਰਜ਼ਮੇ ਨੂੰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦੱਸਦਿਆਂ ਲੋਕ ਭਲਾਈ ਇਨਸਾਫ ਵੈਲਫੈਅਰ ਸੁਸਾਇਟੀ (ਰਜਿ) ਦੇ ਅਹੁਦੇਦਾਰਾਂ ਨੇ ਡਿਊਟੀ ਮੈਜਿਸਟਰੇਟ ਅੰਮ੍ਰਿਤਸਰ ਦੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।

ਮੁੱਦਈਆਂ ਨੇ ਆਪਣੇ ਵਕੀਲਾਂ ਤਜਿੰਦਰ ਸਿੰਘ ਨਿਜ਼ਾਮਪੁਰ ਅਤੇ ਨਾਨਕ ਸਿੰਘ ਭੱਟੀ ਰਾਹੀਂ ਅਦਾਲਤ ਪਾਸੋਂ ਮੰਗ ਕੀਤੀ ਹੈ ਕਿ ਕਿਤਾਬ ਦੇ ਪ੍ਰਕਾਸ਼ਕ, ਛਾਪਕ ਖਿਲਾਫ ਧਾਰਾ 295 (ਏ) ਤਹਿਤ ਮਾਮਲਾ ਦਰਜ ਕਰਕੇ ਸਖਤ ਸਜਾਵਾਂ ਦਿਵਾਈਆਂ ਜਾਣ। ਲੋਕ ਭਲਾਈ ਇਨਸਾਫ ਵੈਲਫੈਅਰ ਸੁਸਾਇਟੀ (ਰਜਿ) ਦੇ ਅਹੁਦੇਦਾਰਾਂ ਬਲਦੇਵ ਸਿੰਘ ਸਿਰਸਾ, ਨੰਬਰਦਾਰ ਗੁਰਭੇਜ ਸਿੰਘ, ਲਲਿਤ ਕੁਮਾਰ, ਸੁਖਵਿੰਦਰ ਸਿੰਘ ਰਾਗੀ, ਕੁਲਦੀਪ ਸਿੰਘ ਤੇ ਮਹਿਤਾਬ ਸਿੰਘ ਸਿਰਸਾ ਨੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਉਪਰੋਕਤ ਅਪੀਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸਾਲ 2005 ਵਿੱਚ ‘ਸਿੱਖ ਇਤਿਹਾਸ’ (ਹਿੰਦੀ) ਨਾਮੀ ਇਕ ਪੁਸਤਕ ਛਪਵਾਕੇ ਨਾਗਪੁਰ ਨੇੜਲੇ ਸਿਕਲੀਗਰ ਭਾਈਚਾਰੇ ਵਿੱਚ ਵੰਡੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ‘ਚ ਮੌਜੂਦ ਸਮੱਗਰੀ ਗੁਰੂ ਸਾਹਿਬਾਨ ਦਾ ਅਪਮਾਨ ਕਰਦੀ ਹੈ।

ਬਲਦੇਵ ਸਿੰਘ ਸਿਰਸਾ ਅਤੇ ਸਾਥੀ ਅੰਮ੍ਰਿਤਸਰ ਅਦਾਲਤ ਦੇ ਬਾਹਰ

ਬਲਦੇਵ ਸਿੰਘ ਸਿਰਸਾ ਅਤੇ ਸਾਥੀ ਅੰਮ੍ਰਿਤਸਰ ਅਦਾਲਤ ਦੇ ਬਾਹਰ

ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਕਿਤਾਬ ਦੇ ਪ੍ਰਕਾਸ਼ਨ ਨੂੰ ਲੈ ਕੇ ਸਿੱਖ ਜਗਤ ਵਿੱਚ ਕਾਫੀ ਰੋਹ ਪ੍ਰਗਟ ਹੋਇਆ ਲੇਕਿਨ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਅਧਿਕਾਰੀਆਂ ਨੇ ਆਪਣੀ ਬੱਜਰ ਭੁਲ ਲਈ ਸਿੱਖ ਸੰਗਤ ਪਾਸੋਂ ਮੁਆਫੀ ਮੰਗਣੀ ਵੀ ਜ਼ਰੂਰੀ ਨਾ ਸਮਝੀ। ਉਨ੍ਹਾਂ ਦੱਸਿਆ ਕਿ ਉਹ ਇਸ ਕਿਤਾਬ ਦੀ ਪ੍ਰਕਾਸ਼ਨਾ ਲਈ ਕਮੇਟੀ ਪ੍ਰਧਾਨ ਤੇ ਸਕੱਤਰਾਂ ਖਿਲਾਫ ਪੁਲਿਸ ਕੇਸ ਦਰਜ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ, ਪੰਜਾਬ ਤੇ ਹਰਿਆਣਾ ਹਾਈਕੋਰਟ ਰਾਹੀਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੀਕ ਪਹੁੰਚ ਕਰ ਚੁੱਕੇ ਹਨ ਪਰ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ 10 ਸਾਲਾ ਰਾਜ ਕਾਰਣ ਕਿਸੇ ਵੀ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਹੋਈ।

ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਹਿੰਦੀ ਵਿੱਚ ਪ੍ਰਕਾਸ਼ਤ ਕੀਤੀ ਕਿਤਾਬ ਦਾ ਪੰਜਾਬੀ ਰੂਪ ਅੰਮ੍ਰਿਤਸਰ ਦਾ ਹੀ ਇਕ ਪ੍ਰਕਾਸ਼ਕ ਸ਼ਰੇਆਮ ਵੇਚ ਰਿਹਾ ਹੈ ਜੋ ਕਿ ਸਿੱਖ ਇਤਿਹਾਸ ਨੂੰ ਕਲੰਕਿਤ ਕਰ ਪ੍ਰਚਾਰਨ ਦੀ ਕਾਰਵਾਈ ਦਾ ਹਿੱਸਾ ਹੈ। ਅਜਿਹੀ ਪ੍ਰਕਾਸ਼ਨਾ ਦੇ ਦੋਸ਼ੀਆਂ ਖਿਲਾਫ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜੋ ਕਿ ਸੋਚ ਤੋਂ ਬਾਹਰੀ ਹੈ ਇਸ ਲਈ ਮੁੱਦੇ ਨੂੰ ਅਦਾਲਤ ‘ਚ ਲਿਜਾਇਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,