ਵਿਦੇਸ਼ » ਸਿੱਖ ਖਬਰਾਂ

ਸਿੱਖ ਵਿਰੋਧੀਆਂ ਨੂੰ ਗੁਰਦੁਆਰਾ ਸਾਹਿਬ ‘ਚ ਸਨਮਾਨਿਤ ਕਰਨਾ ਗੈਰਵਾਜਿਬ: ਐਫ.ਐਸ.ਓ. ਯੂ.ਕੇ.

October 14, 2016 | By

ਲੰਡਨ: ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਕੁੱਝ ਲੋਕਾਂ ਦੁਆਰਾ ਭੁਲੇਖਾ ਪਾਊ ਪ੍ਰਚਾਰ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਗਿਆ ਕਿ ਸਾਊਥਾਲ ਗੁਰਦਵਾਰਾ ਸਾਹਿਬ ਵਿੱਚ ਕਾਂਗਰਸੀ ਆਗੂ ਪ੍ਰਨੀਤ ਕੌਰ ਨੂੰ ਸਨਮਾਨਿਤ ਕਰਨ ਵਿੱਚ ਉਹਨਾਂ ਵਲੋਂ ਕੋਈ ਸਹਿਮਤੀ ਨਹੀਂ ਦਿੱਤੀ ਗਈ ਅਤੇ ਨਾ ਹੀ ਕਦੇ ਸਿੱਖ ਵਿਰੋਧੀਆਂ ਦੇ ਹੱਕ ਵਿੱਚ ਉਹ ਕਦੇ ਭੁਗਤ ਸਕਦੇ ਹਨ। ਸਿੱਖ ਸੰਗਤਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਇਸਦਾ ਸਿੱਖ ਜਥੇਬੰਦੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਇਹ ਕੇਵਲ ਕਮੇਟੀ ਦਾ ਆਪਣਾ ਫੈਸਲਾ ਹੋ ਸਕਦਾ ਹੈ।

ਦੋ ਅਕਤੂਬਰ ਐਤਵਾਰ ਨੂੰ ਗੁਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਬ੍ਰਮਿੰਘਮ ਵਿਖੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੀ ਵਿਸ਼ੇਸ਼ ਇਕੱਤਰਤਾ ਹੋਈ ਸੀ ਜਿਸ ਵਿੱਚ ਪ੍ਰਨੀਤ ਕੌਰ ਦੇ ਇਸ ਸੰਭਾਵੀ ਸਨਮਾਨ ਨੂੰ ਵਿਚਾਰਿਆ ਗਿਆ ਸੀ। ਮੀਟਿੰਗ ਵਿੱਚ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਗੁਰਦੇਵ ਸਿੰਘ ਚੌਹਾਨ ਦੀ ਕਮੇਟੀ ਮੈਂਬਰਾਂ ਨਾਲ ਇਸ ਵਿਸ਼ੇ ‘ਤੇ ਗੱਲ ਕਰਨ ਦੀ ਜ਼ਿੰਮੇਵਾਰੀ ਲਾਈ ਗਈ ਗਈ ਸੀ। ਜਿਹਨਾਂ ਨੇ ਕਮੇਟੀ ਦੇ ਮੋਹਤਬਾਰ ਵਿਅਕਤੀਆਂ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਤੁਸੀਂ ਨਿਸਚਿੰਤ ਰਹੋ ਅਜਿਹਾ ਬਿਲਕੁਲ ਨਹੀਂ ਹੋਵੇਗਾ, ਕਿਉਂਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਜਮਾਤ ਹੈ। ਪਰ ਜਦੋਂ ਪਤਾ ਗੱਲਾ ਕਿ ਉਸ ਨੂੰ ਸਨਮਾਨਤ ਕਰ ਦਿੱਤਾ ਗਿਆ ਤਾਂ ਬਹੁਤ ਹੀ ਦੁੱਖ ਲਗਾ। ਕਿਉਂਕਿ ਕੌਮ ਤੇ ਕਾਂਗਰਸ ਵਲੋਂ ਕੀਤੇ ਗਏ ਜ਼ੁਲਮਾਂ ਬਾਰੇ ਹਰ ਸਿੱਖ ਭਲੀ ਪ੍ਰਕਾਰ ਜਾਣਦਾ ਹੈ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪੈੱਸ ਰਿਲੀਜ਼ ਵਿੱਚ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਗਈ ਹੈ। ਸਿੱਖਾਂ ਅਤੇ ਸਿੱਖੀ ਦੀ ਕਾਤਲ ਜਮਾਤ ਕਾਂਗਰਸ, ਸਿੱਖਾਂ ਅਤੇ ਸਿੱਖੀ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਬਾਦਲਕਿਆਂ ਅਤੇ ਜੂਨ 1984 ਵਿੱਚ ਭਾਰਤੀ ਫੌਜ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਨ ਵਾਲੀ ਭਾਰਤ ਸਰਕਾਰ ਦੇ ਨੁਮਇੰਦਿਆਂ (ਹਾਈ ਕਮਿਸ਼ਨਰਾਂ) ਨੂੰ ਗੁਰਦਵਾਰਾ ਸਾਹਿਬ ਦੀਆਂ ਸਟੇਜਾਂ ‘ਤੇ ਸਨਮਾਨਿਤ ਕਰਨਾ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਹੈ। ਬਲਕਿ ਸਿੱਖ ਕੌਮ ਨਾਲ ਵਿਸ਼ਵਾਸਘਾਤ ਹੈ।

protest-london-84-fso

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੇ ਆਗੂ (ਫਾਈਲ ਫੋਟੋ)

ਜਿ਼ਕਰਯੋਗ ਹੈ ਕਿ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿੱਚ ਸ਼ਾਮਲ ਕੁੱਝ ਵਿਅਕਤੀ ਪਦਾਰਥਵਾਦੀ ਚਕਾਚੌਂਧ ਅਧੀਨ ਸਿੱਖ ਕੌਮ ਦੇ ਦੁਸ਼ਮਣਾਂ ਵੱਲ ਦੋਸਤੀ ਦਾ ਹੱਥ ਵਧਾ ਰਹੇ ਹਨ ਜੋ ਕਿ ਸਿੱਖ ਸ਼ਹੀਦਾਂ ਨਾਲ ਵੱਡਾ ਧ੍ਰੋਹ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ.ਕੇ. ਭਾਈ ਅਮਰੀਕ ਸਿੰਘ ਗਿੱਲ, ਬੱਬਰ ਅਕਾਲੀ ਜਥੇਬੰਦੀ ਯੂ.ਕੇ. ਭਾਈ ਬਲਬੀਰ ਸਿੰਘ, ਯੂਨਾਈਟਿਡ ਖਾਲਸਾ ਦਲ ਯੂ.ਕੇ. ਭਾਈ ਨਿਰਮਲ ਸਿੰਘ ਸੰਧੂ, ਬ੍ਰਿਟਿਸ਼ ਸਿੱਖ ਕੌਂਸਲ ਭਾਈ ਤਰਸੇਮ ਸਿੰਘ ਦਿਉਲ, ਧਰਮ ਯੁੱਧ ਜੱਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ, ਦਲ ਖਾਲਸਾ ਯੂ.ਕੇ. ਭਾਈ ਮਨਮੋਹਣ ਸਿੰਘ ਖਾਲਸਾ, ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਯੂ.ਕੇ. ਭਾਈ ਗੁਰਦੇਵ ਸਿੰਘ ਚੌਹਾਨ, ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਭਾਈ ਸ਼ਮਸ਼ੇਰ ਸਿੰਘ ਅਤੇ ਸ਼੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਭਾਈ ਜਸਪਾਲ ਸਿੰਘ ਬੈਂਸ ਵਲੋਂ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਸਨਿਮਰ ਅਪੀਲ ਕੀਤੀ ਗਈ ਕਿ ਗੁਰਦਵਾਰਿਆਂ ਦਾ ਪ੍ਰਬੰਧ ਗੁਰਮਤਿ ਦੇ ਧਾਰਨੀ ਗੁਰਸਿੱਖਾਂ ਦੇ ਹਾਵਾਲੇ ਕਰਨ ਲਈ ਯਤਨ ਕੀਤੇ ਜਾਣ। ਜਿਹਨਾਂ ਗੁਰਸਿੱਖਾਂ ਵਿੱਚ ਸਿੱਖੀ ਦੀ ਚੜਦੀ ਕਲਾ, ਕੌਮੀ ਹੱਕਾਂ ਹਿਤਾਂ ਦੀ ਪੂਰਤੀ ਅਤੇ ਕੌਮੀ ਅਜ਼ਾਦੀ ਉਮੰਗ ਵਰਗੇ ਸ਼ੁੱਭ ਗੁਣ ਹੋਣ। ਕਿਉਂਕਿ ਭਾਰਤ ਸਰਕਾਰ ਅੱਜ ਸਿੱਖ ਕੌਮ ‘ਤੇ ਚੁਫੇਰਿਉਂ ਹਮਲੇ ਕਰ ਰਹੀ ਹੈ, ਇਹਨਾਂ ਹਾਲਾਤਾਂ ਵਿੱਚ ਸਿੱਖ ਵਿਰੋਧੀਆਂ ਤੋਂ ਗੁਰਧਾਮਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,