ਸਿੱਖ ਖਬਰਾਂ

ਸੌਦਾ ਸਾਧ ਮਾਫੀ ਮਾਮਲਾ: ਬਾਬਾ ਹਰਨਾਮ ਸਿੰਘ ਨਾਲ ਸਹਿਮਤ ਨਹੀਂ ਸੰਤ ਸਮਾਜ

October 3, 2015 | By

ਸੌਦਾ ਸਾਧ ਨੂੰ ਦਿੱਤੀ ਗਈ ਮੁਆਫ਼ੀ ਵਾਪਿਸ ਲੈਣ ਤੋਂ ਬਿਨਾਂ ਹੋਰ ਕੋਈ ਵੀ ਗੱਲ ਪ੍ਰਵਾਨ ਨਹੀਂ ਹੈ

ਚੰਡੀਗੜ੍ਹ (2 ਅਕਤੂਬਰ , 2015): ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਜੱਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਵਿਰੁੱਧ ਸੰਤ ਸਮਾਜ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ।ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਗਿਆਨੀ ਗੁਰਬਚਨ ਸਿੰਘ ਦੇ ਫੈਸਲੇ ਨੂੰ ਦੁਬਾਰਾ ਵਿਚਾਰਨ ਲਈ ਕਮੇਟੀ ਬਣਾਉਣ ਲਈ ਕੀਤੇ ਐਲਾਨ ਨੂੰ ਦਿੱਤੀ ਸਹਿਮਤੀ ਕਰਨ ਸੰਤ ਸਮਾਜ ਵਿੱਚ ਵਖਰੇਵੇਂ ਪੈਦਾ ਹੋ ਗਏ ਹਨ।

smaj

ਸੰਤ ਸਮਾਜ ਦੇ ਆਗੂ ਮੀਟਿੰਗ ਦੌਰਾਨ

ਸੰਤ ਸਮਾਜ ਦੀ  5 ਮੈਂਬਰੀ ਕਾਰਜਕਾਰਨੀ ਕਮੇਟੀ ਦੇ 3 ਸੀਨੀਅਰ ਮੈਂਬਰਾਂ ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ, ਸੰਤ ਹਰੀ ਸਿੰਘ ਰੰਧਾਵੇ ਵਾਲੇ ਅਤੇ ਸੰਤ ਲਖਬੀਰ ਸਿੰਘ ਰਤਵਾੜਾ ਸਾਹਿਬ ਵੱਲੋਂ ਅੱਜ ਚੰਡੀਗੜ੍ਹ ਨੇੜੇ ਗੁਰਦੁਆਰਾ ਰਤਵਾੜਾ ਸਾਹਿਬ ਵਿਖੇ ਹੰਗਾਮੀ ਬੈਠਕ ਕੀਤੀ ਗਈ ।ਜਿਸ ਵਿਚ ਫੈਸਲਾ ਹੋਇਆ ਕਿ ਸੰਤ ਸਮਾਜ ਨੂੰ ਸੌਦਾ ਸਾਧ ਨੂੰ ਦਿੱਤੀ ਗਈ ਮੁਆਫ਼ੀ ਵਾਪਿਸ ਲੈਣ ਤੋਂ ਬਿਨਾਂ ਹੋਰ ਕੋਈ ਵੀ ਗੱਲ ਪ੍ਰਵਾਨ ਨਹੀਂ ਹੈ ।

ਸੰਤ ਸਮਾਜ ਵਿਚਲੇ ਬਹੁਤ ਹੀ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਉਪਰੋਕਤ ਮਾਮਲੇ ‘ਚ ਸੰਤ ਸਮਾਜ ਨੇ ਬਾਬਾ ਹਰਨਾਮ ਸਿੰਘ ਖਾਲਸਾ ਤੋਂ ਵੱਖ ਤੁਰਨ ਦਾ ਫੈਸਲਾ ਕੀਤਾ ਹੈ ।

ਸੂਤਰਾਂ ਅਨੁਸਾਰ ਇਸ ਹੰਗਾਮੀ ਬੈਠਕ ਦੀ ਵਜ੍ਹਾ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖਾਲਸਾ (ਮੁਖੀ ਦਮਦਮੀ ਟਕਸਾਲ) ਦਾ ਲਚਕੀਲਾ ਫੈਸਲਾ ਹੈ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਸਿੰਘ ਸਾਹਿਬਾਨ ਦੀ ਉਸ ਤਜਵੀਜ਼ ਪ੍ਰਤੀ ਸਹਿਮਤੀ ਪ੍ਰਗਟਾ ਦਿੱਤੀ ਹੈ, ਜਿਸ ਵਿਚ ਡੇਰਾ ਮੁਖੀ ਨੂੰ ਮੁਆਫ਼ੀ ਦੇ ਮਸਲੇ ਦੇ ਹੱਲ ਲਈ ‘ਪੰਥਕ ਵਿਦਵਾਨਾਂ’ ਦੀ ਸਾਂਝੀ ਕਮੇਟੀ ਗਠਿਤ ਕਰਨ ਦੀ ਗੱਲ ਆਖੀ ਗਈ ਸੀ ।

ਅੱਜ ਬੈਠਕ ਮਗਰੋਂ ਉਪਰੋਕਤ ਤਿੰਨਾਂ ਸੰਤਾਂ ਨੇ ਆਪਣੇ ਦਸਤਖ਼ਤਾਂ ਹੇਠ ਚੰਡੀਗੜ੍ਹ ਦੇ ਮੀਡੀਆ ਨੂੰ ਸੂਚਨਾ ‘ਚ ਕਿਹਾ ਕਿ ਸੰਤ ਸਮਾਜ ਬੀਤੀ 28 ਸਤੰਬਰ ਨੂੰ ਜਵੱਦੀ (ਲੁਧਿਆਣਾ) ਵਾਲੇ ਆਪਣੇ ਫੈਸਲੇ ‘ਤੇ ਦਿ੍ੜ ਹੈ ਕਿ ਸੰਤ ਸਮਾਜ ਅੱਜ ਵੀ ਸਿਰਸੇ ਵਾਲੇ ਫੈਸਲੇ ਦੀ ਵਾਪਸੀ ਤੋਂ ਬਿਨਾਂ ਕੋਈ ਹੋਰ ਗੱਲ ਪ੍ਰਵਾਨ ਨਹੀਂ ਕਰਦਾ ।

ਉਨ੍ਹਾਂ ਕਿਹਾ ਕਿ ਸਮੁੱਚੀਆਂ ਸੰਪ੍ਰਦਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ, ਪ੍ਰੰਤੂ ਕੌਮ ਦੀ ਪ੍ਰਵਾਨਗੀ ਤੋਂ ਬਿਨਾਂ ਕਾਹਲੀ ਵਿਚ ਲਏ ਇਸ ਫੈਸਲੇ ਨੂੰ ਸੰਤ ਸਮਾਜ ਪ੍ਰਵਾਨ ਨਹੀਂ ਕਰਦਾ ।

ਸੂਤਰਾਂ ਅਨੁਸਾਰ ਉਪਰੋਕਤ ਤਿੰਨ ਮਹਾਂਪੁਰਸ਼ ਸੰਤ ਸਮਾਜ ਦੇ ਜਨਰਲ ਸਕੱਤਰ ਬਾਬਾ ਸੁਖਚੈਨ ਸਿੰਘ ਵੱਲੋਂ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ‘ਚ ਸ਼ਾਮਿਲ ਹੋਣ ਅਤੇ ਜਵੱਦੀ ਮੀਟਿੰਗ ਵਿਚ ਲਏ ਫੈਸਲੇ ਤੋਂ ਯੂ-ਟਰਨ ਮਾਰਨ ਵਾਲਿਆਂ ਤੋਂ ਵੀ ਕਾਫੀ ਨਾਰਾਜ਼ ਹਨ ।ਸੂਤਰਾਂ ਦੱਸਿਆ ਕਿ ਸੰਤ ਸਮਾਜ ਵਿਚ ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਰਾਜਸੀ ਪ੍ਰਭਾਵ ਨੂੰ ਖ਼ਤਮ ਕਰਨ ਬਾਰੇ ਵੀ ਗੰਭੀਰ ਚਰਚਾ ਸ਼ੁਰੂ ਹੋ ਗਈ ਹੈ ਅਤੇ ਸੰਤ ਸਮਾਜ ਦੇ ਅਹੁਦੇਦਾਰਾਂ ਨੇ ਸਮੁੱਚੇ ਪੰਥ ਵਿਚ ਸੰਤ ਸਮਾਜ ਦੀ ਸਾਖ ਨੂੰ ਬਣਾਈ ਰੱਖਣ ਲਈ ਭਵਿੱਖ ‘ਚ ਸਖ਼ਤ ਫੈਸਲੇ ਲੈਣ ਦਾ ਫੈਸਲਾ ਵੀ ਕਰ ਲਿਆ ਹੈ ।

ਭਰੋਸੇਯੋਗ ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ ‘ਚ ਸੰਤ ਸਮਾਜ ਵਿਚ ਵੱਡੀ ਪੱਧਰ ‘ਤੇ ਤਬਦੀਲੀਆਂ ਦੀ ਪੂਰੀ ਸੰਭਾਵਨਾ ਹੈ ।ਦੱਸਣਾ ਬਣਦਾ ਹੈ ਕਿ ਉਪਰੋਕਤ 5 ਮੈਂਬਰੀ ਕੇਂਦਰੀ ਕਮੇਟੀ ਦੇ 2 ਹੋਰ ਅਹੁਦੇਦਾਰ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਸੰਤ ਸੁਖਚੈਨ ਸਿੰਘ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,