ਸਿਆਸੀ ਖਬਰਾਂ

ਮੋਦੀ ਵੱਲੋਂ ਬਾਦਲ ਨੂੰ ਮੱਥਾ ਟੇਕਿਆ ਹੀ ਜਾਣਾ ਚਾਹੀਦਾ ਸੀ

April 28, 2019 | By

ਵਾਰਾਨਸੀ ਤੋਂ ਲੋਕ ਸਭਾ ਚੋਣ ਲੜ ਰਹੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਅਪਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਾ ਕੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ। ਮੌਕੇ ਦੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸ੍ਰੀ ਮੋਦੀ ਨੇ ਆਦਰ ਵਜੋਂ ਸ੍ਰੀ ਬਾਦਲ ਅਤੇ ਸ੍ਰੀ ਸ਼ੁਕਲਾ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਮੋਦੀ ਵੱਲੋਂ ਅਜਿਹਾ ਕਰਨਾ ਹੀ ਚਾਹੀਦਾ ਸੀ।

ਸਭ ਜਾਣਦੇ ਹਨ ਕਿ ਬੀਜੇਪੀ ਪਾਰਟੀ ਆਰਐੱਸਐੱਸ ਦੀ ਸਿਆਸੀ ਸਾਖਾ ਹੈ। ਨਰਿੰਦਰ ਮੋਦੀ ਬੀਜੇਪੀ ਦੇ ਮੁਢਲੇ ਮੈਂਬਰ ਵੀ ਨਹੀਂ ਰਹੇ ਸਗੋਂ ਇਹ ਸਿੱਧੇ ਆਰਐੱਸਐੱਸ ਵਿਚੋਂ ਆ ਕੇ ਪ੍ਰਧਾਨ ਮੰਤਰੀ ਬਣੇ ਹਨ। ਬੀਜੇਪੀ ਪਾਰਟੀ ਦਾ ਮੁੱਢ ਆਰਐੱਸਐੱਸ ਹੋਣ ਕਰਕੇ ਆਪਣੇ ਉਹਨਾਂ ਆਗੂਆਂ ਨੂੰ ਸਨਮਾਨ ਦਿੰਦੀ ਆਈ ਹੈ ਜਿਨਾ ਦੀ ਬਦੌਲਤ ਅੱਜ ਵੱਡੇ ਦੇਸ਼ ਦੀ ਵਾਗਡੋਰ ਆਰਐੱਸਐੱਸ ਦੇ ਹੱਥ ਆਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੀਜੇਪੀ ਲਈ ਕੋਈ ਛੋਟੀ ਸ਼ਖਸੀਅਤ ਨਹੀਂ ਹਨ। ਬੀਜੇਪੀ ਨੂੰ ਅੱਜ ਦੇਸ਼ ਦੀ ਰਾਜਸਤਾ ਤੇ ਕਾਬਜ ਕਰਵਾਉ ਵਿਚ ਯੋਗਦਾਨ ਪਾਉਣ ਵਾਲਿਆਂ ਵਿਚ ਸ੍ਰੀ ਬਾਦਲ ਦਾ ਨਾਮ ਮੁਢਲੇ ਆਗੂਆਂ ਵਿਚ ਆਉਂਦਾ ਹੈ। ਬਾਦਲ, ਬੀਜੇਪੀ ਦੇ ਉਹ ਆਗੂ ਹਨ ਜਿਨਾ ਤੋਂ ਬਿਨਾ ਪੰਜਾਬ ਵਿਚ ਬੀਜੇਪੀ ਪੈਰ ਨਹੀਂ ਸੀ ਜਮਾ ਸਕਦੀ। ਪੰਜਾਬ ਦੇ ਇਸ ਸਾਬਕਾ ਮੁੱਖ ਮੰਤਰੀ ਨੇ ਆਰਐੱਸਐੱਸ ਲਈ ਉਸ ਦੀ ਆਸ ਤੋਂ ਵੀ ਵੱਧ ਕੰਮ ਕੀਤਾ ਹੈ ਇਸ ਨੇ ਸਿਰਫ ਇਸ ਪਾਰਟੀ ਨੂੰ ਹੀ ਪੰਜਾਬ ਵਿਚ ਕਾਮਯਾਬ ਨਹੀਂ ਕੀਤਾ ਬਲਕਿ ਸਿੱਖ ਕੌਮ ਦਾ ਹਿੰਦੂਕਰਨ ਕਰਨ ਵਿਚ ਵੀ ਆਰਐੱਸਐੱਸ ਦੇ ਮਿਸ਼ਨ ਵਿਚ ਵੱਡਾ ਯੋਗਦਾਨ ਪਾਇਆ ਹੈ। ਆਰਐੱਸਐੱਸ ਬਾਦਲ ਰਾਹੀਂ ਹੀ ਗੁਰੂਘਰਾਂ ਤੇ ਕਾਬਜ ਹੋ ਸਕੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਹ ਗੱਲ ਚੰਗੀ ਤਰਾਂ ਜਾਣਦੇ ਹਨ ਕਿ ਹਿੰਦੂਤਵ ਤੇ ਟੀਚੇ ‘ਇਕ ਦੇਸ਼, ਇਕ ਬੋਲੀ, ਇਕ ਧਰਮ'(ਸਿੰਗਲ ਨੇਸ਼ਨ) ਲਈ ਸ੍ਰੀ ਬਾਦਲ ਨੇ ਬੀਜੇਪੀ ਦੇ ਬਜੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਹੁਰਾਂ ਤੋਂ ਵੀ ਵੱਧ ਕੰਮ ਕੀਤਾ ਹੈ।

ਪੰਜਾਬ ਦੇ ਲੋਕਾਂ, ਖਾਸ਼ਕਰ ਸਿੱਖਾਂ ਨੂੰ ਅਜੇ ਇਸ ਗੱਲ ਦਾ ਵੱਡਾ ਭੁਲੇਖਾ ਹੈ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨਾਮ ਦੀ ਕੋਈ ਰਾਜਸੀ ਪਾਰਟੀ ਵੀ ਹੈ। ਸੱਚਾਈ ਇਹ ਹੈ ਕਿ ‘ਸ਼੍ਰੋਮਣੀ ਅਕਾਲੀ ਦਲ’ ਦਾ ਹੁਣ ਕੋਈ ਵਜੂਦ ਬਾਕੀ ਨਹੀਂ ਰਿਹਾ। ਬੀਜੇਪੀ ਇਸ ਨੂੰ ਬਾਦਲ ਰਾਹੀਂ ਹੜੱਪ ਕਰ ਚੁੱਕੀ ਹੈ। ਬੀਜੇਪੀ ਸਮਝਦੀ ਹੈ ਕਿ ਜੇ ਬਾਦਲ ਜਿਹੇ ਇਕ ਦਰਜਨ ਆਗੂ ਵੀ ਉਸ ਕੋਲ਼ ਹੋਣ ਤਾਂ ਆਰਐੱਸਐੱਸ ਦੇਸ਼ ਨੂੰ ਕੁੱਝ ਸਾਲਾਂ ਵਿਚ ਹੀ ‘ਹਿੰਦੂ ਰਾਸ਼ਟਰ’ ਘੋਸ਼ਿਤ ਕਰ ਸਕਦੀ ਹੈ ਇਸ ਲਈ ਉਹ ਕੋਈ ਵੀ ਅਜਿਹਾ ਮੌਕਾ ਹੱਥੋਂ ਨਹੀਂ ਲੰਘਾਉਣਾ ਚਾਹੁੰਦੀ ਜਦੋਂ ਉਹ ਦੇਸ਼ ਵਾਸੀਆਂ ਨੂੰ ਇਹ ਦੱਸ ਸਕਦੀ ਹੋਵੇ ਕਿ ਸਾਡੇ ਲਈ ਕੰਮ ਕਰਨ ਵਾਲਿਆਂ ਨੂੰ ਪ੍ਰਧਾਨ ਮੰਤਰੀ ਵੀ ਮੱਥਾ ਟੇਕ ਕੇ ਕੋਈ ਵੱਡਾ ਕੰਮ ਅਾਰੰਭ ਕਰਦੇ ਹਨ। ਨਰਿੰਦਰ ਮੋਦੀ ਨੇ ਵਾਰਾਨਸੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਾ ਅਜਿਹਾ ਹੀ ਸੁਨੇਹਾ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,