ਸਿਆਸੀ ਖਬਰਾਂ

ਬਹੁਚਰਚਿਤ ਨਸ਼ਾ ਤਸਕਰੀ ਕੇਸ: ਬਾਦਲ ਦਲ ਦੇ ਸਾਬਕਾ ਮੰਤਰੀ ਫਿਲੌਰ ਅਤੇ ਪੁੱਤਰ ਸਮੇਤ 12 ਖ਼ਿਲਾਫ਼ ਚਲਾਨ ਪੇਸ਼

July 13, 2017 | By

ਮੁਹਾਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਰਕਾਰੀ ਵਕੀਲ ਜਗਜੀਤ ਸਿੰਘ ਸਰਾਓ ਨੇ ਬੁੱਧਵਾਰ ਨੂੰ ਸੀਬੀਆਈ ਦੇ ਵਿਸ਼ੇਸ਼ ਜੱਜ ਐਸਐਸ ਮਾਨ ਦੀ ਅਦਾਲਤ ’ਚ ਬਾਦਲ ਦਲ ਦੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਉਸ ਦੇ ਬੇਟੇ ਦਮਨਬੀਰ ਸਿੰਘ ਫਿਲੌਰ, ਸਾਬਕਾ ਸੰਸਦੀ ਸਕੱਤਰ ਅਵਿਨਾਸ਼ ਚੰਦਰ ਤੋਂ ਇਲਾਵਾ ਜਗਜੀਤ ਸਿੰਘ ਚਾਹਲ, ਉਸ ਦੇ ਭਰਾ ਪਰਮਜੀਤ ਸਿੰਘ ਚਾਹਲ, ਇੰਦਰਜੀਤ ਕੌਰ, ਦਵਿੰਦਰ ਕਾਂਤ ਸ਼ਰਮਾ, ਜਸਵਿੰਦਰ ਸਿੰਘ, ਸਚਿਨ ਸਰਦਾਨਾ, ਸੁਸ਼ੀਲ ਕੁਮਾਰ ਸਰਦਾਨਾ, ਕੈਲਾਸ਼ ਸਰਦਾਨਾ ਅਤੇ ਰਸ਼ਮੀ ਸਰਦਾਨਾ ਖ਼ਿਲਾਫ਼ 5ਵਾਂ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ।

ਸਰਵਣ ਸਿੰਘ ਫਿਲੌਰ, ਦਮਨਵੀਰ ਸਿੰਘ ਫਿਲੌਰ (ਫਾਈਲ ਫੋਟੋ)

ਸਰਵਣ ਸਿੰਘ ਫਿਲੌਰ, ਦਮਨਵੀਰ ਸਿੰਘ ਫਿਲੌਰ (ਫਾਈਲ ਫੋਟੋ)

ਡਿਪਟੀ ਡਾਇਰੈਕਟਰ (ਈਡੀ) ਨਿਰੰਜਣ ਸਿੰਘ ਵੱਲੋਂ ਤਿਆਰ ਕੀਤੇ ਇਸ 8400 ਸਫਿਆਂ ਦੇ ਸਪਲੀਮੈਂਟਰੀ ਚਲਾਨ ’ਚ ਨਸ਼ਾ ਤਸਕਰੀ ਤੇ ਮੁਲਜ਼ਮਾਂ ਵੱਲੋਂ ਦੇਸ਼-ਵਿਦੇਸ਼ ’ਚ ਬਣਾਈਆਂ ਜਾਇਦਾਦਾਂ ਦਾ ਵੇਰਵਾ ਹੈ ਜਦੋਂ ਕਿ ਚਾਹਲ ਭਰਾਵਾਂ ਵੱਲੋਂ ਅੱਠ ਕੰਪਨੀਆਂ ਬਣਾਉਣ ਤੇ ਮਹਿੰਗੀਆਂ ਕਾਰਾਂ ਖ਼ਰੀਦਣ ਦਾ ਖ਼ੁਲਾਸਾ ਵੀ ਕੀਤਾ ਗਿਆ ਹੈ। ਸ੍ਰੀ ਸਰਾਓ ਨੇ ਦੱਸਿਆ ਕਿ ਬਨੂੜ ਥਾਣੇ ’ਚ ਦਰਜ ਡਰੱਗ ਤਸਕਰੀ ਮਾਮਲੇ ’ਚ ਜਗਦੀਸ਼ ਭੋਲਾ ਸਮੇਤ ਹੋਰ ਮੁਲਾਜ਼ਮਾਂ ਖ਼ਿਲਾਫ਼ ਇੱਕ ਮੇਨ ਚਲਾਨ ਤੇ ਚਾਰ ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜਗਦੀਸ਼ ਭੋਲਾ ਨੇ ਐਨਆਰਆਈ ਜਸਵਿੰਦਰ ਸਿੰਘ ਦੇ ਨਾਂ ’ਤੇ ਕੈਨੇਡਾ ’ਚ ਜਾਇਦਾਦ ਬਣਾਈ ਹੈ। ਜੇਲ੍ਹ ’ਚ ਬੰਦ ਸੁਖਰਾਜ ਸਿੰਘ ਉਰਫ਼ ਰਾਜਾ ਰਾਹੀਂ ਭੋਲੇ ਨੇ ਵਿਦੇਸ਼ ਵਿੱਚ ਜਾਇਦਾਦ ਖਰੀਦਣ ਲਈ ਪੈਸਿਆਂ ਦਾ ਲੈਣ ਦੇਣ ਕੀਤਾ ਹੈ। ਮੁਲਜ਼ਮਾਂ ਨੇ ਕਰੀਬ ਇੱਕ ਅਰਬ (ਕੁਲੈਕਟਰ ਰੇਟ) ਦੀ ਜਾਇਦਾਦ ਬਣਾਈ ਹੈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 25 ਜੁਲਾਈ ’ਤੇ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਚੁੰਨੀ ਲਾਲ ਗਾਬਾ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ ਮਿਲੀ ਇੱਕ ਡਾਇਰੀ ’ਚ ਕਈ ਆਗੂਆਂ ਦੇ ਨਾਂ ਸਨ। ਨਸ਼ਾ ਤਸਕਰੀ ਮਾਮਲੇ ਵਿੱਚ ਨਾਂ ਆਉਣ ਬਾਅਦ ਸਰਵਣ ਸਿੰਘ ਫਿਲੌਰ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।

ਸਬੰਧਤ ਖ਼ਬਰ:

ਨਸ਼ਾ ਤਸਕਰੀ: ਸਰਵਣ ਸਿੰਘ ਫਿਲੌਰ ਅਤੇ ਅਵਿਨਾਸ਼ ਚੰਦਰ ਸਣੇ 13 ਲੋਕਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,