July 2, 2019 | By ਪਰਮਜੀਤ ਸਿੰਘ ਮੰਡ
ਬਦਲਦੀਆਂ ਹੋਈਆਂ ਸਮਾਜਿਕ ਮਾਨਤਾਵਾਂ, ਕੁਝ ਨਵਾਂ ਕਰਨ ਦੀ ਚਾਹਤ, ਤਰ੍ਹਾਂ-ਤਰ੍ਹਾਂ ਦੀ ਪਰੇਸ਼ਾਨੀ ਅਤੇ ਫੁਕਰਾਪਨ ਆਦਿ ਤਮਾਮ ਇਵੇਂ ਦੇ ਕਾਰਨ ਹਨ ਜਿਸ ਨਾਲ ਸਮਾਜ ਵਿੱਚ ਨਸ਼ੇ ਦਾ ਵਾਧਾ ਹੋ ਰਿਹਾ ਹੈ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਦਾ ਸ਼ਿਕਾਰ ਨੌਜਵਾਨ ਰਹੇ ਹਨ। ਜਵਾਨੀ ਵਿੱਚ ਨਸ਼ੇ ਦੀ ਸ਼ੁਰੂਆਤ ਆਮ ਤੌਰ ਉੱਤੇ ਸਕੂਲਾਂ ਕਾਲਜਾਂ ਵਿੱਚ ਸ਼ਰਾਬ, ਬੀਅਰ, ਤੰਬਾਕੂ, ਗੁਟਕਾ, ਸਿਗਰਟ ਤੋਂ ਹੋ ਕੇ ਨਸ਼ੀਲੀਆਂ ਦਵਾਈਆਂ ਤੱਕ ਪਹੁੰਚਦੀ ਹੈ। ਸਮਾਜ ਵਿੱਚ ਗਲਤ ਸੰਗਤ ਦੇ ਚੱਕਰਵਿਊ ਵਿੱਚ ਫਸੇ ਛੋਟੀ ਉਮਰ ਦੇ ਬੱਚੇ ਜਦੋਂ ਨਸ਼ੇ ਦੀ ਗ੍ਰਿਫਤ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਲਈ ਇਸ ਦਲਦਲ ਵਿੱਚ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ।
ਇਥੇ ਅਸੀਂ ਨਸ਼ੀਲੀਆਂ ਦਵਾਈਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਰਹੇ ਹਾਂ ਪਹਿਲੀ ਉਤੇਜਕ (ਉਤੇਜਿਤ ਕਰਨ ਵਾਲੇ) ਜੋ ਨਸ਼ੇੜੀ ਨੂੰ ਜ਼ਿਆਦਾ ਊਰਜਾ ਅਤੇ ਆਤਮ-ਵਿਸ਼ਵਾਸ ਦਾ ਅਹਿਸਾਸ ਕਰਵਾਉਂਦੀ ਹੈ। ਇਸ ਦੀ ਮੁੱਖ ਉਦਾਹਰਣ ਕੋਕੀਨ ਹੈ।
ਦੂਸਰੀ ਤਰ੍ਹਾਂ ਦੇ ਨਸ਼ੇ ਵਿਤੇਜਕ ਹਨ ਜਿਸ ਵਿੱਚ ਵਿਅਕਤੀ ਖੁਦ ਨੂੰ ਸ਼ਾਂਤ ਅਤੇ ਤਣਾਅ ਰਹਿਤ ਮਹਿਸੂਸ ਕਰਦਾ ਹੈ ਅਤੇ ਵੱਧ ਨੀਂਦ ਲੈਂਦਾ ਹੈ। ਇਸ ਦੀ ਮੁੱਖ ਉਦਾਹਰਣ ‘ਅਲਕੋਹਲ’ ਹੈ।
ਤੀਸਰੀ ਕਿਸਮ ਭਰਮਾਊ ਨਸ਼ਿਆਂ ਦੀ ਹੈ ਜਿਸ ਨੂੰ ਕਰਨ ਵਾਲੇ ਨੂੰ ਭਰਮ ਦਾ ਅਹਿਸਾਸ ਹੁੰਦਾ ਹੈ ਜਿਵੇਂ ਕੁਝ ਅਜਿਹੀਆਂ ਚੀਜ਼ਾਂ ਦਾ ਮਹਿਸੂਸ ਹੋਣਾ ਜੋ ਅਸਲ ਵਿੱਚ ਹੁੰਦੀਆਂ ਨਹੀਂ ਹਨ ਜਾਂ ਕੁਝ ਅਜਿਹੀਆਂ ਆਵਾਜ਼ਾਂ ਦਾ ਸੁਣਨਾ ਜੋ ਅਸਲ ਵਿੱਚ ਹੁੰਦੀਆਂ ਨਹੀਂ ਹਨ। ਇਹ ਉਹੀ ਨਸ਼ੇ ਹਨ ਜਿਨ੍ਹਾਂ ਦਾ ਸੇਵਨ ਕਰਨ ਤੋਂ ਬਾਅਦ ਇਨਸਾਨ ਅਜੀਬ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਪੈਂਦਾ ਹੈ।
ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਸ਼ਰਾਬ, ਬੀਅਰ, ਬੀੜੀ, ਸਿਗਰਟ ,ਤੰਬਾਕੂ ,ਭੁੱਕੀ ,ਅਫ਼ੀਮ ਅਤੇ ਨਸ਼ੀਲੀਆਂ ਦਵਾਈਆਂ ਜਿਵੇਂ ਕਿ ਚਿੱਟਾ, ਟੀਕੇ ਆਦਿ ਵਰਤੇ ਜਾ ਰਹੇ ਹਨ।
ਚਿੱਟੇ ਦਾ ਰੋਜ਼ ਦਾ ਖਰਚ 500 ਤੋਂ 2000 ਤੱਕ ਪ੍ਰਤੀ ਇਨਸਾਨ ਹੈ। ਸਮਾਜ ਵਿੱਚ ਡਕੈਤੀ, ਚੋਰੀ ਜਾਂ ਹੋਰ ਮੁਸੀਬਤਾਂ ਦਾ ਕਾਰਨ ਜ਼ਿਆਦਾਤਰ ਚਿੱਟਾ ਹੀ ਹੈ ਕਿਉਂਕਿ ਇਨਾਂ ਮਹਿੰਗਾ ਨਸ਼ਾ ਕਰਨਾ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ।
ਕਈਆਂ ਦਾ ਮੰਨਣਾ ਹੈ ਕਿ ਨਸ਼ੇ ਦਾ ਵਪਾਰ ਅਫਗਾਨਿਸਤਾਨ ਤੋਂ ਸੁਰੂ ਹੁੰਦਾ ਹੈ ਅਤੇ ਇੱਥੋਂ ਹੀ ਪਾਕਿਸਤਾਨ ਤੋਂ ਹੁੰਦੇ ਹੋਏ ਪੰਜਾਬ ਤੱਕ ਆਉਂਦਾ ਹੈ ਪਰ ਕੁਝ ਹੋਰ ਕਹਿੰਦੇ ਹਨ ਕਿ ਇਹ ਨਸ਼ਾ ਅਫਗਾਨਿਸਤਾਨ ਤੋਂ ਅਫ਼ਰੀਕਾ ਅਤੇ ਫਿਰ ਅਫ਼ਰੀਕਾ ਤੋਂ ਦਿੱਲੀ ਹੁੰਦੇ ਹੋਏ ਪੰਜਾਬ ਤੱਕ ਪਹੁੰਚਦਾ ਹੈ।
ਅਫ਼ਗਾਨਿਸਤਾਨ ਵਿੱਚ ਨਸ਼ੇ ਦੀ ਕੀਮਤ ਬਹੁਤ ਘੱਟ ਕਰੀਬ 500 ਰੁਪਏ ਪ੍ਰਤੀ ਗ੍ਰਾਮ ਹੈ ਅਤੇ ਜਿਵੇਂ-ਜਿਵੇਂ ਇਹ ਨਸ਼ਾ ਪੰਜਾਬ ਵੱਲ ਨੂੰ ਵਧਦਾ ਹੈ ਇਸ ਦੀ ਕੀਮਤ ਬਹੁਤ ਜ਼ਿਆਦਾ ਹੋ ਜਾਂਦੀ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਨਸ਼ਾ ਪੰਜਾਬ ਵਿੱਚ ਪਹੁੰਚਦਾ ਕਿਵੇਂ ਹੈ?
ਮੇਰਾ ਸਰਕਾਰਾਂ ਨੂੰ ਸਵਾਲ ਹੈ ਕਿ ਜੇ ਸਰਹੱਦਾਂ ‘ਤੇ ਚਿੜੀ ਤੱਕ ਨਹੀਂ ਫੜਕ ਸਕਦੀ ਤਾਂ ਏਨੀ ਭਾਰੀ ਮਾਤਰਾ ਵਿੱਚ ਨਸ਼ਾ ਕਿੱਥੋਂ ਆਉਂਦਾ ਹੈ? ਜੇ ਸਰਕਾਰਾਂ ਜਾਂ ਵੱਢੇ ਧਨਾਢ ਲੋਕੀਂ ਸ਼ਾਮਲ ਹਨ ਤਾਂ ਹੀ ਪੰਜਾਬ ਵਿੱਚ ਨਸ਼ਾ ਪਹੁੰਚਦਾ ਹੈ। ਮੈਨੂੰ ਤਾਂ ਇਹੀ ਲੱਗਦਾ ਹੈ ਕਿ ਸਰਕਾਰ ਸਾਜ਼ਿਸ਼ ਤਹਿਤ ਪੰਜਾਬ ਨੂੰ ਬਰਬਾਦ ਕਰਨ ਲਈ ਜਵਾਨੀ ਦਾ ਘਾਣ ਕਰ ਰਹੀ ਹੈ।
ਜਦ ਤੰਬਾਕੂ ਅਤੇ ਸਿਗਰਟ ਦੇ ਪੈਕਟ ਜਾਂ ਸ਼ਰਾਬ ਦੀ ਬੋਤਲ ਉੱਤੇ ਲਿਿਖਆ ਹੈ ਕਿ “ਇਹ ਸਿਹਤ ਲਈ ਹਾਨੀਕਾਰਕ ਹੈ ਜਾਂ ਇਸ ਨਾਲ ਕੈਂਸਰ ਵਰਗਾ ਰੋਗ ਹੁੰਦਾ ਹੈ” ਤਾਂ ਸਰਕਾਰਾਂ ਇਨ੍ਹਾਂ ਚੀਜ਼ਾਂ ਨੂੰ ਪੱਕੇ ਤੌਰ ‘ ਤੇ ਕਿਉਂ ਬੰਦ ਨਹੀਂ ਕਰਦੀਆਂ? ਕੀ ਇਹ ਚਾਹੁੰਦੀਆਂ ਹਨ ਕਿ ਲੋਕ ਕੈਂਸਰ ਦਾ ਸ਼ਿਕਾਰ ਹੋਣ ਜਾਂ ਆਪਣੀ ਸਿਹਤ ਨੂੰ ਖਰਾਬ ਰੱਖਣ? ਜਦੋਂ ਤੱਕ ਪੰਜਾਬ ਵਿੱਚ ਸ਼ਰਾਬ ਤੰਬਾਕੂ ਆਦਿ ਵਰਗੇ ਨਸਿਆਂ ‘ਤੇ ਪਾਬੰਦੀ ਨਹੀਂ ਲੱਗਦੀ ਉਦੋਂ ਤੱਕ ਸੌਹਾਂ ਖਾ ਕੇ ਪੰਜਾਬ ਅੰਦਰੋਂ ਨਸ਼ੇ ਖ਼ਤਮ ਕਰਨ ਦੀਆਂ ਗੱਲਾਂ ਕਹਿਣੀਆਂ ਸਿਰਫ ਛਲਾਵੇ ਹਨ।
ਜੇ ਸਰਕਾਰਾਂ ਝੂਠੇ ਮੁਕਾਬਲਿਆਂ ਨਾਲ ਪੰਜਾਬ ਦੀ ਸੰਘਰਸ਼ਸ਼ੀਲ ਜਵਾਨੀ ਅਤੇ ਕਥਿਤ ਬਦਮਾਸ਼ੀ ਧੜਿਆਂ (ਗੈਂਗਾਂ) ਨੂੰ ਖਤਮ ਕਰ ਸਕਦੀ ਹੈ ਤਾਂ ਇਹ ਨਸ਼ਾ ਕਿਉਂ ਨਹੀਂ ਖਤਮ ਕਰ ਸਕਦੀ?
ਨਸ਼ਿਆਂ ਨੂੰ ਪ੍ਰਚੱਲਤ ਕਰਨ ਲਈ ਇਕੱਲੀਆਂ ਸਰਕਾਰਾਂ ਹੀ ਨਹੀਂ, ਪਰਿਵਾਰ ਅਤੇ ਸਮਾਜ ਵੀ ਓਨਾ ਹੀ ਜ਼ਿੰਮੇਵਾਰ ਹੈ ਕਿਉਂਕਿ ਸਮਾਜ ਵਿੱਚ ਆਮ ਹੀ ਸ਼ਰਾਬ, ਤੰਬਾਕੂ, ਬੀੜੀਆਂ ਆਦਿ ਦਾ ਇਸਤੇਮਾਲ ਹੁੰਦਾ ਜਿਸ ਨਾਲ ਬੱਚਿਆਂ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।
ਬਹੁਤੀ ਦੁਨੀਆ ਇਹ ਹੀ ਮੰਨਦੀ ਹੈ ਕਿ ਚਿੱਟਾ, ਸਮੈਕ ਜਾਂ ਹੈਰੋਇਨ ਹੀ ਨਸ਼ਾ ਹੈ ਕੀ ਸ਼ਰਾਬ, ਤੰਬਾਕੂ, ਸਿਗਰਟ, ਬੀੜੀ ਆਦਿ ਨਸ਼ਾ ਨਹੀਂ ਹੈ? ਮੇਰੀ ਸੋਚ ਮੁਤਾਬਕ ਨਸ਼ੀਲੀਆਂ ਦਵਾਈਆਂ ਤੱਕ ਪਹੁੰਚਣ ਲਈ ਇਹ ਸ਼ੁਰੂਆਤੀ ਨਸ਼ੇ ਹੀ ਅਸਲ ਜੜ੍ਹ ਹਨ। ਸ਼ਰਾਬ, ਤੰਬਾਕੂ, ਸਿਗਰਟ ਆਦਿ ਨੂੰ ਨਸ਼ਾ ਨਹੀਂ ਮੰਨਣਾ ਹੀ ਸਮਾਜ ਦੀ ਵੱਡੀ ਬੇਵਕੂਫ਼ੀ ਹੈ।
ਬਹੁਤਾਤ ਲੋਕ ਜਦੋਂ ਮਨੋਵਿਿਗਆਨੀਆਂ ਕੋਲ ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਲਈ ਜਾਂਦੇ ਹਨ ਤਾਂ ਇਹ ਜਵਾਬ ਦਿੰਦੇ ਹਨ ਕਿ “ਸਾਡਾ ਬੱਚਾ ਪਹਿਲਾਂ ਕੋਈ ਨਸ਼ਾ ਨਹੀਂ ਸੀ ਕਰਦਾ”। ਜਦੋਂ ਡਾਕਟਰ ਅੱਗਿਓਂ ਇਹ ਪੁੱਛਦਾ ਹੈ ਕਿ “ਕੀ ਇਹ ਪਹਿਲਾਂ ਸ਼ਰਾਬ ਪੀ ਲੈਂਦਾ ਸੀ” ਤਾਂ ਮਾਪੇ ਕਹਿੰਦੇ ਹਨ ਕਿ “ਹਾਂ ਸ਼ਰਾਬ ਪੀ ਲੈਂਦਾ ਸੀ ਪਰ ਨਸ਼ਾ ਕੋਈ ਨਹੀਂ ਸੀ ਕਰਦਾ”। ਮਤਲਬ ਕਿ ਜਿਆਦਾਤਰ ਮਾਪੇ ਆਪਣੇ ਬੱਚਿਆਂ ਦੀ ਸ਼ਰਾਬ ਪੀਣ ਦੀ ਆਦਤ ਨੂੰ ਨਸ਼ਾ ਹੀ ਨਹੀਂ ਮੰਨਦੇ।
ਨਸ਼ੇ ਨੂੰ ਪ੍ਰਚੱਲਤ ਕਰਨ ਲਈ ਸਮਾਜ ਵਿੱਚ ਗਾਇਕੀ ਵੀ ਜ਼ਿੰਮੇਵਾਰ ਹੈ। ਅੱਜ ਕੱਲ ਕੋਈ ਵਿਰਲਾ ਹੀ ਗਾਣਾ ਹੋਊਗਾ ਜਿਸ ਵਿੱਚ ਦਾਰੂ, ਸ਼ਰਾਬ ਆਦਿ ਦਾ ਜ਼ਿਕਰ ਨਾ ਹੁੰਦਾ ਹੋਵੇ। ‘ਦਾਰੂ ਬਦਨਾਮ ਕਰਤੀ’ ਤੋਂ ਲੈ ਕੇ ‘ਬਾਰਡਰ ਨੀ ਟੱਪਦਾ ਚਿੱਟਾ’ ਆਦਿ ਗਾਣੇ ਨਸ਼ੇ ਦੇ ਫੈਲਣ ਦਾ ਕਰਨ ਬਣ ਰਹੇ ਹਨ। ਇਹ ਇਨ੍ਹਾਂ ਗਾਣਿਆਂ ਦੀ ਹੀ ‘ਦੇਣ’ ਹੈ ਕਿ ਨੌਜਵਾਨੀ ਅੰਦਰ ਏਨਾ ਜ਼ਿਆਦਾ ਫੁਕਰਾਪਨ ਵੱਧ ਗਿਆ ਹੈ ਕਿ ਉਹ ਇਹ ਵੀ ਨਹੀਂ ਸੋਚਦੇ ਕਿ ਉਹ ਨਸ਼ੇ ਦੇ ਹਾਲਾਤ ਵਿੱਚ ਕਰ ਕੀ ਰਹੇ ਹਨ।
ਸਰਕਾਰਾਂ ਤੋਂ ਇਸ ਦੇ ਹੱਲ ਲਈ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਖ਼ਾਸ ਕਰਕੇ ਪੰਜਾਬ ਸਰਕਾਰ ਤੋਂ। ਪੰਜਾਬ ਸਰਕਾਰ ਹਰ ਸਾਲ ਸ਼ਰਾਬ ਤੋਂ ਸਿਰਫ ਟੈਕਸ ਦੇ ਰੂਪ ਵਿੱਚ ਕਰੀਬ 5000 ਕਰੋੜ ਰੁਪਏ ਵਸੂਲਦੀ ਹੈ। ਸਰਕਾਰਾਂ ਨੂੰ ਨਸ਼ੀਆਂ ਚੀਜਾਂ ਤੇ ਲੱਗੇ ਕਰ (ਟੈਕਸ) ਤੋਂ ਮੋਟੀ ਕਮਾਈ ਹੁੰਦੀ ਹੈ ਇਸ ਲਈ ਪੰਜਾਬ ਦੀ ਜਵਾਨੀ ਨੂੰ ਸਾਨੂੰ ਆਪ ਹੀ ਬਚਾਉਣਾ ਪਵੇਗਾ। ਸਮਾਜ ਜਾਂ ਆਪਣੇ ਘਰ ਦਾ ਆਪ ਹੀ ਖਿਆਲ ਰੱਖਣਾ ਪਵੇਗਾ ਨਹੀਂ ਤਾਂ ਹਰ ਰੋਜ਼ ਦੀ ਤਰ੍ਹਾਂ ਕਿਸੇ ਨਾ ਕਿਸੇ ਘਰ ਵਿੱਚ ਕਿਸੇ ਨਾ ਕਿਸੇ ਦਾ ਧੀ ਪੁੱਤ ਮਰਿਆ ਦਿਖਾਈ ਦੇਵੇਗਾ।
* ਲੇਖਕ ਸਿੱਖ ਯੂਥ ਆਫ਼ ਪੰਜਾਬ ਜਥੇਬੰਦੀ ਦਾ ਪ੍ਰਧਾਨ ਹੈ। ਲੇਖਕ ਨਾਲ +91-62832-25560 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Related Topics: Drug Addiction Problem, Drug Menace in Punjab, Drugs Abuse and Drugs Trafficking in Punjab, Paramjit Singh Mand, Punjab Politics, Sikh Youth of Punjab