ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਪੰਜਾਬ ਨੂੰ ਲੁੱਟਣ ਵਾਲੇ ਅਤੇ ਪਾਣੀਆ ਦੇ ਮੁੱਦੇ ਉਤੇ ਦੋਗਲੀ ਨੀਤੀ ਰੱਖਣ ਵਾਲਿਆ ਨੂੰ ਕਾਹਦਾ ਮਾਣ: ਦਲ ਖਾਲਸਾ

March 20, 2016 | By

 ਅੰਮ੍ਰਿਤਸਰ(20 ਮਾਰਚ, 2016): ਅਕਾਲੀ ਦਲ ਵਲੋਂ ਹੋਲੇ ਮਹੱਲੇ ‘ਤੇ ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਜਾਬ ਦੇ ਰਾਖੇ’ ਅਤੇ ਸੁਖਬੀਰ ਸਿੰਘ ਬਾਦਲ ਨੂੰ ‘ਪਾਣੀਆਂ ਦੇ ਰਾਖੇ’ ਦਾ ਮਾਣ ਦੇਣ ਦੇ ਫੈਸਲੇ ਉਤੇ ਤਿੱਖੀ ਟਿਪਣੀ ਕਰਦਿਆ ਦਲ ਖਾਲਸਾ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਪਾਣੀਆਂ ਦੇ ਮੁੱਦੇ ਉਤੇ ਉਹਨਾਂ ਦੀ ਪੁਹੰਚ ਦੋਗਲੀ, ਸਮਝੌਤਾਵਾਦੀ ਅਤੇ ਨਾ-ਲਾਇਕੀ ਵਾਲੀ ਰਹੀ ਹੈ।

ਦਲ ਖਾਲਸਾ ਦੇ ਆਗੂਆਂ ਸਤਿਨਾਮ ਸਿੰਘ ਪਾਉਂਟਾ ਸਾਹਿਬ, ਕੰਵਰਪਾਲ ਸਿੰਘ, ਅਵਤਾਰ ਸਿੰਘ ਨਰੋਤਮਪੁਰ ਅਤੇ ਰਣਬੀਰ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਦਰਿਆਈ ਪਾਣੀਆਂ ਦੀ ਲਗਾਤਾਰ ਹੋ ਰਹੀ ਲੁੱਟ ਨੂੰ ਬਚਾਉਣ ਲਈ ਕਦੇ ਕੋਈ ਵਿਸ਼ੇਸ਼ ਉਪਰਾਲਾ ਜਾਂ ਰਾਜਨੀਤਿਕ ਕੁਰਬਾਨੀ ਨਹੀ ਕੀਤੀ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਅੰਦਰ ਸਤਲੁਜ-ਯਮੁਨਾ ਲਿੰਕ ਨਹਿਰ ਸਬੰਧੀ ਕੇਸ ਦੀ ਮੁੜ ਸ਼ੁਰੂ ਹੋਈ ਸੁਣਵਾਈ ਨੇ ਬਾਦਲ ਪਰਿਵਾਰ ਨੂੰ ਹਲੂਣ ਕੇ ਨੀਂਦਰੋਂ ਜਗਾਇਆ ਹੈ । ਉਹਨਾਂ ਮੰਨਿਆ ਕਿ ਧਾਰਮਿਕ-ਰਾਜਨੀਤਿਕ ਤੌਰ ਉਤੇ ਘਿਰੇ ਬਾਦਲ ਪਰਿਵਾਰ ਨੂੰ ਆਪਣੀਆਂ ਰਾਜਨੀਤਿਕ ਗਲਤੀਆਂ ਨੂੰ ਦਰੁਸਤ ਕਰਨ ਲਈ ਪਾਣੀਆਂ ਦੇ ਮੁੱਦੇ ਨੇ ਇੱਕ ਮੌਕਾ ਜਰੂਰ ਦਿੱਤਾ ਹੈ।

ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ, ਸਤਿਨਾਮ ਸਿੰਘ ਪਾਉਂਟਾ ਸਾਹਿਬ

ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ, ਸਤਿਨਾਮ ਸਿੰਘ ਪਾਉਂਟਾ ਸਾਹਿਬ

ਉਹਨਾਂ ਕਿਹਾ ਕਿ ਹੁਣ ਤੱਕ ਕਾਂਗਰਸ ਪਾਰਟੀ ਨਾਲ ਸਬੰਧਤਿ ਸਾਰੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਸਮੂਹ ਮੁੱਖ ਮੰਤਰੀ (ਕੈਪਟਨ ਅਮਰਿੰਦਰ ਸਿੰਘ ਨੂੰ ਛੱਡਕੇ) ਪੰਜਾਬ ਦੇ ਪਾਣੀਆਂ ਨੂੰ ਲੁਟਾਉਣ ਲਈ ਵੱਡੇ ਦੋਸ਼ੀ ਹਨ। ਏਸੇ ਤਰਾਂ ਅਕਾਲੀ ਦਲ ਦੇ ਪ੍ਰਧਾਨ ਰਹੇ ਹਰਚੰਦ ਸਿੰਘ ਲੌਗੋਵਾਲ ਤੇ ਸੁਰਜੀਤ ਸਿੰਘ ਬਰਨਾਲਾ ਵੀ ਪੰਜਾਬ ਦੇ ਮੁਜਰਿਮ ਹਨ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੇ ਪੰਜਾਬ ਦੇ ੫੦ ਪ੍ਰਤੀਸ਼ਤ ਤੋਂ ਵੱਧ ਲੁੱਟੇ ਜਾ ਰਹੇ ਪਾਣੀਆਂ ਨੂੰ ਬਚਾਉਣ ਲਈ ਨਾ ਤਾਂ ਕੋਈ ਉਪਰਾਲਾ ਹੀ ਕੀਤਾ ਹੈ ਅਤੇ ਨਾ ਹੀ ਉਹਨਾਂ ਵਿੱਚ ਕੋਈ ਸੰਜੀਦਗੀ ਦਿਖਾਈ ਦੇ ਰਹੀ ਹੈ।

ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਪਹਿਲਾਂ ਆਪਣੇ ਹੀ ਥਾਪੇ ਜਥੇਦਾਰਾਂ ਕੋਲੋਂ ਆਪ ਹੀ “ਪੰਥ ਰਤਨ ” ਦਾ ਖਿਤਾਬ ਲੈ ਲਿਆ ਅਤੇ ਹੁਣ ਆਪਣੀ ਹੀ ਪਾਰਟੀ ਕੋਲੋਂ ‘ਪੰਜਾਬ ਅਤੇ ਪਾਣੀਆਂ ਦਾ ਰਾਖੇ” ਦਾ ਮਾਣ ਲੈ ਕੇ ਆਖਿਰ ਦੋਨੇ ਬਾਦਲ ਸਾਬਿਤ ਕੀ ਕਰਨਾ ਚਾਹੁੰਦੇ ਹਨ। ਉਹਨਾਂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਕਿਹਾ ਕਿ ਪਾਰਟੀ ਅਤੇ ਪਾਰਟੀ ਪ੍ਰਧਾਨ ਪ੍ਰਤੀ ਵਫਾਦਾਰ ਹੋਣ ਅਤੇ ਚਾਪਲੂਸ ਹੋਣ ਵਿੱਚ ਇੱਕ ਅੰਤਰ ਹੁੰਦਾ ਹੈ, ਜਿਸ ਨੂੰ ਬਣਾਏ ਰੱਖਣਾ ਜਰੂਰੀ ਹੁੰਦਾ ਹੈ।

ਉਹਨਾਂ ਕਿਹਾ ਕਿ ਜੇਕਰ ਸਹੀ ਅਰਥਾਂ ਵਿੱਚ ਅਕਾਲੀ ਦਲ ਨੇ ਪਾਣੀਆਂ ਦੇ ਰਾਖੇ ਦਾ ਮਾਣ ਕਿਸੇ ਨੂੰ ਦੇਣਾ ਹੈ ਤਾਂ ਉਸ ਦੇ ਹੱਕਦਾਰ ਸ਼ਹੀਦ ਸੁਖਦੇਵ ਸਿੰਘ ਬੱਬਰ ਅਤੇ ਸ਼ਹੀਦ ਬਲਵਿੰਦਰ ਸਿੰਘ ਜਟਾਣਾ ਹਨ।

ਉਹਨਾਂ ਕਿਹਾ ਕਿ ਬੱਬਰ ਖਾਲਸਾ ਦੀ ਅਗਵਾਈ ਹੇਠ ਜੁਝਾਰੂਆਂ ਵਲੋਂ ੨੩ ਜੁਲਾਈ ੧੯੯੦ ਨੂੰ ਕੀਤੇ ਐਕਸ਼ਨ ਕਾਰਨ ਹੀ ਅਮਲੀ ਰੂਪ ਵਿੱਚ ਲਿੰਕ ਨਹਿਰ ਦੇ ਨਿਰਮਾਣ ਦਾ ਕੰਮ ਰੁਕਿਆ ਸੀ। ਉਹਨਾਂ ਕਿਹਾ ਕਿ ੨੦੦੪ ਵਿੱਚ ਪੰਜਾਬ ਵਿਧਾਨਕਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਮਝੌਤੇ ਰੱਦ ਕਾਨੂੰਨ ਪਾਸ ਕਰਕੇ ਲਿੰਕ ਨਹਿਰ ਦੀ ਉਸਾਰੀ ਰੋਕੀ ਅਤੇ ਮੌਜੂਦਾ ਸੰਦਰਭ ਵਿੱਚ ਬਾਦਲ ਸਾਹਿਬ ਨੇ ਲਿੰਕ ਨਹਿਰ ਲਈ ਹਾਸਿਲ ਕੀਤੀ ਜਮੀਨ ਕਿਸਾਨਾਂ ਨੂੰ ਵਪਿਸ ਕਰਨ ਦਾ ਵਿਧਾਨ ਸਭਾ ਵਿੱਚ ਬਿਲ ਪਾਸ ਕਰਕੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਕੰਮ ਇੱਕ ਵਾਰ ਨਿਬੇੜ ਦਿੱਤਾ ਹੈ।

ਜਿਕਰਯੋਗ ਹੈ ਕਿ ਦਲ ਖਾਲਸਾ ਵਲੋਂ ਪੰਜਾਬ ਅੰਦਰ ਦਰਿਆਈ ਪਾਣੀਆਂ ਦੀ ਲੁੱਟ ਸਬੰਧੀ ਪੋਸਟਰ ਵੰਡਿਆ ਜਾ ਰਿਹਾ ਹੈ ਜਿਸ ਉਤੇ ਬੱਬਰ ਖਾਲਸਾ ਦੇ ਮੁੱਖੀ ਸ਼ਹੀਦ ਸੁਖਦੇਵ ਸਿੰਘ ਬੱਬਰ, ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਤਰਤੀਬ-ਵਾਰ ਛਾਪੀਆਂ ਗਈਆਂ ਹਨ ਅਤੇ ਹੇਠਾਂ ਉਹਨਾਂ ਦੇ ਰੋਲ ਅਤੇ ਨਿਭਾਈ ਭੂਮਿਕਾ ਬਾਰੇ ਦਸਿਆ ਗਿਆ ਹੈ।

ਉਹਨਾਂ ਮੂੜ ਦੁਹਰਾਇਆ ਕਿ ਪਾਣੀਆਂ ਦਾ ਮਾਲਕ ਪੰਜਾਬ ਹੈ ਜਦਕਿ ਰਾਏਪੇਰੀਅਨ ਸਿਧਾਂਤ ਅਤੇ ਕਾਨੂੰਨ ਦੀ ਭਾਵਨਾ ਦੇ ਉਲਟ ਜਾਕੇ ਫੈਸਲੇ ਕੇਂਦਰ ਕਰਦਾ ਆ ਰਿਹਾ ਹੈ। ਉਹਨਾਂ ਦਸਿਆ ਕਿ ਪਾਣੀਆਂ ਦੇ ਮਾਹਿਰਾਂ ਅਨੁਸਾਰ ਪੰਜਾਬ ਕੋਲ ੩੪.੮ ਐਮ.ਏ.ਐਫ ਪਾਣੀ ਹੈ, ਜਿਸ ਵਿਚੋਂ ਹਰਿਆਣਾ ਨੂੰ ੭.੮, ਰਾਜਸਥਾਨ ਨੂੰ  ੧੦.੫, ਦਿੱਲੀ ਨੂੰ ੦.੨, ਜੰਮੂ-ਕਸ਼ਮੀਰ ਨੂੰ ੦.੭, ਦਿੱਤਾ ਜਾ ਰਿਹਾ ਹੈ ਜੋ ਹਿੰਦ ਹਕੂਮਤ ਵਲੋਂ ਪਾਣੀਆਂ ਦੇ ਮਾਲਿਕ ਪੰਜਾਬ ਦੀ ਮਰਜੀ ਤੋਂ ਬਿਨਾਂ ਧੱਕੇ ਨਾਲ ਦਿੱਤਾ ਜਾ ਰਿਹਾ ਹੈ।

ਪਾਣੀਆਂ ਸਬੰਧੀ ਚੇਤਨਤਾ ਲਿਆਉਣ ਲਈ ਵਿੱਢੀ ਮੁਹਿੰਮ ਬਾਰੇ ਦਸਦਿਆਂ ਦਲ ਖਾਲਸਾ ਆਗੂਆਂ ਨੇ ਕਿਹਾ ਕਿ ਗੁਰਪ੍ਰੀਤ ਸਿੰਘ, ਨੋਬਲਜੀਤ ਸਿੰਘ ਅਤੇ ਗੁਰਮੀਤ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਵਲੋਂ ਸੂਬੇ ਦੇ ਕਿਸਾਨਾਂ ਨੂੰ ਪਾਣੀਆਂ ਸਬੰਧੀ ਸੱਚ ਦੱਸਣ ਲਈ ਪੋਸਟਰ ਵੰਡੇ ਜਾ ਰਹੇ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,