ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਜਗਮੀਤ ਸਿੰਘ ਬਰਾੜ ਅੱਜ ਕਰਨਗੇ ਕਾਂਗਰਸ ਛੱਡਣ ਦਾ ਐਲਾਨ

January 5, 2015 | By

Jagmeet Brar

ਸ. ਜਗਮੀਤ ਸਿੰਘ ਬਰਾੜ

ਚੰਡੀਗੜ੍ਹ(4 ਜਨਵਰੀ, 2015): ਪੰਜਾਬ ਕਾਂਗਰਸ ਦੇ ਤੇਜ਼ ਤਰਾਰ ਆਗੂ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਵਰਕਿੰਗ ਕਮੇਟੀ ਦੇ ਸਾਬਕਾ ਮੈਂਬਰ ਸ. ਜਗਮੀਤ ਸਿੰਘ ਬਰਾੜ ਜੋ ਕੋਈ ਮਗਰਲੇ 5 ਮਹੀਨਿਆਂ ਤੋਂ ਪਾਰਟੀ ਤੋਂ ਮੁਅੱਤਲ ਚੱਲ ਰਹੇ ਹਨ ਵੱਲੋਂ ਪਾਰਟੀ ਨੂੰ ਕੱਲ੍ਹ ਅਲਵਿਦਾ ਕਹਿ ਦਿੱਤੇ ਜਾਣ ਦੀ ਸੰਭਾਵਨਾ ਹੈ।

ਸ. ਬਰਾੜ ਵੱਲੋਂ ਕੱਲ੍ਹ ਬਾਅਦ ਦੁਪਹਿਰ 12 ਵਜੇ ਇਸ ਮੰਤਵ ਲਈ ਇੱਥੇ ਇਕ ਪੱਤਰਕਾਰ ਸੰਮੇਲਨ ਰੱਖਿਆ ਗਿਆ ਹੈ। ਸ. ਬਰਾੜ ਜਿਨ੍ਹਾਂ ਵੱਲੋਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਇਹ ਵਿਚਾਰ ਦਿੱਤੇ ਗਏ ਸਨ ਕਿ ਪਾਰਟੀ ਦੀ ਹਾਰ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ ਅਤੇ ਇਸ ਲਈ ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਮੰਤਵ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਅਗਰ ਜਾਂਚ ਤੋਂ ਵੱਖ ਰੱਖਿਆ ਜਾਣਾ ਜ਼ਰੂਰੀ ਨਾ ਹੋਵੇ ਤਾਂ ਉਸ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਣਾ ਚਾਹੀਦਾ ।

ਉਨ੍ਹਾਂ ਕਾਂਗਰਸ ਪਾਰਟੀ ਦੀ ਕਾਰਜਸ਼ੈਲੀ ਅਤੇ ਸੀਨੀਅਰ ਆਗੂਆਂ ਦੇ ਕਾਰਗੁਜ਼ਾਰੀ ‘ਤੇ ਇਤਰਾਜ਼ ਉਠਾਏ ਸਨ, ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਲਿਖਤੀ ਸਪਸ਼ਟੀਕਰਨ ਅਤੇ ਜੁਆਬ ਆਦਿ ਤੋਂ ਬਾਅਦ ਵੀ ਉਨ੍ਹਾਂ ਵਿਰੁੱਧ ਕੀਤੀ ਗਈ ਕਾਰਵਾਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਵਾਪਸ ਨਹੀਂ ਲਈ ਗਈ।

ਮਗਰਲੇ ਦਿਨਾਂ ਵਿਚ ਚਰਚਾ ਇਹ ਵੀ ਸੀ ਕਿ ਸ. ਬਰਾੜ ਨਾਲ ਭਾਜਪਾ ਦੀ ਕੌਮੀ ਲੀਡਰਸ਼ਿਪ ਵੱਲੋਂ ਵੀ ਸੰਪਰਕ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਵੀ ਕਰਵਾਇਆ ਜਾ ਸਕਦਾ ਹੈ । ਸ. ਬਰਾੜ ਨਾਲ ਹਰਿਆਣਾ ਦੇ ਸੀਨੀਅਰ ਆਗੂ ਚੌਧਰੀ ਬੀਰੇਂਦਰ ਸਿੰਘ ਜਿਨ੍ਹਾਂ ਕਾਂਗਰਸ ਪਾਰਟੀ ਲੀਡਰਸ਼ਿਪ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਕੀਤੀ ਸੀ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ।

ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਜਿਨ੍ਹਾਂ ਵੱਲੋਂ ਚਾਲੂ ਮਹੀਨੇ ਦੇ ਅਖੀਰ ਵਿਚ ਪੰਜਾਬ ਦੇ ਦੌਰਿਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਦੇ ਕਿਸੇ ਸਮਾਗਮ ਵਿਚ ਵੀ ਸ. ਜਗਮੀਤ ਸਿੰਘ ਬਰਾੜ ਦੀ ਭਾਜਪਾ ਵਿਚ ਸ਼ਮੂਲੀਅਤ ਸਬੰਧੀ ਐਲਾਨ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,