ਚੋਣਵੀਆਂ ਵੀਡੀਓ » ਵੀਡੀਓ

ਸਿੱਖ ਵਿਰੋਧੀ ਲੋਕ ਸਿੱਖਾਂ ਦੇ ਮਨਾਂ ਚੋਂ ਅਕਾਲ ਤਖਤ ਸਾਹਿਬ ਦਾ ਸਤਿਕਾਰ ਖਤਮ ਕਰਨਾ ਚਾਹੁੰਦੇ ਹਨ: ਗਿ: ਹਰਪ੍ਰੀਤ ਸਿੰਘ

July 2, 2019 | By

ਅੰਮ੍ਰਿਤਸਰ ਸਾਹਿਬ: ਅੱਜ ਮਿਤੀ 02 ਜੁਲਾਈ 2019 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਤੇ ਵਧਾਈ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਵੱਲੋਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਬਿਆਨੀ ਜਾਰੀ ਕਰਕੇ ਕਿਹਾ ਕਿ ਅਕਾਲ ਤਖ਼ਤ ਸਾਹਿਬ “ਸਿੱਖ ਕੌਮ” ਦਾ ਸਰਵਉੱਚ ਅਸਥਾਨ ਹੈ।

ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਸਿਰਜਣਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਅਸਥਾਨ ਤੇ ਕਰਕੇ ਸਿੱਖ ਧਰਮ ਨੂੰ ਇੱਕ ਵਿਲਖਣ ਹੋਂਦ-ਹਸਤੀ ਵਾਲੇ ਧਰਮ ਵਜੋਂ ਸਥਾਪਤ ਕਰ ਦਿੱਤਾ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਿਆਈ ਧਾਰਨ ਕਰਦਿਆਂ ਮੀਰੀ-ਪੀਰੀ ਦੀਆਂ ਕਿਰਪਾਨਾਂ ਧਾਰਨ ਕੀਤੀਆਂ ਅਤੇ ਮਹਾਨ ਉਦਮ ਕਰਕੇ ਅਕਾਲ ਪੁਰਖ ਦੀ ਆਗਿਆ ਮੁਤਾਬਿਕ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕਿ 1606 ਈ: ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਣਾ ਕੀਤੀ।

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ “ਇਸ ਦੈਵੀ ਤਖ਼ਤ ਦੀ ਉਸਾਰੀ ਵਿਚ ਕਿਸੇ ਮਿਸਤਰੀ ਦੀ ਸਹਾਇਤਾ ਨਹੀਂ ਲਈ ਗਈ, ਸਾਰੀ ਉਸਾਰੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਰਾਹੀਂ ਹੀ ਹੋਈ।ਇਸ ਗੱਲ ਤੋਂ ਸਪੱਸ਼ਟ ਹੈ ਕਿ ਸੰਸਥਾਵਾਂ ਦੀ ਸਿਰਜਨਾ ਵਿਚ ਰਾਜ ਮਿਸਤਰੀ ਜਾਂ ਕਾਰੀਗਰ ਨਹੀਂ ਬਲਕਿ ਕੌਮਾਂ ਦੇ ਬਜ਼ੁਰਗਵਾਰ ਤੇ ਵਿਦਵਾਨ ਹੀ ਸਹਾਈ ਹੁੰਦੇ ਹਨ ਤੇ ਸੰਸਥਾਵਾਂ ਦੀ ਸਿਰਜਨਾ ਵਿਚ ਦਿਨ ਮਹੀਨੇ ਨਹੀਂ ਸਗੋਂ ਸਦੀਆਂ ਹੀ ਲੱਗ ਜਾਂਦੀਆਂ ਹਨ।ਸੋ ਅੱਜ ਸਾਨੂੰ ਸਾਰਿਆ ਨੂੰ ਇਸ ਮਹਾਨ ਤਖ਼ਤ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਕੌਮੀ ਤੋਰ ਤੇ ਵਿਚਰਨਾ ਚਾਹੀਦਾ ਹੈ ਤਾਂ ਕਿ ਅਸੀਂ ਸਮੁੱਚੀ ਮਨੁੱਖਤਾ ਵਿਚ ਆਪਣੇ ਗੁਰੂ ਸਾਹਿਬਾਨਾਂ ਦੇ ਦਿੱਤੇ ਫਲਸਫੇ ਨੂੰ ਪ੍ਰਚਾਰ-ਪ੍ਰਸਾਰ ਸਕੀਏ”।

ਬਿਆਨ ਦੇ ਅਖੀਰ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ “ਸਮੇਂ-ਸਮੇਂ ਤੇ ਵਕਤ ਦੀਆਂ ਸਰਕਾਰਾਂ ਨੇ ਸਿੱਧੇ-ਅਸਿੱਧੇ ਤੋਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਾਹ ਲਾਉਣ ਦਾ ਕੋਝਾ ਯਤਨ ਕੀਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹਮੇਸ਼ਾ ਹੀ ਸਰਕਾਰਾਂ ਦੀ ਦਮਨਕਾਰੀ ਨੀਤੀ ਦਾ ਮੋੜਵਾਂ ਜਵਾਬ ਦਿੱਤਾ ਹੈ।ਅੱਜ ਵੀ ਸਿੱਖ ਵਿਰੋਧੀ ਲੋਕਾਂ ਵੱਲੋਂ ਸਿੱਖ ਮਨ੍ਹਾਂ ਅੰਦਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਮਾਨ-ਸਨਮਾਨ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਸੰਗਤਾਂ ਨੂੰ ਇਸ ਪੱਖੋਂ ਸੁਚੇਤ ਹੋਣ ਦੀ ਲੋੜ ਹੈ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,