ਖਾਸ ਖਬਰਾਂ » ਸਿੱਖ ਖਬਰਾਂ

ਮੌਜੂਦਾ ਹਾਲਾਤਾਂ ਤੇ ਪੰਥ ਸੇਵਕ ਸਖਸ਼ੀਅਤਾਂ ਦਾ ਅਹਿਮ ਸਾਂਝਾ ਬਿਆਨ

September 29, 2023 | By

ਚੰਡੀਗੜ੍ਹ –  ਮੌਜੂਦਾ ਚੱਲ ਰਹੇ ਹਾਲਾਤਾਂ ਤੇ ਅੱਜ ਪੰਥ ਸੇਵਕ ਸਖਸ਼ੀਅਤਾਂ ਨੇ ਇੱਕ ਅਹਿਮ ਸਾਂਝਾ ਬਿਆਨ ਜਾਰੀ ਕੀਤਾ ਹੈ। ਇੱਥੇ ਅਸੀਂ ਪੰਥ ਸੇਵਕਾਂ ਵੱਲੋਂ ਜਾਰੀ ਕੀਤਾ ਗਿਆ ਸਾਂਝਾ ਬਿਆਨ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇੰਨ-ਬਿੰਨ ਸਾਂਝਾ ਕਰ ਰਹੇ ਹਾਂ – ਸੰਪਾਦਕ

ਸਾਂਝਾ ਬਿਆਨ

ਇਸ ਵੇਲੇ ਸਿੱਖ ਅਜਿਹੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ ਜੋ ਕਿ ਭਾਰੀ ਚੁਣੌਤੀਆਂ ਅਤੇ ਸੰਭਾਵਨਾਵਾਂ ਨਾਲ ਭਰਪੂਰ ਹਨ। ਇਹ ਜੋ ਕੁਝ ਵਾਪਰ ਰਿਹਾ ਹੈ ਇਹ ਗੁਰੂ ਦੀ ਹੀ ਕੋਈ ਕਲਾ ਹੈ ਕਿ ਖਾਲਸਾ ਜੀ ਦੇ ਸਿਮਰਨ, ਅਰਦਾਸਾਂ, ਸੰਘਰਸ਼, ਸ਼ਹਾਦਤਾਂ ਤੇ ਸਬਰ-ਸਿਦਕ ਨਾਲ ਅਜਿਹੇ ਹਾਲਾਤ ਬਣੇ ਕਿ ਗੁਰੂ ਓਟ ਸਦਕਾ ਗੁਰੂ ਆਸ਼ੇ ਅਨੁਸਾਰ ਕਰੋਨਾ ਕਾਲ ਸਮੇਂ ਕੀਤੀ ਸੇਵਾ ਅਤੇ ਕਿਰਸਾਨੀ ਅੰਦੋਲਨ ਮੌਕੇ ਸਾਂਝੇ ਸੰਘਰਸ਼ ਨੂੰ ਦ੍ਰਿੜਤਾ ਨਾਲ ਦਿੱਤੇ ਨਿਰਣਾਇਕ ਸਹਿਯੋਗ ਨਾਲ ਸਿੱਖ ਇਸ ਖਿੱਤੇ ਵਿਚ ਮੁੜ ਮਹੱਤਵਪੂਰਨ ਥਾਂ ’ਤੇ ਖੜ੍ਹੇ ਹਨ। ਇਸੇ ਹੈਸੀਅਤ ਕਰਕੇ ਜਿੱਥੇ ਪਰਖਾਂ ਹੋਰ ਵੀ ਡਾਹਡੀਆਂ ਹੋ ਰਹੀਆਂ ਹਨ ਉੱਥੇ ਨਾਲ ਹੀ ਸੰਭਾਵਨਾਵਾਂ ਦੇ ਵੀ ਦਰਵਾਜ਼ੇ ਖੁੱਲ੍ਹ ਸਕਦੇ ਹਨ।

ਇੰਡੀਆ ਵਿਚਲੀ ਬਿਪਰਵਾਦੀ ਹਕੂਮਤ ਸਿੱਖਾਂ ਦੀ ਇਸ ਸਮਰੱਥਾ ਤੋਂ ਭੈਭੀਤ ਹੋਈ ਹੈ ਜਿਸ ਕਾਰਨ ਉਸ ਵੱਲੋਂ ਸਿੱਖਾਂ ਦੀ ਸਾਖ ਤੇ ਸਮਰੱਥਾ ਨੂੰ ਢਾਹ ਲਾਉਣ ਦਾ ਅਮਲ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਇਸ ਸਾਲ ਮਾਰਚ ਮਹੀਨੇ ਪੰਜਾਬ ਵਿਚ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਤੇ ਨਜ਼ਰਬੰਦੀਆਂ ਦੇ ਨਾਲ-ਨਾਲ ਸਿੱਖ ਅਤੇ ਪੰਜਾਬੀ ਖਬਰਖਾਨੇ ਉੱਤੇ ਰੋਕਾਂ ਲਗਾ ਕੇ ਅਤੇ ਬਿਪਰਵਾਦੀ ਖਬਰਬਾਨੇ ਦੇ ਭੰਡੀਪਰਚਾਰ (ਪ੍ਰਾਪੇਗੰਡੇ) ਨੂੰ ਬੇਲਗਾਮ ਛੱਡ ਕੇ ਇਕ ਵੱਡਾ ਮਨੋਵਿਗਿਆਨਕ ਹਮਲਾ ਕੀਤਾ ਗਿਆ। ਦੂਜੇ ਮੁਲਕਾਂ ਵਿਚ ਖਾਲਿਸਤਾਨ ਤੇ ਸਿੱਖਾਂ ਦੇ ਅਜ਼ਾਦੀ ਦੇ ਸੰਘਰਸ਼ ਦੇ ਆਗੂਆਂ ਤੇ ਹਾਮੀਆਂ ਦੇ ਮਿੱਥ ਕੇ ਕੀਤੇ ਗਏ ਕਤਲ ਬਿਪਰ ਹਕੂਮਤ ਦੀ ਇਸੇ ਵਿਓਂਤਬੰਦੀ ਦਾ ਹੀ ਅਗਲਾ ਪੜਾਅ ਹਨ।

ਹੰਕਾਰ ਵਿਚ ਆਈ ਦਿੱਲੀ ਦਰਬਾਰ ਦੀ ਬਿਪਰਵਾਦੀ ਹਕੂਮਤ ਨੇ ਕਨੇਡਾ ਦੀ ਧਰਤੀ ਉੱਤੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਕਰਕੇ ਉਹਨਾ ਨੂੰ ਸ਼ਹੀਦ ਕਰਨ ਦੀ ਵਾਰਦਾਤ ਨੂੰ ਸਰਅੰਜਾਮ ਦਿੱਤਾ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਈ ਨਿੱਝਰ ਨੂੰ ਸ਼ਹੀਦ ਕਰਨ ਪਿੱਛੇ ਇੰਡੀਆ ਦੇ ਏਜੰਟਾਂ ਦਾ ਹੱਥ ਹੋਣ ਦਾ ਕੀਤਾ ਗਿਆ ਖੁਲਾਸਾ ਸਿਰਫ ਸਿੱਖਾਂ, ਕਨੇਡਾ ਅਤੇ ਇੰਡੀਆ ਤੱਕ ਹੀ ਸੀਮਤ ਨਹੀਂ ਹੈ। ਇਸ ਦੀਆਂ ਤੰਦਾਂ ਖਿੱਤੇ ਦੀ ਭੂ-ਰਾਜਨੀਤੀ ਤੇ ਇਸ ਵਿਚ ਕੌਮਾਂਤਰੀ ਤਾਕਤਾਂ ਦੀ ਰੁਚੀ ਨਾਲ ਜੁੜੀਆਂ ਹੋਈਆਂ ਹਨ।

ਕਨੇਡਾ ਦੀ ਸਰਕਾਰ ਦੇ ਸਿਖਰਲੇ ਅਹੁਦੇ ਭਾਵ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਸਿਖਰਲੇ ਅਦਾਰੇ ਪਾਰਲੀਮੈਂਟ ਵਿਚ ਇੰਡੀਆ ਉੱਤੇ ਰਿਵਾਇਤੀ ਕੌਮਾਂਤਰੀ ਕਾਨੂੰਨਾਂ (ਕਸਟਮਰੀ ਇੰਟਰਨੈਸ਼ਨਲ ਲਾਅ) ਦੀ ਉਲੰਘਣਾ ਕਰਦੀ ਵਾਰਦਾਤ ਵਿਚ ਸ਼ਮੂਲੀਅਤ ਦਾ ਇਲਜ਼ਾਮ ਲਾਇਆ ਗਿਆ ਹੈ। ਅਜਿਹਾ ਕਰਦਿਆਂ ਕਨੇਡੀਅਨ ਪ੍ਰਧਾਨ ਮੰਤਰੀ ਨੇ ਅਮਰੀਕਾ, ਕਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਅਧਾਰਤ ਸਾਂਝੇ ਖੂਫੀਆ ਤੰਤਰ ‘ਫਾਈਵ ਆਈ ਅਲਾਇੰਸ’ ਵੱਲੋਂ ਭਾਈ ਨਿੱਝਰ ਦੇ ਕਤਲ ਬਾਰੇ ਗੁਪਤ ਜਾਣਕਾਰੀ ਦਿੱਤੇ ਜਾਣ ਦਾ ਉਚੇਚਾ ਜ਼ਿਕਰ ਕੀਤਾ ਹੈ। ਇਹ ਸਭ ਕੁਝ ਕਨੇਡਾ ਦੀ ਕਾਰਵਾਈ ਪਿੱਛੇ ਪੱਛਮੀ ਤਾਕਤਾਂ ਵੱਲੋਂ ਦੱਖਣੀ ਏਸ਼ੀਆ ਦੇ ਖਿੱਤੇ ਪ੍ਰਤੀ ਅਪਨਾਏ ਜਾ ਰਹੇ ਮਹੱਤਵਪੂਰਨ ਰੁਖ ਨੂੰ ਦਰਸਾਉਂਦਾ ਹੈ।

ਇੰਡੀਆ ਬਾਰੇ ਕਨੇਡਾ ਦਾ ਇਹ ਕਦਮ ਪੱਛਮੀ ਤਾਕਤਾਂ ਦੀ ਸੋਚ-ਸਮਝ ਕੇ ਕੀਤੀ ਕਾਰਵਾਈ ਹੈ। ਇੱਕ ਖਾਲਿਸਤਾਨੀ ਸਿੱਖ ਆਗੂ ਦੇ ਕਨੇਡਾ ਵਿਚ ਇੰਡੀਆ ਵੱਲੋਂ ਕੀਤੇ ਕਤਲ ਨਾਲ ਜੁੜੇ ਹੋਣ ਕਰਕੇ ਇਹ ਕਾਰਵਾਈ ਸਿੱਖਾਂ ਲਈ ਬਹੁਤ ਅਹਿਮ ਹੈ। ਇਹ ਮਸਲਾ ਕੌਮਾਂਤਰੀ ਤਾਕਤਾਂ ਦੇ ਭੇੜ ਦਾ ਇਕ ਅਜਿਹਾ ਨੁਕਤਾ ਬਣ ਰਿਹਾ ਹੈ ਜਿਸ ਦੇ ਐਨ ਕੇਂਦਰ ਵਿਚ ਸਿੱਖ ਅਤੇ ਖਾਲਿਸਤਾਨ ਦਾ ਮਸਲਾ ਆ ਗਿਆ ਹੈ।

ਇਹ ਸਮਾਂ ਸਿੱਖਾਂ ਲਈ ਸੁਚੇਤ ਹੋ ਕੇ ਚੱਲਣ ਦਾ ਹੈ। ਕੌਮਾਂਤਰੀ ਤਾਕਤਾਂ ਦੀ ਸ਼ਮੂਲੀਅਤ ਬਾਰੇ ਵੀ ਚੇਤਨ ਰਹਿਣ ਦੀ ਜਰੂਰਤ ਹੈ। ਕਿਸੇ ਵੀ ਮਸਲੇ ਵਿਚ ਸ਼ਮੂਲੀਅਤ ਦੇ ਕੌਮਾਂਤਰੀ ਤਾਕਤਾਂ, ਪੱਛਮੀ ਮੁਲਕਾਂ ਸਮੇਤ, ਦੇ ਆਪਣੇ ਮੁਫਾਦ ਹੁੰਦੇ ਹਨ। ਸਿੱਖ ਆਪਣੇ ਇਤਿਹਾਸ ਅਤੇ ਭੂਗੌਲਿਕ ਖਿੱਤੇ ਕਰਕੇ ਇਸ ਵੇਲੇ ਕੌਮਾਂਤਰੀ ਤਾਕਤਾਂ ਦੇ ਭੂ-ਰਾਜਨੀਤਕ ਅਤੇ ਭੂ-ਰਣਨੀਤਕ ਤਣਾਵਾਂ ਤੇ ਮੁਫਾਦਾਂ ਦੇ ਕੇਂਦਰ ਵਿਚ ਆ ਰਹੇ ਹਨ। ਦੱਖਣੀ ਏਸ਼ੀਆ ਦੇ ਖਿੱਤੇ ਵਿਚ ਸਿੱਖ ਪ੍ਰਮਾਣੂ ਸਮਰੱਥਾ ਵਾਲੀਆਂ ਇਕ ਦੂਜੇ ਦੀਆਂ ਵਿਰੋਧੀ ਤਾਕਤਾਂ ਵਿਚ ਘਿਰੇ ਹੋਏ ਹਨ ਤੇ ਤਣਾਅ ਦੇ ਹਾਲਾਤ ਵਿਚ ਕਿਸੇ ਇਕ ਦੀ ਕਾਹਲ ਜਾਂ ਗਲਤੀ ਵੀ ਵੱਡੇ ਨੁਕਸਾਨਾਂ ਦਾ ਸਬੱਬ ਬਣ ਸਕਦੀ ਹੈ।

ਇਸ ਸਥਿਤੀ ਦਾ ਹੀ ਦੂਜਾ ਪਹਿਲੂ ਇਹ ਹੈ ਕਿ ਜਿੱਥੇ ਇਹ ਚੁਣੌਤੀਆਂ ਤੇ ਖਤਰੇ/ਖਦਸ਼ੇ ਹਨ ਓਥੇ ਬਣ ਰਹੇ ਹਾਲਾਤ ਵਿਚ ਸਿੱਖਾਂ ਲਈ ਨਵੀਆਂ ਸੰਭਾਵਨਾਵਾਂ ਵੀ ਪੈਦਾ ਹੋ ਰਹੀਆਂ ਹਨ। ਮੌਜੂਦਾ ਮਸਲੇ ਵਿਚ ਵੀ ਸਿਖਾਂ ਕੋਲ ਖਾਲਿਸਤਾਨ ਦੇ ਸੰਕਲਪ ਤੇ ਵਿਚਾਰ ਬਾਰੇ ਆਪਣਾ ਨਜ਼ਰੀਆ ਸੰਸਾਰ ਸਾਹਮਣੇ ਰੱਖਣ ਦੀ ਸੰਭਾਵਨਾ ਉਜਾਗਰ ਹੋਈ ਹੈ। ਭਾਵੇਂ ਕਿ ਸਿੱਖ ਹਾਲ ਦੀ ਘੜੀ ਇਸ ਸੰਭਾਵਨਾ ਨੂੰ ਵਰਤਣ ਲਈ ਪੂਰੇ ਸਮਰੱਥ ਨਜ਼ਰ ਨਹੀਂ ਆ ਰਹੇ।
ਸਾਰੀ ਸਥਿਤੀ ਅਜਿਹੀ ਹੈ ਕਿ ਦਿੱਲੀ ਦਰਬਾਰ ਦੀ ਬਿਪਰਵਾਦੀ ਹਕੂਮਤ ਆਪਣਾ ਹਮਲਾਵਰ ਰੁਖ ਬਰਕਰਾਰ ਰੱਖੇਗੀ। ਇੰਡੀਆ ਵਿਚ ਜਿੱਥੇ ਪਹਿਲਾਂ ਮੁਸਲਮਾਨ ਸਰਕਾਰ ਵੱਲੋਂ ਪਰਤੱਖ ਤੌਰ ’ਤੇ ਨਿਸ਼ਾਨੇ ਉੱਤੇ ਸਨ ਓਥੇ ਹੁਣ ਸਿੱਖਾਂ ਵਿਚੋਂ ਕਾਫੀ ਅਹਿਮ ਹਿੱਸੇ ਨੂੰ ‘ਖਾਲਿਸਤਾਨੀ’ ਹੋਣ ਦੇ ਹਵਾਲੇ ਨਾਲ ਨਿਸ਼ਾਨੇ ਉੱਤੇ ਲਏ ਜਾਣ ਦੀ ਸੰਭਾਵਨਾ ਹੈ।

ਜਿੱਥੇ ਇਕ ਪਾਸੇ ਸੰਸਾਰ ਵਿਚ ਖਾਲਿਸਤਾਨ ਦੇ ਹਵਾਲੇ ਨਾਲ ਕੌਮਾਂਤਰੀ ਰਾਜਨੀਤੀ ਤੇ ਖਬਰਖਾਨੇ ਵਿਚ ਚਰਚਾ ਛਿੜੀ ਹੈ ਓਥੇ ਦਿੱਲੀ ਦਰਬਾਰ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਸਿੱਖਾਂ ਨੂੰ ਆਮ ਕਰਕੇ, ਅਤੇ ਖਾਲਿਸਤਾਨੀਆਂ ਤੇ ਖਾਲਿਸਤਾਨ ਨੂੰ ਖਾਸ ਕਰਕੇ, ਬਦਨਾਮ ਕੀਤਾ ਜਾਵੇ ਤੇ ਨਿਸ਼ਾਨਾ ਬਣਾਇਆ ਜਾਵੇ। ਇਸ ਵਾਸਤੇ ਸਰਕਾਰ ਨਸ਼ਿਆਂ, ਗੈਂਗਵਾਦ ਤੇ ਮੁਜ਼ਰਮਾਨਾ ਕਾਰਵਾਈਆਂ, ਜਿਹਨਾ ਦਾ ਖਾਲਿਸਤਾਨ ਦੇ ਆਦਰਸ਼, ਸੰਕਲਪ ਅਤੇ ਸਰਗਰਮੀ ਨਾਲ ਕੋਈ ਵੀ ਨਾਤਾ ਨਹੀਂ ਹੈ, ਨੂੰ ਸਿੱਖਾਂ ਅਤੇ ਖਾਲਿਸਤਾਨ ਦੇ ਸਿਰ ਮੜ੍ਹਨ ਦਾ ਯਤਨ ਹੋਰ ਤੇਜ ਕਰੇਗੀ। ਕੁੱਲ ਮਿਲਾ ਕੇ ਇੰਡੀਆ ਦੀ ਹਕੂਮਤ ਸਿੱਖਾਂ ਨੂੰ ਨਿਖੇੜ ਕੇ 1984 ਵਾਲੀ ਸਥਿਤੀ ਵਿਚ ਲਿਆਉਣਾ ਚਾਹੁੰਦੀ ਹੈ। ਇਸੇ ਵਾਸਤੇ ਸਰਕਾਰ ਅਤੇ ਇੰਡੀਅਨ ਖਬਰਖਾਨੇ ਵੱਲੋਂ ਸਿੱਖਾਂ ਦੇ ਸੰਘਰਸ਼, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਖਾਲਿਸਤਾਨ ਸੰਘਰਸ਼ ਦੀ ਅਗਵਾਈ ਅਤੇ ਸਿੱਖਾਂ ਦੀ ਅਜ਼ਾਦੀ ਦੀ ਗੱਲ ਕਰਨ ਵਾਲਿਆਂ ਦੀ ਸਾਖ ਉੱਤੇ ਹਮਲੇ ਕੀਤੇ ਜਾ ਰਹੇ ਹਨ।

Identifying India’s Anti-Sikh Strategy and Our Next Steps: Panth Sewak Collective

ਦਿੱਲੀ ਦਰਬਾਰ ਇਸ ਵੇਲੇ ਸਿੱਖਾਂ ਵਿਚ ਆਪਸੀ ਧੜੇਬੰਦੀ ਤੇ ਫੁੱਟ ਨੂੰ ਵਧਾ ਰਿਹਾ ਹੈ। ਬਿਪਰਵਾਦੀ ਹਕੂਮਤ ਵੱਲੋਂ ਸਿੱਖ ਸੰਸਥਾਵਾਂ, ਜਥੇਬੰਦੀਆਂ ਤੇ ਅਗਵਾਈ ਨੂੰ ਖੋਰਾ ਲਗਾਇਆ ਜਾ ਰਿਹਾ ਹੈ। ਸਰਕਾਰ ਦੀ ਮਨਸ਼ਾ ਹੈ ਕਿ ਸਿੱਖਾਂ ਵਿਚ ਹਾਲਾਤ ਆਪਸੀ ਤਹੁਮਤਬਾਜੀ ਤੋਂ ਵਧਾ ਕੇ ਲੜਾਈ ਫਸਾਦ ਤੱਕ ਲਿਆਂਦੇ ਜਾਣ। ਇਹ ਝਗੜੇ ਦੀ ਆੜ ਹੇਠ ਸਰਕਾਰ ਪੰਜਾਬ ਤੇ ਇੰਡੀਆ ਵਿਚ ਸਿੱਖਾਂ ਦੇ ਚੋਣਵੇਂ ਹਿੱਸਿਆਂ ਨੂੰ ਸਿੱਖਾਂ ਵਿਚਲੇ ਹੀ ਕਿਸੇ ਦੂਜੇ ਹਿੱਸੇ ਦਾ ਮੋਢਾ ਵਰਤ ਕੇ ਨਿਸ਼ਾਨਾ ਬਣਾ ਸਕਦੀ ਹੈ।

ਇਸ ਸਾਰੇ ਹਾਲਾਤ ਦੇ ਟਾਕਰੇ ਲਈ ਗੁਰ-ਸੰਗਤ ਅਤੇ ਖਾਲਸਾ ਪੰਥ ਨੂੰ ਦੂਰਗਾਮੀ ਤੇ ਫੌਰੀ ਪੱਧਰ ਉੱਤੇ ਮਹੱਤਵਪੁਰਨ ਫੈਸਲੇ ਲੈਣ ਤੇ ਕਾਰਜ ਕਰਨ ਦੀ ਲੋੜ ਹੈ।

ਇਸ ਵੇਲੇ ਦਿੱਲੀ ਦਰਬਾਰ ਸਿੱਖਾਂ ਨੂੰ ਘੇਰਨ ਅਤੇ ਦਬਾਉਣ ਵਿਚ ਇਸ ਲਈ ਕਾਮਯਾਬ ਹੋ ਰਿਹਾ ਹੈ ਕਿ ਸਿੱਖਾਂ ਦੀ ਤਾਕਤ ਦੇ ਕੇਂਦਰਾਂ, ਜਿਹਨਾ ਵਿਚ ਵੱਖ-ਵੱਖ ਸੰਸਥਾਵਾਂ, ਸੰਪਰਦਾਵਾਂ, ਅਦਾਰੇ, ਪਾਰਟੀਆਂ ਤੇ ਜਥੇ ਹਨ, ਨੂੰ ਸੂਤਰਬਧ ਕਰਨ ਵਾਲਾ ਧੁਰਾ ਇਸ ਵੇਲੇ ਕਾਇਮ ਅਤੇ ਕਾਰਜਸ਼ੀਲ ਨਹੀਂ ਹੈ। ਮੌਜੂਦਾ ਹਾਲਾਤ ਵਿਚ, ਜਦੋਂ ਕਿ ਤਖਤ ਸਾਹਿਬਾਨ ਤੇ ਗੁਰਦੁਆਰਾ ਪ੍ਰਬੰਧਨ ਦੀਆਂ ਸੰਸਥਾਵਾਂ ਅਸਿੱਧੇ ਤੇ ਸਿੱਧੇ ਰੂਪ ਵਿਚ ਦਿੱਲੀ ਦਰਬਾਰ ਦੇ ਪ੍ਰਭਾਵ ਹੇਠ ਹਨ, ਤਾਂ ਸਿੱਖਾਂ ਨੂੰ ਗੁਰੂ ਬਖਸ਼ੇ ਅਸਲ ‘ਅਕਾਲੀ ਗੁਣਾਂ’ ਵਾਲੀਆਂ ਨਿਸ਼ਕਾਮ ਸਖਸ਼ੀਅਤਾਂ ਉੱਤੇ ਅਧਾਰਤ ਇਕ ਜਥਾ ਉਭਾਰਨ ਦੀ ਲੋੜ ਹੈ ਜੋ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤਾ ਸੰਸਥਾ ਅਨੁਸਾਰ ਸਿੱਖਾਂ ਦੀ ਤਾਕਤ ਦੇ ਵੱਖ-ਵੱਖ ਕੇਂਦਰਾਂ ਨੂੰ ਸੂਤਰਬਧ ਕਰੇ। ਇਹ ਜਥਾ ਚੱਲਦੇ ਵਹੀਰ ਦੀ ਤਰਜ਼ ਉੱਤੇ ਉਹ ਭੂਮਿਕਾ ਨਿਭਾਵੇ ਜੋ ਦਿੱਲੀ ਦਰਬਾਰ ਦੇ ਗਲਬੇ ਕਾਰਨ ਅਕਾਲ ਤਖਤ ਸਾਹਿਬ ਦਾ ਮੌਜੂਦਾ ਨਿਜ਼ਾਮ ਨਿਭਾਉਣ ਤੋਂ ਆਰੀ ਹੋ ਚੁੱਕਾ ਹੈ।

ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ ਨੂੰ ਆਪਣੇ ਆਪਣੇ ਮੁਕਾਮੀ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਜਥੇਬੰਦ ਹੋਣ ਦੇ ਤਰੀਕਾਕਾਰ ਅਤੇ ਫੈਸਲਾ ਲੈਣ ਦੀ ਵਿਧੀ ਨੂੰ ਪੰਥਕ ਰਿਵਾਇਤ ਅਨੁਸਾਰੀ ਕਰਨ ਦੀ ਜਰੂਰਤ ਹੈ ਤਾਂ ਕਿ ਸਾਂਝੀ ਪੰਚ ਪ੍ਰਧਾਨੀ ਅਗਵਾਈ ਵਾਲੇ ਢਾਂਚੇ ਉਸਾਰੇ ਜਾ ਸਕਣ ਤੇ ਫੈਸਲੇ ਲੈਣ ਲਈ ਗੁਰਮਤਾ ਵਿਧੀ ਲਾਗੂ ਕੀਤੀ ਜਾ ਸਕੇ।

ਇਸ ਮੌਕੇ ਜਦੋਂ ਕੌਮਾਂਤਰੀ ਤਾਕਤਾਂ ਸਿੱਖਾਂ ਨਾਲ ਜੁੜੇ ਮਸਲੇ ਉੱਤੇ ਸਰਗਰਮ ਹਨ ਤਾਂ ਫੌਰੀ ਤੌਰ ਉੱਤੇ ਸਿੱਖਾਂ ਨੂੰ ਹੇਠਲੇ ਕਾਰਜ ਵਿਓਂਤਣੇ ਤੇ ਕਰਨੇ ਚਾਹੀਦੇ ਹਨ:

ਸਿੱਖਾਂ ਨੂੰ ਇਸ ਮੌਕੇ ਆਪਣਾ ਪੱਖ ਮਜਬੂਤੀ ਨਾਲ ਰੱਖਣਾ ਚਾਹੀਦਾ ਹੈ ਅਤੇ ਖਾਲਿਸਤਾਨ ਦੇ ਪਵਿੱਤਰ ਸੰਕਲਪ ਬਾਰੇ ਸਪਸ਼ਟਤਾ ਲਿਆਉਣੀ ਤੇ ਫੈਲਾਉਣੀ ਚਾਹੀਦੀ ਹੈ। ਇੰਡੀਆ ਵੱਲੋਂ ਖਾਲਿਸਤਾਨ ਅਤੇ ਸਿੱਖਾਂ ਦੀ ਆਜ਼ਾਦੀ ਦੇ ਵਿਚਾਰ ਦੇ ਵਿਰੁਧ ਕੀਤੇ ਜਾ ਰਹੇ ਭੰਡੀ ਪਰਚਾਰ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।

ਸਿੱਖ ਲਈ ਇਹ ਬਹੁਤ ਜਰੂਰੀ ਹੈ ਕਿ ਗੁਰੂ ਖਾਲਸਾ ਪੰਥ ਦੇ ਧੁਰ-ਦਰਗਾਹੀ ਪਾਤਿਸ਼ਾਹੀ ਦਾਅਵੇ ਨੂੰ ਇਕ ਵਿਲੱਖਣ ਤੇ ਆਜ਼ਾਦਾਨਾ ਦਾਅਵੇ ਵੱਜੋਂ ਪਰਗਟ ਕਰਦਿਆਂ ‘ਰਾਜ ਦੇ ਸਿੱਖ ਸੰਕਲਪ’ (ਸਿੱਖ ਆਈਡਿਆ ਆਫ ਸਟੇਟ) ਬਾਰੇ ਆਪਣਾ ਪੱਖ ਸੰਸਾਰ ਸਾਹਮਣੇ ਪੇਸ਼ ਕਰਨ।

ਬੀਤੇ ਵਿਚ ਅਤੇ ਮੌਜੂਦਾ ਸਮੇਂ ਦੌਰਾਨ ਇੰਡੀਆ ਵੱਲੋਂ ਮੁਕਾਮੀ ਤੇ ਕੌਮਾਂਤਰੀ ਕਾਨੂੰਨ ਦੀਆਂ ਉਲੰਘਣਾਵਾਂ ਕਰਕੇ ਕੀਤੇ ਜਾ ਰਹੇ ਮਨੁੱਖੀ ਹੱਕਾਂ ਅਤੇ ਵਿਚਾਰਾਂ ਦੀ ਅਜ਼ਾਦੀ ਦੇ ਘਾਣ ਨੂੰ ਚਰਚਾ ਵਿਚ ਲਿਆਉਣਾ ਚਾਹੀਦਾ ਹੈ। ਸਿੱਖਾਂ, ਖਾਸ ਕਰਕੇ ਪੱਛਮੀ ਮੁਲਕਾਂ ਵਿਚ ਸਰਗਰਮ ਸਿੱਖਾਂ ਨੂੰ ਘੱਲੂਘਾਰਾ ਜੂਨ 1984, ਨਵੰਬਰ 1984 ਦੀ ਸਿੱਖ ਨਸਲਕੁਸ਼ੀ ਅਤੇ 1980-1990ਵਿਆਂ ਵਿਚ ਪੰਜਾਬ ਵਿਚ ਹੋਏ ਮਨੁੱਖਤਾ ਖਿਲਾਫ ਜ਼ੁਰਮਾਂ ਤੇ ਗੈਰ-ਨਿਆਇਕ ਕਤਲਾਂ ਦੇ ਮਾਮਲੇ ਕੌਮਾਂਤਰੀ ਮੰਚਾਂ ਉੱਤੇ ਵਿਚਾਰਨ ਬਾਰੇ ਉਚੇਚੀ ਸਰਗਰਮੀ ਕਰਨੀ ਚਾਹੀਦੀ ਹੈ।

ਮੌਜੂਦਾ ਸਮੇਂ ਵਿਚ ਸਿੱਖਾਂ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਤੇ ਅਦਾਰਿਆਂ ਨੂੰ ਅਸਰਹੀਣ ਕਰਨ ਦੇ ਅਮਲ ਪਿੱਛੇ ਇੰਡੀਆ ਦੀ ਸੱਭਿਆਚਾਰਕ ਨਸਲਕੁਸ਼ੀ ਦੀ ਵਿਓਂਤਬੰਦੀ ਵੀ ਕੌਮਾਂਤਰੀ ਪੱਧਰ ਉੱਤੇ ਚਰਚਾ ਵਿਚ ਲਿਆਉਣ ਦੀ ਲੋੜ ਹੈ।
ਇੰਡੀਆ, ਖਾਸ ਕਰਕੇ ਚੜ੍ਹਦੇ ਪੰਜਾਬ ਵਿਚ ਸਿੱਖ ਖਬਰਖਾਨੇ ਤੇ ਖਬਰ ਅਦਾਰਿਆਂ ਉੱਤੇ ਨੇਮਾਂ ਦੀ ਉਲੰਘਣਾ ਕਰਕੇ ਲਗਾਈਆਂ ਜਾ ਰਹੀਆਂ ਰੋਕਾਂ ਨੂੰ ਸਿੱਖਾਂ ਦੀ ਆਵਾਜ਼ ਦਬਾਉਣ ਅਤੇ ਵਿਚਾਰਾਂ ਦੀ ਅਜ਼ਾਦੀ ਦੀ ਉਲੰਘਣਾ ਦੇ ਪੱਖ ਤੋਂ ਸੰਸਾਰ ਭਰ ਵਿਚ ਉਭਾਰਣ ਦੀ ਲੋੜ ਹੈ।

ਸਿੱਖਾਂ ਨੂੰ ਇਸ ਵੇਲੇ ਖਿੱਤੇ ਵਿਚਲੀਆਂ ਦੋਸਤ ਤਾਕਤਾਂ ਜਿਵੇਂ ਕਿ ਦੂਸਰੀਆਂ ਕੌਮਾਂ/ਕੌਮੀਅਤਾਂ, ਐਸ.ਸੀ, ਐਸ.ਟੀ. ਭਾਈਚਾਰੇ ਅਤੇ ਸੰਘਰਸ਼ਸ਼ੀਲ ਧਿਰਾਂ ਨਾਲ ਨੇੜਤਾ ਅਤੇ ਸਹਿਯੋਗ ਵਧਾਉਣ ਦੀ ਲੋੜ ਹੈ।

ਸਿੱਖਾਂ ਨੂੰ ਆਪਣੀਆਂ ਸਫਾਂ ਵਿਚਲੇ ਅਜਿਹੇ ਹਿੱਸਿਆਂ ਦੀ ਸ਼ਨਾਖਤ ਕਰਨੀ ਚਾਹੀਦੀ ਹੈ ਜੋ ਜਾਣੇ ਅਣਜਾਣੇ ਵਿਚ ਸਿੱਖਾਂ ਦੇ ਸਾਖ ਵਾਲੇ ਹਿੱਸਿਆਂ ਵਿਰੁਧ ਤਹੁਮਤਬਾਜ਼ੀ ਕਰਕੇ ਭਾਰਤ ਸਰਕਾਰ ਦੀ ਮਾਰੂ ਰਣਨੀਤੀ ਨੂੰ ਹੀ ਲਾਗੂ ਕਰ ਰਹੇ ਹਨ। ਅਜਿਹੇ ਹਿੱਸਿਆਂ ਨੂੰ ਸੁਹਿਰਦਤਾ ਨਾਲ ਸਰਕਾਰ ਦੀ ਮਾਰੂ ਵਿਓਂਤਬੰਦੀ ਤੋਂ ਅਗਾਹ ਕਰਨ ਤੇ ਵਰਜਣ ਦੀ ਲੋੜ ਹੈ।

ਇਸ ਵੇਲੇ ਸਿੱਖਾਂ ਨੂੰ ਆਪਸ ਵਿਚ ਤਾਲਮੇਲ ਤੇ ਸੰਵਾਦ ਵਧਾਉਣ ਦੀ ਲੋੜ ਹੈ। ਹਾਲਾਤ ਮਾਰੂ ਰੁਖ ਲੈ ਰਹੇ ਹਨ। ਇਸ ਵਾਸਤੇ ਧੜਿਆਂ ਦੀ ਵਲਗਣਾਂ ਤੋਂ ਉੱਪਰ ਉੱਠ ਕੇ ਇਤਫਾਕ ਉਸਾਰੀ ਲਈ ਠੋਸ ਯਤਨ ਕਰਨ ਦੀ ਲੋੜ ਹੈ। ਅਸੀਂ ਇਸ ਦਿਸ਼ਾ ਵਿਚ ਆਪਣੀ ਸਮਰੱਥਾ ਅਨੁਸਾਰ ਲੋੜੀਂਦੇ ਯਤਨ ਕਰ ਰਹੇ ਹਾਂ ਤੇ ਸਭਨਾ ਸਰਗਰਮ ਸਿੱਖ ਹਿੱਸਿਆਂ ਨੂੰ ਆਪਣੇ-ਆਪਣੇ ਤੌਰ ਉੱਤੇ ਪਹਿਲਕਦਮੀ ਤੇ ਯਤਨ ਕਰਨ ਦੀ ਬੇਨਤੀ ਕਰਦੇ ਹਾਂ।

ਵੱਲੋਂ:
ਭਾਈ ਦਲਜੀਤ ਸਿੰਘ
ਭਾਈ ਨਰਾਇਣ ਸਿੰਘ
ਭਾਈ ਲਾਲ ਸਿੰਘ ਅਕਾਲਗੜ੍ਹ
ਭਾਈ ਭੁਪਿੰਦਰ ਸਿੰਘ ਭਲਵਾਨ
ਭਾਈ ਸਤਨਾਮ ਸਿੰਘ ਖੰਡੇਵਾਲਾ
ਭਾਈ ਰਾਜਿੰਦਰ ਸਿੰਘ ਮੁਗਲਵਾਲ
ਭਾਈ ਸਤਨਾਮ ਸਿੰਘ ਝੰਜੀਆਂ
ਭਾਈ ਸੁਖਦੇਵ ਸਿੰਘ ਡੋਡ
ਭਾਈ ਅਮਰੀਕ ਸਿੰਘ ਈਸੜੂ
ਭਾਈ ਹਰਦੀਪ ਸਿੰਘ ਮਹਿਰਾਜ
ਭਾਈ ਮਨਜੀਤ ਸਿੰਘ ਫਗਵਾੜਾ
੧੩ ਅੱਸੂ ੫੫੫ (ਨਾਨਕਸ਼ਾਹੀ)
29 ਸਤੰਬਰ 2023 (ਈਸਵੀ)

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , ,