ਸਿੱਖ ਖਬਰਾਂ

ਸਿੱਖ ਜੱਥੇਬੰਦੀਆਂ ਦੇ ਸੱਦੇ ‘ਤੇ ਜਿਲਾ ਫਰੀਦਕੋਟ ਬੰਦ ਨੂੰ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ

June 21, 2015 | By

ਫ਼ਰੀਦਕੋਟ (20 ਜੂਨ, 2015): ਸਿੱਖ ਜਥੇਬੰਦੀਆਂ ਵੱਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਦੇ ਰੋਸ ਵਜੋਂ ਦਿੱਤੇ ਫ਼ਰੀਦਕੋਟ ਜ਼ਿਲ੍ਹਾ ਬੰਦ ਕਰਨ ਦੇ ਸੱਦੇ ਨੂੰ ਨਾਮਾਤਰ ਹੁੰਗਾਰਾ ਮਿਲਿਆ। ਹਾਲਾਂਕਿ ਸਿੱਖ ਜਥੇਬੰਦੀਆਂ ਸ਼ਹਿਰ ਬੰਦ ਕਰਵਾਉਣ ਲਈ ਲੋਕਾਂ ਨੂੰ ਸ਼ਾਂਤੀਪੂਰਵਕ ਅਪੀਲ ਕਰਦੀਆਂ ਰਹੀਆਂ। ਸਵੇਰੇ ਸ਼ਹਿਰ ਆਮ ਵਾਂਗ ਖੁੱਲ੍ਹਾ ਰਿਹਾ।

ਫ਼ਰੀਦਕੋਟ ਵਿੱਚ ਬਾਜ਼ਾਰ ਬੰਦ ਕਰਨ ਦੀ ਅਪੀਲ ਕਰਦੇ ਹੋਏ ਸਿੱਖ ਜਥੇਬੰਦੀਆਂ ਦੇ ਆਗੂ

ਫ਼ਰੀਦਕੋਟ ਵਿੱਚ ਬਾਜ਼ਾਰ ਬੰਦ ਕਰਨ ਦੀ ਅਪੀਲ ਕਰਦੇ ਹੋਏ ਸਿੱਖ ਜਥੇਬੰਦੀਆਂ ਦੇ ਆਗੂ 

ਪੰਜਾਬੀ ਟ੍ਰਿਬਿਊਨ ਅਖਬਾਰ ਅਨੁਸਾਰ ਸਿੱਖ ਜਥੇਬੰਦੀਆਂ ਨੇ 11 ਵਜੇ ਤੋਂ ਬਾਅਦ ਸ਼ਹਿਰ ਵਿੱਚ ਮਾਰਚ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਪੁਲੀਸ ਬਲ ਵੀ ਤਾਇਨਾਤ ਸਨ। ਅਪੀਲ ਦੇ ਬਾਵਜੂਦ ਸ਼ਹਿਰ ਦੀਆਂ ਇੱਕਾ-ਦੁੱਕਾ ਦੁਕਾਨਾਂ ਹੀ ਬੰਦ ਹੋਈਆਂ। ਇੱਥੋਂ ਤੱਕ ਕਿ ਅਕਾਲੀ ਵਿਧਾਇਕ ਦੀਪ ਮਲਹੋਤਰਾ ਦਾ ਕੋਈ ਦਫ਼ਤਰ ਜਾਂ ਸ਼ਰਾਬ ਦਾ ਠੇਕਾ ਬੰਦ ਨਹੀਂ ਹੋਇਆ।

ਸਾਦਿਕ : ਕਸਬੇ ਵਿੱਚ ਮਾਮੂਲੀ ਟਕਰਾਅ ਹੋਣ ਦੀ ਸੂਚਨਾ ਹੈ। ਇਸ ਤੋਂ ਇਲਾਵਾ ਸਮੁੱਚੇ ਜ਼ਿਲ੍ਹੇ ਵਿੱਚ ਬੰਦ ਦੌਰਾਨ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਜਥੇਬੰਦੀਆਂ ਦੇ ਆਗੂ ਬਾਬਾ ਬਾਬਾ ਬਲਜੀਤ ਸਿੰਘ ਦਾਦੂਵਾਲ, ਸੁਰਜੀਤ ਸਿੰਘ ਅਰਾਈਆਂਵਾਲਾ, ਅਮਰੀਕ ਸਿੰਘ ਅਜਨਾਲਾ ਅਤੇ ਭਾਈ ਜਸਕਰਨ ਸਿੰਘ ਨੇ ਕਿਹਾ ਕਿ ਇਨਸਾਫ਼ ਲਈ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਿੱਖ ਜਥੇਬੰਦੀਆਂ ਦੀ ਇੱਥੇ ਹੋਈ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਵੀ ਵਿਉਂਤਬੰਦੀ ਕੀਤੀ ਗਈ। ਕੁਝ ਆਗੂਆਂ ਨੇ ਅੌਰਬਿਟ ਬੱਸਾਂ ਘੇਰਨ ਅਤੇ ਚੱਕਾ ਜਾਮ ਕਰਨ ਦਾ ਸੁਝਾਅ ਦਿੱਤਾ।

ਜੈਤੋ: ਬੰਦ ਦੇ ਸੱਦੇ ਦੇ ਬਾਵਜੂਦ ਅੱਜ ਸਵੇਰੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਪਰ ਦੇਰ ਨਾਲ ਸਪੀਕਰ ’ਤੇ ਬੰਦ ਬਾਰੇ ਹੋਈ ਮੁਨਾਦੀ ਕਾਰਨ ਫ਼ਲਾਂ, ਸਬਜ਼ੀਆਂ ਤੇ ਦੁੱਧ ਦੇ ਕਾਰੋਬਾਰੀਆਂ ਨੂੰ ਫ਼ਿਕਰ ਪੈ ਗਿਆ। ਦਸ ਕੁ ਵਜੇ ਦੇ ਕਰੀਬ ਬਾਬਾ ਬਲਜੀਤ ਸਿੰਘ ਦਾਦੂਵਾਲ ਗੁਰਦੁਆਰਾ ਗੰਗਸਰ ਸਾਹਿਬ ਵਿੱਚ ਪਹੁੰਚੇ ਅਤੇ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਸੰਗਤ ਨੂੰ ਆਖਿਆ ਕਿ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਬਾਠ ਦੀ ਅਗਵਾਈ ਵਿੱਚ ਬਾਜ਼ਾਰਾਂ ਵਿੱਚ ਪਹੁੰਚ ਕੇ ਦੁਕਾਨਦਾਰਾਂ ਨੂੰ ਪਿਆਰ-ਸਤਿਕਾਰ ਅਤੇ ਸ਼ਾਂਤੀ ਨਾਲ ਬੰਦ ਦਾ ਸਮਰਥਨ ਕਰਨ ਲਈ ਅਪੀਲ ਕਰਨ।

ਉਨ੍ਹਾਂ ਪੱਤਰਕਾਰਾਂ ਨਾਲ ਵੱਖਰੇ ਤੌਰ ‘ਤੇ ਗੱਲ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਮਾਮਲਾ ਜਲਦੀ ਹੱਲ ਨਾ ਹੋਇਆ ਤਾਂ ਅਗਲਾ ਐਕਸ਼ਨ ਇਸ ਤੋਂ ਤਿੱਖਾ ਅਤੇ ਸਖ਼ਤ ਹੋਵੇਗਾ। ਅਰਦਾਸ ਮਗਰੋਂ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਕਾਫ਼ਲਾ ਸ੍ਰ ਬਾਠ ਦੀ ਅਗਵਾਈ ਵਿੱਚ ਸ਼ਹਿਰ ਬੰਦ ਕਰਾਉਣ ਲਈ ਮਾਰਚ ‘ਤੇ ਨਿਕਲ ਪਿਆ। ਇਸ ਦੇ ਬਰਾਬਰ ਹੀ ਅਣਪਛਾਤੇ ਵਿਅਕਤੀਆਂ ਦਾ ਇਕ ਗਰੁੱਪ ਕੋਟਕਪੂਰਾ ਚੌਕ ਤੋਂ ਚੱਲ ਕੇ ਬਾਜਾ ਚੌਕ, ਚੌਕ ਨੰਬਰ ਦੋ ਰਾਹੀਂ ਹੁੰਦਾ ਜਦੋਂ ਇਕ ਨੰਬਰ ਚੌਕ ਵੱਲ ਵਧਿਆ ਤਾਂ ਰਸਤੇ ਵਿੱਚ ਇਨ੍ਹਾਂ ਦੀ ਦੁਕਾਨਦਾਰਾਂ ਨਾਲ ਝੜਪ ਹੋ ਗਈ ਕਿਉਂਕਿ ਇਹ ਵਿਅਕਤੀ ਕਥਿਤ ਤੌਰ ’ਤੇ ਸਖ਼ਤ ਭਾਸ਼ਾ ਵਰਤ ਕੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾ ਰਹੇ ਸਨ। ਮੌਕੇ ’ਤੇ ਪਹੁੰਚੀ ਪੁਲੀਸ ਟੀਮ ਨੇ ਦੁਕਾਨਦਾਰਾਂ ਨੂੰ ਸਮਝਾ ਕੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਅਤੇ ਬੰਦ ਕਰਵਾਉਣ ਵਾਲਿਆਂ ਨੂੰ ਅੱਗੇ ਤੋਰ ਕੇ ਮਾਮਲਾ ਨਿਬੇਡ਼ ਦਿੱਤਾ।

ਬਾਜਾਖਾਨਾ: ਬੰਦ ਦੇ ਸੱਦੇ ਤਹਿਤ ਅੱਜ ਬਾਜਾਖਾਨਾ ਮੁਕੰਮਲ ਬੰਦ ਰਿਹਾ। ਇਸ ਦੀ ਅਗਵਾਈ ਕੁਲਵੰਤ ਸਿੰਘ ਬਾਜਾਖਾਨਾ, ਰਣਜੀਤ ਸਿੰਘ ਵਾਂਦਰ, ਜੱਗਾ ਸਿੰਘ, ਗੁਰਪ੍ਰੀਤ ਸਿੰਘ ਬਰਗਾੜੀ, ਜਥੇਦਾਰ ਪ੍ਰੀਤਮ ਸਿੰਘ, ਖਾਲਸਾ ਬੇਅੰਤ ਸਿੰਘ ਵਾਂਦਰ, ਸਿਕੰਦਰ ਸਿੰਘ, ਚਰਨ ਸਿੰਘ ਠੱਠੀ ਭਾਈ ਅਤੇ ਮੱਖਣ ਸਿੰਘ ਸਮਾਲਸਰ ਨੇ ਕੀਤੀ।

ਪੰਜਗਰਾਂਈ: ਬੰਦ ਦੇ ਸੱਦੇ ਨੂੰ ਪੰਜਗਰਾਈਂ ਕਲਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਜਿੱਥੇ ਅੱਜ ਪਿੰਡ ਵਿੱਚੋਂ ਲੰਘਦੇ ਮੋਗਾ-ਕੋਟਕਪੂਰਾ ਜੀ.ਟੀ. ਰੋਡ ’ਤੇ ਸਥਿਤ ਦੁਕਾਨਾਂ ਨੂੰ ਦੁਕਾਨਦਾਰਾਂ ਨੇ ਮੁਕੰਮਲ ਰੂਪ ਵਿੱਚ ਬੰਦ ਰੱਖਿਆ, ਉੱਥੇ ਪਿੰਡ ਵਿਚਲੀਆਂ ਕਈ ਦੁਕਾਨਾਂ ਦੇ ਮਾਲਕਾਂ ਤੇ ਇਲਾਕੇ ਦੇ ਲੋਕਾਂ ਨੇ ਵੀ ਆਪਣੇ ਵਪਾਰਕ ਅਦਾਰੇ ਤੇ ਕਾਰੋਬਾਰ ਬੰਦ ਰੱਖੇ। ਇਸ ਮੌਕੇ ਪੰਥਕ ਆਗੂ ਰੁਪਿੰਦਰ ਸਿੰਘ ਪੰਜਗਰਾਈਂ ਤੇ ਦਵਿੰਦਰ ਸਿੰਘ ਹਰੀਏਵਾਲਾ ਨੇ ਲੋਕਾਂ ਨੂੰ ਆਪਣੇ ਵਪਾਰਕ ਅਦਾਰੇ ਤੇ ਕਾਰੋਬਾਰ ਬੰਦ ਰੱਖਣ ਲਈ ਪ੍ਰੇਰਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: