ਸਿਆਸੀ ਖਬਰਾਂ

ਬਾਦਲ-ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਨਿਰੰਕਾਰੀ ਮੁਖੀ ਦੇ ਪੈਰਾਂ ’ਤੇ ਮੱਥਾ ਟੇਕਿਆ

May 8, 2019 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਬਾਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਗੁਰੂ ਦੋਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ‘ਨਿਰੰਕਾਰੀ ਮਿਸ਼ਨ’, ਜਿਨ੍ਹਾਂ ਨਾਲ ਸਾਂਝ ਰੱਖਣ ਤੋਂ ਅਕਾਲ ਤਖ਼ਤ ਸਾਹਿਬ ਨੇ ਸਿੱਖਾਂ ਨੂੰ ਮਨ੍ਹਾਂ ਕੀਤਾ ਹੈ, ਨਾਲ ਆਪਣੀ ਤੇ ਆਪਣੀ ਪਾਰਟੀ ਦੀ ਨੇੜਤਾ ਜਗ ਜਾਹਿਰ ਕਰ ਦਿੱਤੀ ਹੈ।

ਹਰਦੀਪ ਸਿੰਘ ਪੁਰੀ ਨੇ ਬੀਤੇ ਦਿਨੀਂ ਇਸ ਮਿਸ਼ਨ ਦੇ ਸਮਾਗਮ ਵਿੱਚ ਪੁੱਜ ਕੇ ਸਾਕਾ 1978 ਦੇ ਦੋਸ਼ੀ ਗੁਰਬਚਨ ਨਿਰੰਕਾਰੀ ਦੀ ਨੂੰਹ ਦੇ ਪੈਰਾਂ ਵਿੱਚ ਮੱਥਾ ਟੇਕਿਆ।

ਬਾਦਲ-ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨਿਰੰਕਾਰੀ ਮੁਖੀ ਦੇ ਪੈਰਾਂ ’ਤੇ ਮੱਥਾ ਟੇਕਦਾ ਹੋਇਆ

ਅੰਮ੍ਰਿਤਸਰ ਸਾਹਿਬ ਤੋਂ ਲੋਕ ਸਭਾ ਲਈ ਬਾਦਲ-ਭਾਜਪਾ ਦੇ ਉਮੀਦਵਾਰ ਨੇ ਇਹ ਸਭ ਇਥੇ ਹੀ ਖਤਮ ਨਹੀਂ ਕੀਤਾ ਬਲਕਿ ਆਪਣੇ ਫੇਸਬੁੱਕ ਖਾਤੇ ਰਾਹੀਂ ਆਪਣੀ ਇਸ ਕਾਰਵਾਈ ਦਾ ਜਿਕਰ ਕਰਦਿਆਂ ਲਿਿਖਆ ਹੈ “ਸਾਡੀ ਸਭ ਦੀ ਭਾਜਪਾ ਨੂੰ ਅੱਜ ਪੂਰੇ ਰਾਸ਼ਟਰ ਵਿੱਚ ਸਮਾਜ ਦੇ ਸਾਰੇ ਵਰਗਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਅੱਜ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਆਯੋਜਿਤ ਪੋ੍ਰਗਰਾਮ ਦੇ ਕੁਝ ਦ੍ਰਿਸ਼।” ਹਰਦੀਪ ਸਿੰਘ ਪੁਰੀ ਨੇ ਇਹ ਤਸਵੀਰਾਂ ਅਤੇ ਲਿਖਤ 5 ਮਈ ਨੂੰ ਦੋ ਵਾਰ ਬਾਅਦ ਦੁਪਿਹਰ 12.49 ਅਤੇ 12.55 ਤੇ ਪਾਈ ਹੈ।

ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਪੁਰੀ ਵਲੋਂ ਬਾਦਲ-ਭਾਜਪਾ ਗਠਜੋੜ ਦੇ ਉਮੀਦਵਾਰ ਵਜੋਂ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਲੈਕੇ ਹੁਣ ਤੀਕ ਦੀ ਚੋਣ ਮੁਹਿੰਮ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਤ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੇ ਆਗੂ ਵੀ ਮੋਢੇ ਨਾਲ ਮੋਢਾ ਜੋੜ ਕੇ ਚਲ ਰਹੇ ਹਨ। ਅਜਿਹੇ ਵਿੱਚ ਇਹ ਸਵਾਲ ਅਹਿਮ ਰਹੇਗਾ ਕਿ ਜਿਸ ਨਿਰੰਕਾਰੀ ਮਿਸ਼ਨ ਨਾਲ ਸਿੱਖਾਂ ਦੀ ਸਾਂਝ ਖਤਮ ਕਰਨ ਬਾਰੇ ਬਕਾਇਦਾ 10 ਜੂਨ 1978 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੁਕਮਨਾਮਾ ਜਾਰੀ ਹੋਇਆ, ਉਸ ਮਿਸ਼ਨ ਨਾਲ ਸਾਂਝ ਰੱਖਣ ਵਾਲੀ ਭਾਜਪਾ ਜਾਂ ਉਸਦੇ ਉਮੀਦਵਾਰ ਨਾਲ ਬਾਦਲ ਦਲ ਦੀ ਕੇਹੀ ਸਾਂਝ ਹੈ?

ਕੀ ਬਾਦਲ ਦਲ ਦਾ ਇਹੀ ਪੰਥਕ ਚਿਹਰਾ ਹੈ ਜਾਂ ਉਸਨੇ ਇੱਕ ਵਾਰ ਫਿਰ ਸੱਤਾ ਦੀ ਭਾਈਵਾਲੀ ਲਈ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਵਿਖਾਣੀ ਕੀਤੀ ਹੈ? ਕੀ ਬਾਦਲ ਦਲ ਆਪਣਾ 40 ਸਾਲਾ ਉਹ ਇਤਿਹਾਸ ਮੁੜ ਦੁਹਰਾਉਣ ਦੇ ਰੌਂਅ ਜਿਥੇ 1978 ਵਿੱਚ ਹੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੁੰਦਿਆਂ ਹੀ ਜਨਸੰਘ (ਹੁਣ ਭਾਜਪਾ) ਨੇ ਇਹ ਕਹਿਕੇ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਹ ਤਾਂ ਸਿੱਖਾਂ ਲਈ ਹੈ ਤੇ ਮੁਖ ਮੰਤਰੀ ਵਜੋਂ ਪਰਕਾਸ਼ ਸਿੰਘ ਬਾਦਲ ਨੇ ਭਾਈਵਾਲ ਪਾਰਟੀ ਦੇ ਇਸ ਬਿਆਨ ਤੇ ਚੁੱਪ ਹੀ ਧਾਰ ਲਈ ਸੀ ਪਰ ਦਲ ਦਾ ਇੱਕ ਵਜੀਰ ਜੀਵਨ ਸਿੰਘ ਉਮਰਾਨੰਗਲ ਸ਼ਰੇਆਮ ਨਿਰੰਕਾਰੀ ਮਿਸ਼ਨ ਦੀ ਹਮਾਇਤ ਤੇ ਉੱਤਰ ਆਇਆ ਸੀ।

ਪਿਛਲੀ ਲੋਕ ਸਭਾ ਦੌਰਾਨ ਭਾਜਪਾ ਨੇ ਅੰਮ੍ਰਿਤਸਰ ਸਾਹਿਬ ਤੋਂ ਅਰੁਨ ਜੇਤਲੀ ਨੂੰ ਉਮੀਦਵਾਰ ਬਣਾਇਆ ਸੀ ਪਰ ਇਸ ਵਾਰ ਭਾਜਪਾ ਨੇ ਸਿੱਖ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਇਥੋਂ ਲੋਕ ਸਭਾ ਲਈ ਇੱਕ ਸਾਬਤ ਸੂਰਤ ਸਿੱਖ ਚਿਹਰਾ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ।

ਬਾਦਲ ਦਲ ਦੇ ਸੀਨੀਅਰ ਆਗੂ ਤੇ ਵੱਡੀ ਗਿਣਤੀ ਸ਼੍ਰੋ.ਗੁ.ਪ੍ਰ.ਕ. ਦੇ ਮੈਂਬਰ ਹਰਦੀਪ ਸਿੰਘ ਪੁਰੀ ਦਾ ਦੀ ਹਿਮਾਇਤ ਕਰਨ ਤੋਂ ਲੈ ਕੇ ਚੋਣ ਮੁਹਿੰਮ ਵਿੱਚ ਸਾਥ ਦੇਣ ਲਈ ਮੈਦਾਨ ਵਿੱਚ ਹਨ ਤੇ ਇਹ ਗਲ ਕਿਸੇ ਪਾਸੋਂ ਲੁਕੀ ਛਿਪੀ ਨਹੀਂ ਹੈ ਪਰ ਖੁਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਤੇ ਪੰਥਕ ਦੱਸਣ ਵਾਲੇ ਬਾਦਲ ਦਲ ਦੇ ਇਹ ਆਗੂ ਤੇ ਸ਼੍ਰੋ.ਗੁ.ਪ੍ਰ.ਕ ਮੈਂਬਰ ਉਨ੍ਹਾਂ ਦੇ ਸਾਂਝੇ ਉਮੀਦਵਾਰ ਦੇ ਜਾਹਰ ਹੋਏ ਇਸ ਰੂਪ ਬਾਰੇ ਕੀ ਕਹਿਣਗੇ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,