ਸਿੱਖ ਖਬਰਾਂ

ਕਿਰਪਾਨ ਬਾਰੇ ਬਰਤਾਨਵੀ ਸਰਕਾਰ ਦੇ ਫੈਸਲੇ ਅਤੇ ਕਰਤਾਰਪੁਰ ਲਾਂਘੇ ਦਾ ਫੈਡਰੇਸ਼ਨ ਆਫ ਸਿੱਖ ਆਰਗਨਾਈਜੇਸ਼ਨਜ਼ ਯੂ.ਕੇ ਨੇ ਕੀਤਾ ਸਵਾਗਤ

December 1, 2018 | By

ਲੰਡਨ – ਕਿਰਪਾਨ ਹਰ ਸਿੱਖ ਦਾ ਅਨਿੱਖੜਵਾਂ ਅੰਗ ਹੈ। ਪੰਜ ਕਕਾਰਾਂ ਵਿੱਚੋਂ ਇੱਕ ਕਿਰਪਾਨ ਅੰਮ੍ਰਿਤਧਾਰੀ ਗੁਰਸਿੱਖ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਹਰ ਵਕਤ ਪਹਿਨਣ ਦਾ ਹੁਕਮ ਹੈੇ ਇਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਬਹੁਤ ਹੀ ਪਿਆਰ ਅਤੇ ਸਤਿਕਾਰ ਸਹਿਤ ਇਸ ਨਾਲ ਜੁੜੀਆਂ ਹੋਈਆਂ ਹਨ ਅਤੇ ਸਦਾ ਹੀ ਜੁੜੀਆਂ ਰਹਿਣਗੀਆਂ। ਬਰਤਾਨੀਆ ਦੀ ਸਰਕਾਰ ਵਲੋਂ ਵੱਡੀ ਕਿਰਪਾਨ ਨੂੰ ਪਾਬੰਦੀ ਸ਼ੁਦਾ ਹਥਿਆਰਾਂ ਦੀ ਸੂਚੀ ਵਿੱਚੋਂ ਬਾਹਰ ਰੱਖੇ ਜਾਣ ਦਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ।

ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ, ਸਿੱਖ ਨੈੱਟਵਰਕ, ਸਿੱਖ ਫੈਡਰੇਸ਼ਨ ਯੂ.ਕੇ, ਸਮੇਤ ਇਸ ਸੰਬੰਧੀ ਸਾਰਥਕ ਉਪਰਾਲਾ ਕਰਨ ਵਾਲੀਆਂ ਸਮੁੱਚੀਆਂ ਸੰਸਥਾਵਾਂ ਅਤੇ ਅਦਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ। ਜਿਹਨਾਂ ਨੇ ਬੜੀ ਹੀ ਸੰਜੀਦਗੀ ਨਾਲ ਬਰਤਾਨਵੀ ਸਰਕਾਰ ਨੂੰ ਕਿਰਪਾਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਸਿੱਖਾਂ ਵਾਸਤੇ ਇਸਦੀ ਅਹਿਮੀਅਤ ਬਾਰੇ ਦੱਸਿਆ।

“ਕਰਤਾਰਪੁਰ ਲਾਂਘੇ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਸਨੀਕਾਂ ਦੀ ਸਾਂਝ ਵਧੇਗੀ”

ਬਰਤਾਨੀਆਂ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਇਸਦੇ ਨਾਲ ਹੀ ਕਰਤਾਰਪੁਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਲਾਂਘੇ ਦਾ ਸਵਾਗਤ ਕਰਦਿਆਂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਦੀ ਪਹਿਲ ਕਦਮੀ ਨਾਲ ਇਹ ਕਾਰਜ ਨੇਪਰੇ ਚੜ੍ਹਨ ਲੱਗਾ ਹੈ।

ਇਸ ਵਾਸਤੇ ਹਿੰਦੋਸਤਾਨ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਆਪਣਾ ਨਾਂ ਲੈਣ ਦੀ ਲੱਗੀ ਹੋਈ ਦੌੜ ਵੀ ਪੂਰੀ ਦੁਨੀਆਂ ਦਾ ਧਿਆਨ ਖਿੱਚ ਰਹੀ ਹੈ ਜਦਕਿ ਅਸਲੀਅਤ ਵਿੱਚ ਇਹ ਸਿਆਸੀ ਪਾਰਟੀਆਂ ਇਸ ਪ੍ਰਤੀ ਕਦੇ ਵੀ ਸੁਹਿਰਦ ਨਹੀਂ ਰਹੀਆਂ। ਇਹਨਾਂ ਵਲੋਂ ਹਰ ਸਮੇਂ ਹਰ ਮੁੱਦੇ ਨੂੰ ਸਿਰਫ ਵੋਟਾਂ ਦੀ ਸਿਆਸਤ ਲਈ ਹੀ ਵਰਤਿਆ ਜਾਂਦਾ ਰਿਹਾ ਹੈ । ਕਰਤਾਰਪੁਰ ਸਾਹਿਬ ਲਾਂਘੇ ਨਾਲ ਜਿੱਥੇ ਸਿੱਖ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਗੁਰਦਵਾਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣਗੇ ਉੱਥੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਸਨੀਕਾਂ ਦੀ ਆਪਸੀ ਸਾਂਝ ਵਿੱਚ ਵਾਧਾ ਹੋਵੇਗਾ। ਜਿਸ ਪੰਜਾਬ ਨੂੰ ਸਿੱਖ ਵਿਰੋਧੀ ਸਿਆਸੀ ਲੋਕਾਂ ਵਲੋਂ 1947 ਦੀ ਵੰਡ ਵੇਲੇ ਬੜੀ ਹੀ ਚਲਾਕੀ ਨਾਲ ਦੋਫਾੜ ਕਰ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,