ਸਿਆਸੀ ਖਬਰਾਂ

ਕਿਸਾਨੀ ਸੰਘਰਸ਼ ਦੇ ਅੰਦਰੂਨੀ ਮਸਲਿਆਂ ਬਾਰੇ ਸਾਂਝਾ ਬਿਆਨ

January 19, 2021 | By

ਕੁੰਡਲੀ/ਸਿੰਘੂ ਬਾਰਡਰ: ਕਿਰਸਾਨੀ ਸੰਘਰਸ਼ ਦੇ ਮੌਜੂਦਾ ਪੜਾਅ ਉੱਤੇ ਉੱਭਰੇ ਅਹਿਮ ਮਸਲਿਆਂ ਬਾਰੇ ਵੱਖ-ਵੱਖ ਵਿਚਾਰਕਾਂ, ਕਿਸਾਨਾਂ, ਪੰਥ ਸੇਵਕਾਂ ਅਤੇ ਹੋਰਨਾਂ ਸਖਸ਼ੀਅਤਾਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਦਾ ਇੰਨ-ਬਿੰਨ ਉਤਾਰਾ ਹੇਠਾਂ ਸਾਂਝਾ ਕੀਤਾ ਜਾ ਰਿਹਾ ਹੈ:-

ਸਾਂਝਾ ਬਿਆਨ

ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਚੜੂਨੀ) ਦੇ ਆਗੂ ਸਿਰਦਾਰ ਗੁਰਨਾਮ ਸਿੰਘ ਚੜੂਨੀ ਖਿਲਾਫ ਕਾਰਵਾਈ ਕਰਨ ਬਾਰੇ ਦਿੱਤੇ ਜੋ ਸੰਕੇਤ ਆਏ ਸਨ ਉਹ ਮਸਲਾ ਵੇਲੇ ਸਿਰ ਹੱਲ ਕਰ ਲੈਣਾ ਚੰਗੀ ਗੱਲ ਹੈ। ਇਹ ਗੱਲ ਮੋਰਚੇ ਦੇ ਅੰਦਰੂਨੀ ਮੁਹਾਜਾਂ ਦੀ ਲੋਕਾਂ ਵੱਲੋਂ ਕੀਤੀ ਜਾ ਰਹੀ ਚੇਤਨ ਪਹਿਰੇਦਾਰੀ ਦਾ ਪ੍ਰਗਟਾਵਾ ਹੈ।

ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਸਮਾਜ ਦੇ ਹਰ ਵਰਗ ਦੀ ਡਟਵੀ ਹਮਾਇਤ ਕਾਰਨ ਕਿਸਾਨੀ ਮਸਲਿਆਂ ਦਾ ਇਹ ਸੰਘਰਸ਼ ਇਸ ਵੇਲੇ ਲੋਕ ਅੰਦੋਲਨ ਬਣ ਗਿਆ ਹੈ। 26 ਜਨਵਰੀ ਦੀ ਕਿਸਾਨੀ ਪਰੇਡ ਨੂੰ ਮੁੱਖ ਰੱਖਦੇ ਹੋਏ ਇਹ ਅਹਿਮ ਲੋੜ ਬਣ ਗਈ ਹੈ ਕਿ ਪਿਛਲੇ ਚਾਰ ਮਹੀਨੇ ਤੋਂ ਕਿਸਾਨੀ ਸੰਘਰਸ਼ ਦੇ ਵੱਖ-ਵੱਖ ਹਿਮਾਇਤੀਆਂ ਵਿੱਚ ਇਕਸਾਰਤਾ ਅਤੇ ਇਕਮੁਠਤਾ ਲਈ ਕਿਸਾਨ ਧਿਰਾਂ ਨੂੰ ਵਿਸ਼ੇਸ਼ ਯਤਨ ਕਰਨ ਤਾਂ ਕਿ ਇਸ ਕਿਸਾਨੀ ਪਰੇਡ ਵਿੱਚ ਹਰ ਸੁਹਿਰਦ ਸ਼ਹਿਰੀ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ ।

ਸੰਘਰਸ਼ ਦੇ ਮੌਜੂਦਾ ਪੜਾਅ ਉੱਤੇ ਜਦੋਂ ਸਰਕਾਰ ਦੇ ਅੰਦੋਲਨ ਨੂੰ ਮੱਠਾ ਪਾਉਣ ਜਾਂ ਢਾਹ ਲਾਉਣ ਦੇ ਹੋਰ ਹਥਕੰਡੇ ਨਾਕਾਮ ਹੋ ਚੁੱਕੇ ਹਨ ਤਾਂ ਸਰਕਾਰ ਕੋਲ ਹੁਣ ਆਖਰੀ ਹਰਬਾ ਮੋਰਚੇ ਦੇ ਅੰਦਰੂਨੀ ਵਖਰੇਵਿਆਂ ਨੂੰ ਉਭਾਰਨ ਦਾ ਹੀ ਬਾਕੀ ਬਚਿਆ ਹੈ। ਸਰਕਾਰ ਮੀਡੀਏ ਰਾਹੀਂ ਜਾਂ ਆਪਣੇ ਦਬਾਅ ਤੰਤਰ ਰਾਹੀਂ ਇਹਨਾਂ ਵਖਰੇਵਿਆਂ ਨੂੰ ਉਭਾਰੇਗੀ। ਇਸ ਵੇਲੇ ਲੋੜ ਹੈ ਕਿ ਤਹੱਮਲ ਤੋਂ ਕੰਮ ਲੈਂਦਿਆਂ ਆਪਸੀ ਮਸਲਿਆਂ ਨੂੰ ਨਿੱਜੀ ਤੇ ਅੰਦਰੂਨੀ ਤੌਰ ਉੱਤੇ ਹੱਲ ਕੀਤਾ ਜਾਵੇ ਅਤੇ ਵਖਰੇਵਿਆਂ ਨੂੰ ਜਨਤਕ ਤੌਰ ਉੱਤੇ ਉਛਾਲਣ ਤੋਂ ਗੁਰੇਜ ਕੀਤਾ ਜਾਵੇ ਅਤੇ ਕੋਈ ਵੀ ਅਜਿਹੀ ਕਾਰਵਾਈ ਨਾ ਕੀਤੀ ਜਾਵੇ ਜਿਸ ਨਾਲ ਮੋਰਚੇ ਦੀ ਮਜਬੂਤੀ ਨੂੰ ਢਾਹ ਲੱਗਦੀ ਹੋਵੇ।

ਸਮਾਜ ਵਿੱਚ ਪ੍ਰਭਾਵ ਰੱਖਣ ਵਾਲੀਆਂ ਸਖਸ਼ੀਅਤਾਂ, ਹੋਰਨਾਂ ਅਸਰਦਾਰ ਹਿੱਸਿਆਂ ਅਤੇ ਇੰਟਰਨੈਟ ਉੱਤੇ ਵਿਚਾਰ-ਉਸਾਰੀ ਕਰਨ ਵਾਲੇ ਸੰਘਰਸ਼ ਦੇ ਹਿਮਾਇਤੀਆਂ ਨੂੰ ਚਾਹੀਦਾ ਹੈ ਕਿ ਉਹ ਮੋਰਚੇ ਵਿਚਲੀਆਂ ਧਿਰਾਂ ਦੇ ਅੰਦਰੂਨੀ ਵਖਰੇਵਿਆਂ ਨੂੰ ਘਟਾਉਣ ਤੇ ਹੱਲ ਕਰਨ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨਾ ਜਾਰੀ ਰੱਖਣ।

ਸਰਕਾਰ ਦੇ ਇਸ ਪੈਂਤੜੇ ਨੂੰ ਸਮਝਦਿਆਂ ਸੰਯੁਕਤ ਕਿਸਾਨ ਮੋਰਚੇ ਨੂੰ ਸਿਰਦਾਰ ਗੁਰਨਾਮ ਸਿੰਘ ਚੜੂਨੀ ਸਬੰਧੀ ਲਏ ਗਏ ਫੈਸਲੇ ਨੂੰ ਵਾਪਿਸ ਲੈਣਾ ਚਾਹੀਦਾ ਹੈ ਤਾਂ ਕਿ ਇਸ ਲੋਕ ਲਹਿਰ ਦੀ ਇੱਕਮੁੱਠਤਾ ਬਣੀ ਰਹੇ।

ਸਾਂਤਮਈ ਸੰਘਰਸ਼ ਬਿਬੇਕ, ਸਿਦਕ, ਜਾਬਤੇ ਅਤੇ ਤਿਆਗ ਨਾਲ ਹੀ ਜਿੱਤੇ ਜਾ ਸਕਦੇ ਹੁੰਦੇ ਹਨ। ਸੰਘਰਸ਼ ਦੇ ਇਸ ਪੜਾਅ ਉੱਤੇ ਤਿਆਗ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਕਾਮਯਾਬੀ ਵੱਲ ਲਿਜਾਣ ਦੀ ਲੋੜ ਹੈ।

ਅਜੈਪਾਲ ਸਿੰਘ, ਲੇਖਕ ਅਤੇ ਵਿਚਾਰਕ
ਇੰਦਰਪਰੀਤ ਸਿੰਘ, ਪੰਥ ਸੇਵਕ
ਸੁਖਦੀਪ ਸਿੰਘ ਮੀਕੇ, ਪੰਥ ਸੇਵਕ
ਹਰਵਿੰਦਰ ਸਿੰਘ ਮੰਡੇਰ, ਪੰਥ ਸੇਵਕ
ਗੁਰਮੀਤ ਸਿੰਘ, ਕਾਰੋਬਾਰੀ ਅਤੇ ਵਿਚਾਰਕ
ਗੰਗਵੀਰ ਰਾਠੌੜ, ਵਿਚਾਰਕ ਅਤੇ ਸਮਾਜਕ ਕਾਰਕੁੰਨ
ਜਸਪਾਲ ਸਿੰਘ ਮੰਝਪੁਰ, ਵਕੀਲ
ਜਗਮੋਹਨ ਸਿੰਘ, ਇੱਕ ਬਿਜਲਈ ਖਬਰ ਅਦਾਰੇ ਦੇ ਸੰਪਾਦਕ
ਦਵਿੰਦਰ ਸਿੰਘ ਸੇਖੋਂ, ਕਿਸਾਨ ਅਤੇ ਵਿਚਾਰਕ
ਪਰਮਜੀਤ ਸਿੰਘ, ਇੱਕ ਬਿਜਲਈ ਖਬਰ ਅਦਾਰੇ ਦਾ ਸੰਪਾਦਕ
ਮੱਖਣ ਸਿੰਘ ਗੰਢੂਆਂ, ਕਿਸਾਨ ਅਤੇ ਪੰਥ ਸੇਵਕ
ਮਨਧੀਰ ਸਿੰਘ, ਪੰਥ ਸੇਵਕ
ਮਲਕੀਤ ਸਿੰਘ ਭਵਾਨੀਗੜ੍ਹ, ਇੱਕ ਹਫਤਾਵਾਰੀ ਖਬਰ ਅਦਾਰੇ ਦਾ ਸੰਪਾਦਕ
ਰਾਜਪਾਲ ਸਿੰਘ ਹਰਦਿਆਲੇਆਣਾ, ਵਿਚਾਰਕ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,