ਵਿਦੇਸ਼ » ਸਿੱਖ ਖਬਰਾਂ

ਭਾਰਤ ਸਰਕਾਰ ਸਿੱਖਾਂ ਬਾਰੇ ਆਪਣੀਆਂ ਗਲਤ ਨੀਤੀਆਂ ਦਾ ਮੁਲਾਂਕਣ ਕਰਕੇ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਕਰੇ: ਪੰਚ ਪਰਧਾਨੀ ਯੂ.ਕੇ.

February 13, 2016 | By

ਲੰਡਨ: ਅੱਜ ਜਾਰੀ ਕੀਤੇ ਗਏ ਇਕ ਲਿਖਤੀ ਬਿਆਨ ਰਾਹੀਂ ਯੂ. ਕੇ. ਸਥਿਤ ਸਿੱਖ ਜਥੇਬੰਦੀ “ਪੰਚ ਪ੍ਰਧਾਨੀ (ਯੂ. ਕੇ.)” ਨੇ ਕਿਹਾ ਕਿ ਇੰਟਰਪੋਲ ਦੀ ਸਹਾਇਤਾ ਨਾਲ ਪੁਰਤਗਾਲ ਵਿੱਚ ਫੜੇ ਗਏ ਸਿੱਖ ਨੌਜਵਾਨ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਦਾ ਕੇਸ ਹਾਰ ਜਾਣ ਪਿੱਛੋਂ ਭਾਰਤ ਸਰਕਾਰ ਨੂੰ ਹੁਣ ਆਪਣੀਆਂ ਪਿਛਲੇ 30 ਸਾਲਾਂ ਦੀਆਂ ਗਲਤ ਨੀਤੀਆਂ ਦਾ ਗੰਭੀਰਤਾ ਨਾਲ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਸਿੱਖਾਂ ਨਾਲ ਕਿਸੇ ਹੋਰ ਪੱਧਰ ਦੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨੀ ਚਾਹੀਦੀ ਹੈੈ।

ਪੰਚ ਪ੍ਰਧਾਨੀ (ਯੂ. ਕੇ.) ਜਥੇਬੰਦੀ ਵੱਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਭਾਈ ਪਰਮਿੰਦਰ ਸਿੰਘ ਬੱਲ ਅਤੇ ਭਾਈ ਹਰਦਿਆਲ ਸਿੰਘ ਨੇ ਆਖਿਆ ਕਿ ਪਿਛਲੇ 30 ਸਾਲਾਂ ਤੋਂ ਭਾਰਤੀ ਲੀਡਰਸ਼ਿੱਪ ਸਿੱਖਾਂ ਨੂੰ ਹਾਰੇ ਹੋਏ ਅਤੇ ਗੁਲਾਮ ਸ਼ਹਿਰੀਆਂ ਵਾਂਗ ਵੇਖਦੀ ਆ ਰਹੀ ਹੈ ਜਿਨ੍ਹਾਂ ਦੇ ਕੋਈ ਹੱਕ ਹਕੂਕ ਨਹੀ ਹਨ।

ਸ: ਪਰਮਿੰਦਰ ਸਿੰਘ ਬੱਲ (ਸੱਜੇ) | ਫਾਈਲ ਫੋਟੋ

ਸ: ਪਰਮਿੰਦਰ ਸਿੰਘ ਬੱਲ (ਸੱਜੇ) | ਫਾਈਲ ਫੋਟੋ

ਉਨ੍ਹਾਂ ਦੋਸ਼ ਲਾਇਆ ਕਿ ਭਾਰਤੀ ਲੀਡਰਸ਼ਿੱਪ ਸਿੱਖਾਂ ਨੂੰ ਬਸਤੀਵਾਦੀ ਗੁਲਾਮਾਂ ਵਰਗਾ ਅਹਿਸਾਸ ਕਰਵਾਉਣ ਦਾ ਕੋਈ ਵੀ ਮੌਕਾ ਖਾਲੀ ਨਹੀ ਜਾਣ ਇੰਦੀ ਅਤੇ ਹਰ ਮੋਰਚੇ ‘ਤੇ ਸਿੱਖਾਂ ਨੂੰ ਅੱਤਵਾਦੀ ਵੱਜੋਂ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਲੀਡਰਸ਼ਿੱਪ ਦੀ ਇਹ ਮਾਨਸਿਕਤਾ ਅਸਲ ਵਿੱਚ ਹਾਰੀਆਂ ਹੋਈਆਂ ਰੂਹਾਂ ਦੀ ਮਾਨਸਿਕਤਾ ਹੈ। ਇਸ ਤਰ੍ਹਾਂ ਕਰਕੇ ਭਾਰਤੀ ਲੀਡਰਸ਼ਿੱਪ ਬਹੁਤ ਡਰੀ ਹੋਈ ਸੋਚ ਵਿੱਚੋਂ ਰੱਖਿਆਤਮਕ ਪਹੁੰਚ ਅਪਨਾ ਕੇ ਚੱਲ ਰਹੀ ਹੈੈ।

ਪੰਚ ਪ੍ਰਧਾਨੀ (ਯੂ. ਕੇ.) ਦੇ ਉਕਤ ਆਗੂਆਂ ਨੇ ਕਿਹਾ ਕਿ ਵੱਧ ਅਬਾਦੀ ਦੇ ਹੰਕਾਰ ਵਿੱਚ ਮੱਤੀਆਂ ਹੋਈਆਂ ਸਰਕਾਰਾਂ ਨੇ ਇਹ ਸਮਝ ਲਿਆ ਹੈ ਕਿ ਹਰ ਹਰਬੇ ਨਾਲ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾ ਕੇ ਰੱਖਣਾਂ ਹੀ ਉਨ੍ਹਾਂ ਦਾ ਸ਼ੁਗਲ ਹੈੈ। ਪਰ ਜਿੱਥੇ ਵੀ ਸੱਚੀ ਜਮਹੂਰੀਅਤ ਦੇ ਮਾਪਦੰਡਾਂ ਦੇ ਅੁਧਾਰ ਤੇ ਸਿੱਖਾਂ ਦਾ ਕੇਸ ਪੇਸ਼ ਹੁੰਦਾ ਹੈ ਉੱਥੇ ਹੀ ਸਿੱਖਾਂ ਨੂੰ ਜਿੱਤ ਨਸੀਬ ਹੁੰਦੀ ਹੈੈ।

ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਿਛਲੇ 30 ਸਾਲਾਂ ਦੀਆਂ ਸਿਆਸੀ ਦੁਸ਼ਮਣੀਆਂ ਅਤੇ ਬਹੁਗਿਣਤੀ ਦਾ ਹੰਕਾਰ ਛੱਡਕੇ ਸਿੱਖਾਂ ਨੂੰ ਸਤਿਕਾਰ ਦੇਵੇ ਅਤੇ ਆਪਣੀ ਨੀਤੀ ਵਿੱਚ ਤਬਦੀਲੀ ਕਰੇ। ਜੇ ਸਰਕਾਰ ਸਿੱਖ ਕੈਦੀਆਂ ਦੀ ਰਿਹਾਈ ਅਤੇ ਕਾਲੀਆਂ ਸੂਚੀਆਂ ਨੂੰ ਖਤਮ ਕਰਨ ਲਈ ਸੁਹਿਰਦ ਹੈ ਤਾਂ ਉਹ ਇਹ ਪਹਿਲ ਕਦਮੀ ਕਰਕੇ ਵਿਸ਼ਵਾਸ਼ ਭਰਿਆ ਮਹੌਲ ਸਿਰਜਣ ਲਈ ਯਤਨ ਕਰੇ ਅਤੇ ਫਿਰ ਸਿੱਖਾਂ ਦੀ ਇੱਕ ਵੱਖਰੇ ਧਰਮ ਅਤੇ ਕੌਮ ਵੱਜੋਂ ਹੋਂਦ ਨੂੰ ਪਰਵਾਨ ਕਰਕੇ ਵਿਸ਼ਵਾਸ਼ ਬਹਾਲੀ ਦੇ ਯਤਨ ਸ਼ੁਰੂ ਕਰੇ। ਭਾਰਤ ਸਰਕਾਰ ਨੂੰ ਇਹ ਗੱਲ ਯਾਦ ਰੱਖਣੀ ਚਅਹੀਦੀ ਹੈ ਕਿ ਸਿੱਖਾਂ ਦਾ ਆਪਣਾਂ ਵੱਖਰਾ ਇਤਿਹਾਸ ਹੈ, ਆਪਣੀ ਬੋਲੀ ਹੈ ਆਪਣਾਂ ਨਿਵੇਕਲਾ ਧਰਮ ਅਤੇ ਸੱਭਿਆਚਾਰ ਹੈ ਇਸ ਲਈ ਕੌਮ ਦੇ ਇਸ ਨਿਵੇਕਲੇ ਇਤਿਹਾਸ ਦੇ ਸੰਦਰਭ ਵਿੱਚ ਸਰਕਾਰ ਕੁਝ ਨਵੀਆਂ ਪਹਿਲਕਦਮੀਆਂ ਕਰਕੇ ਸਿੱਖਾਂ ਦੇ ਸਤਿਕਾਰ ਦੀ ਬਹਾਲੀ ਕਰੇ। ਵਾਰ ਵਾਰ ਵਿਦੇਸ਼ ਵਸਦੇ ਸਿੱਖਾਂ ਨੂੰ ਘਟੀਆ ਢੰਗ ਨਾਲ ਗ੍ਰਿਫਤਾਰ ਕਰਨ ਦੀਆਂ ਕਾਰਵਾਈਆਂ ਹੁਣ ਬਹੁਤਾ ਚਿਰ ਨਹੀ ਚੱਲਣਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,