ਲੇਖ

ਜੂਨ 84 ਨੂੰ ਭੁੱਲਣ ਦੀ ਗੱਲ : -ਡਾ. ਸੇਵਕ ਸਿੰਘ (ਸਾਬਕਾ ਪ੍ਰਧਾਨ) ਸਿੱਖ ਸਟੂਡੈਂਟਸ ਫੈਡਰੇਸ਼ਨ

August 3, 2015 | By

ਤਾਜ਼ਾ ਲੰਘੀਆਂ ਲੋਕ ਸਭਾ ਚੋਣਾਂ ਸਮੇਂ ਪਏ ਦਲਬਦਲੀ ਦੇ ਗਾਹ ਵਿਚ ਅੰਗਰੇਜ਼ੀ ਅਖ਼ਬਾਰ ਹਿੰਦੋਸਤਾਨ ਟਾਈਮਜ਼ ਨੇ ਲਿਖਿਆ (ਗਿੱਲ ਜੂਨ ੮੪ ਨੂੰ ਭੁੱਲਿਆ)। ਸੁਣਿਐ ਇਹ ਪਹਿਲਾਂ ਹਰ ਸਾਲ ਇਹ ਦਿਹਾੜਾ ਮਨਾਇਆ ਕਰਦਾ ਸੀ। ਉਸਦੇ ਦਲ ਵਾਲਿਆਂ ਅਤੇ ਸਾਥੀਆਂ ਨੇ ਇਕ ਰਟਿਆ-ਰਟਾਇਆ ਬਿਆਨ ਦਿੱਤਾ- “ਪੰਥ ਦੀ ਪਿੱਠ ਵਿਚ ਛੁਰਾ ਮਾਰਿਐ”। ਇਸ ਬਾਰੇ ਇੱਕ ਟਿੱਪਣੀ ਕੈਨੇਡਾ ਤੋਂ ਨਿਕਲਦੇ ਪੰਜਾਬੀ ਅਖ਼ਬਾਰ ‘ਚੜ੍ਹਦੀ ਕਲਾ’ ਨੇ ਕੀਤੀ- “ਜਿਨ੍ਹਾਂ ਨੇ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ, ਗਿੱਲ ਨੇ ਤਾਂ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਿਐ”। ਇਸੇ ਖ਼ਬਰ ਬਾਰੇ ਕਾਮਰੇਡਾਂ ਦੇ ਅਖ਼ਬਾਰ ‘ਨਵਾਂ ਜ਼ਮਾਨਾ’ ਨੇ ਵੀ ਸੰਪਾਦਕੀ ਲਿਖੀ ਕਿ ਜਦੋਂ ਗਿੱਲ ਅਤੇ ਉਹਦੇ ਵਰਗੇ ਹੋਰ ਅਨੇਕਾਂ ਘਰਾਂ ਤੋਂ ਚੱਲੇ ਸਨ ਤਾਂ ਉਦੋਂ ਇਹ ਸਾਰੇ ਇਸ ਤਰ੍ਹਾਂ ਦੇ ਨਹੀਂ ਸਨ। ਇਨ੍ਹਾਂ ਦੇ ਇਸ ਤਰ੍ਹਾਂ ਹੋਣ ਵਿਚ ਭਿੰਡਰਾਂਵਾਲੇ ਨਾਲੋਂ ਸ. ਬਾਦਲ ਵਰਗਿਆਂ ਦਾ ਵੱਧ ਦੋਸ਼ ਹੈ। ਅਖ਼ਬਾਰਾਂ ਵਿਚ ਛਪੇ ਬਿਆਨ ਅਤੇ ਅਲਫਾ ਟੀ.ਵੀ. ‘ਤੇ ਗੱਲਬਾਤ ਦੌਰਾਨ ਉਸਨੇ ਕਹਿ ਦਿੱਤਾ ਕਿ ਸਾਨੂੰ ਬੀਤੇ ਨੂੰ ਭੁੱਲ ਜਾਣਾ ਚਾਹੀਦਾ ਹੈ ਹੁਣ ਕਾਂਗਰਸ ਬਦਲ ਗਈ ਹੈ। ਕਾਂਗਰਸ ਦੇ ਬਦਲਣ ਦੀ ਗੱਲ ਬਾਅਦ ਵਿਚ ਪਹਿਲਾਂ ਅਸੀਂ ਭੁੱਲ ਦੀ ਗੱਲ ਕਰ ਲਈਏ।

ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਨੇ ਵਾਅਦਾ ਕੀਤਾ ਸੀ ਕਿ ਪਿਛਲੇ ਸਮੇਂ ਵਿਚ ਹੋਏ ਜ਼ੁਲਮਾਂ ਦੀ ਕਾਨੂੰਨੀ ਪੜਚੋਲ ਲਈ ਜਾਂਚ ਕਮਿਸ਼ਨ ਬਿਠਾਇਆ ਜਾਵੇਗਾ। ਜਿੱਤਣ ਮਗਰੋਂ ਉਨ੍ਹਾਂ ਦਾ ਉੱਤਰ ਸੀ, “ਛੱਡੋ ਜੀ, ਇਨ੍ਹਾਂ ਗੱਲਾਂ ਨੂੰ ਹੁਣ ਭੁੱਲਣ ਵਿਚ ਫਾਇਦਾ ਹੈ।” ਸ. ਬਾਦਲ ਬਦਲ ਗਏ ਉਨ੍ਹਾਂ ਲਈ ਜੂਨ ੮੪ ਮਦਾਰੀ ਦੀ ਡੁਗਡੁਗੀ ਨਾਲੋਂ ਵੱਧ ਕੁਝ ਨਹੀਂ। ਕੁਝ ਸਮੇਂ ਪਹਿਲਾਂ ਹਰਿਆਣੇ ਦਾ ਸਾਬਕਾ ਕਾਂਗਰਸੀ ਮੁੱਖ ਮੰਤਰੀ ਭਜਨ ਲਾਲ ਸ੍ਰੀ ਦਰਬਾਰ ਸਾਹਿਬ ਆਇਆ ਤਾਂ ਸਿੱਖਾਂ ਨੂੰ ਨਸੀਹਤ ਦੇ ਕੇ ਗਿਆ ਕਿ ੮੪ ਨੂੰ ਭੁੱਲ ਜਾਣਾ ਚਾਹੀਦਾ ਹੈ। ਭਜਨ ਲਾਲ ਦੀ ਗੱਲ ਤਾਂ ਸਮਝ ਪੈਂਦੀ ਹੈ ਕਿ ੧੯੮੨ ਦੀਆਂ ਏਸ਼ੀਅਨ ਖੇਡਾਂ ਸਮੇਂ ਸਿੱਖਾਂ ਦੀ ਬੇਪਤੀ ਕਰਨ ਦਾ ਉਸਦਾ ਗੱਡਿਆ ਝੰਡਾ ਕਿਸੇ ਉਤਾਰਿਆ ਨਹੀਂ। ਉਸਦੀ “ਮੈਂ” ਬੋਲਦੀ ਹੈ ਕਿ ਜੇ ਸਿੱਖ ਦਰਦ ਨੂੰ ਚੇਤੇ ਰੱਖਣਗੇ ਤਾਂ ਔਖੇ ਹੋਣਗੇ ਤੇ ਮਾਰੇ ਜਾਣਗੇ। ਜੇ ਦਿਨ-ਕਟੀ ਕਰਨੀ ਹੈ ਤਾਂ ਭਲਾਈ ਇਸੇ ‘ਚ ਹੈ ਕਿ ਬੀਤੇ ‘ਤੇ ਮਿੱਟੀ ਪਾਓ। ਭਜਨ ਲਾਲ ਅਜੇ ਵੀ ਨਹੀਂ ਬਦਲਿਆ ਉਹ ਸਾਨੂੰ ਸਾਡੇ ਘਰ ਆ ਕੇ ਇਹ ਆਖ ਕੇ ਗਿਆ ਹੈ।ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਨਾਲ ਅਨੇਕਾਂ ਸਿੱਖਾਂ ਨੂੰ ਕੋਈ ਰਾਤੋ-ਰਾਤ ਦੱਸ ਗਿਆ ਕਿ ਹੁਣ ਜੂਨ ੮੪ ਨੂੰ ਭੁੱਲ ਜਾਣਾ ਚਾਹੀਦਾ ਹੈ। ਇਹ ਸਭ ਕਹਿਣ ਵਾਲੇ ਜੂਨ ੮੪ ਨੂੰ ਸਮਝਦੇ ਕੀ ਹਨ?

ਜੂਨ ੮੪ ਬਾਰੇ ਬਹੁਤਾ ਦੁਸ਼ਮਣਾਂ ਅਤੇ ਦੂਜਿਆਂ ਨੇ ਲਿਖਿਆ, ਪੜਚੋਲਿਆ ਅਤੇ ਪ੍ਰਚਾਰਿਆ ਹੈ। ਬਹੁਤੇ ਲੋਕ ਹਾਰੀ ਹੋਈ ਮਾਨਸਿਕਤਾ ਕਾਰਨ ਇਸ ਨੂੰ ਦੋ ਸ਼ਖਸੀਅਤਾਂ ਦਾ ਟਕਰਾਅ ਮੰਨਦੇ ਹਨ ਕਿ ਇੰਦਰਾ ਗਾਂਧੀ ਅਤੇ ਸੰਤ ਭਿੰਡਰਾਂਵਾਲੇ ਦੇ ਸੁਭਾਅ ਕਾਰਨ ਵਾਪਰ ਗਿਆ। ਅਸਲ ਇਹ ਦੋਵੇਂ ਤਾਂ ਦੋ ਸਿਧਾਂਤਾਂ ਅਤੇ ਉਨ੍ਹਾਂ ਦੇ ਇਤਿਹਾਸ ਦੇ ਪ੍ਰਤੀਨਿਧ ਸਨ। ਘਟਨਾਵਾਂ ਨੂੰ ਤੋੜ ਕੇ ਵੇਖਣ ਵਾਲੇ ਕੁਝ ਵੀ ਕਹਿਣ ਪਰ ਇਹ ਟਕਰਾਅ ਇਤਿਹਾਸ ਵਲੋਂ ਸੇਧਿਆ ਹੋਇਆ ਸੀ ਅਤੇ ਅਟੱਲ ਸੀ।

ਕੈਪਟਨ ਦੇ ਮੁੱਖ ਮੰਤਰੀ ਬਣਨ ਦਾ, ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਨਾਲ ਅਜਿਹਾ ਕੀ ਵਾਪਰ ਗਿਆ ਹੈ ਕਿ ਸ. ਗਿੱਲ ਜਾਂ ਹੋਰ ਲੋਕ ਇੰਝ ਕਰਨ ਲੱਗ ਪਏ ਹਨ ਜਿਵੇਂ ਅਚਾਨਕ ਬਹੁਤ ਕੁਝ ਪ੍ਰਾਪਤ ਹੋ ਗਿਆ ਹੋਵੇ। ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕੀ ਕਾਂਗਰਸ ਪਾਰਟੀ ਨੇ ਸਿੱਖ ਸਰੂਪ ਵਾਲੇ ਲੋਕਾਂ ਨੂੰ ਉੱਚੇ ਅਹੁਦੇ ਨਹੀਂ ਲਾਇਆ। ਉਨ੍ਹਾਂ ਵਾਰੀ ਵੀ ਬੜੀ ਖੁਸ਼ੀ ਕੀਤੀ ਗਈ ਸੀ। ਪਰ ਜਿੰਨਾ ਨੁਕਸਾਨ ਸਿੱਖ ਸਰੂਪ ਵਾਲੇ ਵਿਅਕਤੀਆਂ ਨੇ ਕੀਤਾ ਹੈ ਕੀ ਉਨਾਂ ਹੋਰ ਕੋਈ ਕਰ ਸਕਿਆ। ਜਿੰਨੀ ਦਰਿੰਦਗੀ, ਨੀਚਤਾ ਅਤੇ ਬੇਸ਼ਰਮੀ ਸਿੱਖ ਸਰੂਪ ਵਾਲੇ ਪੁਲਿਸ ਅਫਸਰਾਂ, ਮੁੱਖ ਮੰਤਰੀ ਅਤੇ ਰਾਸ਼ਟਰਪਤੀ ਨੇ ਦਿਖਾਈ ਇੰਨੀ ਇਤਿਹਾਸ ਵਿਚ ਕਿਸੇ ਹੋਰ ਦੇ ਹਿੱਸੇ ਨਹੀਂ ਆਈ। ਇਕ ਪਾਸੇ ਪੁਲਿਸ ਕੈਟ ਘਰਾਂ ਵਿਚ ਇੱਜ਼ਤਾਂ ਲੁੱਟਦੇ, ਡਾਕੇ ਮਾਰਦੇ ਅਤੇ ਨਿਰਦੋਸ਼ਾਂ ਨੂੰ ਗੋਲੀਆਂ ਨਾਲ ਭੁੰਨਦੇ, ਦੂਜੇ ਪਾਸੇ ਅਸਲੀ ਯੋਧਿਆਂ ਨੂੰ ਕੋਹ-ਕੋਹ ਕੇ ਮਾਰ ਰਹੇ ਸਨ ਤਾਂ ਇਸ ਸਮੇਂ ਮੁੱਖ ਮੰਤਰੀ ਅਤੇ ਪੁਲਿਸ ਮੁਖੀ ਸਿੱਖ ਸਨ। ਇਸ ਤਰ੍ਹਾਂ ਦੀ ਸ਼ਾਂਤੀ ਤਾਂ ਸਿਧਾਰਥ ਸ਼ੰਕਰ ਰੇਅ ਅਤੇ ਜੇ.ਐਫ. ਰਿਬੀਰੋ ਵੀ ਨਹੀਂ ਕਰ ਸਕੇ।

ਜੂਨ ੮੪ ਵਿਚ ਜਦੋਂ ਅਜੇ ਹਵਾ ਵਿਚ ਬਾਰੂਦ ਦੀ ਹਮਕ ਆ ਰਹੀ ਸੀ ਜਦ ਅੰਮ੍ਰਿਤ ਸਰੋਵਰ ਦਾ ਪਾਣੀ ਨਿਰਦੋਸ਼ ਮਾਸੂਮਾਂ ਦੀ ਰੱਤ ਨਾਲ ਲਾਲ ਸੀ ਜਦੋਂ ਲੱਖ ਧੋਣ ਦੇ ਬਾਵਜੂਦ ਲਹੂ ਮਿੱਝ ਦੇ ਨਿਸ਼ਾਨ ਬਾਕੀ ਸਨ। ਦਰਬਾਰ ਸਾਹਿਬ ਦੀ ਪਰਕਰਮਾ ਵਿਚ ਅੱਤ ਦੀ ਗਰਮੀ ਵਿਚ ਜਦੋਂ ਗੋਲਿਆਂ ਦੇ ਸੇਕ ਅਤੇ ਧੂੰਏਂ ਕਾਰਨ ਤਾਪਮਾਨ ਹੋਰ ਵਧ ਗਿਆ ਸੀ ਤਾਂ ਕਈ ਦਿਨਾਂ ਦਾ ਭੁੱਖਾ-ਪਿਆਸਾ ਕੋਈ ਆਖਰੀ ਯੋਧਾ ਲੜ ਰਿਹਾ ਸੀ ਉਦੋਂ ਸਿੱਖ ਸਰੂਪ ਵਾਲਾ ਸਰਪ੍ਰਥਮ ਭਾਰਤੀ (ਰਾਸ਼ਟਰਪਤੀ) ਨਹਿਰੂ ਵਾਂਗ ਗੁਲਾਬ ਦਾ ਫੁੱਲ ਜੇਬ ‘ਤੇ ਲਾ ਕੇ ਛਤਰੀ ਦੀ ਛਾਂ ਹੇਠ ਹਾਲਾਤ ਦਾ ਜਾਇਜ਼ਾ ਲੈਣ ਲਈ ਗੇੜਾ ਕੱਢ ਕੇ ਗਿਆ। ਸਿੱਖਾਂ ਦਾ ਇਸ ਤਰ੍ਹਾਂ ਮਾਣ ਕਿਸੇ ਹੋਰ ਨੇ ਵਧਾਇਆ ਹੈ? ਜਦੋਂ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਸ. ਸਾਹਿਬ ਨੇ ਸੱਜਣ ਕੁਮਾਰ ਅਤੇ ਦੂਜਿਆਂ ਦੀ ਪਿੱਠ ਥਾਪੜੀ ਕਿ ਉਹ ਅਦਾਲਤ ਅਨੁਸਾਰ ਨਿਰਦੋਸ਼ ਹਨ ਇਹ ਪ੍ਰਧਾਨ ਮੰਤਰੀ ਬਣਨ ਦਾ ਪੂਰਵ ਧੰਨਵਾਦ ਵੀ ਹੋ ਸਕਦਾ ਹੈ। ਕਿਉਂਕਿ ਭਾਰਤੀ ਅਦਾਲਤਾਂ ਦੀ ਕਾਰਗੁਜ਼ਾਰੀ ਨੂੰ ਤਾਂ ਸਾਰੇ ਹੀ ਜਾਣਦੇ ਹਨ ਕਿ ਸਿੱਖਾਂ ਪ੍ਰਤੀ ਕਿੰਨੀ ਇਮਾਨਦਾਰ ਹੈ।

ਜਦੋਂ ਸਰਦਾਰ ਸਾਹਿਬ ੩੧ ਅਕਤੂਬਰ ਵਾਲੇ ਦਿਨ (ਜੇ ਉਦੋਂ ਤੱਕ ਪ੍ਰਧਾਨ ਮੰਤਰੀ ਰਹੇ ਤਾਂ) ਇੰਦਰਾ ਗਾਂਧੀ ਨੂੰ ਸ਼ਹੀਦ ਆਖ ਕੇ ਗੁਣ ਗਾਉਣਗੇ ਤਾਂ ਅਸੀਂ ਜਿਹੜੇ ਉਸਦੀ ਹਮਾਇਤ ਵਿਚ ਕੱਛਾਂ ਵਜਾ ਰਹੇ ਹਾਂ, ਜੂਨ ੮੪ ਅਤੇ ਨਵੰਬਰ ੮੪ ਦੇ ਬੁੱਢੇ, ਬੱਚੇ, ਔਰਤਾਂ ਤੇ ਨੌਜਵਾਨ ਸ਼ਹੀਦਾਂ ਸਮੇਤ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਕੀ ਆਖਾਂਗੇ? ਭੁੱਲ ਜਾਵਾਂਗੇ ਸਾਰਿਆਂ ਨੂੰ?

ਅਜੇ ਤਾਂ ਲਾਵਾਰਸ ਲਾਸ਼ਾਂ ਦੀ ਰਾਖ ਵੀ ਠੰਡੀ ਨਹੀਂ ਹੋਈ (ਜਿਨ੍ਹਾਂ ਨੂੰ ਸੀ.ਬੀ.ਆਈ. ਨੇ ਵੀ ਮੰਨਿਆ ਹੈ)। ਹਾਲੇ ਤਾਂ ਮਾਵਾਂ ਢਿੱਡਾਂ ਵਿਚ ਗ਼ਮਾਂ ਦੇ ਪਿੰਨੇ ਲਈ ਬੈਠੀਆਂ ਨੇ। ਅਜੇ ਤਾਂ ਗੁਆਚਿਆਂ ਦੀ ਆਸ ਵੀ ਨਹੀਂ ਮੁੱਕੀ। ਜ਼ੁਲਮ ਦੇ ਧੁਆਖੇ ਬੁਢੇ ਬਾਪ ਸੁੱਕੇ ਰੁੱਖਾਂ ਵਾਂਗ ਹਾਲੇ ਤਾਂ ਦਿਸ ਰਹੇ ਨੇ। ਗੁਰੂ ਰਹਿਮਤ ਕਰੇ ਚੰਗੀ ਗੱਲ ਏ ਸਿੱਖ ਦਿੱਖ ਵਾਲਾ ਪ੍ਰਧਾਨ ਮੰਤਰੀ ਬਣਿਆ। ਪਰ ਇੰਨੀ ਖੁਸ਼ੀ ਨਾ ਕਰੋ ਕਿ ਅੱਖਾਂ ਮਿਚ ਜਾਣ ਤੇ ਖੂਹ ‘ਚ ਡਿਗ ਪਵੋ।

ਕਾਂਗਰਸ ਦਾ ਕੀ ਬਦਲ ਗਿਆ ਹੈ। ਅਜੇ ਤਾਂ ਅਗਲਿਆਂ ਨੇ ਹੋਏ ਨੁਕਸਾਨ ਦੀ ਭਰਪਾਈ ਦਾ ਲਾਰਾ ਵੀ ਨਹੀਂ ਲਾਇਆ। ਅਜੇ ਤਾਂ ਜਿਨ੍ਹਾਂ ਕਾਰਨਾਂ ਕਰਕੇ ਇਹ ਸਭ ਹੋਇਆ ਉਹਨਾਂ ਦੇ ਹੱਲ ਦਾ ਸੰਕੇਤ ਵੀ ਨਹੀਂ ਦਿੱਤਾ ਗਿਆ ਹਾਲੇ ਤਾਂ ਅੱਗੇ ਨੂੰ ਵਧੀਕੀਆਂ ਕਰਨ ਤੋਂ ਮੀਸਣੀ ਤੌਬਾ ਵੀ ਨਹੀਂ ਕੀਤੀ। ਹਾਲੇ ਤਾਂ ਸਾਡੇ ਡਰਪੋਕਾਂ ਦੀਆਂ ਲੇਲੜੀਆਂ ਦੀ ਆਸ ਵੀ ਬੂਰੀ ਨਹੀਂ ਹੋਈ ਕਿ ਮਾਫੀ ਮੰਗੀ ਜਾਵੇ। ਵੈਸੇ ਮਾਫੀ ਅਣਜਾਣੇ ਵਿਚ ਹੋਏ ਕੰਮ ਲਈ ਮੰਗੀ ਜਾਂਦੀ ਹੈ। ਪੂਰੀ ਤਰ੍ਹਾਂ ਸੋਚ ਸਮਝ ਕੇ ਕੀਤੇ ਭਿਆਨਕ ਅਪਰਾਧ ਲਈ ਤਾਂ ਸਜ਼ਾ ਵੀ ਥੋੜ੍ਹੀ ਹੁੰਦੀ ਹੈ। ਇਹ ਕਿੰਨੀ ਦੁਖਦਾਇਕ ਗੱਲ ਹੈ ਕਿ ਅਗਲੇ ਰੱਜ ਕੇ ਜ਼ੁਲਮ ਕਰਦੇ ਹਨ ਉਪਰੋਂ ਕਹਿੰਦੇ ਹਨ ਕਿ ਭੁੱਲ ਜਾਓ ਅਸੀਂ ਆਪਣੀ ਕਾਇਰਤਾ ਦਾ ਸਿਖਰ ਛੋਂਹਦੇ ਹਾਂ ਕਿ ਚਲੋ ਤੁਸੀਂ ਮਾਫੀ ਮੰਗ ਲਵੋ। ਦੁਨੀਆਂ ਜਾਣਦੀ ਹੈ ਕਿ ਕਮਜ਼ੋਰਾਂ ਮਾੜਿਆਂ ਦੇ ਮਾਫ ਕਰਨ ਦਾ ਕੋਈ ਅਰਥ ਨਹੀਂ ਹੁੰਦਾ। ਹੁਣ ਤਾਂ ਕਈ ਲੋਕ ਮਾਫੀ ਦੀ ਗੱਲ ਛੱਡ ਕੇ ਕਾਂਗਰਸੀ ਪ੍ਰਧਾਨ ਦੇ ਪਰਉਪਕਾਰ ਦੇ ਸੋਹਲੇ ਵੀ ਗਾਉਣ ਲੱਗ ਪਏ ਹਨ।

ਇਕ ਸਾਧਾਰਨ ਬੰਦਾ ਵੀ ਆਪਣੀ ਬੇਇੱਜ਼ਤੀ ਨੂੰ ਕਦੇ ਨਹੀਂ ਭੁੱਲਦਾ। ਖ਼ਾਲਸਾ ਤਾਂ ਉਹ ਹੁੰਦਾ ਹੈ ਜਿਹਦੇ ਅੰਦਰ ਦੂਜਿਆਂ ਦਾ ਵੀ ਦਰਦ ਸਮਾ ਜਾਏ। ਚਾਹੀਦਾ ਤਾਂ ਇਹ ਸੀ ਕਿ ਸੈਂਕੜੇ ਸਾਲ ਪਹਿਲਾਂ ਲੜੇ ਰੋਮਨਾਂ ਦੇ ਗ਼ੁਲਾਮਾਂ ਤੋਂ ਲੈ ਕੇ ਅੱਜ ਦੇ ਇਰਾਕੀਆਂ ਦਾ ਦਰਦ ਸਾਡੇ ਅੰਦਰ ਉਤਰਦਾ ਪਰ ਹੋ ਇਹ ਰਿਹਾ ਹੈ ਕਿ ਚਸਕਦੇ ਹੱਡਾਂ ਅਤੇ ਤਸ਼ੱਦਦ ਦੀਆਂ ਗਵਾਹ ਹਜ਼ਾਰਾਂ ਮੂਰਤਾਂ ਦੇ ਹੁੰਦਿਆਂ ਸਾਨੂੰ ਦੁਸ਼ਮਣਾਂ ਦੀ ਵਧੀਕੀ ਅਤੇ ਆਪਣਿਆਂ ਦੀ ਗੱਦਾਰੀ ਸੇਹ ਦੇ ਤੱਕਲੇ ਵਾਂਗ ਨਹੀਂ ਰੜਕਦੀ।

ਮਰਨ ਨਾਲੋਂ ਹਾਰਨਾ ਮਾੜਾ ਹੁੰਦਾ ਏ ਤੇ ਹਾਰਨ ਨਾਲੋਂ ਡਰਨਾ ਮਾੜਾ ਹੁੰਦਾ ਹੈ। ਜਿਵੇਂ ਕੋਈ ਬੱਚਾ ਕਬਰਾਂ ਦੀ ਸੁੰਨ ਵਿਚ ਇੰਨਾ ਡਰੇ ਕਿ ਆਪਣਾ ਨਾਂ ਭੁੱਲ ਜਾਵੇ ਸ਼ਾਇਦ ਸਾਡੇ ਬਿਆਨ ਦਾਗਣ ਵਾਲੇ ਇਸੇ ਤਰ੍ਹਾਂ ਭੁੱਲਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਅਗਿਆਨਤਾ ਅਤੇ ਹੀਣਤਾ ਦੀ ਸਿਖਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,