ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਇਤਿਹਾਸ ਦੇ ਪੰਨੇ – ਜਦੋਂ ਸਿੰਘਾਂ ‘ਅੱਗ ਦਾ ਦਰਿਆ’ ਪਾਰ ਕੀਤਾ…

November 8, 2018 | By

ਸਿੰਘਾਂ ਦੀ ਮਾਰ ਤੋਂ ਤਰੱਠਿਆ ਹੋਇਆ ਮੁਲਖਈਆ, ਹੁਣ ਸਿੰਘਾਂ ਪਿੱਛੇ ਪੈਣ ਲਈ ਝੱਲ ਵਿਚ ਵੜਨ ਵਾਸਤੇ ਮੂੰਹ ਨਾ ਕਰੇ। ਫ਼ੌਜ ਦੇ ਹੁਣ ਕਾਫ਼ੀ ਸਵਾਰ ਤੇ ਪਿਆਦਾ ਸਿਪਾਹੀ ਝੱਲ ਵਿਚ ਵਾੜੇ ਗਏ। ਧਾੜਾਂ ਨੂੰ ਧੱਕ ਕੇ ਨਾਲ ਕੀਤਾ। ਕਿਸੇ ਦਾ ਦਿਲ ਸਾਥ ਨਾ ਦੇਵੇ ਕਿ ਸੰਘਣੇ ਝੱਲ ਵਿਚ ਅੱਗੇ ਵੱਧ ਕੇ ਸਿੰਘਾਂ ਦੇ ਗਲ ਪਵੇ। ਸਾਰਿਆਂ ਦੀ ਦਿਲੀ ਖ਼ਾਹਿਸ਼ ਸੀ ਕਿ ਝੱਲ ਵਿਚ ਸਿੰਘਾਂ ਤੋਂ ਖ਼ਾਸੀ ਵਿੱਥ ਤੇ ਹੀ ਰਹੇ। ਇਸ ਆਨਾ-ਕਾਨੀ ਵਿਚ ਫ਼ੌਜ ਨੇ ਕਾਫ਼ੀ ਸਮਾਂ ਗੁਆ ਲਿਆ, ਜਿਸ ਤੋਂ ਲਾਭ ਉਠਾ ਕੇ ਸਿੰਘ ਬਹੁਤ ਅੱਗੇ ਵੱਧ ਗਏ ਸਨ। ਲਖਪਤ ਨੇ ਫ਼ੌਜ ਤੇ ਮੁਲਖਈਏ ਨੂੰ ਦਿਲ ਛੱਡੀ ਬੈਠੇ ਵੇਖ ਕੇ ਆਪਣਾ ਹਾਥੀ ਝੱਲ ਵਿਚ ਵਧਾਇਆ ਤੇ ਸਾਰਿਆਂ ਨੂੰ ਕੁਝ ਕਰ ਗੁਜਰਨ ਲਈ ਡਾਢਾ ਵੰਗਾਰਿਆ। ਇਕ ਵਾਰ ਜੋਸ਼ ਵਿਚ ਨਾਅਰੇ ਗੰਜੇ, ਜਵਾਨਾਂ ਦੇ ਸੀਨਿਆਂ ਵਿਚ ਤਿੱਖ ਆਈ ਤੇ ਅੱਗੇ ਵੱਧ ਤੁਰੇ।

ਸਿੰਘ ਰਾਵੀ ਦੇ ਸੱਜੇ ਕੰਢੇ ਸੰਘਣੇ ਝੱਲੋ ਝੱਲ ਲਾਹੌਰ ਵੱਲ ਨੂੰ ਆ ਰਹੇ ਸਨ ਤੇ ਲਖਪਤ ਵੀ ਫ਼ੌਜਾਂ ਨੂੰ ਲਲਕਾਰਦਾ ਹੋਇਆ ਮਗਰੋਂ ਦੱਬੀ ਆ ਰਿਹਾ ਸੀ। ਪੈਦਲ ਵਹੀਰ ਤੇ ਜ਼ਖ਼ਮੀਆਂ ਕਾਰਨ ਸਿੰਘਾਂ ਵਾਸਤੇ ਦੁਸ਼ਮਣ ਨਾਲੋਂ ਕਾਫ਼ੀ ਵਿੱਥ ਤੇ ਰਹਿਣਾ ਔਖਾ ਹੋ ਰਿਹਾ ਸੀ। ਪੈਰੋਂ ਪੈਰ ਇਹ ਵਿੱਥ ਘਟਦੀ ਵੇਖ ਕੇ ਫ਼ੈਸਲਾ ਕੀਤਾ ਕਿ ਰਾਵੀ ਟੱਪ ਕੇ ਖੱਬੇ ਕੰਢੇ ਤੇ ਹੋ ਜਾਈਏ ਤੇ ਇਥੋਂ ਰਿਆੜਕੀ ਅਤੇ ਮਾਝੇ ਵਿਚਦੀ ਲੰਘ ਕੇ ਮਾਲਵੇ ਵਿਚ ਖਿਲਰ ਜਾਈਏ। ਜਦ ਝੱਲ ਵਿਚਦੀ ਹੋ ਕੇ ਦਰਿਆ ਦੇ ਕੰਢੇ ਤੇ ਪੁੱਜੇ ਤਾਂ ਸਿਖਰ ਦੁਪਹਿਰ ਹੋ ਚੁੱਕੀ ਸੀ। ਦੱਭ, ਕਾਹੀ ਤੇ ਸਰਕੜੇ ਦੇ ਤੁਲ੍ਹੇ ਬਣਾ ਕੇ ਪਾਰ ਹੋਣਾ ਆਰੰਭ ਕਰ ਦਿੱਤਾ।

ਪ੍ਰਤੀਕਾਤਮਕ ਤਸਵੀਰ

ਫ਼ੌਜ ਸਿੰਘਾਂ ਦੀ ਖੋਜ ਵਿਚ ਮਗਰ ਮਗਰ ਝੱਲ ਅੰਦਰ ਟੱਕਰਾਂ ਮਾਰਦੀ ਆ ਰਹੀ ਸੀ ਕਿ ਸਿੰਘ ਰਾਵੀ ਟੱਪ ਕੇ ਖੱਬੇ ਕੰਢੇ ਤੇ ਹੋ ਗਏ। ਇਨ੍ਹਾਂ ਦੇ ਇੰਜ ਪਾਰ ਹੈ ਜਾਣ ਦੀ ਅਜੇ ਫ਼ੌਜ ਨੇ ਖ਼ਬਰ ਨਹੀਂ ਸੀ ਮਿਲੀ। ਹਣ ਲਖਪਤ ਦੀ ਫ਼ੌਜ ਤੇ ਸਿੰਘਾਂ ਵਿਚਕਾਰ ਝੱਲ ਅਤੇ ਚੜ੍ਹਿਆ ਹੋਇਆ ਵਹਿੰਦਾ ਦਾਂਰਆ ਸੀ। ਪਰ ਸਿੰਘਾਂ ਸਿਰੋਂ ‘ਬਿਪਤਾ’ ਟਲਣ ਦੀ ਥਾਂ ਸਗੋਂ ਇਕ ਹੋਰ ਭਿਆਨਕ ਰੂਪ ਧਾਰੀ ਖੜੀ ਸੀ। ਦਰਿਆ ਦੇ ਇਸ ਖੱਬੇ ਕੰਢੇ ਨਾਲ ਢਾਈ ਕੋਹ ਤਿੰਨ ਕੁ ਮੀਲੂ ਦੀ ਇਕ ਤਕੜੀ ਬਰੇਤੀ (ਦਰਿਆਈ ਮੋਟੀ ਰੇਤ ਦੀ) ਸੀ, ਜਿਸ ਦੀ ਰੇਤ ਜੇਠ ਦੀ ਸਿਖਰ ਦੁਪਹਿਰ ਦੀ ਗਰਮੀ ਨਾਲ ਅੰਗਿਆਰਾਂ ਵਾਂਗ ਭੱਖ ਰਹੀ ਸੀ। ਮਾਨੋ ਇਹ ਤਿੰਨ ਮੀਲ ਚੌੜੀ, ਗਰਮੀ ਨਾਲ ਭੱਖ ਰਹੀ ਲੋਹ ਸੀ, ਜਿਸ ਉੇਪਰ ਦੀ ਸਿੰਘਾਂ ਗੁਜ਼ਰਨਾ ਸੀ; ਤੇ ਗੁਜ਼ਰਨਾ ਵੀ ਇਨ੍ਹਾਂ ਹੁਣੇ ਹੁਣੇ ਸੀ, ਕਿਉਂ ਜੁ ਸੂਰਜ ਨੂੰ ਨੀਵਾਂ ਹੋਣ ਤੇ ਰੇਤ ਦੇ ਕੁਝ ਕੁ ਠੰਢੇ ਹੋਣ ਤਕ ਖਲੋ ਕੇ ਉਡੀਕਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਦੁਸ਼ਮਣ ਮੌਤ ਦਾ ਤੂਫ਼ਾਨ ਬਣ ਕੇ ਮਗਰ ਚੜ੍ਹਿਆ ਆ ਰਿਹਾ ਸੀ। ਸੋ ਇਸ ਅੱਗ ਦੇ ਦਰਿਆ ਵਿਚਦੀ ਹੋ ਤੁਰੇ। ਘੋੜਿਆਂ ਵਾਲੇ ਤਾਂ ਬਿਨਾਂ ਬਹੁਤੀ ਔਖ ਦੇ ਜਿਵੇਂ ਕਿਵੇਂ ਇਸ ਆਫ਼ਤ ਨੂੰ ਚੀਰਦੇ ਹੋਏ ਨਿਕਲ ਗਏ। ਪਰ ਪੈਦਲ ਸਿੰਘਾਂ ਦੇ ਨੰਗੇ ਵਾਹਣੇ ਪੈਰ ਸੜ ਸੜ ਭੜਥਾ ਹੋ ਗਏ ਤੇ ਉਹ ਲੱਗੇ ਫੁੜਕ ਫੁੜਕ ਢੇਰੀ ਹੋਣ। ਜ਼ਖ਼ਮੀ ਜੋ ਹੁਣੇ ਹੁਣੇ ਦਰਿਆ ਵਿਚਦੀ ਲੰਘਾਏ ਸਨ, ਉਹ ਦਰਿਆ ਦਾ ਪਾਣੀ ਲੱਗਣ ਨਾਲ ਫੱਟਾਂ ਵਿਚ ਚੀਸਾਂ ਪੈਣ ਨਾਲ ਬਿਹਬਲ ਹੋਏ ਪਏ ਸਨ, ਹੁਣ ਜਦ ਪੈਰ ਵੀ ਥੱਲਿਓ ਮਚਣ ਲੱਗੇ ਤੇ ਉਤੋਂ ਜੇਠ ਦੀ ਕੜਕਦੀ ਧੁੱਪ ਨੇ ਆਪਣਾ ਕਹਿਰ ਢਾਹਿਆ ਤਾਂ ਉਹ ਬੁਰੀ ਤਰ੍ਹਾਂ ਨਿਢਾਲ ਹੈ ਗਏ। ਫੱਟੜ ਵੀ ਨੰਗੇ ਪੈਰੀਂ ਤੇ ਉਨ੍ਹਾਂ ਨੂੰ ਸਹਾਰਾ ਦੇ ਕੇ ਜਾਂ ਚੁੱਕ ਕੇ ਲਈ ਆਉਦੇ ਸਿੰਘ ਵੀ ਨੰਗੇ ਪੈਰੀਂ। ਤਨ ਉੱਤੇ ਤਾਂ ਪੂਰੇ ਕੱਪੜੇ ਵੀ ਨਹੀਂ ਸਨ, ਪੈਰੀਂ ਜੋੜੇ ਕਿਥੋਂ! ਕਿਸੇ ਪਾਸ ਵਾਧੂ ਕੱਪੜੇ ਨਹੀਂ ਸਨ। ਇਸ ਬਿਪਤਾ ਮੂੰਹ ਫਸਿਆ ਤਨ ਤੇ ਜੋ ਥੋੜ੍ਹੇ ਬਹੁਤ ਕੱਪੜੇ ਸਨ, ਉਹ ਪਾੜ ਪਾੜ ਕੇ ਪੈਰਾਂ ਨੂੰ ਬੰਨ੍ਹੇ। ਜਦ ਬੈਠ ਕੇ ਪੈਰਾਂ ਦੁਆਲੇ ਕੱਪੜੇ ਬੰਨ੍ਹਣ ਤਾਂ ਹੇਠੋਂ ਪੱਟ ਤੇ ਚਿੱਤੜ ਸੜਨ। ਵੱਡੇ ਛੱਡੇ ਛਾਲੇ ਤੇ ਫਲੂਹੇ ਪੈ ਗਏ ਤੇ ਤੁਰਨੋਂ ਆਰੀ ਹੈ ਗਏ। ਕਈ ਦਿਨਾਂ ਦੇ ਢਿੱਡੋਂ ਭੁੱਖੇ, ਉਨੀਂਦਰਾ, ਥਕਾਵਟ, ਜ਼ਖ਼ਮਾਂ ਨਾਲ ਵਿੰਨ੍ਹੇ ਪਾਟੇ ਸਰੀਰ, ਜੇਠ ਮਹੀਨੇ ਦੀ ਕਹਿਰ ਭਰੀ ਗਰਮੀ ਤੇ ਸਾੜ ਭੁੰਨ ਕੇ ਰੱਖ ਦੇਣ ਵਾਲੀ ਲੋਅ, ਪੈਰਾਂ ਥੱਲੇ ਮੱਘਦੀ ਭੱਠੀ ਵਾਂਗ ਹੋਈ ਬਰੇਤੀ, ਪਿੱਛੇ ਪੱਥਰ-ਦਿਲ ਤੇ ਬੇ-ਰਹਿਮ ਵੈਰੀ ਹੈ, ਜੋ ਮਾਰ ਮੁਕਾਉਣ ਲਈ ਦੱਬੀ ਆ ਰਿਹਾ ਹੈ ਅਤੇ ਅਗਲੀ ਮੰਜ਼ਲ ਦਾ ਕੋਈ ਪਤਾ ਨਹੀਂ ਕਿ ਕਿਥੇ ਅਪੜਨਾ ਹੈ, ਉਥੇ ਕਿਸੇ ਖਲੋਣ ਵੀ ਦੇਣਾ ਹੈ ਕਿ ਨਹੀਂ। ਪਰ ਆਫ਼ਰੀਨ ਹੈ ਸਿੰਘਾਂ ਦੇ ਸਿਰੜ ਦੇ! ਅਕਾਲ ਪੁਰਖ ਉੱਤੇ ਭਰੋਸਾ ਤੇ ‘ਆਪਨੀ ਜੀਤ’ ਦੇ ਨਿਸਚੇ ਉੱਤੇ ਦ੍ਰਿੜ੍ਹ ਕਸੀਸ ਵੱਟ ਕੇ ਤੁਰੀ ਗਏ ਤੇ ਇਸ ਦੋਜ਼ਖ਼ ਦੀ ਅੱਗ ਦੇ ਦਰਿਆ ਨੂੰ ਪਾਰ ਕਰ ਗਏ।

(ਕਿਤਾਬ ਪਹਿਲਾ ਘੱਲੂਘਾਰਾ, ਪੰਨੇ 69 ਤੇ 70)

ਪਾਠਕਾਂ ਦੇ ਧਿਆਨ ਹਿਤ: ਪਹਿਲੇ ਘੱਲੂਘਾਰੇ ਦੇ ਅੰਤਾਂ ਦੇ ਕਸ਼ਟਾਂ ਭਰੇ ਹਾਲਾਤ ਵਿਚੋਂ ਉਕਤ ਇਕ ਵਾਕਾ ਸ. ਸਵਰਨ ਸਿੰਘ ਦੀ ਕਿਤਾਬ ‘ਪਹਿਲਾ ਘੱਲੂਘਾਰਾ’ ਵਿਚੋਂ ਪਾਠਕਾਂ ਦੀ ਜਾਣਕਾਰੀ ਲਈ ਸਾਂਝਾ ਕੀਤਾ ਹੈ। ਪਾਠਕ ਸ. ਸਵਰਨ ਸਿੰਘ ਦੀਆਂ ਕਿਤਾਬਾਂ ‘ਪਹਿਲਾ ਘੱਲੂਘਾਰਾ’ ਅਤੇ ‘ਅਬਦਾਲੀ ਸਿੱਖ ਤੇ ਵੱਡਾ ਘੱਲੂਘਾਰਾ’ ਹੁਣ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿੱਚ ਕਿਤੇ ਵੀ ਮੰਗਵਾ ਸਕਦੇ ਹਨ। ਕਿਤਾਬਾਂ ਮੰਗਵਾਉਣ ਲਈ ਇਹ ਤੰਦ ਛੂਹ ਕੇ ਸੁਨੇਹਾ ਭੇਜੋ ਜੀ –

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: