ਸਿੱਖ ਖਬਰਾਂ

ਮੁਖ ਚੋਣ ਕਮਿਸ਼ਨਰ ਮੋਦੀ ਨਿਜ਼ਾਮ ਦਾ ਹੱਥਠੋਕਾ, ਅਦਾਲਤਾਂ ਨਿਆਂ ਦੀ ਥਾਂ ਅਨਿਆਂ ਕਰ ਰਹੀਆਂ ਹਨ: ਦਲ ਖਾਲਸਾ

May 18, 2019 | By

ਬਠਿੰਡਾ: ਦਲ ਖਾਲਸਾ ਵਲੋਂ ਜੱਗੀ ਜੌਹਲ ਅਤੇ ਹੋਰਨਾਂ ਨਜ਼ਰਬੰਦਾਂ ਦਾ ਕੇਸ ਦਿੱਲੀ ਤਬਦੀਲ ਕਰਨ, ਉਹਨਾਂ ਨੂੰ ਤਿਹਾੜ ਜੇਲ ਅੰਦਰ ਤਬਦੀਲ ਕਰਨ, ਲੱਖਾ ਸਿਧਾਣਾ ‘ਤੇ 307 ਦੀ ਧਾਰਾ ਅਧੀਨ ਝੂਠਾ ਕੇਸ ਦਰਜ ਕਰਨ. ਭਾਜਪਾ ਤੇ ਕਾਂਗਰਸ ਵਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਮੁੱਦੇ ਉਤੇ ਗੰਧਲੀ ਰਾਜਨੀਤੀ ਕਰਨ ਅਤੇ ਚੋਣ ਕਮਿਸ਼ਨ ਵਲੋਂ ਬੇਅਦਬੀ ਮਾਮਲੇ ਵਿੱਚ ਅੜਿਕਾ ਪਾਉਣ ਦੇ ਵਿਰੁੱਧ ਵਿਚ ਰੋਹ ਭਰਪੂਰ ਮਾਰਚ ਕੀਤਾ ਗਿਆ ਹੈ।

16 ਮਈ ਨੂੰ ਕੀਤੇ ਗਏ ਇਸ ਮਾਰਚ ਵਿੱਚ ਮਾਲਵਾ ਯੂਥ ਫੈਡਰੇਸ਼ਨ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਵੀ ਸ਼ਮੂਲੀਅਤ ਕੀਤੀ ਸੀ। ਮਾਰਚ ਗੁਰਦੁਆਰਾ ਗੁਰੂਸਰ ਮਹਿਰਾਜ ਤੋਂ ਆਰੰਭ ਹੋ ਕੇ ਗੁ: ਹਾਜੀਰਤਨ ਹੁੰਦਾ ਹੋਇਆ ਡੀ.ਸੀ ਦਫਤਰ ਵਿਖੇ ਸਮਾਪਤ ਹੋਇਆ।

ਮਾਰਚ ਦਾ ਇਕ ਦ੍ਰਿਸ਼

ਮਾਰਚ ਦੇ ਪ੍ਰਬੰਧਕਾਂ ਨੇ ਭਾਜਪਾ/ਅਕਾਲੀ ਗਠਜੋੜ ਅਤੇ ਕਾਂਗਰਸ ਉਤੇ ਇਲਜ਼ਾਮ ਲਾਇਆ ਕਿ ਉਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਵੰਬਰ ੮੪ ਮੌਕੇ ਹੋਈਆਂ ਦਰਦਨਾਕ ਮੌਤਾਂ ਦਾ ਸੰਵੇਦਣਸ਼ੀਲ ਮੁੱਦਾ ਉਛਾਲਕੇ ਸਿੱਖ ਪੀੜ ਉਤੇ ਵਿਉਪਾਰ ਕਰ ਰਹੇ ਹਨ।

ਦਲ ਖਾਲਸਾ ਨੇ ਚੋਣਾਂ ਦੇ ਬਾਈਕਾਟ ਦੇ ਆਪਣੇ ਫੈਸਲੇ ਨੂੰ ਮੁੜ ਦੁਹਰਾਇਆ ਅਤੇ ਸਪਸ਼ਟ ਕੀਤਾ ਕਿ ਉਹ ਲੋਕਤੰਤਰ ਦੇ ਖਿਲਾਫ ਨਹੀਂ ਹਨ ਪਰ ਸਵੈ-ਨਿਰਣੇ ਦੇ ਹੱਕ ਤੋਂ ਬਿਨਾਂ ਭਾਰਤੀ ਨਿਜ਼ਾਮ ਹੇਠ ਚੋਣਾਂ ਵਿੱਚ ਹਿੱਸਾ ਲੈਣਾ ਬੇਮਾਅਨੇ ਹਨ।

ਜਥੇਬੰਦੀ ਦੇ ਕਾਰਜਕਰਤਾਵਾਂ ਨੇ ਆਪਣਾ ਰੋਸ ਜਿਤਾਉਣ ਲਈ ਹੱਥਾਂ ਵਿੱਚ ਕਾਲੇ ਝੰਡੇ ਅਤੇ ਬੈਨਰ ਫੜੇ ਹੋਏ ਸਨ ਜਿਨਾਂ ਉਤੇ ਲਿਖਿਆ ਸੀ ਕਿ ਮੁਖ ਚੋਣ ਕਮਿਸ਼ਨਰ ਮੋਦੀ ਨਿਜ਼ਾਮ ਦਾ ਹੱਥਠੋਕਾ, ਜੱਗੀ ਜੌਹਲ ਅਤੇ ਹੋਰਨਾਂ ਨਜ਼ਰਬੰਦਾਂ ਨੂੰ ਪੰਜਾਬ ਵਾਪਿਸ ਭੇਜੋ, ਸੁਪਰੀਮ ਕੋਰਟ ਨਿਆਂ ਕਰਨ ਦੀ ਥਾਂ ਅਨਿਆਂ ਕਰ ਰਹੀ ਹੈ, ਪੰਜਾਬ ਦੇ ਗਭਰੂਆਂ ਨੂੰ ਨਿਸ਼ਾਨਾ ਬਨਾਉਣਾ ਬੰਦ ਕਰੇ ਸਰਕਾਰ ਅਤੇ ਕਾਂਗਰਸ/ਭਾਜਪਾ/ਅਕਾਲੀ ਸਾਰੇ ਦਲ ਇੱਕੋ ਡਾਲ ਦੇ ਪੰਛੀ ਹਨ।

ਦਲ ਖਾਲਸਾ ਵਲੋਂ ਕੀਤੇ ਗਏ ਮਾਰਚ ਦਾ ਇਕ ਹੋਰ ਦ੍ਰਿਸ਼

ਮੀਡੀਆ ਨਾਲ ਗਲਬਾਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ/ਅਕਾਲੀ ਗਠਜੋੜ ਵੋਟਾਂ ਬਟੋਰਨ ਦੀ ਨੀਯਤ ਨਾਲ ਆਪੋ-ਆਪਣੇ ਢੰਗ ਨਾਲ ਨਵੰਬਰ 1984 ਕਤਲੇਆਮ ਅਤੇ ਬਰਗਾੜੀ ਕਾਂਡ ਨੂੰ ਉਛਾਲ ਰਹੀਆਂ ਹਨ ਜਦਕਿ ਦੋਨੋਂ ਧਿਰਾਂ ਹੀ ਪੰਜਾਬ ਅਤੇ ਸਿੱਖ-ਹਿਤੈਸ਼ੀ ਨਹੀਂ ਹਨ। ਪਾਰਟੀ ਆਗੂ ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਕਾਂਗਰਸ ਦੇ ਮੱਥੇ ‘ਤੇ 1994 ਦਾ ਕਲੰਕ ਨਹੀ ਮਿਟਣਾ ਅਤੇ ਅਕਾਲੀਆਂ ਦੇ ਮੱਥੇ ਤੋਂ 2015 ਦਾ ਦਾਗ ਨਹੀਂ ਜਾਣਾ।

ਉਹਨਾਂ ਮੁੱਖ ਚੋਣ ਕਮਿਸ਼ਨਰ ਉਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਉਹ ਮੋਦੀ ਨਿਜ਼ਾਮ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ ਅਤੇ ਉਸਨੇ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਜਾਂਚ ਕਰ ਰਹੇ ਪੈਨਲ ਵਿਚੋਂ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹਟਾ ਕੇ ਬਾਦਲਾਂ ਦੀ ਸੇਵਾ ਕੀਤੀ ਹੈ। ਉਹਨਾਂ ਸੁਪਰੀਮ ਕੋਰਟ ਵਲੋਂ ਐਨ. ਆਈ ਏਜੰਸੀ ਦੀ ਦਰਖਾਸਤ ਉਤੇ 30 ਸੈਕਿੰਡ ਵਿੱਚ ਫੈਸਲਾ ਸੁਣਾਉਦਿਆਂ ਜੱਗੀ ਜੌਹਲ ਅਤੇ ਹੋਰਨਾਂ ਸਾਥੀਆਂ ਦਾ ਕੇਸ ਅਤੇ ਉਹਨਾਂ ਨੂੰ ਪੰਜਾਬ ਤੋਂ ਦਿੱਲੀ ਤਬਦੀਲ ਕਰਨ ਉਤੇ ਟਿਪਣੀ ਕਰਦਿਆਂ ਕਿਹਾ ਕਿ “ਨਿਆਂ ਨੇ ਅਨਿਆਂ ਕੀਤਾ ਹੈ”।ਉਹਨਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਪੰਜਾਬ ਤੋਂ ਦਿੱਲੀ ਲਿਜਾਣ ਪਿੱਛੇ ਭਾਰਤ ਸਰਕਾਰ ਦੀ ਮੰਦ-ਭਾਵਨਾ ਝੱਲਕ ਰਹੀ ਹੈ। ਵਰਕਿੰਗ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਬਠਿੰਡਾ ਨੇ ਖਦਸ਼ਾ ਪ੍ਰਗਟ ਕੀਤਾ ਕਿ ਭਾਰਤ ਸਰਕਾਰ ਜੁਡੀਸ਼ਰੀ ਰਾਂਹੀ ਇਹਨਾਂ ਸਿੱਖ ਨੌਜਵਾਨਾਂ ਨੂੰ ਮਾਨਸਿਕ ਤੌਰ ਤੇ ਤੋੜਣ ਅਤੇ ਲੰਮਾ ਸਮਾਂ ਕੈਦ ਰੱਖਣ ਦੀ ਮਨਸ਼ਾ ਰੱਖਦੀ ਹੈ॥

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਬਰਤਾਨੀਆ ਸਰਕਾਰ ਨੂੰ ਜੱਗੀ ਜੌਹਲ ਨਾਲ ਹੋ ਰਹੀ ਵਧੀਕੀ ਦਾ ਮਸਲਾ ਭਾਰਤ ਸਰਕਾਰ ਕੋਲ ਅਸਰਦਾਰ ਢੰਗ ਨਾਲ ਚੁੱਕਣ ਦੀ ਗੱਲ ਕੀਤੀ। ਉਹਨਾਂ ਸਖ਼ਤ ਟਿੱਪਣੀ ਕਰਦਿਆਂ ਕਿਹਾ ਅੰਤਰਰਾਸ਼ਟਰੀ ਭਾਈਚਾਰੇ ਦੀ ਖਾਮੋਸ਼ੀ ਨੇ ਭਾਰਤੀ ਸਟੇਟ ਦਾ ਸਿਖ ਨੌਜਵਾਨਾਂ ਉਤੇ ਦਮਨ ਕਰਨ ਦਾ ਹੌਸਲਾ ਵਧਾਇਆ ਹੈ।

ਦਲ ਖਾਲਸਾ ਅਤੇ ਮਾਲਵਾ ਯੂਥ ਫੈਡਰੇਸ਼ਨ ਦੇ ਕਾਰਜਕਰਤਾਵਾਂ ਨੇ ਲੱਖੇ ਸਿਧਾਣੇ ਵਿਰੁੱਧ ਦਰਜ ਐਫ ਆਈ ਆਰ ਖਾਰਿਜ ਕਰਨ ਲਈ ਸਰਕਾਰ ਨੂੰ ਅਲਟੀਮੇਟਮ ਦਿੱਤਾ।

ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਜਥੇ ਜਗਤਾਰ ਸਿੰਘ ਹਵਾਰਾ ਵੱਲੋਂ ਭਾਈ ਨਰੈਣ ਸਿੰਘ ਚੌੜਾ, ਪੋ੍ਰਫੈਸਰ ਬਲਜਿੰਦਰ ਸਿੰਘ, ਦਲ ਖਾਲਸਾ ਦੇ ਬਲਦੇਵ ਸਿੰਘ ਸਿਰਸਾ, ਅਮਰੀਕ ਸਿੰਘ ਈਸੜੂ, ਸੁਰਜੀਤ ਸਿੰਘ ਖਾਲਿਸਤਾਨੀ, ਯੂਥ ਆਗੂ ਸੁਖਰਾਜ ਸਿੰਘ ਨਿਆਮੀਵਾਲ, ਜਗਜੀਤ ਸਿੰਘ ਖੋਸਾ, ਸੁਰਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਨਾਮ ਸਿੰਘ, ਦਿਲਬਾਗ ਸਿੰਘ, ਹਰਪ੍ਰੀਤ ਸਿੰਘ ਨੇ ਹਿੱਸਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , ,