ਖਾਸ ਖਬਰਾਂ » ਸਿੱਖ ਖਬਰਾਂ

ਸੰਘ(ਆਰ.ਐਸ.ਐਸ) ਵਲੋਂ ਕਿਤਾਬਾਂ ਰਾਹੀਂ ਸਿੱਖ ਧਰਮ, ਸਿੱਖ ਇਤਿਹਾਸ ‘ਤੇ ਸਿੱਧਾ ਹਮਲਾ

May 14, 2018 | By

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਪੰਜਾਬ ਸਕੂਲ ਸਿਖਿਆ ਬੋਰਡ ਵਲੋਂ +2 ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਨਾਲ ਕੀਤੀ ਗਈ ਛੇੜਛਾੜ/ਤਬਦੀਲੀ ਦੀਆਂ ਖਬਰਾਂ ਦੀ ਅਜੇ ਸਿਆਹੀ ਵੀ ਨਹੀ ਸੁੱਕੀ ਕਿ ਰਾਸ਼ਟਰੀ ਸਵੈਅਮ ਸੇਵਕ ਸੰਘ (ਆਰ.ਐਸ.ਐਸ) ਦੇ ਹੈੱਡ ਕੁਆਟਰ ਨਾਗਪੁਰ ਤੋਂ ਛਪੀਆਂ ਕੁਝ ਅਜੇਹੀਆਂ ਪ੍ਰਕਾਸ਼ਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਗਊ ਭਗਤ, ਦਸਮ ਪਾਤਸ਼ਾਹ ਵਲੋਂ 1699 ਦੀ ਵੈਸਾਖੀ ਮੌਕੇ ਸੀਸ ਮੰਗਦੇ ਵਕਤ ਤੰਬੂ ਵਿੱਚ ਬੱਕਰੇ ਬੰਨ੍ਹੇ ਹੋਣ ਅਤੇ ਅਨੰਦਪੁਰ ਦੇ ਘੇਰੇ ਮੌਕੇ ਸਿਰਫ ਔਰੰਗਜੇਬ ਵਲੋਂ ਕੁਰਾਨ ਸ਼ਰੀਫ ਦੀ ਸਹੁੰ ਖਾਣ ਦੀ ਗਲ ਅੰਕਿਤ ਕੀਤੀ ਗਈ ਹੈ।

ਨਾਗਪੁਰ ਸਥਿਤ ਸ੍ਰੀ ਭਾਰਤੀ ਪ੍ਰਕਾਸ਼ਨ ਵਲੋਂ ਜੂਨ 2013 ਵਿੱਚ ਛਪਵਾਈਆਂ ਗਈਆਂ ਸਿੱਖ ਧਰਮ ਇਤਿਹਾਸ ਨਾਲ ਸਬੰਧਤ ਇਹ ਜੇਬੀ ਪੁਸਤਕਾਂ (ਪਾਕੇਟ ਬੁਕਸ) ਪੱਤਰਕਾਰਾਂ ਦੇ ਸਾਹਮਣੇ ਪੇਸ਼ ਕਰਦਿਆਂ ਲੋਕ ਇਨਸਾਫ ਭਲਾਈ ਪਾਰਟੀ ਦੇ ਪ੍ਰਧਾਨ ਸ੍ਰ:ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਪ੍ਰਕਾਸ਼ਕ ਦਾ ਪਤਾ ਕਿਤਾਬਾਂ ਅਨੁਸਾਰ ਡਾ:ਹੈਡਗਵਾਰ ਭਵਨ ਕੰਪਲੈਕਸ ਨਾਗਪੁਰ ਹੈ। ਜੇਬੀ ਪੁਸਤਕ ‘ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ’, ਕਿਸੇ ਸਤਿਆਪਾਲ ਪਟਾਇਤ ਨਾਮੀ ਲੇਖਕ ਦੁਆਰਾ ਲਿਖੀਆਂ ਹਨ ਤੇ ਪੁਸਤਕ ‘ਗੁਰੂ ਪੁੱਤਰ ਫਤਿਹ ਸਿੰਘ, ਜ਼ੋਰਾਵਰ ਸਿੰਘ’, ਕਿਸੇ ਹਰਭਜਨ ਸਿੰਘ ਹੰਸਪਾਲ ਨਾਮੀ ਲੇਖਕ ਵਲੋਂ ਲਿਖੀਆਂ ਦੱਸੀਆਂ ਗਈਆਂ ਹਨ। ਹਿੰਦੀ ਭਾਸ਼ਾ ਵਿੱਚ ਛਪੀਆਂ ਇਹ ਪੁਸਤਕਾਂ, ਪ੍ਰਕਾਸ਼ਕ ਵਲੋਂ ਭਾਰਤ-ਭਾਰਤੀ ਪੁਸਤਕ ਲੜੀ ਤਹਿਤ ਹਨ ਤੇ ਹਰੇਕ ਪੁਸਤਕ ਦੇ 40 ਪੰਨੇ ਹਨ।

ਭਾਈ ਸਿਰਸਾ ਨੇ ਦੱਸਿਆ ਕਿ ਪੁਸਤਕ ‘ਗੁਰੂ ਗੋਬਿੰਦ ਸਿੰਘ’ ਵਿੱਚ ਲਿਖਿਆ ਗਿਆ ਹੈ ‘ਯਾਦ ਰਹੇ ਜੇ ਤੁਸੀਂ ਆਪਣੇ ਦੇਸ਼ ਦਾ ਕਲਿਆਣ ਚਾਹੁੰਦੇ ਹੋ ਤਾਂ ਤੁਹਾਡੇ ‘ਚੋਂ ਹਰੇਕ ਨੂੰ ਗੁਰੂ ਗੋਬਿੰਦ ਸਿੰਘ ਬਨਣਾ ਹੋਵੇਗਾ। ਭਲੇ ਹੀ ਤੁਹਾਨੂੰ ਆਪਣੇ ਦੇਸ਼ ਵਾਸੀਆਂ ਵਿੱਚ ਸੈਂਕੜੇ ਦੋਸ਼ ਦਿਖਾਈ ਦੇਣ, ਲੇਕਿਨ ਧਿਆਨ ਰੱਖਣਾ ਕਿ ਉਨ੍ਹਾਂ ਵਿੱਚ ਹਿੰਦੂ ਖੂਨ ਹੈ। ਉਹ ਤੁਹਾਨੂੰ ਨੁਕਸਾਨ ਪਹੁੰਚਾਣ ਲਈ ਸਭ ਕੁਝ ਕਰਦੇ ਹੋਣ, ਤਾਂ ਵੀ ਉਹ ਪਹਿਲੇ ਦੇਵਤੇ ਹਨ ਜਿਨ੍ਹਾਂ ਦੀ ਪੂਜਾ ਤੁਸੀਂ ਕਰਨੀ ਹੈ। ਜੇਕਰ ਉਨ੍ਹਾਂ ‘ਚੋਂ ਕੋਈ ਤੁਹਾਨੂੰ ਗਾਲ ਕੱਢੇ ਉਸ ਲਈ ਪ੍ਰੇਮ ਦੀ ਭਾਸ਼ਾ ਹੀ ਬੋਲਣੀ ਹੈ’।

ਇਸੇ ਤਰ੍ਹਾਂ ‘ਗੁਰੂ ਤੇਗਬਹਾਦਰ’ ਕਿਤਾਬ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਜਿਕਰ ਕਰਦਿਆਂ ਲਿਖਿਆ ਗਿਆ ਹੈ ‘ਆਖਿਰ ਬਾਦਸ਼ਾਹ ਨੇ ਉਨ੍ਹਾਂ ਨੂੰ ਗਊ ਦੀ ਖੱਲ਼ ਵਿੱਚ ਸੀਉਣ ਦਾ ਹੁਕਮ ਦਿੱਤਾ। ਇੱਕ ਗਾਂ ਕੱਟਕੇ ਉਸਦੀ ਖੱਲ ਉਤਾਰੀ ਗਈ। ਗੁਰੂ ਜੀ ਗਊ ਭਗਤ ਸਨ। ਉਹ ਮਨ ਹੀ ਮਨ ਉਚਾਟ ਹੋਏ। ਉਨ੍ਹਾਂ ਕਿਹਾ ਕਿ ਇੱਕ ਆਖਰੀ ਇੱਛਾ ਹੈ ਕਿ ਗਊ ਖੱਲ ਸਿਲਾਈ ਤੋਂ ਪਹਿਲਾਂ ਰਾਵੀ ਨਦੀ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਨ’।

ਭਾਈ ਸਿਰਸਾ ਨੇ ਦੱਸਿਆ ਕਿ ਕਿਤਾਬ ‘ਗੁਰੂ ਪੁਤਰ ਫਤਿਹ ਸਿੰਘ ਜ਼ੋਰਾਵਾਰ ਸਿੰਘ’ ਦੇ ਪੰਨਾ ਨੰਬਰ 11 ‘ਤੇ ‘ਔਰੰਗਜ਼ੇਬ ਦੁਆਰਾ ਵਿਸ਼ਵਾਸ਼ਘਾਤ’ ਸਿਰਲੇਖ ਹੇਠ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਮੁਗਲਾਂ ਤੇ ਰਾਜਪੂਤ ਪਹਾੜੀ ਰਾਜਿਆਂ ਵਲੋਂ ਪਾਏ ਘੇਰੇ ਦਾ ਜਿਕਰ ਕਰਦਿਆਂ ਲਿਖਿਆ ਗਿਆ ਹੈ ‘ਔਰੰਗਜ਼ੇਬ ਨੇ ਕੁਰਾਨ ਦੀ ਸਹੁੰ ਲੈਕੇ ਕਿਹਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਆਨੰਦਪੁਰ ਦਾ ਕਿਲ੍ਹਾ ਛੱਡ ਦੇਣ ਤਾਂ ਉਨ੍ਹਾਂ ਨਾਲ ਯੁੱਧ ਨਹੀ ਕੀਤਾ ਜਾਵੇਗਾ। ਕਿਤਾਬ ਗੁਰੂ ਗੋਬਿੰਦ ਸਿੰਘ ਵਿੱਚ ਹੀ ਅੰਕਿਤ ਹੈ ਕਿ 1699 ਦੀ ਵੈਸਾਖੀ ਮੌਕੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਸੀਸ ਮੰਗੇ ਤਾਂ ਪਹਿਲਾਂ ਤੋਂ ਹੀ ਤੰਬੂ ਅੰਦਰ ਬੱਕਰੇ ਬੰਨ੍ਹੇ ਹੋਏ ਸਨ ।

ਭਾਈ ਸਿਰਸਾ ਨੇ ਕਿਹਾ ਕਿ ਉਪਰੋਕਤ ਕਿਤਾਬਾਂ ਨੂੰ ਪੜ੍ਹਨ ਤੋਂ ਬਾਅਦ ਇਕ ਗੱਲ ਤਾਂ ਸਾਫ ਹੋ ਗਈ ਹੈ ਕਿ ਰਾਸ਼ਟਰੀ ਸਵੈਅਮ ਸੇਵਕ ਸੰਘ, ਜੁਬਾਨੀ ਹੀ ਨਹੀ ਲਿਖਤੀ ਤੌਰ ਤੇ ਵੀ ਸਿੱਖ ਕੌਮ ਦੀ ਨਿਆਰੀ ਹੋਂਦ ਹਸਤੀ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜੇ ਤਾਂ ਸਿਰਫ ਤਿੰਨ ਕਿਤਾਬਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂਆਂ ਦੇ ਰਖਵਾਲੇ, ਗਊ ਭਗਤ ਅਤੇ ਵਕਤ ਦੇ ਹਿੰਦੂਆਂ ਵਲੋਂ ਸਿੱਖ ਧਰਮ ਨਾਲ ਕਮਾਏ ਧ੍ਰੋਹ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਭਾਈ ਸਿਰਸਾ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਘੇਰੇ ਮੌਕੇ ਹਿੰਦੂ ਪਹਾੜੀ ਰਾਜਿਆਂ ਵਲੋਂ ਆਟੇ ਦੀਆਂ ਗਊਆਂ ਫੜ੍ਹਕੇ ਖਾਧੀਆਂ ਸਹੁੰਆਂ ਦਾ ਹਿੱਸਾ ਕਿਤਾਬ ਵਿੱਚ ਅੰਕਿਤ ਨਾ ਕਰਨਾ ਸਿੱਖ ਇਤਿਹਾਸ ਨਾਲ ਛੇੜਛਾੜ ਹੈ। ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਨਿਸ਼ਾਨਾ ਸਾਧਦਿਆਂ ਭਾਈ ਸਿਰਸਾ ਨੇ ਕਿਹਾ ਕਿ ਹੁਣ ਬਾਦਲ ਦਲ ਤੇ ਕਮੇਟੀ ਨਾਗਪੁਰ ਤੋਂ ਛਪੀਆਂ ਇਨ੍ਹਾਂ ਪੁਸਤਕਾਂ ਬਾਰੇ ਕੀ ਕਾਰਵਾਈ ਕਰਨਗੇ? ਕੀ ਦਲ ਆਪਣੇ ਸਿਆਸੀ ਭਾਈਵਾਲਾਂ ਨੂੰ ਵੀ ਕਟਿਹਰੇ ਵਿੱਚ ਖੜਾ ਕਰੇਗਾ ਜਾਂ ਨਿੱਜੀ ਹਿੱਤਾਂ ਖਾਤਿਰ ਦੜ ਵੱਟ ਕੇ ਗੁਜਾਰਾ ਕਰੇਗਾ ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,