ਸਿਆਸੀ ਖਬਰਾਂ

ਨਿਰੰਕਾਰੀ ਮੁਖੀ ਦੇ ਪੈਰਾਂ ਚ ਮੱਥਾ ਟੇਕਣ ਤੇ ਹਰਦੀਪ ਸਿੰਘ ਪੁਰੀ ਦੀ ਸਫਾਈ: ਮੇਰੀ ਤਸਵੀਰ ਨਾਲ ਛੇੜ-ਛਾੜ ਹੋਈ ਹੈ

May 9, 2019 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਵੋਟਾਂ ਖਾਤਿਰ ਨਿਰੰਕਾਰੀ ਮਿਸ਼ਨ ਦੀ ਸਾਧਵੀ ਦੇ ਪੈਰਾਂ ‘ਤੇ ਮੱਥਾ ਟੇਕਣ ਵਾਲੇ ਗਠਜੋੜ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਇਹ ਅਸਲ ਤਸਵੀਰਾਂ ਨਾਲ ਛੇੜਛਾੜ ਹੈ। ਸ੍ਰੀ ਪੁਰੀ ਇਥੋਂ ਤੀਕ ਕਹਿੰਦੇ ਚਲੇ ਗਏ ਹਨ ਕਿ ਮੱਥਾ ਟੇਕਣ ਵਾਲੀ ਅਸਲ ਤਸਵੀਰ ਤਾਂ ਉਨ੍ਹਾਂ ਵਲੋਂ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਨੂੰ ਹੇਠਾ ਹੋਕੇ ਮੱਥਾ ਟੇਕਣ ਵਾਲੀ ਸੀ ਇਸ ਲਈ ਉਹ ਪੁਲਿਸ ਪਾਸ ਸ਼ਿਕਾਇਤ ਕਰ ਰਹੇ ਹਨ। ਸ੍ਰੀ ਪੁਰੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸਾਰੀ ਵਿਿਥਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੱਸ ਦਿੱਤੀ ਹੈ। ਫੇਸ ਬੱੁਕ ਤੇ ਹਰਦੀਪ ਸਿੰਘ ਪੁਰੀ ਵਲੋਂ ਇਹ ਟਿਪਣੀਆਂ ਕਰਨ ਉਪਰੰਤ ਜਦੋਂ ਹਰਦੀਪ ਪੁਰੀ ਵਲੋਂ ਚਲਾਈ ਜਾ ਰਹੀ ਨਿਤ ਦਿਨ ਦੀ ਚੋਣ ਮੁਹਿੰਮ ਬਾਰੇ ਭਾਜਪਾ ਦੇ ਮੀਡੀਆ ਵਿਭਾਗ ਵਲੋਂ 5 ਮਈ 2019 ਨੂੰ ਵੱਖ ਵੱਖ ਅਖਬਾਰਾਂ ਨੂੰ ਭੇਜੀ ਗਈ ਰਿਪੋਰਟ ਤੇ ਨਿਗਾਹ ਮਾਰੀ ਗਈ ਤਾਂ ਹਰਦੀਪ ਪੁਰੀ ਇੱਕ ਵਾਰ ਫਿਰ ਘਿਰਦੇ ਨਜਰ ਆਏ। ਅਜੇਹੇ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਦੇਸ਼ ਦੇ ਇੱਕ ਵਿਸ਼ਵਾਸ਼ਯੋਗ ਉਚ ਅੱਹੁਦੇ ਤੋਂ ਸੇਵਾਮੁਕਤ ਹੋਣ ਉਪਰੰਤ ਮੰਤਰੀ ਬਣਾਏ ਗਏ ਹਰਦੀਪ ਸਿੰਘ ਪੁਰੀ ਐਡਾ ਵੱਡਾ ਝੂਠ ਕਿਉਂ ਬੋਲ ਰਹੇ ਹਨ? ਲੇਕਿਨ ਦੂਸਰੇ ਪਾਸੇ ਭਾਜਪਾ ਦੇ ਮੀਡੀਆ ਵਿਭਾਗ ਵਲੋਂ ਭੇਜੀਆਂ ਤਸਵੀਰਾਂ ਨੂੰ ਸ੍ਰੀ ਪੁਰੀ ਦੇ ਫੇਸ ਬੱੁਕ ਖਾਤੇ ਤੇ ਪੋਸਟ ਕੀਤੀਆਂ ਤਸਵੀਰਾਂ ਦਾ ਮੇਲ ਕੀਤਾ ਜਾਏ ਤਾਂ ਭਾਜਪਾ ਦਾ ਮੀਡੀਆ ਵਿਭਾਗ ਤੇ ਪੁਰੀ ਦੋਨੋ ਹੀ ਬਰਾਬਰ ਦੇ ਦੋਸ਼ੀ ਹਨ ਜਿਨ੍ਹਾਂ ਨੇ ਪੁਰੀ ਦੀ ਉਹ ਵਿਵਾਦਤ ਤਸਵੀਰ ਜਨਤਕ ਕੀਤੀ।

ਸ੍ਰ:ਪੁਰੀ ਦੀ ਚੋਣ ਮੁਹਿੰਮ ਬਾਰੇ ਭਾਜਪਾ ਦੇ ਮੀਡੀਆ ਇੰਚਾਰਜ ਸ੍ਰੀ ਜਨਾਰਦਨ ਸ਼ਰਮਾ ਨੇ 5 ਮਈ ਸ਼ਾਮ 7 ਵਜੇ ਦੇ ਕਰੀਬ ਜੋ ਲਿਖਤੀ ਜਾਣਕਾਰੀ 10 ਤਸਵੀਰਾਂ ਸਾਹਿਤ ਮੀਡੀਆ ਨੂੰ ਮੁਹਈਆ ਕਰਵਾਈ ਉਸ ਵਿੱਚ ਸ੍ਰੀ ਪੁਰੀ ਦੀ ਉਹ ਤਸਵੀਰ ਵੀ ਹੈ ਜਿਸ ਵਿੱਚ ਪੁਰੀ ਨਿਰੰਕਾਰੀ ਪ੍ਰਚਾਕ ਪਾਸੋਂ ਕਿਤਾਬ ਹਾਸਿਲ ਕਰ ਰਹੇ ਹਨ ਤੇ ਉਹ ਤਸਵੀਰ ਵੀ ਸ਼ਾਮਿਲ ਹੈ ਜਿਥੇ ਪੁਰੀ, ਪ੍ਰਚਾਰਕ ਸਾਹਮਣੇ ਹੱਥ ਜੋੜ ਕੇ ਖੜੇ ਹਨ ਤੇ ਫਿਰ ਉਸਦੇ ਪੈਰਾਂ ਵਿੱਚ ਮੱਥਾ ਟੇਕ ਰਹੇ ਹਨ। ਦੁਸਰੇ ਪਾਸੇ ਸ੍ਰੀ ਪੁਰੀ ਵਲੋਂ ਆਪਣੇ ਫੇਸਬੁੱਕ ਖਾਤੇ ਤੇ 5 ਮਈ ਨੂੰ ਬਾਅਦ ਦੁਪਿਹਰ 12.49 ਮਿੰਟ ਅਤੇ 12.55 ਮਿੰਟ ਤੇ ਪੋਸਟ ਕੀਤੀਆਂ ਤਸਵੀਰਾਂ ਵਿੱਚ ਪ੍ਰਚਾਰਕ ਪਾਸੋਂ ਤਸਵੀਰ ਹਾਸਿਲ ਕਰਦਿਆਂ ਦੀ ਤਸਵੀਰ ਨਹੀ ਹੈ। ਮੀਡੀਆ ਇੰਚਾਰਜ ਵਲੋਂ ਰਲੀਜ 5 ਮਈ ਦੇ ਪਰੈਸ ਨੋਟ ਵਿੱਚ ਪੁਰੀ ਵਲੋਂ ਚੋਣ ਪ੍ਰਚਾਰ ਹਿੱਤ ਨਿਰੰਕਾਰੀ ਮਿਸ਼ਨ ਸਮਾਗਮ ਵਿੱਚ ਜਾਣ ਦਾ ਜਿਕਰ ਹੈ।

ਲੇਕਿਨ ਅੱਜ ਹਰਦੀਪ ਪੁਰੀ, ਪਰਚਾਰਕ ਦੇ ਪੈਰਾਂ ਵਿੱਚ ਮੱਥਾ ਟੇਕਦੀ ਤਸਵੀਰ ਨੂੰ ਇਸ ਹੱਦ ਤੀਕ ਝੁਠਲਾ ਰਹੇ ਹਨ ਤੇ ਕਹਿ ਰਹੇ ਹਨ ਕਿ ਉਨ੍ਹਾਂ ਦੀ ਤਸਵੀਰ ਨਾਲ ਛੇੜ ਛਾੜ ਕੀਤੀ ਗਈ ਹੈ। ਉਹ ਆਪਣੇ ਫੇਸਬੁੱਕ ਖਾਤੇ ਤੇ ਟਿਪਣੀ ਕਰ ਰਹੇ ਹਨ ਕਿ ‘ਮੈਂ ਜਥੇਦਾਰ ਸਾਹਿਬ ਨੂੰ ਸਾਰੀ ਗਲ ਦੱਸ ਦਿੱਤੀ ਹੈ ਕਿ ਇਹ ਤਾਂ ਮੇਰੀ ਫੋਟੋ ਨਾਲ ਛੇੜਛਾੜ ਕੀਤੀ ਗਈ ਹੈ’। ਉਹ ਕਹਿ ਰਹੇ ਹਨ ਕਿ ਉਹ ਪੁਲਿਸ ਪਾਸ ਸ਼ਿਕਾਇਤ ਕਰਨਗੇ। ਲੇਕਿਨ ਕਿਸਦੀ? ਕੀ ਸ੍ਰੀ ਪੁਰੀ ਦੀ ਫੇਸ ਬੱੁਕ ਤੇ ਕੋਈ ਹੋਰ ਸ਼ਖਸ਼ ਤਸਵੀਰਾਂ ਪੋਸਟ ਕਰ ਗਿਆ ਹੈ ਜਾਂ ਉਨਹਾਂ ਦੀ ਚੋਣ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕਰਨ ਵਾਲੇ ਭਾਜਪਾ ਦੇ ਮੀਡੀਆ ਵਿਭਾਗ ਨੇ ਸ੍ਰੀ ਪੁਰੀ ਖਿਲਾਫ ਕੋਈ ਗੁਪਤ ਜੰਗ ਛੇੜ ਰੱਖੀ ਹੈ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,