ਲੇਖ » ਸਿੱਖ ਖਬਰਾਂ

ਪੰਜਾਬੀ ਸੂਬੇ ਦਾ ਕੱਚ ਤੇ ਸੱਚ: ਪੰਜਾਬੀ ਸੂਬੇ ਦੀ ਮੰਗ ਪਿੱਛੇ ਛੁਪੀ ਸੀ ਸਿੱਖ ਰਾਜ ਦੀ ਚਾਹਤ

October 20, 2016 | By

ਚੰਡੀਗੜ੍ਹ (ਹਮੀਰ ਸਿੰਘ): ਪੰਜਾਬੀ ਸੂਬੇ ਦੀ ਮੰਗ ਪਿੱਛੇ ਸਿੱਖ ਰਾਜ ਦੀ ਛੁਪੀ ਚਾਹਤ ਵੀ ਮੌਜੂਦ ਸੀ। ਇਸੇ ਚਾਹਤ ਦਾ ਅਨੁਮਾਨ ਲਾਉਂਦਿਆਂ ਤਤਕਾਲੀ ਹੁਕਮਰਾਨ ਕਿਸੇ ਵੀ ਇੱਕ ਖੇਤਰ ਵਿੱਚ ਸਿੱਖਾਂ ਨੂੰ ਵਸਾਉਣ ਦੇ ਪੱਖ ਵਿੱਚ ਨਹੀਂ ਸਨ। ਬਾਅਦ ਵਿੱਚ ਭਾਸ਼ਾ ਦੇ ਆਧਾਰ ’ਤੇ ਕੀਤੀ ਗਈ ਪੰਜਾਬੀ ਸੂਬੇ ਦੀ ਮੰਗ ਦਾ ਆਰੀਆ ਸਮਾਜੀਆਂ ਅਤੇ ਜਨ ਸੰਘ ਨੇ ‘ਹਿੰਦੀ ਬਚਾਓ’ ਅਤੇ ‘ਮਹਾਂਪੰਜਾਬ’ ਵਰਗੇ ਅੰਦੋਲਨ ਛੇੜ ਕੇ ਇਸੇ ਮਾਨਸਿਕਤਾ ਵਿੱਚੋਂ ਵਿਰੋਧ ਕੀਤਾ ਸੀ। ਪੰਜਾਬ ਦੇ ਬਟਵਾਰੇ ’ਤੇ ਮਹੱਤਵਪੂਰਨ ਕੰਮ ਕਰਨ ਵਾਲੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਮੰਨਣਾ ਹੈ ਕਿ ਸਿੱਖ ਆਗੂਆਂ ਵੱਲੋਂ 1947 ਵਿੱਚ ਆਬਾਦੀ ਦੇ ਸ਼ਾਂਤਮਈ ਤਬਾਦਲੇ ਦੀ ਮੰਗ ’ਤੇ ਵੀ ਗੌਰ ਨਹੀਂ ਕੀਤਾ ਗਿਆ ਅਤੇ ਨਾ ਹੀ ਲੱਖਾਂ ਦੀ ਤਾਦਾਦ ਵਿੱਚ ਆਉਣ ਵਾਲੇ ਲੋਕਾਂ ਲਈ ਪੁਨਰਵਾਸ ਦੀ ਕੋਈ ਯੋਜਨਾ ਬਣਾਈ ਗਈ।

ਲੇਖਕ: ਹਮੀਰ ਸਿੰਘ

ਲੇਖਕ: ਹਮੀਰ ਸਿੰਘ

ਇਸ ਸਾਰੀ ਤਵਾਰੀਖ਼ ਦੇ ਗਵਾਹ ਅਤੇ ਬਤੌਰ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੇ ਕਿਹਾ ਕਿ 1947 ਵਿੱਚ ਸਿੱਖ ਆਜ਼ਾਦ ਪੰਜਾਬ ਜਾਂ ਸਿੱਖ ਸਟੇਟ ਚਾਹੁੰਦੇ ਸਨ ਪਰ ਉਸ ਵੇਲੇ ਬਰਤਾਨੀਆ ਦੇ ਮਨਿਸਟਰ ਆਫ ਸਟੇਟ ਨੇ ਕਿਹਾ ਕਿ ਸਿੱਖਾਂ ਦੀ ਬਹੁਗਿਣਤੀ ਕਿੱਥੇ ਹੈ? ਉਸ ਵੇਲੇ ਕੇਵਲ ਦੋ ਜ਼ਿਲ੍ਹਿਆਂ ਦੀਆਂ ਦੋ ਤਹਿਸੀਲਾਂ ਵਿੱਚ ਹੀ ਸਿੱਖਾਂ ਦੀ ਬਹੁਗਿਣਤੀ ਸੀ। ਉਨ੍ਹਾਂ ਸਿੱਖ ਆਗੂਆਂ ਨੂੰ ਸਲਾਹ ਦਿੱਤੀ ਕਿ ਜੇਕਰ ਸਿੱਖ ਰਿਆਸਤਾਂ ਪੰਜਾਬ ਨਾਲ ਮਿਲਣ ਦੀ ਹਾਮੀ ਭਰਨ ਤਾਂ ਸਿੱਖਾਂ ਲਈ ਇੱਕ ਖਿੱਤਾ ਮਿਲ ਸਕਦਾ ਹੈ। ਡਾ. ਕਿਰਪਾਲ ਸਿੰਘ ਅਨੁਸਾਰ ਉਸ ਵੇਲੇ ਮਾਸਟਰ ਤਾਰਾ ਸਿੰਘ ਅਤੇ ਹੋਰ ਅਕਾਲੀ ਆਗੂਆਂ ਦੀ ਪਟਿਆਲਾ ਦੇ ਮਹਾਰਾਜਾ ਨਾਲ ਬਣਦੀ ਨਹੀਂ ਸੀ। ਇਸ ਲਈ ਇਸ ਰਾਇ ਵੱਲ ਤਵੱਜੋਂ ਹੀ ਨਹੀਂ ਦਿੱਤੀ ਗਈ। ਇਹ ਅਲੱਗ ਗੱਲ ਹੈ ਕਿ 1956 ਵਿੱਚ ਖੇਤਰੀ ਫਾਰਮੂਲੇ ਦੇ ਆਧਾਰ ’ਤੇ ਪੈਪਸੂ ਪੰਜਾਬ ਵਿੱਚ ਸ਼ਾਮਲ ਕਰਕੇ ਮੌਜੂਦਾ ਪੰਜਾਬੀ ਸੂਬੇ ਦੀ ਨੀਂਹ ਰੱਖੀ ਗਈ।

ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਸਮੇਤ ਇੱਕ ਜਥੇ ਨੇ ਤਤਕਾਲੀ ਗਵਰਨਰ ਜਨਰਲ ਲਾਰਡ ਮਾਊਂਟਬੇਟਨ ਨਾਲ ਮੁਲਾਕਾਤ ਕਰਕੇ ਸਿੱਖਾਂ ਦਾ ਤਬਾਦਲਾ ਕਰਵਾਉਣ ਦੀ ਮੰਗ ਰੱਖੀ ਸੀ। ਸ਼ਿਮਲਾ ਵਿੱਚ ਹੋਈ ਮੀਟਿੰਗ ਵਿੱਚ ਮਾਊਂਟਬੇਟਨ, ਪੰਡਿਤ ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ, ਮੁਹੰਮਦ ਅਲੀ ਜਿਨਾਹ ਸ਼ਾਮਲ ਸਨ ਪ੍ਰੰਤੂ ਇਸ ਮੀਟਿੰਗ ਵਿੱਚ ਕੋਈ ਵੀ ਪੰਜਾਬੀ ਆਗੂ ਮੌਜੂਦ ਨਹੀਂ ਸੀ। ਨਹਿਰੂ ਅਤੇ ਜਿਨਾਹ ਇਸ ਮੀਟਿੰਗ ਵਿੱਚ ਖਾਮੋਸ਼ ਰਹੇ ਅਤੇ ਮੀਟਿੰਗ ਵਿੱਚ ਸਰਕਾਰੀ ਪੱਧਰ ’ਤੇ ਆਬਾਦੀ ਦਾ ਤਬਾਦਲਾ ਕਰਵਾਉਣ ਦਾ ਫ਼ੈਸਲਾ ਲੈਣ ਤੋਂ ਮਨ੍ਹਾ ਕਰ ਦਿੱਤਾ ਗਿਆ। ਕਾਂਗਰਸ ਅਤੇ ਮੁਸਲਿਮ ਲੀਗ ਦੋਵੇਂ ਸਿੱਖਾਂ ਨੂੰ ਇੱਕ ਜਗ੍ਹਾ ਵਸਾ ਕੇ ਬਹੁਗਿਣਤੀ ਵਾਲਾ ਖੇਤਰ ਬਣਾਉਣ ਦੇ ਪੱਖ ਵਿੱਚ ਨਹੀਂ ਸਨ। ‘ਪਾਕਿਸਤਾਨ ਵਿੱਚੋਂ ਸਿੱਖਾਂ ਦੇ ਨਿਕਲਣ ਦੀ ਗਾਥਾ’ ਨਾਮ ਦੀ ਪੁਸਤਕ ਵਿੱਚ ਡਾ. ਕਿਰਪਾਲ ਸਿੰਘ ਕਹਿੰਦੇ ਹਨ ਕਿ ਪਹਿਲਾਂ ਤਿੰਨ ਲੱਖ ਸਿੱਖਾਂ ਦਾ ਜਥਾ ਲੈ ਕੇ ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਭਾਰਤੀ ਪੰਜਾਬ ਵੱਲ ਆਏ। ਇਸ ਮੌਕੇ ਤੱਕ ਸਰਕਾਰ ਵੱਲੋਂ ਲੱਖਾਂ ਲੋਕਾਂ ਦੇ ਪੁਨਰਵਾਸ ਦੀ ਕੋਈ ਠੋਸ ਯੋਜਨਾ ਨਹੀਂ ਸੀ। ਡਾ. ਐਮ.ਐਸ. ਰੰਧਾਵਾ ਦਿੱਲੀ ਦੇ ਡਿਪਟੀ ਕਮਿਸ਼ਨਰ ਸਨ ਅਤੇ ਉਨ੍ਹਾਂ ਦਾ ਵੱਲਭ ਭਾਈ ਪਟੇਲ ਨਾਲ ਚੰਗਾ ਸਹਿਚਾਰ ਸੀ। ਰੰਧਾਵਾ ਦੀ ਪਹਿਲਕਦਮੀ ’ਤੇ ਸਿੱਖਾਂ ਦਾ ਕੁੱਝ ਹੱਦ ਤੱਕ ਪੁਨਰਵਾਸ ਸੰਭਵ ਹੋ ਸਕਿਆ ਸੀ।

dr-kirpal-singh

ਡਾ. ਕਿਰਪਾਲ ਸਿੰਘ

ਇਤਿਹਾਸਕਾਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਅਨੁਸਾਰ ਉਸ ਵੇਲੇ ਪਾਕਿਸਤਾਨੀ ਪੰਜਾਬ ਵਿੱਚ ਸਿੱਖਾਂ ਦੀ ਚਾਲੀ ਫ਼ੀਸਦ ਆਬਾਦੀ ਕੋਲ 60 ਫ਼ੀਸਦ ਜ਼ਮੀਨ ਸੀ। ਉਜਾੜੇ ਕਾਰਨ ਇਨ੍ਹਾਂ ਨੂੰ ਹਮਦਰਦੀ ਦੀ ਲੋੜ ਸੀ ਪਰ ਆਜ਼ਾਦੀ ਤੋਂ ਪਹਿਲਾਂ ਹੀ ਭਾਸ਼ਾ ਦੇ ਆਧਾਰ ’ਤੇ ਸੂਬੇ ਗਠਿਤ ਕਰਨ ਦੀ ਨੀਤੀ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਪੰਜਾਬੀ ਸੂਬੇ ਨੂੰ ਨਜ਼ਰਅੰਦਾਜ਼ ਕੀਤਾ। ਹਰ ਮੌਕੇ ਅਕਾਲੀ ਦਲ ’ਤੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਦਬਾਅ ਪੈਂਦਾ ਰਿਹਾ। ਧਰਮ ਨਿਰਪੱਖਤਾ ਦੇ ਨਾਮ ’ਤੇ ਪਏ ਦਬਾਅ ਸਦਕਾ ਅਕਾਲੀ ਦਲ ਨੇ 1950 ਅਤੇ ਮੁੜ 1957 ਵਿੱਚ ਸਿਆਸੀ ਸਰਗਰਮੀ ਕਾਂਗਰਸ ਦੇ ਚੋਣ ਚਿੰਨ੍ਹ ’ਤੇ ਕਰਨ ਦਾ ਫ਼ੈਸਲਾ ਲੈ ਲਿਆ ਪ੍ਰੰਤੂ ਮਾਸਟਰ ਤਾਰਾ ਸਿੰਘ ਨੂੰ ਪੁਰਾਣੇ ਧੱਕਿਆਂ ਦਾ ਅਹਿਸਾਸ ਸੀ ਅਤੇ ਉਨ੍ਹਾਂ 1957 ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ। ਇਹ ਅਲੱਗ ਗੱਲ ਹੈ ਕਿ ਕੋਈ ਜਿੱਤਿਆ ਨਹੀਂ। ਕੁਝ ਸਮੇਂ ਬਾਅਦ ਸੰਤ ਫਤਹਿ ਸਿੰਘ ਨੂੰ ਵੀ ਮਾਸਟਰ ਵਾਲੇ ਰਾਹ ’ਤੇ ਆਉਣਾ ਪਿਆ।

ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬਾ ਨਾ ਦੇਣ ਪਿੱਛੇ ਆਜ਼ਾਦ ਭਾਰਤ ਦੀ ਸਰਕਾਰ ਦੀ ਇਹ ਮਨਸ਼ਾ ਸੀ ਕਿ ਇਸ ਨਾਲ ਸਿੱਖ ਸਿਰ ਚੜ੍ਹ ਜਾਣਗੇ। ਪੰਜਾਬ ਦੇ ਕਾਂਗਰਸ ਆਗੂਆਂ ਨੂੰ ਵੀ ਇਹ ਲੱਗਦਾ ਸੀ ਕਿ ਪੰਜਾਬੀ ਸੂਬੇ ਨਾਲ ਸਿੱਖ ਸੱਤਾ ਦੇ ਦਾਅਵੇਦਾਰ ਬਣ ਜਾਣਗੇ। ਮਾਸਟਰ ਤਾਰਾ ਸਿੰਘ ਦੇ ਪੀ.ਏ. ਰਹੇ ਪ੍ਰਤਾਪ ਸਿੰਘ ਕੈਰੋਂ ਨੇ ਜਵਾਹਰ ਲਾਲ ਨਹਿਰੂ ਨਾਲ ਦੋਸਤੀ ਦੇ ਮਾਮਲੇ ਵਿੱਚ ਪੰਜਾਬੀ ਸੂਬੇ ਦਾ ਸਭ ਤੋਂ ਵੱਧ ਵਿਰੋਧ ਕੀਤਾ ਅਤੇ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ। ਪੰਜਾਬੀ ਸੂਬਾ ਬਣਾਉਣ ਲਈ ਹਰਿਆਣਾ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਪੱਛਮੀ ਯੂ.ਪੀ. ਨਾਲੋਂ ਤੋੜ ਕੇ ਜੋ ਜ਼ਿਲ੍ਹੇ ਪੰਜਾਬ ਨਾਲ ਮਿਲਾਏ ਗਏ ਸਨ, ਉਹ ਯੂ.ਪੀ. ਨਾਲ ਮੁੜ ਜਾਣ ਲਈ ਤਿਆਰ ਸਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭੇਜੇ ਗਏ ਕਾਂਗੜਾ, ਡਲਹੌਜ਼ੀ, ਨਾਲਾਗੜ੍ਹ ਆਦਿ ਪੰਜਾਬ ਵਿੱਚ ਆਉਣ ਲਈ ਤਿਆਰ ਸਨ। ਪ੍ਰੰਤੂ ਹਰਿਆਣਾ ਦਾ ਮਤਾ ਜਬਰਦਸਤੀ ਪਾ ਦਿੱਤਾ ਗਿਆ।

ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ

ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ

ਵੱਡੇ ਸਿੱਖ ਆਗੂਆਂ ਵਿੱਚ ਪੰਜਾਬੀ ਸੂਬੇ ਦੀ ਮੰਗ ਦੀ ਵਿਆਖਿਆ ਬਾਰੇ ਲਗਾਤਾਰ ਮੱਤਭੇਦ ਰਹੇ। ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹਿ ਸਿੰਘ ਨੇ 1 ਅਗਸਤ 1960 ਨੂੰ ਕਿਹਾ ਕਿ ਉਨ੍ਹਾਂ ਦੇ ਪੰਜਾਬੀ ਸੂਬੇ ਦਾ ਆਧਾਰ ਮੁੱਢ ਤੋਂ ਹੀ ਮਾਸਟਰ ਤਾਰਾ ਸਿੰਘ ਤੋਂ ਅਲੱਗ ਰਿਹਾ ਹੈ। ਨਿਰੋਲ ਭਾਸ਼ਾ ਦੇ ਆਧਾਰ ’ਤੇ ਸੂਬੇ ਦੀ ਮੰਗ ਹੈ।

ਗੌਰਤਲਬ ਹੈ ਕਿ ਜੇਕਰ ਨਿਰੋਲ ਭਾਸ਼ਾ ਦੇ ਆਧਾਰ ’ਤੇ ਸੂਬਾ ਮਿਲਦਾ ਤਾਂ ਸਿੱਖਾਂ ਦੀ ਆਬਾਦੀ ਉਸ ਵਿੱਚ 45 ਫ਼ੀਸਦ ਸੀ। ਮਾਸਟਰ ਤਾਰਾ ਸਿੰਘ ਦੇ ਦਿਮਾਗ ਵਿੱਚ ਹਮੇਸ਼ਾ ਸਿੱਖਾਂ ਦੀ ਬਹੁਗਿਣਤੀ ਵਾਲਾ ਇੱਕ ਵਿਸ਼ੇਸ਼ ਖੇਤਰ ਸੀ, ਜਿਸ ਵਿੱਚ ਉਹ ਸੱਤਾ ਦੇ ਦਾਅਵੇਦਾਰ ਬਣੇ ਰਹਿ ਸਕਣ ਅਤੇ ਆਪਣੀ ਪਛਾਣ ਨੂੰ ਬਰਕਰਾਰ ਰੱਖ ਸਕਣ। ਇਨ੍ਹਾਂ ਦੋ ਅਕਾਲੀ ਦਲਾਂ ਵਿੱਚ ਵੀ ਆਪਸੀ ਕਸ਼ਮਕਸ਼ ਲਗਾਤਾਰ ਜਾਰੀ ਰਹੀ।

(ਧੰਨਵਾਦ ਸਹਿਤ: ਪੰਜਾਬੀ ਟ੍ਰਿਬਿਊਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,