ਸਿੱਖ ਖਬਰਾਂ

ਦਰਬਾਰ ਸਾਹਿਬ ਦੀ ਤਸਵੀਰ ਵਾਲੀਆਂ ਇਤਰਾਜਯੋਗ ਚੀਜਾਂ ਹੁਣ ਫਲਿਪਕਾਰਟ ‘ਤੇ ਨਸ਼ਰ ਹੋਈਆਂ

February 6, 2019 | By

ਅੰਮ੍ਰਿਤਸਰ: ਮੱਕੜਜਾਲ ਰਾਹੀਂ ਪਰਚੂਨ ਵਿਚ ਚੀਜਾਂ ਵੇਚਣ ਵਾਲੀ ਹੱਟ ਐਮਾਜਾਨ ਤੋਂ ਬਾਅਦ ਹੁਣ ਦਰਬਾਰ ਸਾਹਿਬ ਦੀ ਤਸਵੀਰ ਵਾਲੀਆਂ ਇਤਰਾਜਯੋਗ ਚੀਜਾਂ ਇਕ ਹੋਰ ਬਿਜਲ-ਹੱਟ ਫਲਿਪਕਾਰਟ ਉੱਤੇ ਨਸ਼ਰ ਹੋਈਆਂ ਹਨ। ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਮਸਲੇ ਤੇ ਫਲਿਪਕਾਰਟ ਨੂੰ ਤਾੜਨਾ ਕੀਤੀ ਹੈ ਤੇ ਕਿਹਾ ਹੈ ਕਿ ਬਿਨਾ ਦੇਰੀ ਤੋਂ ਇਹ ਇਤਰਾਜਯੋਗ ਚੀਜਾਂ ਬਿਜਲ-ਹੱਟ ਤੋਂ ਹਟਾਈਆਂ ਜਾਣ। ਉਨ੍ਹਾਂ ਕਿਹਾ ਕਿ ਫਲਿਪਕਾਰਟ ਨੂੰ ਚਾਹੀਦਾ ਹੈ ਕਿ ਤੁਰਤ ਇਨ੍ਹਾਂ ਚੀਜਾਂ ਦੀ ਵਿਕਰੀ ਬੰਦ ਕਰਕੇ ਇਨ੍ਹਾਂ ਨੂੰ ਹਟਾਇਆ ਜਾਵੇ।

ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਵੀ ਐਮਾਜ਼ੋਨ ਕੰਪਨੀ ਵੱਲੋਂ ਵੱਡੀ ਭੁੱਲ ਕੀਤੀ ਗਈ ਸੀ, ਜਿਨਾਂ ਨੇ ਮੁਆਫੀ ਮੰਗ ਲਈ ਸੀ ਅਤੇ ਫਲਿਪ ਕਾਰਟ ਕੰਪਨੀ ਸੰਚਾਲਕਾਂ ਨੂੰ ਚਾਹੀਦਾ ਹੈ ਕਿ ਅਜਿਹੀ ਗਲਤੀ ਕੀਤੀ ਹੈ ਤਾਂ ਇਸ ਭੁੱਲ ਜਲਦ ਬਖਸ਼ਾ ਲੈਣ ਚਾਹੀਦੀ ਹੈ ਨਹੀਂ ਸਿੱਖ ਸੰਗਤਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦਰਬਾਰ ਸਾਹਿਬ ਦੀ ਤਸਵੀਰ ਵਾਲੀਆਂ ਇਤਰਾਜਯੋਗ ਚੀਜਾਂ ਹੁਣ ਫਲਿਪਕਾਰਟ ‘ਤੇ ਨਸ਼ਰ ਹੋਈਆਂ

ਸਿੱਖ ਸਿਆਸਤ ਵਲੋਂ ਫਲਿਪਕਾਰਟ ਦੀ ਹੱਟ ਦੇ ਪੰਨਿਆਂ ਉੱਤੇ ਲੰਭਣ ਤੇ ਕਈ ਅਜਿਹੀਆਂ ਚੀਜਾਂ ਮਿਲੀਆਂ ਹਨ ਜਿਨ੍ਹਾਂ ਉੱਤੇ ਦਰਬਾਰ ਸਾਹਿਬ ਦੀ ਤਸਵੀਰ ਛਾਪੀ ਗਈ ਹੈ ਤੇ ਉਨ੍ਹਾਂ ਚੀਜਾਂ ਦੀ ਵਰਤੋਂ ਨੂੰ ਵੇਖਦਿਆਂ ਉਹ ਬੇਹੱਦ ਇਤਰਾਜਯੋਗ ਹਨ ਤੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀਆਂ ਹਨ।
ਇਸ ਮਾਮਲੇ ਉੱਤੇ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮਾਮਲੇ ਉੱਤੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸ਼੍ਰੋ.ਗੁ.ਪ੍ਰ.ਕ. ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਫਲਿਪਕਾਰਟ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।

ਜਾਰੀ ਬਿਆਨ ਰਾਹੀਂ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਫਲਿੱਪਕਾਰਟ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਇਤਰਾਜਯੋਗ ਤਰੀਕੇ ਨਾਲ ਛਾਪਣ ਤੇ ਸੰਗਤ ਵਿਚ ਭਾਰੀ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਧਿਆਤਮਕਾ ਸ਼ਕਤੀ ਦਾ ਅਮੁੱਕ ਸੋਮਾ ਹੈ, ਜਿਥੇ ਹਰ ਰੋਜ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ। ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਨੇ ਕਿਹਾ ਕਿ ਫਲਿਪਕਾਰਟ ਕੰਪਨੀ ਦੀ ਇਸ ਘਨਾਉਣੀ ਹਰਕਤ ਨਾਲ ਵਿਸ਼ਵ ਭਰ ਵਿਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਕੰਪਨੀ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਇਸ ਬਿਆਨ ਰਾਹੀਂ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਵੀ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਲੋਕਾਂ ਅਤੇ ਕੰਪਨੀਆਂ ਵਿਰੁੱਧ ਸਰਕਾਰਾਂ ਨੂੰ ਵੀ ਸਖ਼ਤ ਹੋਣਾ ਚਾਹੀਦਾ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਆਪਣੇ ਆਪ ਹੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।

ਇਸੇ ਦੌਰਾਨ ਸ਼੍ਰੋ.ਗੁ.ਪ੍ਰ.ਕ. ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਫਲਿੱਪਕਾਰਟ ਕੰਪਨੀ ਦੀ ਇਹ ਹਰਕਤ ਸਿੱਖ ਹਿਰਦਿਆਂ ਨੂੰ ਸੱਟ ਮਾਰਨ ਵਾਲੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਫਲਿਪਕਾਰਟ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ ਅਤੇ ਜੇਕਰ ਲੋੜ ਪਈ ਤਾਂ ਇਹਦੇ ਖਿਲਾਫ ਪਰਚਾ ਵੀ ਕਰਵਾਇਆ ਜਾਵੇਗਾ।

ਇਹ ਖਬਰ ਅੰਗਰੇਜੀ ਵਿਚ ਪੜ੍ਹੋ – AFTAR AMAZON, NOW FLIPKART ENLISTS ANTI-SIKH MERCHANDISE

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,