ਸਿੱਖ ਖਬਰਾਂ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁੰਮ ਹੋਣ ਦੇ ਮਾਮਲੇ ਵਿੱਚ ਅੱਜ ਜਿਲਾ ਫਰੀਦਕੋਟ ਨੂੰ ਮੁਕੰਮਲ ਬੰਦ ਕੀਤਾ ਜਾਵੇਗਾ

June 20, 2015 | By

ਕੋਟਕਪੂਰਾ (19 ਜੂਨ, 2015): ਗੁਰਦੁਆਰਾ ਸਾਹਿਬ ਵਿੱਚੋ ਬੀਤੇ ਦਿਨੀ ਚੋਰੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾ ਮਿਲਣ ਕਾਰਣ ਸਿੱਖ ਜੱਥੇਬੰਦੀਆਂ ਵਿੱਚ ਪ੍ਰਸ਼ਾਸ਼ਨ ਖਿਲਾਫ ਗੁੱਸੇ ਅਤੇ ਨਰਾਜ਼ਗੀ ਦੀ ਲਹਰਿ ਪੈਦਾ ਹੋ ਰਹੀ ਹੈ।ਪੁਲਿਸ ਵੱਲੋਂ ਕਾਫੀ ਮੁਸ਼ੱਕਤ ਕਰਨ ਦੇ ਬਾਵਜੂਦ ਵੀ ਇਸ ਮਸਲੇ ਬਾਰੇ ਕੋਈ ਉੱਘ ਸੁੱਘ ਨਹੀਂ ਨਿਕਲ ਰਹੀ।ਪੁਲਿਸ ਵੱਲੋਂ ਇਸ ਸਬੰਧੀ ਦਿੱਤੇ ਸਮੇਂ ਦੀ ਹੱਦ ਖਤਮ ਹ ਗਈ ਹੈ।

ਸਿੱਖ ਜਥੇਬੰਦੀਆਂ 20 ਜੂਨ ਨੂੰ ਜ਼ਿਲ੍ਹਾ ਫ਼ਰੀਦਕੋਟ ਮੁਕੰਮਲ ਬੰਦ ਕਰਵਾਉਣ ਦੀਆਂ ਤਿਆਰੀਆਂ ਵਿੱਚ ਜੁਟ ਗਈਆਂ ਹਨ। ਜਥੇਬੰਦੀਆਂ ਦੇ ਆਗੂ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮੀਟਿੰਗਾਂ ਕਰ ਕੇ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਦੀ ਵਿਉਂਤਬੰਦੀ ਕਰ ਰਹੇ ਹਨ। ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ’ਤੇ ਇੱਕਜੁਟ ਹੋ ਕੇ 20 ਜੂਨ ਨੂੰ ਆਪਣੇ ਵਪਾਰਕ ਅਦਾਰੇ ਮੁਕੰਮਲ ਬੰਦ ਰੱਖਣ।

ਜਥੇਬੰਦੀਆਂ ਦੇ ਆਗੂ ਭਲਕੇ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਸਵੇਰੇ ਗੁਰਦੁਆਰੇ ਵਿੱਚ ਇਕੱਠੇ ਹੋਣਗੇ ਤੇ ਬਜ਼ਾਰਾਂ ਨੂੰ ਬੰਦ ਕਰਵਾਉਣਗੇ।

ਲੰਘੀ ਇੱਕ ਜੂਨ ਨੂੰ ਪਿੰਡ ਦੇ ਗੁਰਦੁਆਰੇ ਵਿੱਚੋਂ ਪਵਿੱਤਰ ਬੀੜ ਚੋਰੀ ਹੋ ਗੲੀ ਸੀ। ਗੁਰਦੁਆਰੇ ਦੇ ਗ੍ਰੰਥੀ ਨੇ ਬਗਰਾੜੀ ਪੁਲੀਸ ਚੌਕੀ ਨੂੰ ਸੂਚਿਤ ਕੀਤਾ। ਬਾਜਾਖਾਨਾ ਪੁਲੀਸ ਨੇ ਇਸ ਸਬੰਧ ਵਿੱਚ ਗ੍ਰੰਥੀ ਦੇ ਬਿਆਨ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ।

ਪੁਲੀਸ ਨੇ ਪਵਿੱਤਰ ਬੀੜ ਦੀ ਭਾਲ ਵਾਸਤੇ ਪਿੰਡ ਦੇ ਹਰ ਘਰ ਦੀ ਤਲਾਸ਼ੀ ਲਈ ਤੇ ਮੁਲਜ਼ਮਾਂ ਦੇ ਸਕੈਚ ਜਾਰੀ ਕੀਤੇ ਪਰ ਪੁਲੀਸ ਨੂੰ ਇਸ ਕੇਸ ਵਿੱਚ ਕਿਸੇ ਤਰ੍ਹਾਂ ਦੀ ਸਫ਼ਲਤਾ ਹਾਸਲ ਹੁੰਦੀ ਵਿਖਾਈ ਨਹੀਂ ਦੇ ਰਹੀ। ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਦੋਸ਼ ਹੈ ਕਿ ਪੁਲੀਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ, ਜਿਸ ਕਰਕੇ ਸਿੱਖ ਸੰਗਤ ਵਿੱਚ ਰੋਸ ਵਧਦਾ ਜਾ ਰਿਹਾ ਹੈ।

ਦਮਦਮੀ ਟਕਸਾਲ ਦੇ ਮੁਖੀ ਰਤਨ ਸਿੰਘ ਅਜਨਾਲਾ ਨੇ ਆਖਿਆ ਕਿ 11 ਜੂਨ ਨੂੰ ਪਿੰਡ ਵਿੱਚ ਇਕੱਠ ਕਰ ਕੇ ਸੰਗਤ ਨੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਉਹ 19 ਜੂਨ ਤਕ ਚੋਰੀ ਹੋਈ ਬੀੜ ਦੀ ਭਾਲ ਕਰਨ, ਨਹੀਂ ਤਾਂ 20 ਜੂਨ ਨੂੰ ਜ਼ਿਲ੍ਹਾ ਮੁਕੰਮਲ ਬੰਦ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: