ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਪੰਜਾਬ ਅੰਦਰ ਸਰਕਾਰ ਦੇ ਬਦਲਣ ਨਾਲ ਚਿਹਰਿਆਂ ਨੂੰ ਛੱਡ ਹੋਰ ਕੁਝ ਵੀ ਨਹੀਂ ਬਦਲਿਆ: ਦਲ ਖਾਲਸਾ

June 29, 2018 | By

ਅੰਮ੍ਰਿਤਸਰ: ਦਲ ਖਾਲਸਾ ਨੇ ਨਸ਼ਿਆਂ ਦੇ ਪ੍ਰਕੋਪ, ਰੇਤ ਮਾਫੀਆ, ਰਾਜਨੀਤਿਕ ਹੁਲੜਬਾਜੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਦਲ ਖ਼ਾਲਸਾ ਨੇ ਕਿਹਾ ਕਿ ਪੰਜਾਬ ਅੰਦਰ ਸਰਕਾਰ ਦੇ ਬਦਲਣ ਨਾਲ ਚਿਹਰਿਆਂ ਨੂੰ ਛੱਡ ਹੋਰ ਕੁਝ ਵੀ ਨਹੀਂ ਬਦਲਿਆ। ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਅਜਿਹਾ ਲੱਗਦਾ ਹੈ ਜਿਵੇਂ ਸੂਬੇ ਅੰਦਰ ਸਰਕਾਰ ਮੌਜੂਦ ਹੀ ਨਹੀਂ ਹੈ। ਉਹਨਾਂ ਟਿੱਪਣੀ ਕਰਦਿਆਂ ਕਿਹਾ ਕਿ ਜ਼ਮੀਨੀ ਹਾਲਾਤ ਵਿਚ ਕੋਈ ਵੀ ਬਦਲਾਅ ਨਹੀਂ ਆਇਆ ਸਿਵਾਏ ਇਸਦੇ ਕਿ ਸੱਤਾ ਦੀ ਵਾਗਡੋਰ ਅਕਾਲੀਆਂ ਤੋਂ ਕਾਂਗਰਸੀਆਂ ਕੋਲ ਚਲੀ ਗਈ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਹਿੱਸਿਆਂ ਵਿਚ ਵੱਖੋ ਵੱਖ ਤਰ੍ਹਾਂ ਨਸ਼ਿਆਂ ਅਤੇ ਸਨਥੈਟਿਕ ਦਵਾਈਆਂ ਦੀ ਦੁਰਵਰਤੋਂ ਹੋਣ ਕਾਰਨ ਪੰਜਾਬ ਦੇ ਲੋਕ ਬਹੁਤ ਹੀ ਖ਼ਤਰਨਾਕ ਜਾਲ ਵਿੱਚ ਫਸ ਚੁੱਕੇ ਹਨ। ਉਹਨਾਂ ਕਿਹਾ ਕਿ ਇਹ ਇਕ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਨੌਜਵਾਨੀ ਅੱਜ ਇਕੱਲੇਪਣ, ਤੰਗੀ ਅਤੇ ਤਣਾਅ ਵਾਲੇ ਮਾਹੌਲ ਵਿਚੋਂ ਗੁਜ਼ਰ ਰਹੀ ਹੈ ਅਤੇ ਲੋਕ ਆਪਣੇ ਨਜ਼ਦੀਕੀ ਸਾਕ ਸਬੰਧੀਆਂ ਦੇ ਦਰਦਨਾਕ ਅੰਤ ਦਾ ਬੇਬਸੀ ਨਾਲ ਸਾਹਮਣਾ ਕਰ ਰਹੇ ਸਨ।

ਹਾਲ ਹੀ ਵਿੱਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ‘ਚ ਅਚਾਨਕ ਵਾਧੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਵਾਲੀਆਂ ਕਹੀਆਂ ਗਈਆਂ ਗੱਲਾਂ ਸਿਰਫ਼ ਇੱਕ ਜੋਸ਼ੀਲੇ ਭਾਸ਼ਣ ਤੋਂ ਬਿਨਾਂ ਕੁਝ ਨਹੀਂ ਨਿਕਲੀਆਂ। ਉਹਨਾਂ ਕਿਹਾ ਕਿ ਵੱਡੇ ਮਗਰਮੱਛ ਸਰਕਾਰ ਦੇ ਹੱਥਾਂ ਤੋਂ ਬਾਹਰ ਹਨ ਅਤੇ ਪੁਲਿਸ-ਸਮਗਲਰ-ਸਿਆਸਤਦਾਨ ਨਾਪਾਕ ਗਠਜੋੜ ਅੱਜ ਵੀ ਬੇਰੋਕ-ਟੋਕ ਜਾਰੀ ਹੈ।

ਪਾਰਟੀ ਆਗੂਆਂ ਹਰਚਰਨਜੀਤ ਸਿੰਘ ਧਾਮੀ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਲਗਭਗ ਚਾਰ ਹਫਤਿਆਂ ਦਾ ਸਮਾਂ ਬੀਤ ਚੁੱਕਾ ਹੈ, ਬਰਗਾੜੀ ਅਤੇ ਬਹਿਬਲ ਕਲਾਂ ਦੇ ਦੋਸ਼ੀਆਂ ਖਿਆਲ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਗਤਾਂ ਬਾਰਗੜ੍ਹੀ ਮੋਰਚਾ ਲਾਈ ਬੈਠੀਆਂ ਹਨ। ਉਹਨਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸਰਕਾਰ ਨੇ ਮੋਰਚੇ ਦੇ ਪ੍ਰਬੰਧਕਾਂ ਦੀਆਂ ਹੱਕੀ ਮੰਗਾਂ ਪ੍ਰਤੀ ਬੇ-ਰਹਿਮ ਅਤੇ ਬੇ-ਰੁੱਖੀ ਵਾਲੀ ਪਹੁੰਚ ਅਪਣਾਈ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਬਾਰੇ ਰਿਪੋਰਟ ਦੀ ਉਡੀਕ ਕਰ ਰਹੇ ਹਨ, ਜਿਸ ਦੀ ਅਗਲੇ ਕੁਝ ਦਿਨਾਂ ਵਿਚ ਜਨਤਕ ਹੋਣ ਦੀ ਸੰਭਾਵਨਾ ਹੈ।

ਪੰਜਾਬ ਵਿੱਚ ਰਾਜਨੀਤੀ ਦੇ ਅਪਰਾਧੀਕਰਨ ਬਾਰੇ ਸਖਤ ਟਿਪਣੀ ਕਰਦਿਆਂ ਉਹਨਾਂ ਕਿਹਾ ਕਿ ਭ੍ਰਿਸ਼ਟ ਅਤੇ ਗੁੰਡਾ ਨਿਜ਼ਾਮ ਨੂੰ ਕਾਇਮ ਰੱਖਣ ਲਈ ਸਿਆਸੀ ਪਾਰਟੀਆਂ ਪੂਰੀ ਤਰਾਂ ਨਾਲ ਜ਼ਿੰਮੇਵਾਰ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,