ਵੀਡੀਓ

ਕਿਸਾਨੀ ਸੰਘਰਸ਼ ਦਾ ਅਣਥਕ ਸਿਪਾਹੀ 75 ਸਾਲਾਂ ਦੇ ਬਾਪੂ ਜੋਰਾਵਰ ਸਿੰਘ 26 ਜਨਵਰੀ ਤੋਂ ਲਾਪਤਾ ਪਰ ਕਿਸੇ ਨੇ ਧੀ ਦੀ ਸਾਰ ਨਾ ਲਈ

February 10, 2021 | By

ਕਿਸਾਨੀ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕੱਢੀ ਲਈ 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਕਈ ਕਿਸਾਨ ਲਾਪਤਾ ਹੋਏ ਹਨ। ਬਾਜ ਨਿਊਜ਼* ਵਾਸਤੇ ਖੋਜੀ ਪੱਤਰਕਾਰ ਸੰਦੀਪ ਸਿੰਘ ਨੇ 75 ਸਾਲਾਂ ਦੇ ਬਾਪੂ ਜੋਰਾਵਰ ਸਿੰਘ ਦੇ ਘਰ ਜਾ ਕੇ ਉਸ ਦੀ ਧੀ ਨਾਲ ਗੱਲਬਾਤ ਕੀਤੀ ਹੈ। ਅੰਗਰੇਜ਼ੀ ਵਿੱਚ ਕੀਤੀ ਗਈ ਇਸ ਖਬਰ ਦਾ ਪੰਜਾਬੀ ਤਰਜ਼ਮਾ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਹੇਠਾਂ ਛਾਪਿਆ ਜਾ ਰਿਹਾ ਹੈ। ਅਸੀਂ ਮੂਲ ਪ੍ਰਕਾਸ਼ਕ (ਬਾਜ਼ ਨਿਊਜ਼) ਅਤੇ ਮੂਲ ਲੇਖਕ (ਸੰਦੀਪ ਸਿੰਘ) ਦੇ ਧੰਨਵਾਦੀ ਹਾਂ – ਸੰਪਾਦਕ।

ਬੀਬੀ ਪਰਮਜੀਤ ਕੌਰ ਆਪਣੇ ਘਰ ਦੇ ਵਿਹੜੇ ਚ ਇੱਕ ਮੰਜੇ ਉੱਤੇ ਚੁੱਪਚਾਪ ਬੈਠੀ ਹੈ। ਪਰਿਵਾਰ ਨਾਲ ਵਾਪਰ ਰਹੀ ਤਰਾਸਦੀ ਤੋਂ ਬੇਖਬਰ ਉਸਦਾ ਪੰਜਾਂ ਸਾਲਾਂ ਦਾ ਬੇਟਾ ਲੱਕੜੀ ਦੇ ਟਰੈਕਰ ਨਾਲ ਪਿੱਛੇ ਖੇਡ ਰਿਹਾ ਹੈ।

ਬੀਬੀ ਪਰਮਜੀਤ ਕੌਰ ਦੇ ਹੱਥਾ ਵਿੱਚ ਆਪਣੇ 75 ਸਾਲਾਂ ਦੇ ਪਿਤਾ ਬਾਪੂ ਜੋਰਾਵਰ ਸਿੰਘ ਦੀਆਂ ਤਸਵੀਰਾਂ ਹਨ। ਉਹ 26 ਜਨਵਰੀ ਦੀ ਟਰੈਕਟਰ ਰੈਲੀ ਵਾਲੇ ਦਿਨ ਤੋਂ ਲਾਪਤਾ ਹੈ।

ਇਸ ਪਰਿਵਾਰ ਦੀ ਪੰਜਾਬ ਦੇ ਲੁਧਿਆਣੇ ਜਿਲ੍ਹੇ ਵਿੱਚ ਪੈਂਦੇ ਇੱਕੋਲਾਹਾ ਪਿੰਡ ਚ 3 ਕਿੱਲੇ ਜਮੀਨ ਹੈ। “ਉਹਨਾਂ ਨੂੰ ਆਪਣੀ ਜਮੀਨ ਨਾਲ ਬਹੁਤ ਪਿਆਰ ਸੀ”, ਪਰਮਜੀਤ ਕੌਰ ਨੇ ਹਉਕਾ ਭਰਦਿਆਂ ਕਿਹਾ।

ਜਦੋਂ ਤੋਂ ਮੋਦੀ ਸਰਕਾਰ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਸੀ ਉਦੋਂ ਤੋਂ ਬਾਪੂ ਜੋਰਾਵਰ ਸਿੰਘ ਵਿਰੋਧ-ਵਿਖਾਵਿਆਂ ਤੇ ਧਰਨਿਆਂ ਵਿੱਚ ਸ਼ਾਮਿਲ ਹੋ ਰਿਹਾ ਸੀ। ਉਹ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਚ ਲਾਏ ਗਏ ਰੇਲ ਰੋਕੋ ਦੇ ਉਹਨਾਂ ਸ਼ੁਰੂਆਤੀ ਧਰਨਿਆਂ ਵਿੱਚ ਵੀ ਸ਼ਾਮਿਲ ਸੀ ਜਿਹਨਾਂ ਤੋਂ ਸ਼ੁਰੂ ਹੋਈ ਲਾਮਬੰਦੀ ਨੇ ਅੱਜ ਸੰਸਾਰ ਇਤਿਹਾਸ ਦੇ ਸਭ ਤੋਂ ਵੱਡੇ ਧਰਨੇ ਦਾ ਰੂਪ ਧਾਰ ਲਿਆ ਹੈ।

ਬਾਪੂ ਜੋਰਾਵਰ ਸਿੰਘ ਨੇ ਆਪਣੇ ਪਿੰਡ ਵਿੱਚ ਹਰ ਘਰ ਦਾ ਦਰਵਾਜਾ ਖੜਕਾਅ ਕੇ ਸਭਨਾਂ ਨੂੰ ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਆ ਸੀ। ਬੀਬੀ ਪਰਮਜੀਤ ਕੌਰ ਦੇ ਇਹ ਬੋਲ ਉਸਦੇ ਪਿਤਾ ਦੀ ਦਿ੍ਰੜਤਾ ਤੇ ਸਮਰਪਣ ਨੂੰ ਬਿਆਨ ਕਰਦੇ ਹਨ ਕਿ: “ਬਾਪੂ ਜੀ ਨੇ ਪਹਿਲਾਂ ਰੇਲ ਪਟੜੀਆਂ ਉੱਤੇ ਧਰਨਿਆਂ ਚ ਸ਼ਾਮਿਲ ਹੁੰਦੇ ਰਹੇ, ਫਿਰ ਉਹ ਰਿਲਾਇੰਸ ਦੇ ਪੰਪਾਂ ਦੇ ਬਾਹਰ ਧਰਨੇ ਵਿੱਚ ਜਾਂਦੇ ਰਹੇ, ਨਵੰਬਰ ਦੇ ਪਿਛਲੇ ਦਿਨੀਂ ਉਹਨਾਂ ਸ਼ੰਭੂ ਬੈਰੀਅਤ ਉੱਤੇ ਆਪਣਾ ਪੜਾਅ ਰੱਖਿਆ ਤੇ ਫਿਰ ਕਿਸਾਨ ਯੂਨੀਅਨਾਂ ਦੇ ‘ਦਿੱਲੀ ਚੱਲੋ’ ਦੇ ਸੱਦੇ ਉੱਤੇ ਦਿੱਲੀ ਚਲੇ ਗਏ”।

ਬਾਪੂ ਜੋਰਾਵਰ ਸਿੰਘ ਦੀ ਕਿਸਾਨੀ ਸੰਘਰਸ਼ ਨਾਲ ਵਚਨਬੱਧਤਾ ਇਲਾਕੇ ਚ ਇੱਕ ਮਿਸਾਲ ਬਣ ਚੁੱਕੀ ਸੀ ਤੇ ਉਹਨਾਂ ਦੇ ਇੰਝ ਲਾਪਤਾ ਹੋ ਜਾਣ ਨਾਲ ਕਈ ਚਿੰਤਤ ਹਨ। “ਸਾਡੇ ਗਵਾਂਡੀ ਪਿੰਡ ਦੇ ਇੱਕ ਜੀਅ ਦਾ ਕਹਿਣਾ ਹੈ ਕਿ ਮੇਰੇ ਪਿਤਾ ਜੀ ਨੂੰ ਆਖਰੀ ਵਾਰ 26 ਜਨਵਰੀ ਨੂੰ ਵੇਖਿਆ ਗਿਆ ਸੀ। ਉਹਨੇ ਕਿਹਾ ਕਿ ਬਜ਼ੁਰਗ ਲੋਕ ਤੁਰ ਕੇ ਦਿੱਲੀ ਵਿੱਚ ਗਏ ਸਨ”, ਬੀਬੀ ਪਰਮਜੀਤ ਕੌਰ ਨੇ ਭਾਵੁਕ ਹੁੰਦਿਆ ਆਪਣੀ ਗੱਲ ਜਾਰੀ ਰੱਖੀ, “ਮੈਂ ਸੁਣਿਐ ਕਿ ਪੁਲਿਸ ਨੇ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਹੈ। ਕਈਆਂ ਦੇ ਸੱਟਾਂ ਲੱਗੀਆਂ ਹਨ ਅਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਦਕਿ ਕਈ ਗਿ੍ਰਫਤਾਰ ਕਰ ਲਏ ਗਏ ਹਨ”। ਹੰਝੂ ਕੇਰਦੀ ਬੀਬੀ ਪਰਮਜੀਤ ਕੌਰ ਨੇ ਆਪਣੇ ਪਿਤਾ ਦੀ ਤਸਵੀਰ ਵਿਖਾਉਂਦਿਆਂ ਤਰਲਾ ਪਾਇਆ, “ਮੇਰੇ ਬਾਪੂ ਜੀ 75 ਸਾਲਾਂ ਦੇ ਬਜ਼ੁਰਗ ਹਨ, ਉਹਨਾਂ ਨੂੰ ਲੱਭਣ ਚ ਮੇਰੀ ਮਦਦ ਕਰੋ”।

ਜਿਹਨਾਂ ਦੇ ਪਰਿਵਾਰਕ ਜੀਅ ਦਿੱਲੀ ਚ ਲਾਪਤਾ ਹੋਏ ਹਨ ਉਹਨਾਂ ਸਾਰਿਆਂ ਦਾ ਸਾਂਝਾ ਦਰਦ ਬਿਆਨ ਕਰਦਿਆਂ ਬੀਬੀ ਪਰਮਜੀਤ ਕੌਰ ਨੇ ਕਿਹਾ ਕਿ ਉਸਨੇ ਦਿੱਲੀ ਪੁਲਿਸ ਵੱਲੋਂ ਗਿ੍ਰਫਤਾਰ ਕੀਤੇ ਕਿਸਾਨਾਂ ਦੀ ਸੂਚੀ ਵੀ ਵੇਖੀ ਹੈ ਪਰ ਉਸਦੇ ਪਿਤਾ ਜੀ ਦਾ ਨਾਂ ਉਸ ਸੂਚੀ ਵਿੱਚ ਨਹੀਂ ਹੈ, “ਕਈ ਕਹਿੰਦੇ ਨੇ ਕਿ ਸਾਰੇ ਗਿ੍ਰਫਤਾਰ ਕੀਤੇ ਕਿਸਾਨਾਂ ਦੇ ਨਾਂ ਸੂਚੀ ਵਿੱਚ ਨਹੀਂ ਹਨ”। ਉਹਨੇ ਹੱਥ ਜੋੜ ਕੇ ਅੱਖਾਂ ਵਿਚੋਂ ਹੰਝੂ ਕੇਰਿਦਿਆਂ ਮੁੜ ਤਰਲਾ ਪਾਉਂਦਿਆਂ ਆਪਣੇ ਪਿਤਾ ਨੂੰ ਲੱਭਣ ਚ ਮਦਦ ਕਰਨ ਲਈ ਕਿਹਾ।

ਬੀਬੀ ਪਰਮਜੀਤ ਕੌਰ ਨੇ ਕਿਹਾ: “ਮੈਂ ਕਿਸਾਨ ਯੂਨੀਅਨਾਂ ਨੂੰ ਕਹਿੰਦੀ ਹਾਂ ਕਿ ਮੇਰੇ ਬਾਪੂ ਜੀ ਤੁਹਾਡੇ ਨਾਲ ਦਿੱਲੀ ਗਏ ਸਨ ਤੇ ਉਹਨਾਂ ਦੀ ਜਿੰਮੇਵਾਰੀ ਤੁਹਾਡੇ ਸਿਰ ਹੈ”। ਪਰ ਨਾਲ ਹੀ ਬੀਬੀ ਪਰਮਜੀਤ ਕੌਰ ਨੇ ਦੱਸਿਆ ਕਿ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਨਾਲ ਉਸਦੇ ਪਿਤਾ ਦਿੱਲੀ ਗਏ ਸਨ ਉਸ ਵੱਲੋਂ ਹੁਣ ਬੀਬੀ ਪਰਮਜੀਤ ਕੌਰ ਦਾ ਫੋਨ ਵੀ ਨਹੀਂ ਚੁੱਕਿਆ ਜਾ ਰਿਹਾ। ਹਾਲਾਕਿ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਕੁਝ ਹੋਰਨਾਂ ਨੇ ਉਸ ਨਾਲ ਜਰੂਰ ਗੱਲ ਕੀਤੀ ਹੈ।

ਬੀਬੀ ਪਰਮਜੀਤ ਕੌਰ ਨਾਲ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਵੱਲੋਂ ਕੋਈ ਵੀ ਸੰਪਰਕ ਨਹੀਂ ਕੀਤਾ ਗਿਆ ਭਾਵੇਂ ਕਿ ਉਸ ਨੇ ਪੁਲਿਸ ਕੋਲ ਆਪਣੇ ਪਿਤਾ ਦੇ ਲਾਪਤਾ ਹੋਣ ਦੀ ਰਪਟ ਵੀ ਲਿਖਵਾਈ ਹੋਈ ਹੈ।

ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਕੇ ਜੋਰਾਵਰ ਸਿੰਘ ਦਾ ਮਾਮਲਾ ਚੁੱਕਿਆ ਹੈ ਤੇ ਕਿਹਾ ਹੈ ਕਿ ਉਹ ਸਾਰੇ ਲਾਪਤਾ ਵਿਅਕਤੀਆਂ ਦਾ ਮਸਲਾ ਚੁੱਕੇਗਾ।

ਬੀਬੀ ਪਰਮਜੀਤ ਕੌਰ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਕੋਲੋਂ ਤਲਾਕ ਲਈ ਮੁਕਦਮਾ ਚੱਲ ਰਿਹਾ ਹੈ। ਉਸਦਾ ਭਰਾ ਕੁਝ ਸਾਲ ਪਹਿਲਾਂ ਪੂਰਾ ਹੋ ਗਿਆ ਸੀ ਤੇ ਉਸ ਦੀ ਮਾਤਾ ਲੰਘੇ ਸਾਲ ਚਲਾਣਾ ਕਰ ਗਈ ਸੀ। ਉਸਦਾ ਪਿਤਾ ਬਾਪੂ ਜੋਰਾਵਰ ਸਿੰਘ ਹੀ ਉਸ ਦਾ ਇੱਕੋ-ਇੱਕ ਸਹਾਰਾ ਹੈ।

***

* ਬਾਜ਼ ਨਿਊਜ ਪਰਵਾਸੀ ਸਿੱਖ ਭਾਈਚਾਰੇ ਦਾ ਕਿਸਾਨ ਸੰਘਰਸ਼ ਦੌਰਾਨ ਸ਼ੁਰੂ ਕੀਤਾ ਗਿਆ ਉੱਦਮ ਹੈ। ਬਾਜ਼ ਨਿਊਜ਼ ਨਾਲ ਟਵਿੱਟਰ (@BaazNewsOrg) ਅਤੇ ਬਿਜਾਲ-ਮੰਚ (https://baaznews.org) ਰਾਹੀਂ ਜੁੜਿਆ ਜਾ ਸਕਦਾ ਹੈ। ਉਕਤ ਖਬਰ ਦਾ ਮੂਲ ਅੰਗਰੇਜ਼ੀ ਰੂਪ ਪੜ੍ਹਨ ਲਈ ਇਹ ਤੰਦ ਛੂਹੋ ਜੀ – https://www.baaznews.org/p/sandeep-singh-looking-for-jorawar

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,