ਲੇਖ » ਸਿੱਖ ਖਬਰਾਂ

ਕਿਰਸਾਨੀ ਘੋਲ ਬਾਰੇ ਪੰਜਾਬੀ ਗਾਣੇ

December 9, 2020 | By

ਕਿਸੇ ਬਾਹਰਲੇ ਮੁਲਕ ਦੇ ਵਿਦਵਾਨ ਬੰਦੇ ਨੇ ਆਖਿਆ ਸੀ ਕਿ ਕਿਸੇ ਮੁਲਕ ਦੇ ਗੀਤਾਂ ਤੋਂ ਉਸ ਮੁਲਕ ਦੀ ਜਵਾਨੀ ਦੇ ਭਵਿੱਖ ਦਾ ਅੰਦਾਜਾ ਲਾਇਆ ਜਾ ਸਕਦਾ ਹੈ। ਪੰਜਾਬ ਦੇ ਗੀਤਾਂ ਬਾਰੇ ਇਹ ਕਿਹਾ ਜਾਂਦਾ ਰਿਹਾ ਹੈ ਕਿ ਇਹ ਨਸ਼ਿਆਂ ਹਥਿਆਰਾਂ ਬਦਮਾਸ਼ੀ ਤੇ ਹੋਰ ਅਲਾਮਤਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਤੇ ਇਸੇ ਨੂੰ ਇੱਥੋਂ ਦਾ ਭਵਿੱਖ ਮੰਨਿਆ ਜਾ ਰਿਹਾ ਸੀ।

ਕਿਰਸਾਨੀ ਘੋਲ ਦੌਰਾਨ ਇਸ ਮਸਲੇ ਸਬੰਧੀ ਆਏ ਗੀਤਾਂ ਦੇ ਹੜ੍ਹ ਨੇ ਇਸ ਸਾਰੇ ਕਾਸੇ ਸਬੰਧੀ ਇਕ ਨਵੀਂ ਵਿਚਾਰਧਾਰਾ ਨੂੰ ਜਨਮਿਆ ਹੈ। ਜਿਹਦੇ ਬਾਬਤ ਕੁਈ ਠੋਸ ਗੱਲਬਾਤ ਵਿਦਵਾਨ ਬੰਦੇ ਜਰੂਰ ਕਦੇ ਨਾ ਕਦੇ ਸਾਹਮਣੇ ਲੈ ਕੇ ਆਉਣਗੇ।

ਹਾਲ ਦੀ ਘੜੀ ਕੁਝ ਨੁਕਤਿਆਂ ਉੱਤੇ ਇਸ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ। ਕਿਰਸਾਨੀ ਪਿੜ ਵਿੱਚ ਕਈ ਤਰ੍ਹਾਂ ਦੀਆਂ ਧਿਰਾਂ ਆਪਣੀ ਸ਼ਮੂਲੀਅਤ ਦਰਜ ਕਰਾ ਰਹੀਆਂ ਹਨ। ਬਹੁਤੇ ਕਿਰਸਾਨ ਹਨ ਅਤੇ ਆਪਣੇ ਦਰਦ ਨੂੰ ਲੈ ਕੇ ਅਤੇ ਆਪਣੇ ਭਵਿੱਖ ਦੀ ਫਿਕਰਮੰਦੀ ਵਿੱਚੋਂ ਇਸ ਘੋਲ ਵਿੱਚ ਕੁੱਦੇ ਹਨ ਤੇ ਮੂਹਰਲੀਆਂ ਸਫਾਂ ਵਿਚ ਖਡ਼੍ਹੇ ਹਨ। ਬੇਸ਼ੱਕ ਬਹੁਤੇ ਕਿਸੇ ਨਾ ਕਿਸੇ ਜਥੇਬੰਦੀ ਨਾਲ ਵਿਚਰਦੇ ਹਨ ਪਰ ਉਸ ਦੀ ਮੁੱਢਲੀ ਵਿਚਾਰਧਾਰਾ ਬਾਰੇ ਉਨ੍ਹਾਂ ਨੂੰ ਆਪ ਨੂੰ ਵੀ ਬਹੁਤਾ ਨਹੀਂ ਪਤਾ। ਇਨ੍ਹਾਂ ਵਿੱਚ ਬਹੁਤੀ ਕਿਸਾਨ ਤੇ ਮਜਦੂਰ ਜਮਾਤ ਹੈ। ਕਿਰਸਾਨੀ ਮਸਲਿਆਂ ਉੱਤੇ ਇਹ ਅੱਗੇ ਵੀ ਗਾਹੇ ਬਗਾਹੇ ਲੜਦੇ ਆਏ ਹਨ ਪਰ ਜਿਹੜੇ ਤਰੀਕੇ ਇਹ ਘੋਲ ਹੁਣ ਫੈਲ ਗਿਆ ਹੈ ਉਹ ਇਕੱਲਾ ਕਿਰਸਾਨੀ ਮਸਲਿਆਂ ਦੀ ਗੱਲ ਨਹੀਂ ਹੈ ਸਗੋਂ ਉਸ ਤੋਂ ਵੀ ਅੱਗੇ ਜਾ ਕੇ ਇਕ ਕੌਮ ਦੀ ਹੋਂਦ ਦਾ ਸਵਾਲ ਬਣ ਚੁੱਕਿਆ ਹੈ। ਉੱਪਰੋਂ ਬੇਸ਼ੱਕ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਾ ਆ ਰਹੀ ਹੋਵੇ ਪਰ ਧੁਰ ਅੰਦਰਲਾ ਜਜਬਾ ਇਹੋ ਹੈ।

ਹੋਰਾਂ ਵਿਚ ਕੁਝ ਅਜਿਹੇ ਹਨ ਜੋ ਹੋ ਸਕਦਾ ਹੈ ਕਿਸੇ ਜਥੇਬੰਦੀ ਨਾਲ ਨਾ ਜੁੜੇ ਹੋਣ ਅਤੇ ਕਿਰਸਾਨ ਵੀ ਨਾ ਹੋਣ ਪਰ ਫਰਜ ਕਰਕੇ ਅਤੇ ਇਸ ਕਿੱਤੇ ਦੀ ਉੱਤਮਤਾ ਤੇ ਹੋਂਦ ਦੇ ਖਤਰੇ ਵਿੱਚੋਂ ਇਸ ਘੋਲ ਨੂੰ ਆਪਣੇ ਵਿੱਤ ਅਨੁਸਾਰ ਮੋਢਾ ਲਾ ਰਹੇ ਹਨ। ਉਨ੍ਹਾਂ ਦੇ ਜੁੜਨ ਦਾ ਦੂਜਾ ਕਾਰਨ ਕਿਰਸਾਨਾਂ ਵਿਚੋਂ ਮੌਜੂਦਾ ਨਿਜ਼ਾਮ ਤੋਂ ਮੁਕਤੀ ਮਿਲਣ ਦੀ ਆਸ ਦਿਸਣਾ ਹੈ। ਜਿੱਥੇ ਪਹਿਲੀ ਧਿਰ ਨੂੰ ਦੂਜੀ ਦਾ ਇਸ ਘੋਲ ਵਿੱਚ ਸ਼ਾਮਲ ਹੋਣਾ ਅੱਖਰਦਾ ਹੈ ਉਥੇ ਦੂਜੀ ਧਿਰ ਵੀ ਪਹਿਲੀ ਦੀ ਈਮਾਨਦਾਰੀ ਬਾਰੇ ਚਿੰਤਾਤੁਰ ਹੈ।

ਪਹਿਲੀ ਧਿਰ ਦੇ ਸੰਸੇ ਭਵਿੱਖ ਵਿਚ ਆਪਣੀ ਹੋਂਦ ਦੇ ਖੁਰ ਜਾਣ ਦੇ ਡਰੋਂ ਉਪਜੇ ਹਨ ਤੇ ਦੂਜੀ ਧਿਰ ਦਾ ਤੌਖ਼ਲਾ ਪਹਿਲਿਆਂ ਦੀ ਹੁਣ ਤੱਕ ਦੀ ਕਾਰਗੁਜਾਰੀ ਦੇ ਮੁੱਲਅੰਕਣ ਵਿੱਚ ਪਿਆ ਹੈ।

ਪਹਿਲੀ ਧਿਰ ਤੇ ਉਪਰੋਕਤ ਸੋਚ ਦੇ ਹਵਾਲੇ ਉਨ੍ਹਾਂ ਦੇ ਇਨ੍ਹਾਂ ਬਿਆਨਾਂ ਵਿੱਚੋਂ ਝਲਕਦੇ ਹਨ ਜਿੱਥੇ ਕਿਤੇ ਤਾਂ ਬੋਲੇ ਸੋ ਨਿਹਾਲ ਦੇ ਨਾਅਰਿਆਂ ਤੋਂ ਵੀ ਭੈਅ ਖਾਧਾ ਜਾ ਰਿਹਾ ਹੈ ਤੇ ਕਿਤੇ ਕਿਰਸਾਨੀ ਘੋਲ ਦੇ ਅਖਾੜਿਆਂ ਵਿੱਚ ਧਰਮ ਦੀ ਗੱਲ ਨਾ ਕਰਨ ਦੇ ਫਰਮਾਨ ਜਾਰੀ ਕੀਤੇ ਜਾਂਦੇ ਹਨ ਤੇ ਕਿਤੇ ਪੰਜਾਬ ਦੇ ਸੁਹਿਰਦ ਕਲਾਕਾਰਾਂ ਨੂੰ ਭੰਡਿਆ ਜਾ ਰਿਹਾ ਹੈ। ਇਹਤੋਂ ਗਹਾਂ ਅਮਲੀ ਪੱਧਰ ਤੇ ਕਿਰਸਾਨਾਂ ਤੇ ਮਜਦੂਰਾਂ ਵਿਚ ਵਖਰੇਵਾਂ ਪੈਦਾ ਕਰ ਕੇ ਆਪਣਾ ਲਾਹਾ ਖੱਟਣ ਤੇ ਆਪਣੀ ਪੈਂਠ ਬਣਾਈ ਰੱਖਣ ਦਾ ਪੈਂਤੜਾ ਅਜਮਾਇਆ ਜਾ ਰਿਹਾ ਹੈ। ਇਸ ਸਾਰੇ ਕਾਸੇ ਨੂੰ ਉਹ ਮੌਜੂਦਾ ਸੰਦਰਭ ਵਿੱਚ ਹੀ ਵੇਖਦੇ ਹਨ ਤੇ ਦੂਰਅੰਦੇਸ਼ੀ ਦੀ ਨਿਗ੍ਹਾ ਛੱਡ ਕੇ ਅਤੇ ਇਤਿਹਾਸਕ ਘਟਨਾਵਾਂ ਨੂੰ ਮੁੱਢੋਂ ਨਕਾਰ ਕੇ ਪਾਸਾ ਵੱਟਦੇ ਦਿਸਦੇ ਹਨ ਤੇ ਇਸੇ ਕਰਕੇ ਸ਼ਾਇਦ ਲੋਕਾਈ ਦੇ ਵੱਡੇ ਹਿੱਸੇ ਦੀ ਨਬਜ ਟੋਹ ਸਕਣ ਤੋਂ ਖੁੰਝ ਗਏ ਹਨ।

ਕਵਿਤਾ ਅਤੇ ਗੀਤ ਕਿਸੇ ਹੱਦ ਤਕ ਵਾਰਤਕ ਨਾਲੋਂ ਸੱਚਾਈ ਦੇ ਵੱਧ ਨੇੜੇ ਹੁੰਦੇ ਹਨ ਇਸ ਕਰਕੇ ਇਨ੍ਹਾਂ ਦੀ ਨਜਰ ਵਿਚ ਇਸ ਸਾਰੇ ਕਾਸੇ ਨੂੰ ਵਾਚਿਆਂ ਸੱਚਾਈ ਦੇ ਹੋਰ ਨੇਡ਼ੇ ਪੁੱਜਿਆ ਜਾ ਸਕਦਾ ਹੈ।

ਇਸ ਬਾਬਤ ਜੋ ਗੀਤ ਪਹਿਲੀ ਵੇਰ ਸੁਣਨ ਨੂੰ ਮਿਲੇ ਉਨ੍ਹਾਂ ਵਿਚਲੀਆਂ ਤੁਕਾਂ ਦੇ ਹਵਾਲੇ ਨਾਲ ਇਸ ਗੱਲ ਨੂੰ ਹੋਰ ਵਧੀਆ ਸਮਝਿਆ ਜਾ ਸਕਦਾ ਹੈ ਕਿਤੇ ਕਿਤੇ ਇੱਕੋ ਤੁਕ ਧਰਮ ਇਤਿਹਾਸ ਕਿਰਸਾਨੀ ਤੇ ਹੋਰ ਕਈ ਪੱਖਾਂ ਨੂੰ ਛੂੰਹਦੀ ਵੀ ਦਿਸਦੀ ਹੈ।

ਜਿਵੇਂ ਹੇਠ ਲਿਖੀਆਂ ਤੁਕਾਂ ਬੋਲੇ ਸੋ ਨਿਹਾਲ ਦੇ ਨਾਅਰੇ ਤੋਂ ਲੈ ਕੇ ਬਘੇਲ ਸਿੰਘ ਤੇ ਬਾਬਾ ਦੀਪ ਸਿੰਘ ਤੇ ਗੁਰੂ ਪਾਤਸ਼ਾਹ ਤੇ ਬਾਬੇ ਦੇ ਓਟ ਆਸਰੇ ਦੀਆਂ ਗੱਲਾਂ ਕਰਦੀਆਂ ਹਨ।

ਤੋਪਾਂ ਮੂਹਰੇ ਹਿੱਕਾਂ ਡਾਹੁਣ ਵਾਲੀ ਕੌਮ ਜੋ ਟੈਂਕ ਪਾਣੀ ਵਾਲਾ ਸਾਨੂੰ ਕੀ ਦਬਾਉਗਾ,
ਸਾਨੂੰ ਚੈਲੇਂਜ ਤਾਂ ਕਰ ਕੇ ਤੂੰ ਵੇਖ ਬੰਬੇ ਤਕ ਹੀ ਪੰਜਾਬ ਬਣ ਜਾਊਗਾ,
ਐਵੇਂ ਪਰਖ ਨਾ ਰੋਜ, ਬਾਜਾਂ ਵਾਲੇ ਦੀ ਆ ਫੌਜ, ਹਾਰੀ ਬਾਜੀ ਜਿੱਤ ਲੈਂਦੇ, ਹੁਕਮ ਦੇ ਯੱਕੇ ਨੇ।5

ਜਿਹੜੀ ਕੌਮ ਬੋਲੇ ਸੋ ਨਿਹਾਲ ਬੋਲ ਕੇ ਉਹ ਬੈਰੀਕੇਡ ਟੱਪ ਜੇ, ਸੁੱਤੀਆਂ ਨੀ ਗੈਰਤਾਂ ਗੁਰਾਂ ਦੇ ਪੁੱਤਾਂ ਵਿੱਚ ਹੁਣ ਫੇਰ ਦੱਸ ਗਏ।6

ਯਾਦ ਰੱਖੀਂ ਲੜਦੇ ਆ ਬਿਨਾਂ ਸੀਸ ਤੋਂ,
ਹੱਥ ਪਾਉਂਦੀ ਜਿਨ੍ਹਾਂ ਦੀ ਤੂੰ ਧੌਣ ਨੂੰ ਫਿਰੇ।
ਤੇਰੀ ਏਨੀ ਕਾਹਤੋਂ ਮਰਗੀ ਜਮੀਰ ਦਿੱਲੀਏ,
ਖੇਤ ਬਾਬੇ ਨਾਨਕੇ ਦੇ ਖੋਹਣ ਨੂੰ ਫਿਰੇਂ।19

ਸੈਂਟਰ ਦੀ ਸਰਕਾਰ ਰਹੀ ਜਿਮੀਂਦਾਰਾਂ ਲਈ ਗੱਦਾਰ ਸਦਾ, ਓ ਜੱਟਾਂ ਤਕੜਾ ਹੋ ਜਾ,
ਅੱਗੇ ਹੋ ਕੇ ਨਾਅਰਾ ਮਾਰ, ਬਾਬਾ ਆਪੇ ਲਾਉ ਪਾਰ, ਓ ਜੱਟਾ ਤਕੜਾ ਹੋ ਜਾ।20

ਲਗਦੈ ਬਘੇਲ ਸਿੰਘ ਯਾਦ ਤੈਨੂੰ ਰਿਹਾ ਨੀ,
ਅੱਜ ਤਕ ਦਾਬਾ ਏਨਾ ਕਿਸੇ ਦਾ ਵੀ ਸਿਹਾ ਨੀ,
ਲਾਲ ਕਿਲ੍ਹੇ ਉਤੇ ਝੁੱਲੇ ਝੰਡਾ ਇਹ ਕਿਸਾਨੀ ਤੈਨੂੰ ਮੰਨਣਾ ਪਊ ਭਾਣਾ।30

ਜਿੱਥੇ ਕਿਰਸਾਨ ਤੇ ਮਜਦੂਰ ਨੂੰ ਨਿਖੇੜ ਕੇ ਇਸ ਸਮੱਸਿਆ ਨੂੰ ਸਮਝਣ ਤੇ ਜੋਰ ਪਾਇਆ ਗਿਆ ਉਥੇ ਗੀਤਾਂ ਵਿਚ ਕਿਰਸਾਨ ਮਜਦੂਰ ਏਕਤਾ ਦੀ ਬਾਤ ਪਾਈ ਗਈ।

ਸੁਣ ਗੌਰ ਨਾਲ ਹਾਕਮਾਂ ਜੇ ਸੁਣਦਿਆਂ, ਮੈਂ ਅੱਜ ਦਾ ਪੰਜਾਬ ਬੋਲਦਿਆਂ,
ਆ ਕਿਰਸਾਨ ਮਜਦੂਰ ਏਕਤਾ ਆ ਦੋਹਾਂ ਦਾ ਹੀ ਖੂਨ ਖੋਲ੍ਹਦਾ।7

ਬਹੁਤੇ ਗੀਤਾਂ ਵਿੱਚ ਇੱਕ ਸਾਂਝੀ ਗੱਲ ਜੋ ਵੇਖਣ ਨੂੰ ਮਿਲੀ ਕਿ ਇਸ ਕਿਰਸਾਨੀ ਤੇ ਹੋਰ ਸਾਰੇ ਮਸਲਿਆਂ ਦੀ ਅਤੇ ਪੂਰੇ ਹਿੰਦੁਸਤਾਨ ਦੀ ਲੋਕਾਈ ਤੇ ਆਵਾਮ ਦੀਆਂ ਸਮੱਸਿਆਵਾਂ ਦੀ ਜੜ੍ਹ ਦਿੱਲੀ ਨੂੰ ਮੰਨਿਆ ਗਿਆ ਤੇ ਸ਼ਾਇਦ ਇਹੀ ਕਾਰਨ ਹੈ ਕਿ ਬਹੁਤੇ ਗੀਤਾਂ ਵਿੱਚ ਦਿੱਲੀ ਨੂੰ ਸਿੱਧਿਆਂ ਕਰਡ਼ੇ ਹੱਥੀਂ ਲਿਆ ਗਿਆ ਤੇ ਦਿੱਲੀ ਦੇ ਮੱਥੇ ਸਾਰੇ ਦੋਸ਼ਾਂ ਨੂੰ ਸਿੱਧਿਆਂ ਮੜ੍ਹਿਆ ਗਿਆ। ਬਹੁਤੇ ਥਾਂ ਇਹ ਨੂੰ ਦਿੱਲੀਏ ਆਖ ਕੇ ਬੁਲਾਇਆ ਗਿਆ। ਇਸ ਸੰਬੰਧੀ ਕੁਝ ਹੇਠ ਲਿਖੀਆਂ ਤੁਕਾਂ ਵਾਚੀਆਂ ਜਾ ਸਕਦੀਆਂ ਹਨ।

ਇਸ ਬਾਬਤ ਇੱਕ ਹੋਰ ਨੁਕਤਾ ਵੀ ਧਿਆਨ ਮੰਗਦਾ ਹੈ ਕਿ ਦਿੱਲੀ ਤਖਤ ਦੀ ਖਸਲਤ ਤੇ ਹਰ ਕਿਸਮ ਦੀ ਫਿਤਰਤ ਦੀ ਇਨ੍ਹਾਂ ਤੁਕਾਂ ਵਿੱਚ ਗੱਲ ਛੋਹੀ ਗਈ ਹੈ।

ਸਾਡੇ ਸਿਰੋਂ ਰੋਟੀ ਖਾਵੇਂ ਸਾਡਾ ਈ ਖ਼ੂਨ ਪੀਣ ਲੱਗੀ,
ਗਈਆਂ ਨਾ ਤੇਰੇ ਚੋਂ ਬੇਈਮਾਨੀਆਂ।1

ਦਿੱਲੀਏ ਕਿਸਾਨਾਂ ਦੇ ਐ ਤੈਥੋਂ ਵੱਡੇ ਦਿਲ ਤਾਂਹੀਓਂ ਗੱਲਾਂ ਨਾਲ ਤੈਨੂੰ ਸਮਝਾਉਂਦੇ ਆ,
ਕੱਲੇ ਧਰਨਿਆਂ ਵਾਲੇ ਸਮਝੀ ਨਾ, ਗੋਡੇ ਹਿੱਕਾਂ ਤੇ ਵੀ ਧਰਨੇ ਆਉਂਦੇ ਆ,
ਖਾਲੀ ਹੱਥ ਮੁੜਜਾਂਗੇ ਕੱਢ ਦੀਂ ਇਹ ਵਹਿਮ, ਹਾਲੇ ਮੁੱਕੇ ਨਹੀਂਂ ਸੂਰਮੇ ਜਿਉਂਦੇ ਆ।1

ਚੱਲ ਦਿੱਲੀਏ ਨੀ ਚੱਲ ਵੇਖ ਮੱਥਾ ਲਾ ਕੇ,
ਭੱਜਿਆ ਨੂੰ ਇੱਕੋ ਜਿਹੇ ਵਾਹਨ ਹੁੰਦੇ ਆਂ।2

ਜੋ ਸੁਪਨੇ ਸ਼ਹੀਦਾਂ ਨੇ ਸਿਰਜੇ, ਉਹ ਹੋਣ ਦੇਣੇ ਅਸੀਂ ਚੂਰ ਨਹੀ,
ਜੇ ਆਪਣੀ ਆਈ ਤੇ ਆ ਗਏ, ਸਾਡੇ ਲਈ ਦਿੱਲੀ ਦੂਰ ਨਹੀ।3

ਤੇਰੀ ਹਿੱਕ ਉੱਤੇ ਨੱਚਦੇ ਪੰਜਾਬੀ ਦਿੱਲੀਏ,
ਹੱਕ ਲਿੱਤੇ ਬਿਨਾਂ ਮੁੜਦੇ ਨੀ ਢੀਠ ਪੱਕੇ ਨੇ।5

ਪਾਣੀ ਸਿਰਾਂ ਉਤੋਂ ਦੀ ਵਹਿ ਗਿਆ ਦਿੱਲੀਏ,
ਅਸੀਂ ਕੱਢਾਂਗੇ ਭੁਲੇਖਾ ਜੇ ਕੋਈ ਹੈਗਾ ਦਿੱਲੀਏ।16

ਮਹਿਲਾਂ ਵਿੱਚੋਂ ਨਿਕਲ ਕੇ ਤੱਕ ਦਿੱਲੀਏ,
ਮੁੜਦੇ ਨਹੀਂ ਲਏ ਬਿਨਾਂ ਹੱਕ ਦਿੱਲੀਏ।
ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀ ਏ,
ਮੁਡ਼ਦੇ ਨਹੀਂ ਲਏ ਬਿਨਾਂ ਹੱਕ ਦਿੱਲੀਏ।18

ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨਹੀ,
ਰਹਿੰਦੀ ਐ ਕਰਾਉੰਦੀ ਐਵੇਂ ਦੰਗੇ ਠੀਕ ਨਹੀ।19

ਚੱਤੋ ਪਹਿਰ ਕਰਦੀ ਏ ਦਗਾਬਾਜੀਆਂ,
ਇੱਕ ਤੇਰਾ ਨਾਮ ਦਿੱਲੀ ਉੱਤੋਂ ਦੋਗਲੀ।19

ਸਾਰੇ ਕਿੱਤੇ ਜਿਮੀਂਦਾਰ ਸਿਰੋਂ ਰੋਟੀ ਖਾਂਦੇ ਐ,
ਹੋਰ ਹੱਲ ਨਾ ਕੋਈ ਸਾਡੇ ਕੋਲ ਰਹਿ ਗਿਆ ਦਿੱਲੀਏ।22

ਇੱਥੇ ਤਖਤ ਪਲਟ ਜਾਣੇ ਦੇਖਿਓ,
ਅਸੀਂ ਕਰਿਆ ਜੇ ਰੁੱਖ ਦਿੱਲੀ ਵੱਲ ਦਾ।23

ਗੱਲ ਹੋਣੀ ਹੁਣ ਆਰ ਪਾਰ ਦੀ,
ਬੜੀ ਝੱਲ ਲਈ ਐ ਤੇਰੀ ਦਿਸ ਦੈਟ ਦਿੱਲੀਏ।27

ਏਨਾ ਕੁ ਤੂੰ ਦਿੱਲੀਏ ਖਿਆਲ ਰੱਖ ਲਈਂ,
ਕਿਤੇ ਕਹੀ ਆਲੇ ਮੋਢੇ ਤੇ ਬੰਦੂਕ ਨਾ ਆ ਜੇ।29

ਹਾਲੇ ਵੀ ਤੂੰ ਸੋਚ ਤੇ ਵਿਚਾਰ ਕਰ ਲੈ ਨਹੀਂ ਉਲਝੁਗਾ ਤਾਣਾ,
ਹੋ ਗਿਆ ਜੇ ਬਾਗੀ ਕਿਰਸਾਨ ਦਿੱਲੀਏ ਨੀਂ ਤੈਥੋਂ ਸਾਂਭਿਆ ਨੀ ਜਾਣਾ।30

ਸੋਚ ਲੈ ਤੂੰ ਫੇਰ ਇਕ ਵਾਰ ਦਿੱਲੀਏ,
ਨੀ ਸਾਨੂੰ ਚੱਕਣੇ ਨਾ ਪੈਣ ਹਥਿਆਰ ਦਿੱਲੀਏ।31

ਕਿਰਸਾਨ ਵਲੋਂ ਫਾਹਾ ਲਏ ਜਾਣ ਨੂੰ ਵੱਖੋ ਵੱਖਰੀਆਂ ਧਿਰਾਂ ਨੇ ਆਪਣੇ ਆਪਣੇ ਤਰੀਕੇ ਨਾਲ ਲਿਆ ਤੇ ਉਸ ਨੂੰ ਨਕਾਰਾਤਮਕ ਬਣਾ ਕੇ ਪੇਸ਼ ਕੀਤਾ ਤੇ ਇਸੇ ਗੱਲ ਨਾਲ ਕਿਰਸਾਨ ਦੀ ਕਿਰਦਾਰਕੁਸ਼ੀ ਵੀ ਕੀਤੀ। ਇਸ ਸਬੰਧੀ ਡਾ ਸੇਵਕ ਸਿੰਘ ਦਾ ਪਿੱਛੇ ਜਿਹੇ ਸਿੱਖ ਸਿਆਸਤ ਤੇ ਛਪਿਆ ਲੇਖ ਬਿਲਕੁਲ ਨਵੇਂ ਪੱਖ ਤੋਂ ਇਸ ਗੱਲ ਨੂੰ ਵੇਖਦਾ ਹੈ ਤੇ ਸਮਝਾਉਂਦਾ ਹੈ। ਗੀਤਾਂ ਵਿੱਚ ਵੀ ਇਸ ਪੱਖ ਦਾ ਜਿਕਰ ਹੇਠ ਲਿਖੇ ਵਾਂਗ ਕੀਤਾ ਗਿਆ ਮਿਲਦਾ ਹੈ।

ਫਾਹਾ ਲੈਣਾ ਨਈਓਂ ਹੁਣ ਫਾਹਾ ਵੱਢਣਾ ਏ ਥੋਡਾ ਪੱਕਾ ਹੁਣ ਧਾਰੀ ਬੈਠੇ ਆਂ,
ਸਾਨੂੰ ਆਪਦੀ ਹੀ ਪੈਲੀ ਵਾਹ ਲੈਣ ਦੋ ਨਹੀਂ ਲੱਗਣਾ ਨੀ ਮਿੰਟ ਦਿੱਲੀ ਵਾਹੁਣ ਨੂੰ।9

ਜਿੱਥੇ ਦਿੱਲੀ ਤਖਤ ਨੂੰ ਸਿੱਧੀ ਵੰਗਾਰ ਪਾਈ ਗਈ ਉਥੇ ਸਰਕਾਰ ਜੋ ਕਿ ਦਿੱਲੀ ਦਾ ਸਮਰੂਪ ਮੰਨਿਆ ਜਾ ਸਕਦਾ ਹੈ ਨੂੰ ਵੀ ਵਲ੍ਹੇਟੇ ਵਿੱਚ ਲਿਆ ਗਿਆ। ਹੇਠਲੀਆਂ ਤੁਕਾਂ ਵਿੱਚ ਉਹ ਇੱਕ ਜਾਂ ਦੋ ਨਕਸ਼ ਵੀ ਉਭਰਦੇ ਜਾਪਦੇ ਹਨ ਜੋ ਕਿ ਅੱਜਕਲ੍ਹ ਭਾਰਤ ਸਰਕਾਰ ਦਾ ਸਮਾਨਾਰਥਕ ਬਣੇ ਹੋਏ ਹਨ।

ਤੇਰੇ ਮਨ ਚ ਭੁਲੇਖਾ ਰਹਿ ਜੇ ਨਾ ਤੂੰ ਸਾਡਾ ਪੜ੍ਹ ਇਤਿਹਾਸ ਲਈਂ,
ਜੇ ਧੱਕਾ ਕਰਨੋਂ ਹਟਿਆ ਨਾ ਤਾਂ ਆਪਣਾ ਅੰਤ ਕਿਆਸ ਲਈਂ।3

ਮੰਨੇ ਜਾਂ ਨਾ ਮੰਨੇ ਸਰਕਾਰ ਚੰਦਰੀ,
ਉਹਦੇ ਪੈਰਾਂ ਥੱਲਿਓਂ ਧਰਤੀ ਤਾਂ ਹਿੱਲੀ ਹੈ।5

ਮਾਲਕ ਅਸੀਂ ਹਾਂ ਸਾਡੇ ਖੇਤ ਏ ਦੱਸੋ ਤੁਸੀਂ ਹੁੰਦੇ ਕੌਣ ਹੋ,
ਰਾਖੇ ਫਸਲਾਂ ਦੇ ਅਸੀਂ ਫਿਰ ਕਿਹੜੀ ਗੱਲੋਂ ਸਾਡੇ ਤੇ ਦਬਾਅ ਪਾਉਂਦੇ ਓ।7

ਆਏ ਅੜੀ ਉੱਤੇ ਜੁੱਤੀ ਥੱਲੇ ਦੱਬਲਾਂਗੇ ਤੁਹਾਡੇ ਸਿਰ ਆਲੇ ਤਾਜ ਨੂੰ।9

ਪਹਿਲਾਂ ਤਾਂ ਫਸਲ ਸੀ ਰੁਲਦੀ ਹੁਣ ਤੂੰ ਕਿਸਾਨ ਰੋਲਤੇ।10

ਗੀਤਕਾਰਾਂ ਤੇ ਗਾਉਣ ਵਾਲਿਆਂ ਉੱਤੇ ਜੋ ਦੋਸ਼ ਲੱਗਦੇ ਆਏ ਹਨ ਕਿ ਇਹ ਨਸ਼ਿਆਂ ਹਥਿਆਰਾਂ ਆਦਿ ਹੋਰ ਅਲਾਮਤਾਂ ਨੂੰ ਵਧਾਵਾ ਦਿੰਦੇ ਹਨ ਉਸ ਬਾਬਤ ਵੀ ਇਹ ਗੀਤ ਪੂਰੇ ਤੌਰ ਤੇ ਜਾਗਰੂਕ ਹੋਏ ਜਾਪੇ ਤੇ ਇਸ ਮਸਲੇ ਤੇ ਆਏ ਗੀਤਾਂ ਦੇ ਹੜ੍ਹ ਦੇ ਪਿਛਲੇ ਕਾਰਨ ਵੀ ਇਨ੍ਹਾਂ ਤੁਕਾਂ ਵਿੱਚੋਂ ਲੱਭਦੇ ਹਨ।

ਸਾਡੇ ਐ ਜਵਾਨ ਤੇ ਸਾਡੇ ਐ ਕਿਸਾਨ,
ਸੋਚਿਓ ਨਾ ਸਾਡਾ ਕੱਲਾ ਗੀਤਾਂ ਚ ਧਿਆਨ।11

ਵੇਖ ਯਾਰ ਤੇਰਾ ਬਣਦਾ ਨਹੀਂ ਗੀਤਾਂ ਦੀ ਦੁਕਾਨ।12

ਕਲਾਕਾਰਾਂ ਲਈ ਲੜਦੇ ਹੋ ਕੀ ਫਾਇਦਾ ਏਸ ਜਵਾਨੀ ਦਾ,
ਰਲ ਕੇ ਰੋਸ ਜਤਾਈਏ ਝੰਡਾ ਚੱਕ ਜੱਟਾ ਕਿਰਸਾਨੀ ਦਾ।20

ਕਿਰਸਾਨੀ ਮਸਲੇ ਦੀ ਪੈੜ ਨੱਪਣੀ ਹੋਵੇ ਤਾਂ ਇਹ ਪਿਛਲੇ ਇਤਿਹਾਸ ਵਿਚੋਂ ਨੱਪੀ ਜਾ ਸਕਦੀ ਹੈ। ਜਿੱਥੇ ਅਫਜ਼ਲ ਅਹਿਸਨ ਰੰਧਾਵਾ ਪੰਜਾਬ ਦੀਆਂ ਸਮੱਸਿਆਵਾਂ ਦੀ ਜੜ੍ਹ ਪੰਜ ਸਦੀਆਂ ਦੇ ਵੈਰ ਵਿੱਚ ਦੇਖਦਾ ਹੈ ਉਸੇ ਤਰਜ ਤੇ ਮੌਜੂਦਾ ਗੀਤਕਾਰੀ ਨੇ ਵੀ ਇਸ ਦੀ ਬਾਤ ਸੰਤਾਲੀ ਅਤੇ ਚੁਰਾਸੀ ਨਾਲ ਮੇਲ ਕੇ ਵੇਖੀ ਹੈ। ਜਿੱਥੇ ਉਨੀ ਸੌ ਸੰਤਾਲੀ ਦੀ ਗੱਲ ਕੀਤੀ ਗਈ ਹੈ ਉਥੇ ਉਨੀ ਸੌ ਚੁਰਾਸੀ ਦੇ ਘੱਲੂਘਾਰੇ ਦੀ ਵੀ ਬਾਤ ਖੁੱਲ੍ਹ ਕੇ ਪਾਈ ਗਈ ਹੈ। ਅਨੰਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ, ਅੱਤਵਾਦ ਦੇ ਲਗਦੇ ਠੱਪੇ, ਸੰਤਾ ਦੀ ਤੇ ਸਿੰਘਾਂ ਦੀ ਸ਼ਹਾਦਤ ਅਤੇ ਸਿੱਖ ਨੌਜਵਾਨੀ ਦੇ ਹੋਏ ਘਾਣ ਦੀ ਗੱਲ ਖੁੱਲ੍ਹ ਕੇ ਕੀਤੀ ਗਈ ਹੈ। ਇੱਥੋਂ ਤੱਕ ਕਿ ਚੰਡੀਗੜ੍ਹ ਤੇ ਪੰਜਾਬੀ ਬੋਲੀ ਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਤੇ ਜੇਲ੍ਹੀਂ ਬੰਦ ਜੁਝਾਰੂਆਂ ਦੀ ਵੀ ਕਹਾਣੀ ਛੇੜੀ ਗਈ ਹੈ।

ਸੱਤਰ ਸਾਲ ਬੀਤ ਗਏ ਨੇ ਹਾਲੇ ਤਕ ਨਾ ਮਿਲੀ ਅਜਾਦੀ,
ਹੱਕਾਂ ਲਈ ਬੋਲਦੇ ਆਂ ਸਾਨੂੰ ਆਖਣ ਉਹ ਅੱਤਵਾਦੀ।8

ਤੁਸੀਂ ਹੀ ਨੇ ਢਾਹੇ ਪਹਿਲਾਂ ਸਾਡੇ ਗੁਰੂ ਧਾਮ,
ਦਿੱਤੀਆਂ ਸ਼ਹੀਦੀਆਂ ਦਾ ਮਿਲਿਆ ਇਨਾਮ।
ਰੁੜ੍ਹਜੋੰਗੇ ਗੱਜੇ ਜਦੋਂ ਬੋਲੇ ਸੋ ਨਿਹਾਲ,
ਸਾਨੂੰ ਮਰਨ ਕਬੂਲ ਕਰੂ ਕਿਰਪਾ ਅਕਾਲ।11

ਪਹਿਲਾਂ ਗੋਲਿਆਂ ਨੇ ਬੰਦ ਸੀ ਕਿ ਕੀਤੀ ਬੋਲਤੀ,
ਫੇਰ ਦਿੱਲੀ ਵਾਲੀ ਆਈ ਤੇ ਜਵਾਨੀ ਰੋਲਤੀ।12

ਬੰਦਾ ਸਿੰਘ ਬਹਾਦਰ ਨੇ ਥੋਨੂੰ ਬਖਸ਼ੀਆਂ ਇਹੀ ਜਗੀਰਾਂ,
ਇੱਟ ਨਾਲ ਇੱਟ ਖੜਕਾਦੋ ਬੇਲੀਓ ਵਿਕਣ ਨਾ ਦਿਓ ਜਮੀਰਾਂ।
ਤੇਰੇ ਪਾਣੀਆਂ ਉੱਤੇ ਡਾਕੇ ਵੱਜਣ ਦਿਨੇ ਦਿਹਾੜੇ,
ਖਰੀਆਂ ਸੋਚਾਂ ਵਾਲੇ ਵੀਰ ਤੇਰੇ ਜੇਲ੍ਹਾਂ ਦੇ ਵਿੱਚ ਤਾੜੇ।15

ਮਸਾਂ ਮਸਾਂ ਉੱਠਦੇ ਆਂ ਕਰ ਮਿਹਨਤਾਂ,
ਜਦੋਂ ਦਿਲ ਕਰੇ ਤੇਰਾ ਮਾਰ ਦਿੰਨੀ ਐਂ।
ਡਾਂਗਾਂ ਚੁੱਕ ਜਦੋਂ ਅਸੀ ਹੱਕ ਮੰਗੀਏ,
ਫੇਰ ਅੱਤਵਾਦੀ ਦੇ ਖਿਤਾਬ ਦਿੰਨੀ ਐਂ।19

ਆਨੰਦਪੁਰ ਵਾਲਾ ਮਤਾ ਪੜ੍ਹ ਕੇ ਨਹੀਂ ਦੇਖਿਆ,
ਜੇ ਕਦੇ ਹੱਕਾਂ ਲਈ ਲੜ ਕੇ ਨਹੀਂ ਦੇਖਿਆ।
ਮਸਲਾ ਪੰਜਾਬ ਦਾ ਪਾਣੀ ਦਾ ਚੰਡੀਗਡ਼੍ਹ ਦਾ,
ਪਾ ਗਿਆ ਸ਼ਹੀਦੀ ਸੰਤ ਹੱਕਾਂ ਦੇ ਲਈ ਲੜਦਾ।21

ਅੱਤਵਾਦੀ ਨਾ ਨਹੀਂ ਅਸੀਂ ਬੰਦੇ ਖਾੜਕੂ।21

ਯੂਕੇ ਨੇ ਚੌਰਾਸੀ ਵਾਲੀ ਫਾਈਲ ਕਾਹਤੋਂ ਖੋਹਲੀ ਨੀ,
ਗਲਾਂ ਵਿੱਚ ਟਾਇਰ ਸਰਕਾਰ ਕਾਹਤੋਂ ਬੋਲੀ ਨੀ।24

ਕਦੇ ਚੁਰਾਸੀ ਕਦੇ ਸੰਤਾਲੀ ਆ ਪੈਂਦੀ ਸਾਡੇ ਗਲ ਪੰਜਾਬੀਆਂ,
ਕਈ ਵਾਰੀ ਜਾਂਦੀ ਇਨ੍ਹਾਂ ਦੀ ਸਿੰਘਾਂ ਨੇ ਇੱਜਤ ਬਚਾ ਲਈਆ,
ਦਿੱਲੀ ਕਹਿੰਦੀ ਸੋਡੀ ਆਂ ਕਦੇ ਸਾਡੇ ਨਾ ਮਿਲਦੇ ਦਿਲ ਨੇ।25

ਕਿੰਨੀਆਂ ਹੀ ਬੇਗੁਨਾਹ ਜੱਟਾਂ ਨੂੰ ਯੂ ਏ ਪੀ ਏ ਲਾ ਕੇ ਜੇਲ੍ਹ ਸਿੱਟ ਦਾ।27

ਸਾਡੇ ਗੁਰੂ ਘਰਾਂ ਉੱਤੇ ਹਮਲੇ ਕਰਾਏ ਤੂੰ,
ਸਾਡੇ ਪਾਣੀ ਖੋਹ ਕੇ ਕਾਹਤੋਂ ਗੈਰਾਂ ਨੂੰ ਪਿਲਾਏ ਤੂੰ।31

ਉੱਨੀ ਸੌ ਚੁਰਾਸੀ ਸਾਨੂੰ ਭੁੱਲੇ ਨਾ ਭੁਲਾਇਆ ਨੀ,
ਕੱਲਾ ਕੱਲਾ ਸਿੱਖ ਫੜ ਆਪ ਮਰਵਾਇਆ ਨੀ।
ਪਾਏ ਮਚਦੇ ਗਲਾਂ ਵਿੱਚ ਹਾਰ ਦਿੱਲੀਏ,
ਸਾਨੂੰ ਚੱਕਣੇ ਨਾ ਪੈਣ ਹਥਿਆਰ ਦਿੱਲੀਏ।31

ਜਿੱਥੇ ਪੰਜਾਬ ਅਤੇ ਹਰਿਆਣੇ ਦੀ ਸਾਂਝ ਨੂੰ ਲੋਕਾਂ ਨੇ ਦਿੱਲੀ ਦੇ ਸਿੰਘੂ ਨਾਕੇ ਉੱਤੇ ਪਰਤੱਖ ਵੇਖਿਆ (ਚਾਹੇ ਉਹ ਥੋੜ ਚਿਰੀ ਹੀ ਹੋਵੇ) ਉਥੇ ਪੰਜਾਬ ਦੀ ਗੀਤਕਾਰੀ ਵੀ ਇਸ ਸਭ ਕਾਸੇ ਤੋਂ ਅਣਛੋਹੀ ਨਾ ਰਹੀ।

ਏਸ ਪੰਜਾਬ ਨੂੰ ਸਮਝ ਨਹੀਂ ਸਕਦਾ ਕੋਈ ਹਿੰਦੋਸਤਾਨ ਦਾ ਵਾਸੀ,
ਸਾਡੀ ਹੋਂਦ ਤੇ ਸੋਚ ਹੈ ਵੱਖਰੀ ਲੱਖ ਕਹਿੰਦੇ ਹਿੰਦੀ ਮਾਸੀ।
ਸੰਤਾਲੀ ਤੋਂ ਵੀਹ ਵੀਹ ਤਕ ਦੱਸੋ ਕੋਈ ਇਨਸਾਫ ਜੇ ਮਿਲਿਆ,
ਪੰਜਾਬ ਗੁਲਾਬ ਸੀ ਖਾਲਸਾ ਰਾਜ ਚ ਨਾ ਫੇਰ ਦੁਬਾਰਾ ਖਿੜਿਆ।
ਇੰਨੀਆਂ ਕੋਝੀਆਂ ਚਾਲਾਂ ਚੱਲ ਕੇ ਸਭ ਕੁਝ ਖੋਹਣ ਨੂੰ ਫਿਰਦੇ,
ਅਸੀਂ ਮੁਕਾਇਆਂ ਕਿੱਥੇ ਮੁੱਕਦੇ ਮੁਕਾਉਂਦੇ ਰਹੇ ਬੜੇ ਚਿਰ ਦੇ।
ਉੱਠੋ ਜਾਗੋ ਵੀਰਿਓ ਮੇਰਿਓ ਹਰਿਆਣਵੀ ਅਤੇ ਪੰਜਾਬੀ,
ਇਹ ਕਿਰਸਾਨੀ ਪਛਾਣ ਹੈ ਸਾਡੀ ਤੇ ਇਹੀ ਐ ਕਾਮਯਾਬੀ।15

ਗੀਤਕਾਰੀ ਜਿੱਥੇ ਕਿਰਸਾਨੀ ਮਸਲੇ ਨੂੰ ਕਰੀਬ ਹਰ ਇੱਕ ਪੱਖ ਤੋਂ ਛੂਹ ਕੇ ਹਟੀ ਉਥੇ ਆਪਣੇ ਸ਼ਾਨਾਮੱਤੇ ਇਤਿਹਾਸ ਨੂੰ ਵੀ ਬਰਾਬਰ ਖੜ੍ਹਾ ਕਰੀ ਰੱਖਿਆ।

ਨੀਂ ਇਹ ਲੁੱਟਦੇ ਲੁਟੇਰਿਆਂ ਨੂੰ ਪੁੱਛੀਂ ਕਦੇ ਨਾਦਰ ਕਾ ਲਾਣਾ ਦੱਸਦੂ,
ਕਿਲ੍ਹਾ ਲਾਲ ਜਿਹੜਾ ਜਿੱਤ ਜਿੱਤ ਛੱਡਿਆ ਨੀ ਪੁੱਛੀਂ ਕੋਈ ਸਿਆਣਾ ਦਸ ਦੂ।4

ਤਵਾਰੀਖ ਬੋਲਦੀ ਐ ਮਾਰੀ ਮਾਰ ਸਦਾ ਹੀ ਵੱਡੀ,
ਦਿੱਲੀ ਬਹੁਤੀ ਦੂਰ ਨਹੀ ਇਹ ਵੀ ਜਿੱਤ ਕੇ ਸਿੰਘਾਂ ਛੱਡੀ।8

ਗਰਜਾ ਸਿੰਘ ਤੇ ਬੋਤਾ ਸਿੰਘ ਦੀ ਬਾਤ ਪਾ ਕੇ ਉਹ ਮਾਂਵਾਂ ਯਾਦ ਕਰਦੈ ਜਿੰਨ੍ਹਾਂ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀ ਪਵਾਏ ਜਦ ਖਾਲਸਾ ਸ਼ੁਕਰ ਦੀ ਅਰਦਾਸ ਕਰਦਾ ਏ। ਮੁੱਕ ਜਾਣਗੇ ਇਹ। ਕੌਮ ਜਿਹੜੀ ਆਪ ਪਰਗਟ ਕਰੀ ਹੋਈ ਐ ਮਹਾਰਾਜ ਨੇ ਉਹ ਕਦੇ ਨਹੀਂ ਮੁੱਕਣੀ।13

ਚਿਹਰਾ ਮੁੱਦਤਾਂ ਪਹਿਲਾਂ ਸੀ ਤੇਰਾ ਪੜ੍ਹ ਗਏ।23

ਕਿਹੜੇ ਕਿਹੜੇ ਭੱਜੇ ਸੀ ਤੇ ਕਿਹੜੇ ਕਿਹੜੇ ਖੜ੍ਹੇ ਸੀ,
ਕਿਹੜੇ ਕਿਹੜੇ ਮਰਦਾਂ ਦੀ ਫੌਜ ਵਿਚ ਲੜੇ ਸੀ।24

ਪੰਜਾਬ ਦੇ ਜੰਮਿਆਂ ਨੂੰ ਨਿੱਤ ਭੀੜਾਂ। ਗੀਤਕਾਰੀ ਨੇ ਇਸ ਪੱਖ ਨੂੰ ਵੀ ਸੁੱਕਾ ਨਹੀਂ ਜਾਣ ਦਿੱਤਾ ਤੇ ਪੰਜਾਬੀਅਤ ਦੇ ਮੁਦਈ ਹੋ ਕੇ ਇਸ ਬਾਰੇ ਵੀ ਭਰਪੂਰ ਲਿਖਿਆ ਤੇ ਗਾਇਆ।

ਵਾਰ ਵਾਰ ਬੀਬਾ ਸਾਡੇ ਨਾਲ ਧੱਕਾ ਹੋਏ ਆ,
ਸੜਕਾਂ ਤੇ ਫਿਰਦੇ ਆਂ ਕਿਉਂਕਿ ਅੱਕੇ ਹੋਏ ਆਂ,
ਇਨਕਲਾਬੀ ਝੰਡੇ ਮਿੱਤਰਾਂ ਨੇ ਚੱਕੇ ਹੋਏ ਆ।12

ਕੋਠਿਆਂ ਤੇ ਚੜ੍ਹ ਚੜ੍ਹ ਵੇਖ ਦਿੱਲੀਏ ਵੇਖ ਲੈ ਨੀ ਆਉਂਦਾ ਏ ਪੰਜਾਬ ਬੁੱਕਦਾ।13

ਹੱਕ ਖੋਹਣੇ ਵੀ ਆਉਂਦੇ ਨੇ ਸਮਝਾਉਣੇ ਵੀ ਆਉਂਦੇ ਨੇ,
ਰੱਖ ਧੌਣ ਉੱਤੇ ਗੋਡਾ ਇਹ ਮਨਾਉਣੇ ਵੀ ਆਉਂਦੇ ਨੇ।13

ਤੂੰ ਹੀ ਰੱਕੜਾਂ ਰੁੱਕੜਾਂ ਵਾਹ ਕੇ ਕੀਤੀਆਂ ਪੱਧਰ ਜਮੀਨਾਂ,
ਏਸ ਮਿੱਟੀ ਲਈ ਡੋਲ੍ਹਿਆ ਰੱਜ ਕੇ ਖੂਨ ਦੇ ਨਾਲ ਪਸੀਨਾ।
ਰਾਤਾਂ ਜਾਗ ਕੇ ਪੁੱਤਰਾਂ ਵਾਂਗੂੰ ਪਾਲੀਆਂ ਫਸਲਾਂ,
ਜੇ ਹੁਣ ਦੜ ਵੱਟ ਗਿਆ ਕੋਸਣਗੀਆਂ ਤੈਨੂੰ ਆਉਣ ਵਾਲੀਆਂ ਨਸਲਾਂ।15

ਇਨ੍ਹਾਂ ਦੇ ਹੀ ਚਾਚੇ ਬਾਪੂਆਂ ਝੂਠੇ ਵਾਅਦੇ ਕੀਤੇ,
ਨਾ ਮਿਲਿਆ ਪੰਜਾਬ ਪੂਰਾ ਨਾ ਪੰਜਾਬੀ ਬੋਲਦੇ ਖਿੱਤੇ।
ਸਾਡੇ ਸਿਰ ਤੇ ਸਰਹੱਦਾਂ ਤੇ ਸਾਡੇ ਸਿਰ ਤੇ ਦਾਣਾ ਪਾਣੀ,
ਜੇ ਬਾਗੀ ਹੋ ਗਿਆ ਸਰਦਾਰ ਹਿੰਦੇ ਤੇਰੀ ਉਲਝ ਜਾਊਗੀ ਤਾਣੀ।15

ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਦੇਖਣ ਨੂੰ,
ਜਮਾਨਾ ਰੁਕ ਗਿਆ ਸਾਰਾ ਤੇਰਾ ਓਹੀ ਅੰਦਾਜ ਦੇਖਣ ਨੂੰ।17

ਜੇ ਮੁੱਦਾ ਹੋਂਦ ਦਾ ਹੋਇਆ ਤਾਂ ਤੀਰਾਂ ਵਾਂਗ ਟੱਕਰਾਂਗੇ,
ਅਸੀਂ ਬੈਠੇ ਨਹੀਂ ਹਾਂ ਸਿਰ ਤੇ ਉੱਡਦੇ ਬਾਜ ਦੇਖਣ ਨੂੰ।17

ਬੜੀ ਬੇਤਾਬ ਹੈ ਦੁਨੀਆਂ ਤੇਰੀ ਪਰਵਾਜ ਦੇਖਣ ਨੂੰ।17

ਓ ਪਹਿਲਾਂ ਕਿਹੜਾ ਘੱਟ ਕੀਤੀ ਹੈ ਜੜ੍ਹ ਪਈ ਸਾਡੀ ਵੱਢੀ ਐ,
ਰਾਜਸਥਾਨ ਤੇ ਜੰਮੂ ਚੋਂ ਮਾਂ ਬੋਲੀ ਸਾਡੀ ਕੱਢੀ ਹੈ।20

ਹੱਕ ਖੋਹ ਕੇ ਲੈਣੇ ਆਂ ਇੱਥੇ ਮੰਗਿਆਂ ਤੋਂ ਨੀ ਮਿਲਣੇ,
ਜਿਹੜਾ ਇਨ੍ਹਾਂ ਸਹਿਨੇ ਆਂ ਇਹ ਤਾਂ ਸਾਡੇ ਈ ਵੱਡੇ ਦਿਲ ਨੇ।25

ਹੁਣ ਫੇਰ ਉਦੋਂ ਬੋਲੇਂਗਾ ਜਦੋਂ ਆ ਧੌਣ ਤੇ ਚੜ੍ਹ ਗਏ,
ਅੱਖਾਂ ਖੋਲ੍ਹ ਪੰਜਾਬ ਸਿੰਹਾਂ ਤੇਰੇ ਘਰ ਚ ਲੁਟੇਰੇ ਵੜ ਗਏ।28

ਸਾਡੇ ਮੁੱਕ ਜਾਂਦੇ ਦੇ ਦੇ ਸ਼ਹੀਦੀਆਂ ਥੋਡੇ ਬਹਿਣ ਲਈ ਤਖਤਾਂ ਤੇ ਤਿਆਰ ਨੇ,
ਅਸੀਂ ਉਹ ਜਿਹੜੇ ਧਰਨੇ ਤੇ ਰਹਿਨੇ ਆਂ ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ।32

ਮੰਗੇ ਰਾਜ ਨਹੀਂ ਮਿਲਦੇ ਇਹ ਤਾਂ ਮੱਲਣੇ ਪੈਂਦੇ ਨੇ,
ਨਾ ਜੁਲਮ ਕਦੇ ਰੁਕਦੇ ਇਹ ਤਾਂ ਠੱਲ੍ਹਣੇ ਪੈਂਦੇ ਨੇ।32

ਜਿੱਥੇ ਗੀਤਕਾਰੀ ਨੇ ਉਨੀ ਸੌ ਚੌਰਾਸੀ ਦੀ ਗੱਲ ਛੋਹੀ ਉਥੇ ਸੰਤ ਜਰਨੈਲ ਸਿੰਘ ਜੀ ਤੋਂ ਲੈ ਕੇ ਹਥਿਆਰ ਚੁੱਕਣ ਤੱਕ ਦੀ ਵੀ ਗੱਲਬਾਤ ਨੂੰ ਕਰੀਬ ਹਰ ਇੱਕ ਪੱਖ ਤੋਂ ਛੋਹਿਆ ਹੈ।

ਜਿਉਣਾ ਕੀ ਸਰੀਰਾਂ ਦਾ ਜੇਕਰ ਹੋਣ ਜਮੀਰਾਂ ਮਰੀਆਂ।8

ਢਿੱਡ ਭਰਿਆ ਜਿਨ੍ਹਾਂ ਦਾ ਕਈ ਸਾਲਾਂ ਤੋਂ ਉਹੀ ਫਿਰਦੇ ਐ ਢਿੱਡ ਸਾਡਾ ਧੌਣ ਨੂੰ,
ਹੋਗੀ ਦਾਤੀ ਤੋਂ ਜਰੂਰੀ ਬੰਦੂਕ ਸਰਕਾਰੇ ਸਾਨੂੰ ਆਪਣੇ ਖੇਤਾਂ ਚ ਜਾਣ ਆਉਣ ਨੂੰ।9

ਇਕ ਗੱਲ ਉਚੇਚਾ ਧਿਆਨ ਮੰਗਦੀ ਹੈ ਔਰਤ ਗਾਇਕਾਂ ਦੀ ਇਸ ਵਿੱਚ ਸ਼ਮੂਲੀਅਤ ਚਾਹੇ ਥੋੜ੍ਹੀ ਹੀ ਰਹੀ ਹੋਵੇ ਪਰ ਫੇਰ ਵੀ ਸਰਾਹੁਣਾ ਯੋਗ ਹੈ। ਜਿੱਥੇ ਅਨਮੋਲ ਗਗਨ ਦੇ ਗਾਏ ਗੀਤ ਨੇ ਇਸ ਮਸਲੇ ਨੂੰ ਛੋਹਿਆ ਉਥੇ ਮੌੜਾਂ ਵਾਲੇ ਮਾਨ ਦਾ ਲਿਖਿਆ ਅਤੇ ਬੀਬੀ ਸੁਖਪਾਲ ਕੌਰ ਬਡਬਰ ਦਾ ਢੱਡ ਸਰੰਗੀ ਦੇ ਰਵਾਇਤੀ ਤਰੀਕੇ ਨਾਲ ਗਾਇਆ ਗੀਤ ਕੱਫ਼ਨ ਉਪਰੋਕਤ ਦੱਸੇ ਕਰੀਬ ਕਰੀਬ ਹਰ ਇੱਕ ਨੁਕਤੇ ਨਾਲ ਇਸ ਮਸਲੇ ਨੂੰ ਛੋਂਹਦਾ ਹੈ ਤੇ ਇਥੇ ਜਿਕਰ ਕੀਤਿਆਂ ਵਿਚੋਂ ਏਸ ਲਹਿਜੇ ਵਿਚ ਗਾਇਆ ਇੱਕੋ ਇਕ ਗੀਤ ਹੈ।

ਕੱਲਾ ਮੁੜ੍ਹਕਾ ਨਹੀ ਲਹੂ ਵੀ ਵਹਾਉਣਾ ਜਾਣਦੇ,
ਅਸੀਂ ਆਪਣੇ ਹੱਕਾਂ ਦਾ ਮੁੱਲ ਪਾਉਣਾ ਜਾਣਦੇ।26

ਜਿਹਨੇ ਰੋਟੀ ਦਿੱਤੀ ਉਹਤੋਂ ਰੋਟੀ ਖੋਂਹਦੀ ਆ ਇਹਤੋਂ ਬੁਰੀ ਕਿਹੜੀ ਸਰਕਾਰ ਹੋਊਗੀ।
ਫੇਰ ਤੁਸੀਂ ਆਖੋਗੇ ਕਿ ਬਾਗੀ ਹੋ ਗਏ ਥੋਡੀ ਰਾਜਨੀਤੀ ਜਿੰਮੇਵਾਰ ਹੋਊਗੀ।26

ਤੇਰੇ ਸਿਰ ਤੇ ਚੜ੍ਹਿਆ ਜੋ ਨਸ਼ਾ ਅਸੀਂ ਤਾਕਤ ਵਾਲਾ ਲਾਹੁਣਾ ਮੋਢੇ ਰੱਖਿਆ ਪਰਨਾ ਜੋ ਦਿੱਲੀਏ ਗਲ ਤੇਰੇ ਵਿੱਚ ਪਾਉਣਾ ਤੇਰੇ ਢਿੱਡ ਚੋਂ ਕੱਢ ਲਾਂਗੇ ਬੈਠੀ ਜੋ ਸਾਡੇ ਹੱਕ ਖਾ ਕੇ ਅਸੀਂ ਬਹਿ ਕੇ ਧਰਨੇ ਤੇ ਨੀ ਬਿੱਲੀਏ ਗਲ ਵਿਚ ਕਫਨ ਪਾ ਕੇ ਨੀ ਤੇਰੀ ਅੱਖ ਪੰਜਾਬ ਤੇ ਐ ਪਿੱਛੇ ਮੁੜਾਂਗੀ ਮੋਰ ਬਣਾ ਕੇ33

ਸਾਡੇ ਅਹਿਸਾਨਾਂ ਦਾ ਦਿੱਲੀ ਏ ਦੇ ਨੀਂ ਸਕਦੀ ਦੇਣਾ ਜੀਹਦਾ ਮਾਨ ਤੂੰ ਕਰਦੀ ਏਂ ਤਖ਼ਤ ਇਹ ਬਹੁਤਾ ਚਿਰ ਨਹੀਂ ਰਹਿਣਾ33

ਸਾਡਾ ਇਤਿਹਾਸ ਤੂੰ ਪੜ੍ਹਿਆ ਨਹੀਂ ਤਾਂਹੀਓਂ ਸਮਝੇਂ ਤੂੰ ਇੱਕੋ ਜਿਹੇ ਸਾਰੇ ਸਿੰਘ ਕਲਗੀਆਂ ਵਾਲੇ ਦੇ ਚਾਲੀ ਲੱਖ ਤੋਂ ਵੀ ਨਾ ਹਾਰੇ ਸਾਡੇ ਦਿਲ ਵਿੱਚ ਵੱਸਦੇ ਨੇ ਸਿੰਘ ਜੋ ਗਏ ਸ਼ਹੀਦੀਆਂ ਪਾ ਕੇ33

ਗੀਤਕਾਰੀ ਵਿੱਚ ਕਿਤੇ ਕਿਤੇ ਵਾਰਤਕ ਦਾ ਕੁਝ ਹਿੱਸਾ ਵੀ ਬੋਲਿਆ ਗਿਆ ਹੈ ਜੋ ਸ਼ਾਇਦ ਸਟੂਡੀਓ ਰਿਕਾਰਡਿੰਗ ਵੀ ਹੈ ਤੇ ਕਿਤੇ ਕਿਤੇ ਕਿਸਾਨ ਮੋਰਚੇ ਉੱਤੇ ਡਟੇ ਇਕ ਆਮ ਕਿਰਤੀ ਕਿਸਾਨ ਦੇ ਮੂੰਹੋਂ ਨਿਕਲਿਆ ਸੱਚ ਵੀ ਹੈ ਜੋ ਕਿ ਗੀਤਾਂ ਵਿੱਚ ਕਿਤੇ ਨਾ ਕਿਤੇ ਬੋਲਿਆ ਵਿਖਾਇਆ ਗਿਆ ਹੈ।

ਅਸੀਂ ਛੇ ਮਹੀਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲਾਂ ਪਾਲਦੇ ਹਾਂ ਤੇ ਸਾਡੀਆਂ ਫਸਲਾਂ ਦੇ ਮੁੱਲ ਇਹ ਘਸੇ ਸਿਰਾਂ ਵਾਲੇ ਦਿੱਲੀ ਤੋਂ ਮਿਥ ਕੇ ਭੇਜਦੇ ਐ।10

ਆਰਐੱਸਐੱਸ ਸਾਰੀ ਓ ਆ ਜੇ ਲੈ ਸ਼ੰਭੂ ਤੋਂ ਦਸ ਫੁੱਟ ਇਧਰ ਨੂੰ ਜੇ ਆ ਗਈ ਅਸੀਂ ਸਮਝਾਂਗੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਜੰਮੇ ਈ ਨ੍ਹੀ।14

ਝੂਠ ਸੱਚ ਬੋਲ ਕੇ ਸਾਥੋਂ ਵੋਟਾਂ ਬਟੋਰ ਲੈ ਜਾਨੇ ਓ ਭੋਲੇ ਪੰਛੀ ਆਂ ਅਸੀਂ ਪੰਜਾਬੀ। ਪਰ ਜੇ ਇਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਪੱਗ ਨੂੰ ਗਲਾਮੇ ਨੂੰ ਹੱਥ ਪਾਉਗਾ ਫਿਰ ਸਾਡਾ ਇਤਿਹਾਸ ਜਰੂਰ ਪੜ੍ਹ ਲਵੀਂ।16

ਇਸ ਗੱਲ ਲਈ ਮੈਂ ਮੁਆਫ਼ੀ ਮੰਗ ਲੈਂਦਾ ਹਾਂ ਕਿ ਬਹੁਤ ਸਾਰੇ ਹੋਰ ਉੱਚ ਦਰਜੇ ਦੇ ਗੀਤ ਤੇ ਵਧੀਆ ਸਥਾਪਤ ਗਾਇਕਾਂ ਜਿਵੇਂ ਕਿ ਬੱਬੂ ਮਾਨ ਰਾਜ ਕਾਕੜਾ ਐਮੀ ਵਿਰਕ ਸਤਿੰਦਰ ਸਰਤਾਜ ਅਤੇ ਕੰਵਰ ਗਰੇਵਾਲ ਨੂੰ ਮੈਂ ਇਸ ਵਿੱਚ ਸ਼ਾਮਲ ਕਰਨੋਂ ਖੁੰਝ ਗਿਆ। ਇਸੇ ਕੜੀ ਵਿਚ ਗੀਤਕਾਰੀ ਦੀ ਬਾਤ ਜੇ ਕੋਈ ਹੋਰ ਸੋਹਣੇ ਤਰੀਕੇ ਪਾਓਣ ਦਾ ਚਾਹਵਾਨ ਹੋਇਆ ਉਹ ਰਹਿ ਗਿਆਂ ਨਾਲ ਜਰੂਰ ਇਨਸਾਫ ਕਰੂ।

ਕੁਝ ਤੁਕਬੰਦੀਆਂ ਸ਼ਾਇਦ ਮਿਆਰ ਪੱਖੋਂ ਓਨੀਆਂ ਠੀਕ ਨਾ ਲੱਗਣ ਪਰ ਲਿਖਣ ਵਾਲੇ ਤੇ ਗਾਉਣ ਵਾਲੇ ਦੀ ਭਾਵਨਾ ਕਿਸੇ ਪੱਖੋਂ ਵੀ ਕਮਜੋਰ ਨਹੀਂ ਜਾਪਦੀਆਂ। ਇਸੇ ਕਰ ਕੇ ਉਨ੍ਹਾਂ ਨੂੰ ਛੱਡਿਆ ਨਹੀਂ ਗਿਆ।

ਜਾਹਰਾ ਤੌਰ ਤੇ ਕੁਝ ਨਕਾਰਾਤਮਕ ਚੀਜਾਂ ਵੀ ਇਹਦੇ ਵਿੱਚੋਂ ਲੱਭ ਜਾਣਗੀਆਂ ਜਿਵੇਂ ਕਿ ਹੋਸ਼ ਤੋਂ ਬਿਨਾਂ ਕਹੀਆਂ ਕੁਝ ਗੱਲਾਂ ਤੇ ਨਿਰੇ ਪੁਰੇ ਜੋਸ਼ ਦੇ ਆਧਾਰ ਤੇ ਇਸ ਮਸਲੇ ਨੂੰ ਨਜਿੱਠਣ ਦੀਆਂ ਗੱਲਾਂ। ਪਰ ਇਨ੍ਹਾਂ ਦੋਹਾਂ ਗੱਲਾਂ ਦੀ ਆਪੋ ਆਪਣੀ ਅਹਿਮੀਅਤ ਕਰਕੇ ਇਨ੍ਹਾਂ ਨੂੰ ਇੱਥੇ ਲਿਆ ਗਿਆ ਹੈ।

ਗੀਤਾਂ ਦੀ ਸੂਚੀ:

1 ਕਿਸਾਨ ਬੰਟੀ ਭੁੱਲਰ
2 ਆਜਾ ਦਿੱਲੀਏ ਕਰਨ ਸੰਧੇਵਾਲੀਆ
3 ਦਿੱਲੀ ਦੂਰ ਨਹੀਂ ਜੋਬਨ ਸੰਧੂ
4 ਲੈ ਜਾਣਗੇ ਟਰਾਲੀਆਂ ਅਰਜੁਨ ਢਿੱਲੋਂ
5 ਸਵਾ ਲੱਖ ਰਵੇਲ ਸਿੰਘ
6 ਬਲੌਕ ਦਿੱਲੀ ਕਾਬਲ ਸਰੂਪਵਾਲੀ ਦਲਜੀਤ
7 ਪੰਜਾਬ ਬੋਲਦਾਂ ਸਾਰਥੀ ਕੇ ਪ੍ਰਿੰਸ ਸੱਗੂ
8 ਸਰਕਾਰੇ ਗੁਰਸਿੱਧੂ ਅੰਮ੍ਰਿਤ ਘੁੱਦਾ
9 ਦਾਤੀ ਤੋਂ ਬੰਦੂਕ ਇੰਦਰ ਢਿੱਲੋਂ
10 ਦਿੱਲੀ ਦੂਰ ਨਹੀਂ ਮੀਤ ਬਰਾੜ
11 ਚੜ੍ਹਦੀ ਕਲਾ ਮਾਨ ਸਾਬ
12 ਹੱਕ ਜੱਟਾਂ ਦੇ
13 ਪੰਜਾਬ ਜੋਬਨ ਸਰਾਏ
14 ਸੂਰਮੇ ਛਿੰਦਾ ਨੱਤ
15 ਕਿਸਾਨ ਬਾਜ ਬਾਜਵਾ ਫੀਟ ਕਰਨ ਸਿੰਘ
16 ਭੁਲੇਖਾ ਤਿਲੀਅਰ ਨੈਵੀ ਫੀਟ ਸੁਰਿੰਦਰ ਢਿੱਲੋਂ
17 ਤੀਰ ਤੇ ਤਾਜ ਮਨਮੋਹਨ ਵਾਰਸ
18 ਮੁਡ਼ਦੇ ਨਹੀਂ ਲਏ ਬਿਨਾਂ ਹੱਕ ਦਿੱਲੀਏ ਹਰਭਜਨ ਮਾਨ
19 ਦਿੱਲੀਏ ਆਰ ਨੇਤ
20 ਜੱਟਾ ਤਕੜਾ ਹੋ ਜਾ ਜੱਸ ਬਾਜਵਾ
21 ਬਾਗੀ ਸਿੰਮੂ ਢਿੱਲੋਂ
22 ਅਸੀਂ ਵੱਢਾਂਗੇ ਹਿੰਮਤ ਸੰਧੂ
23 ਸਰਕਮਸਟਾਂਸ ਸ਼ੈਰੀ ਮਾਨ
24 ਫਿਕਸ ਮੈਚ ਤਰਸੇਮ ਜੱਸੜ
25 ਆਸ਼ਕ ਮਿੱਟੀ ਦੇ ਸਿੱਪੀ ਗਿੱਲ
26 ਕਿਸਾਨ ਬਨਾਮ ਰਾਜਨੀਤੀ ਅਨਮੋਲ ਗਗਨ
27 ਦਿੱਲੀਏ ਅਮਨ ਜਲੂਰੀਏ
28 ਅੱਖਾਂ ਖੋਲ੍ਹ ਕੰਵਰ ਗਰੇਵਾਲ
29 ਵੈਪਨ ਸ਼ੋਲਡਰ ਕੋਇਰਾਲਾ ਮਾਨ
30 ਬਾਗੀ ਕਿਸਾਨ ਐਲੀ ਮਾਂਗਟ
31 ਹਥਿਆਰ ਮਨਜੀਤ ਸੋਹੀ
32 ਧਰਨਾ ਕੁਲਬੀਰ ਝਿੰਜਰ
33 ਕੱਫਨ ਸੁਖਪਾਲ ਕੌਰ ਬਡਬਰ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,