ਲੇਖ » ਸਿੱਖ ਖਬਰਾਂ

ਕਿਸਾਨੀ ਮਸਲਾ ਅਤੇ ਸੰਘ ਦੀ ਮਿੱਥ

December 8, 2020 | By

ਲੇਖਕ: ਸੇਵਕ ਸਿੰਘ (ਡਾ.)

ਕਿਸਾਨਾਂ ਦੇ ਦਿੱਲੀ ਜਾਣ ਵਿਚ ਜਿੰਨੀ ਵੱਡੀ ਰੋਕ ਪਾਈ ਗਈ ਉਸ ਨੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਓਨਾ ਹੀ ਵੱਡਾ ਹੁਲਾਰਾ ਦਿੱਤਾ ਹੈ। ਵੱਖ ਵੱਖ ਸਮਾਜਾਂ ਵਿਚੋਂ ਅਤੇ ਅੱਗੋਂ ਹਰ ਸਮਾਜ ਦੀਆਂ ਅੱਡ ਅੱਡ ਪਰਤਾਂ ਵਿਚੋਂ ਜਿਵੇਂ ਕਿਸਾਨ ਮਾਮਲੇ ਨੂੰ ਸਹਿਮਤੀ-ਹਮਦਰਦੀ ਮਿਲੀ ਹੈ ਉਸ ਨੇ ਸਿਰਫ ਖੇਤੀ ਬਾਰੇ ਅਤੇ ਨਵੇਂ ਕਾਨੂੰਨਾਂ ਬਾਰੇ ਹੀ ਨਹੀਂ ਸਗੋਂ ਸਮੁੱਚੇ ਰਾਜਸੀ ਅਤੇ ਸਮਾਜਕ ਅਮਲ ਨੂੰ ਸਮਝਣ ਦਾ ਮੌਕਾ ਦਿੱਤਾ ਹੈ। ਹਕੂਮਤ ਅਤੇ ਕੁਝ ਲੋਕਾਂ ਨੂੰ ਹਾਲੇ ਵੀ ਇਸ ਵਿਰੋਧ ਦਾ ਆਮ ਅਰਥਾਂ ਵਿਚ ਖਾਤਮਾ ਹੋਣ ਦੀ ਉਮੀਦ ਹੈ। ਇਹ ਉਮੀਦ ਖਾਲੀ ਨਹੀਂ ਹੈ ਕਿਉਂਕਿ ਦੇਸ਼ ਦੁਨੀਆ ਵਿਚ ਵੱਡੇ ਉਭਾਰਾਂ ਦੇ ਖਿਲਰ ਜਾਣੇ ਦੇ ਅਨੇਕਾਂ ਸਬੂਤ ਅਤੇ ਤਜਰਬੇ ਪਏ ਹਨ ਜਿਸ ਕਰਕੇ ਇਹ ਦੀ ਸਫਲਤਾ ਬਾਰੇ ਵੱਡੀ ਕਲਪਨਾ ਕਰਨਾ ਲੋਕਾਂ ਸਾਹਮਣੇ ਪਾਗਲ ਬਣਨ ਵਾਲਾ ਕੰਮ ਹੈ। ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਜਾਂ ਲੋਕਾਂ ਵਿਚ ਸਿਆਣੇ ਹੋਣ ਦੀ ਛਵੀ ਵਾਲੇ ਲੋਕ ਇਹ ਕਲਪਨਾ ਕਰਨ ਤੋਂ ਡਰਦੇ ਹਨ। ਪਹਿਲੇ ਲੇਖ ਵਿਚ ਸਮਾਜਵਾਦੀ ਇਨਲਕਾਬ ਵਾਲਿਆਂ ਦੇ ਪੱਖ ਤੋਂ ਅਣਕਿਆਸੀ ਕਲਪਨਾ ਕੀਤੀ ਗਈ ਸੀ। ਇਸ ਲੇਖ ਵਿਚ ਸੰਘ ਨੂੰ ਮੁਖ ਰੱਖ ਕੇ ਗੱਲ ਕੀਤੀ ਜਾਣੀ ਹੈ ਕਿਉਂਕਿ ਮੌਜੂਦਾ ਹਕੂਮਤ ਅਤੇ ਸਮਾਜ ਦੀ ਮੁਖਧਾਰਾ ਉਤੇ ਇਸੇ ਧਿਰ ਦਾ ਦਾਅਵਾ ਹੈ। ਹਕੂਮਤੀ ਧਿਰ ਦੀ ਪਛਾਣ ਅਤੇ ਨਿਸ਼ਾਨੇ ਬਾਰੇ ਬਣੀ ਮਾਨਤਾ ਨੂੰ ਸਮਝੇ ਬਿਨਾ ਕਿਸਾਨਾਂ ਅਤੇ ਹਕੂਮਤ ਦੇ ਵਿਰੋਧ ਨੂੰ ਪੂਰਾ ਨਹੀਂ ਸਮਝਿਆ ਜਾ ਸਕਦਾ। ਅਣਕਿਆਸੀ ਕਲਪਨਾ ਲਈ ਉਹਦੇ ਬਾਰੇ ਸਚਾਈ ਬਣੀਆਂ ਕੁਝ ਮਾਨਤਾਵਾਂ ਨੂੰ ਫਰੋਲਣਾ ਜਰੂਰੀ ਹੈ।

ਜਿਸ ਹਿਸਾਬ ਨਾਲ ਪੰਜਾਬ ਤੋਂ ਬਾਹਰ ਆਮ ਸਮਾਜ ਵਿਚ ਭਾਵਕ ਹੁਲਾਰਾ ਅਤੇ ਲਹਿਰ ਉਠੀ ਹੈ ਉਹਨੂੰ ਹਾਲੇ ਵੀ ਕਾਨੂੰਨਾਂ ਦੇ ਵਿਰੋਧ ਵਜੋਂ ਵੇਖਿਆ ਜਾ ਰਿਹਾ ਹੈ। ਇਹ ਵਿਰੋਧ ਨੂੰ ਲਗਭਗ ਇਕੋ ਰੂਪ ਵਿਚ ਜਾਣਿਆ ਜਾ ਰਿਹਾ ਹੈ ਕਿ ਇਹ ਹਿੰਦੂਤਵੀ-ਵਪਾਰਕ ਹਕੂਮਤ ਨਾਲ ਕਿਸਾਨਾਂ ਦੀ ਲ਼ੜਾਈ ਹੈ। ਅਰੁੰਧਤੀ ਰਾਏ ਵਲੋਂ ਪਿਛਲੀ ਸਰਕਾਰ ਬਣਨ ਵੇਲੇ ਇਹੋ ਨਾਂ ਦਿੱਤਾ ਗਿਆ ਸੀ ਜੋ ਹਕੂਮਤ ਵਿਰੋਧੀ ਹਿੱਸਿਆਂ ਵਲੋਂ ਲਗਭਗ ਪਰਵਾਨ ਕਰ ਲਿਆ ਗਿਆ ਪਰ ਜੋ ਪਰਵਾਣਤ ਸੱਚ ਵਾਂਗ ਧਾਰਨਾਵਾਂ ਸਨ ਹੁਣ ਉਹਨਾਂ ਬਾਰੇ ਮੁੜ ਤੋਂ ਸੋਚਣ ਲਈ ਥਾਂ ਪੈਦਾ ਹੋ ਗਈ ਹੈ ਕਿਉਂਕਿ ਜੋ ਲੋਕਾਂ ਦਾ ਵਿਹਾਰ ਹੈ ਅਤੇ ਜੋ ਹਕੂਮਤ ਦਾ ਅਮਲ ਹੈ ਉਹ ਦੋਵੇਂ ਇਹ ਮਾਨਤਾ ਵਿਚ ਪੂਰੇ ਨਹੀਂ ਉਤਰ ਰਹੇ।

(ੳ) ਹਿੰਦੂ ਰਾਜ ਦਾ ਨਿਸ਼ਾਨਾ: ਨੋਟਬੰਦੀ ਤੋਂ ਕਰੋਨਾਬੰਦੀ ਤੱਕ ਮੌਜੂਦਾ ਸਰਕਾਰ ਦੀ ਹਰ ਅਲੋਚਨਾ ਇਸ ਨੁਕਤੇ ਨਾਲ ਜੁੜੀ ਹੋਈ ਹੈ ਕਿ ਸੰਘ ਵਾਲੇ ਇਹ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ। ਕਿਸਾਨਾਂ ਦੇ ਵਿਰੋਧ ਨੂੰ ਸਮਝਣ ਲਈ ਇਹ ਸਵਾਲ ਜਰੂਰੀ ਹੈ ਕਿ ਕੀ ਸਚਮੁੱਚ ਹੀ ਸੰਘ ਵਾਲੇ ਹਿੰਦੂ ਰਾਸ਼ਟਰ ਬਣਾਉਣ ਦੇ ਅਮਲ ਵਿਚ ਹਨ? ਬਹੁਤੇ ਲੋਕਾਂ ਨੂੰ ਇਹ ਸਵਾਲ ਬੇਮਾਅਨਾ ਲੱਗੇਗਾ ਕਿਉਂਕਿ ਇਹ ਗੱਲ ਦੇ ਸਬੂਤ ਬਹੁਤ ਹਨ ਅਤੇ ਧਾਰਨਾ ਬਹੁਤ ਪੱਕ ਗਈ ਹੈ ਪਰ ਸਬੂਤ ਘਟਨਾਵਾਂ ਵਾਪਰਣ ਦਾ ਅੰਦਾਜਾ ਦੇ ਸਕਦੇ ਹਨ ਪਰ ਕਾਰਣ ਲੱਭਣੇ ਹੀ ਪੈਂਦੇ ਹਨ। ਉਂਝ ਤੇ ਸੰਘ ਪਰਿਵਾਰ ਦੇ ਮੋਢੀਆਂ ਦੀਆਂ ਲਿਖਤਾਂ ਸਬੂਤ ਹਨ ਕਿ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ ਪਰ ਦੁਨੀਆ ਵਿਚ ਉਸੇ ਬੰਦੇ ਦੇ ਵਚਨਾਂ ਨੂੰ ਸਹੀ ਮੰਨਿਆ ਜਾਂਦਾ ਹੈ ਜਿਸ ਦੇ ਵਚਨ ਅਤੇ ਅਮਲ ਇਕ ਹੋਣ ਦੀ ਗੱਲ ਪਰਵਾਨ ਹੋ ਗਈ ਹੋਵੇ। ਸੰਘ ਬਾਰੇ ਅਜਿਹੀ ਮਾਨਤਾ ਬਿਲਕੁਲ ਨਹੀਂ ਹੈ। ਸੰਘ ਦੇ ਪੈਰੋਕਾਰਾਂ ਲਈ ਇਹ ਗੱਲਾਂ ਸੱਚ ਹੋ ਸਕਦੀਆਂ ਹਨ ਪਰ ਦੁਨੀਆ ਨੇ ਵਚਨ ਅਤੇ ਅਮਲ, ਦੋਵਾਂ ਦੀ ਪਰਖ ਕਰਨੀ ਹੈ। ਮੌਜੂਦਾ ਸੰਘ ਮੁਖੀ ਨੇ ‘ਸਿੱਧੀ-ਬਾਤ’ ਦੌਰਾਨ 1947 ਤੋਂ ਪਹਿਲਾਂ ਵਾਲੇ ਅਖੰਡ ਦੇਸ਼ ਨੂੰ ਹਾਸਲ ਕਰਨ ਦੀ ਗੱਲ ਦੁਹਰਾਈ ਹੈ ਜੋ ਮੌਜੂਦਾ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਤੋਂ ਵੀ ਵੱਡੀ ਗੱਲ ਹੈ। ਕੀ ਇਹ ਦਾਅਵੇ ਨੂੰ ਵੀ ਸੱਚ ਮੰਨ ਲਿਆ ਜਾਵੇ? ਇਹ ਵਿਚਾਰ ਹਿੰਦੂ ਮਹਾਂ ਸਭਾ ਵੀ 1950 ਤੋਂ ਆਪਣੇ ਨਿਸ਼ਾਨੇ ਵਿਚ ਲ਼ਿਖ ਕੇ ਚੱਲ ਰਹੀ ਹੈ ਕਿ ਅਖੰਡ ਭਾਰਤ ਲੈਣਾ ਹੈ।

ਪਿਛਲੇ 60 ਸਾਲਾਂ ਵਿਚ ਹਿੰਦੋਸਤਾਨ ਦੀ ਰਾਜਨੀਤੀ ਦੇ ਮਾਹਰ ਜਾਣੇ ਜਾਂਦੇ ਪਾਲ ਬਰਾੱਸ ਸਮੇਤ, ਅਨੇਕਾਂ ਰਾਜਸੀ ਚਿੰਤਕਾਂ ਦੀਆਂ ਕਿਤਾਬਾਂ ਇਹ ਮਸਲੇ ਉਤੇ ਛਪੀਆਂ ਹਨ ਕਿ ਸੰਘ ਇਕ ਹਿੰਦੂਤਵੀ ਜਥੇਬੰਦੀ ਹੈ। 2002 ਮਗਰੋਂ ਇਹ ਚਰਚਾ ਵੱਧ ਤੇਜ ਹੋਈ ਅਤੇ 2014 ਮਗਰੋਂ ਇਹ ਚਰਚਾ ਇਸ ਖਿਤੇ ਦੀ ਅਕਾਦਮਿਕਤਾ ਅਤੇ ਖੋਜ ਪੱਤਰਕਾਰੀ ਦਾ ਮੁਖ ਬਿਰਤਾਂਤ ਬਣ ਗਈ ਹੈ। ਸੰਘ ਦੀ ਹਿੰਦੂ ਰਾਜ ਬਣਾਉਣ ਵਾਲੀ ਮਸ਼ਹੂਰੀ ਨੂੰ ਰਾਜਸੀ ਚੜ੍ਹਤ ਦੇ ਪਰਸੰਗ ਵਿਚ ਵੇਖਣ ਨਾਲ ਕਲਪਨਾ ਪੂਰੀ ਨਹੀਂ ਹੁੰਦੀ।ਇਹਨੂੰ ਹੋਰ ਹਿੰਦੂ ਧਿਰਾਂ ਅਤੇ ਪੂਰੇ ਰਾਜ ਸਮਾਜ ਦੇ ਪਰਸੰਗ ਵਿਚ ਸਮਝਿਆ ਜਾਵੇ। ਇਥੇ ਰਾਜਸੀ ਅਤੇ ਅਕਾਦਮਿਕ ਖੇਤਰ ਵਿਚ ਸੰਘ ਤੋਂ ਬਿਨਾ ਹੋਰ ਧਿਰਾਂ (ਆਰੀਆ ਸਮਾਜ, ਹਿੰਦੂ ਮਹਾਂ ਸਭਾ) ਮਾਰਕਸਵਾਦੀ ਅਤੇ ਮਨੁਖਤਾ ਨੂੰ ਧਰਮ ਕਹਿਣ ਵਾਲੇ ਉਦਾਰਵਾਦੀ ਹਿੰਦੂ ਵੀ ਹਨ।

ਕਾਂਗਰਸੀ: ਮੌਜੂਦਾ ਸਰਕਾਰ ਦੇ ਕਾਨੂੰਨ ਮੰਤਰੀ ਨੇ ਕਾਂਗਰਸੀ ਪ੍ਰਧਾਨ ਮੰਤਰੀ ਨਹਿਰੂ ਦੀ ਅਗਵਾਈ ਵਿਚ ਪਹਿਲੀ ਵਾਰ ਛਪਿਆ ਸੰਵਿਧਾਨ ਖਬਰਖਾਨੇ ਵਿਚ ਪੇਸ਼ ਕੀਤਾ ਕਿ ਵੇਖੋ ਕਿਵੇਂ ਇਹ ਹਿੰਦੂ ਸੰਵਿਧਾਨ ਸੀ। ਡਾ ਪ੍ਰੀਤਮ ਸਿੰਘ ਨੇ ਕਈ ਸਾਲ ਪਹਿਲਾਂ ਭਾਰਤੀ ਸੰਵਿਧਾਨ ਦੇ ਹਿੰਦੂ ਪੱਖੀ ਹੋਣ ਬਾਰੇ ਲਿਖਿਆ ਹੈ ਜਿਸ ਤੋਂ ਇਹ ਗੱਲ ਸਿੱਧ ਹੁੰਦੀ ਹੈ ਹਿੰਦੂ ਰਾਜ ਦਾ ਨਿਸ਼ਾਨਾ ਤਾਂ 1944 ਵਿਚ ਬਣੀ ਸੰਵਿਧਾਨ ਵੇਲੇ ਹਾਜਰ ਸੀ। ਸਿੱਖ ਰਾਜਨੀਤੀ ਦਾ ਬਿਰਤਾਂਤ ਇਹ ਗੱਲ ਨਾਲ ਭਰਿਆ ਪਿਆ ਹੈ ਕਿ ਉਹ ਇਹ ਸੰਵਿਧਾਨ ਬਣਾਉਣ ਦੇ ਦਿਨ ਹੀ ਵਿਰੋਧੀ ਸਨ ਕਿਉਂਕਿ ਇਹਦੇ ਵਿਚ ਸਿੱਖਾਂ ਨੂੰ ਹਿੰਦੂ ਲਿਖਿਆ ਹੈ। 1957 ਮਗਰੋਂ ਸਿੱਖਾਂ ਨੇ ਜੋ ਕੀਤਾ ਅਤੇ ਸਿੱਖਾਂ ਨਾਲ ਜੋ ਵਾਪਰਿਆਂ ਉਹਦਾ ਮੁੱਦਾ ਹਿੰਦੂ ਰਾਸ਼ਟਰ ਬਣਾਉਣ ਦਾ ਸਵਾਲ ਰਿਹਾ ਹੈ। ਇਹਦੇ ਵਿਚ ਉਸ ਵੇਲੇ ਦੀ ਹਕੂਮਤ ਸ਼ਾਮਲ ਸੀ ਜੋ ਆਰੀਆ ਸਮਾਜ ਦਾ ਅੰਗ ਸੀ ਜਿਵੇਂ ਅੱਜ ਭਾਜਪਾ ਨੂੰ ਸੰਘ ਦਾ ਅੰਗ ਮੰਨਿਆ ਜਾਂਦਾ ਹੈ। ਸੰਘ ਉਤੇ ਧਿਆਨ ਦੇਣਾ ਇਕ ਵਧਵਾਂ ਅਮਲ ਹੈ ਜੋ ਕਿਸਾਨ ਮਾਮਲੇ ਨੂੰ ਅਤੇ ਸਮੁੱਚੇ ਰਾਜਸੀ ਵਰਤਾਰੇ ਨੂੰ ਸਹੀ ਸਮਝਣ ਤੋਂ ਰੋਕਦਾ ਹੈ ਕਿਉਂਕਿ ਆਰੀਆ ਸਮਾਜ ਨੇ ਅਜੋਕੇ ਹਲਾਤ ਲਈ ਬਹੁਤ ਵੱਡਾ ਹਿੱਸਾ ਪਾਇਆ ਹੈ। ਹਿੰਦੂ ਮਹਾਂ ਸਭਾ ਵਾਲਿਆਂ ਨੂੰ ਪੰਜਾਬ ਦੀ ਰਾਜਨੀਤੀ ਵਿਚ ਅਤੇ ਅਕਾਦਮਿਕ ਜਗਤ ਵਿਚ ਸੰਘ ਦੇ ਮੁਕਾਬਲਾ ਥਾਂ ਨਹੀਂ ਦਿੱਤੀ ਜਾਂਦੀ ਪਰ ਹਿੰਦੂ ਘੇਰੇ ਵਿਚ ਓਹਨਾਂ ਦਾ ਕਾਫੀ ਅਸਰ ਹੈ। ਜਿਥੇ ਸੰਘ ਨੂੰ ਇਕ ਪਾਸੇ ਕਾਂਗਰਸ ਨਾਲ ਨਰਮ ਹਿੰਦੂ ਹੋਣ ਦਾ ਮੁਕਾਬਲਾ ਕਰਨਾ ਪੈਂਦਾ ਹੈ ਉਥੇ ਸਭਾ ਵਾਲਿਆਂ ਨਾਲ ਸਖਤ ਅਤੇ ਸੁੱਧ ਹਿੰਦੂ ਹੋਣ ਦਾ ਮੁਕਾਬਲਾ ਕਰਨਾ ਪੈਂਦਾ ਹੈ। 1947 ਤੋਂ ਪਹਿਲਾਂ ਵਾਲਾ ਦੇਸ਼ ਲੈ ਕੇ ਹਿੰਦੂ ਰਾਜ ਬਣਾਉਣ ਦੇ ਨਿਸ਼ਾਨੇ ਦੇ ਹਿਸਾਬ ਨਾਲ ਉਹ ਪਹਿਲੀ ਧਿਰ ਬਣਦੇ ਹਨ ਭਾਵੇਂ ਕਿ ਉਹਨਾਂ ਨੂੰ ਸੰਘ ਅਤੇ ਸਮਾਜ ਦੇ ਮੁਕਾਬਲੇ ਤੀਜੀ ਥਾਂ ਉਤੇ ਹੀ ਗਿਣਿਆ ਜਾਂਦਾ ਹੈ।

ਮਾਰਕਸੀ: ਭਾਰਤੀ ਖੁਫੀਆ ਮਹਿਕਮੇ ਦੇ ਵੱਡੇ ਅਹੁਦੇਦਾਰ ਐਮ. ਕੇ. ਧਰ ਵਲੋਂ ਲਿਖੀ ‘ਖੁੱਲੇ ਭੇਦ’ ਨਾਂ ਦੀ ਕਿਤਾਬ ਵਿਚ ਉਹ ਮਾਰਕਸੀ ਧਿਰਾਂ ਨੂੰ ਕਾਂਗਰਸ ਦੀ ਨਕਲ ਹੀ ਦਸਦਾ ਹੈ ਜੋ ਇਨਕਲਾਬ ਕਰਨ ਦੀ ਥਾਂ ਉਹਦੇ ਨਾਲ ਗੱਠਜੋੜ ਕਰ ਰਹੀਆਂ ਹਨ। ਬੰਗਾਲੀ ਵਿਦਵਾਨ ਸਵਪਨ ਬਿਸ਼ਵਾਸ ਨੇ ਕੌਮਾਂਤਰੀ ਮਸਹੂਰ ਵਾਲੇ ਐਮ. ਕੇ. ਰਾਏ ਸਮੇਤ ਕਈ ਵੱਡੇ ਮਾਰਕਸੀ ਵਿਦਵਾਨਾਂ ਦੇ ਕੰਮਾਂ ਅਤੇ ਵਿਚਾਰਾਂ ਦੀ ਪੜਚੋਲ ਨਾਲ ਸਿੱਧ ਕੀਤਾ ਹੈ ਕਿ ਉਹ ਅਸਲ ਵਿਚ ਹਿੰਦੂ ਰਾਸ਼ਟਰ ਬਣਾਉਣ ਦੇ ਹਾਮੀ ਸਨ। ਇਹ ਐਮ. ਕੇ. ਰਾਏ ਹੀ ਸੀ ਜਿਸ ਨੇ ਡਾ. ਅੰਬੇਦਕਾਰ ਦੇ ਚੁਣੇ ਜਾਣ ਦਾ ਪੁਰਜੋਰ ਵਿਰੋਧ ਕੀਤਾ ਸੀ। 2002 ਵਿਚ ਯੋਗੇਂਦਰ ਯਾਦਵ ਅਤੇ ਅਭੈ ਦੂਬੇ ਨੇ ‘ਦਲਿਤ ਪ੍ਰਸ਼ਨ’ ਵਜੋਂ ਲਿਖੀ ਕਿਤਾਬ ਵਿਚ ਦਲਿਤਾਂ ਨੂੰ ਇਹੋ ਸਲਾਹ ਦਿੱਤੀ ਹੈ ਕਿ ਉਹ ਨਾਸਤਕ ਅਤੇ ਮਾਰਕਸੀ ਹੋਣ। ਇਹ ਸਲਾਹ ਦਲਿਤਾਂ ਦੀ ਮੁਕਤੀ ਦਾ ਰਾਹ ਤਲਾਸ਼ਣ ਦੇ ਨਾਂ ਹੇਠ ਧਰਮ ਪਰਿਵਰਤਨ ਦੇ ਸਵਾਲ ਨੂੰ ਹੱਲ ਕਰਦੀ ਹੈ ਜੋ ਸੰਘ ਪਰਿਵਾਰ ਸਮੇਤ ਸਭ ਬ੍ਰਾਹਮਣੀ ਜਥੇਬੰਦੀਆਂ ਦਾ ਮੁੱਦਾ ਹੈ। ਇਸ ਤਰ੍ਹਾਂ ਮਾਰਕਸੀ ਖੇਮੇ ਵਿਚ ਵਿਚਰਣ ਵਾਲੇ ਜਾਂ ਮਾਰਕਸੀ ਕਹੇ ਜਾਣ ਵਾਲੇ ਲੋਕ ਚੌਥੀ ਧਿਰ ਬਣਦੇ ਹਨ ਜੋ ਹਿੰਦੂ ਰਾਜ ਨੂੰ ਆਪਣੇ ਤਰੀਕੇ ਨਾਲ ਬਣਾਉਣਾ-ਬਚਾਉਣਾ ਚਾਹੁੰਦੇ ਹਨ। ਏਹਨਾਂ ਦੀ ਗਿਣਤੀ ਨਾਲੋਂ ਏਹਨਾਂ ਦੇ ਰੁਤਬੇ ਅਤੇ ਖਬਰਖਾਨੇ ਵਿਚ ਥਾਂ ਦਾ ਮੁੱਲ ਜਿਆਦਾ ਹੈ।

ਉਦਾਰਵਾਦੀ: ਬਹੁਤ ਸਾਰੇ ਲੋਕ ਜੋ ਹਿੰਦੂ ਪਿਛੋਕੜ ਵਾਲੇ ਹਨ ਪਰ ਲੋਕਤੰਤਰੀ ਜਾਂ ਮਨੁਖਤਾਵਾਦੀ ਪੱਖ ਨੂੰ ਪਹਿਲ ਦਿੰਦੇ ਹਨ ਅਤੇ ਸੰਘ ਦੀ ਅਲੋਚਨਾ ਕਰਦੇ ਹਨ ਉਹ ਲੋਕ ਉਦਾਰਵਾਦੀ ਕਹੇ ਜਾਂਦੇ ਹਨ। ਡੱਚ ਲਿਖਾਰੀ ਵਾਨ-ਦ-ਵੀਰ ਮੁਤਾਬਿਕ ਸਭ ਉਦਾਰਵਾਦੀ ਹਿੰਦੂ ਜੋ ਵੱਖ ਵੱਖ ਨਾਵਾਂ ਹੇਠ ਵਿਚਰਦੇ ਹਨ ਆਖਰ ਨੂੰ ਉਹ ਵੀ ਇਹ ਦੇਸ਼ ਨੂੰ ਹਿੰਦੂ ਰਾਜ ਹੀ ਸਮਝਦੇ ਹਨ। ਇਹ ਲੋਕ ਪੰਜਵੀ ਧਿਰ ਬਣਦੇ ਹਨ। ਮਿਸਾਲ ਵਜੋਂ ਇੰਗਲੈਂਡ ਦੀ ਮਹਾਰਾਣੀ ਜਦੋਂ ਦਰਬਾਰ ਸਾਹਿਬ ਆਈ ਤਾਂ ਉਹ ਦੁਰਗੇਆਣਾ ਮੰਦਰ ਨਾ ਗਈ ਜਿਸ ਕਰਕੇ ਸਤਪਾਲ ਡਾਂਗ ਵਰਗਾ ਕਾਮਰੇਡ ਅਤੇ ਉਦਾਰਵਾਦੀ ਇੰਦਰ ਕੁਮਾਰ ਗੁਜਰਾਲ ਅਤੇ ਕੁਲਦੀਪ ਨਈਅਰ ਆਦਿ ਸਭ ਇਕੁਸਰ ਹੋ ਗਏ। ਸਿੱਖਾਂ ਦੇ ਪੱਖ ਤੋਂ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ ਕਿ ਮੈਨੂੰ ਇਕ ਵੀ ਐਸਾ ਹਿੰਦੂ ਨਹੀਂ ਮਿਲਿਆ ਜੋ ਮੁਤੱਸਬੀ ਨਾ ਹੋਵੇ। ਮਾਸਟਰ ਤਾਰਾ ਸਿੰਘ ਤੋਂ ਕਈ ਦਹਾਕੇ ਪਹਿਲਾਂ ਇਹ ਗੱਲ ਕਾਂਗਰਸ ਦੇ ਪਹਿਲੇ ਮੁਸਲਮ ਪਰਧਾਨ ਬਣਨ ਵਾਲੇ ਉਦਾਰਵਾਦੀ ਮੁਸਲਮ ਵਕੀਲ ਬਦਰੂਦੀਨ ਨੇ ਕਹੀ ਸੀ ਕਾਂਗਰਸ ਇਕ ਕੌਮ ਦੇ ਸਿਧਾਂਤ ਦੀ ਗੱਲ ਕਰਦੀ ਹੈ ਇਹ ਗਲਤ ਨੀਤੀ ਹੈ। ਕਾਂਗਰਸ ਦੇ ਲੋਕ ਅਸਲ ਵਿਚ ਉਦਾਰਵਾਦੀ ਨਹੀਂ ਹਨ। ਵਖਤ ਦਾ ਗੇੜ ਵੇਖੋ ਕਿ ਉਸ ਮੌਕੇ ਉਹਦੀ ਅਲੋਚਨਾ ਕਰਨ ਵਾਲੇ ਮੁਸਲਮਾਨ ਕਾਂਗਰਸੀ ਆਗੂ ਸਯਦ ਅਹਿਮਦ ਸ਼ਾਹ ਨੇ ਹੀ ਬਾਅਦ ਵਿਚ ਇਸੇ ਗੱਲ ਕਰਕੇ ਕਾਂਗਰਸ ਛੱਡੀ ਅਤੇ ਮੁਸਲਮ ਲੀਗ ਬਣਾਈ। ਅਹਿੰਸਾ ਦੇ ਦੂਤ ਵਜੋਂ ਮਸ਼ਹੂਰ ਅਤੇ ਉਦਾਰ ਦਿਲ ਮੰਨੇ ਜਾਂਦੇ ਮਹਾਤਮਾ ਗਾਂਧੀ ਨੇ ਰਾਮ ਰਾਜ ਦੀ ਗੱਲ ਕਰਕੇ ਸਭ ਸਾਫ ਕਰ ਦਿੱਤਾ ਸੀ ਕਿ ਆਖਰ ਨੂੰ ਸਭ ਉਦਾਰਵਾਦੀ ਕੀ ਚਾਹੁੰਦੇ ਹਨ। ਮੁਹੰਮਦ ਅਲੀ ਜਿਨਾਹ ਨੇ ਕਾਂਗਰਸ ਛੱਡ ਕੇ ਮੁਸਲਿਮ ਲੀਗ ਵੀ ਇਸੇ ਦਲੀਲ ਨਾਲ ਚੁਣੀ ਸੀ ਕਿ ਆਖਰ ਸਭ ਹਿੰਦੂ ਇਕੋ ਹਨ। ਸਭ ਤੋਂ ਵੱਡੀ ਮਿਸਾਲ ਦਲਿਤ ਰਾਜਨੀਤੀ ਦੇ ਮੋਢੀ ਡਾ. ਅੰਬੇਦਕਾਰ ਦੀ ਹੈ। ਉਦਾਰਵਾਦੀ ਆਗੂਆਂ ਦੇ ਬ੍ਰਾਹਮਣੀ ਖਾਸੇ ਤੋਂ ਅੱਕ ਕੇ ਡਾ. ਅੰਬੇਦਕਾਰ ਨੂੰ ਵੀ ਵੱਖਰਾ ਰਾਹ ਚੁਣਨਾ ਪਿਆ।

ਉਪਰੋਕਤ ਹਵਾਲਿਆਂ ਦੇ ਹਿਸਾਬ ਨਾਲ ਗੱਲ ਸਾਫ ਹੈ ਕਿ ਹਿੰਦੂ ਰਾਜ ਬਣਾਉਣਾ ਸਿਰਫ ਸੰਘ ਦਾ ਨਿਸ਼ਾਨਾ ਨਹੀਂ ਸਗੋਂ ਹਰ ਹਿੰਦੂ ਜਥੇਬੰਦੀ ਅਤੇ ਵਿਚਾਰਵਾਨ ਇਸਦੇ ਚਾਹਵਾਨ ਹੈ। ਇਹ ਗੱਲ ਸੰਘ ਦੇ ਨੇਤਾਵਾਂ ਨੇ ਵੀ ਆਖ ਦਿੱਤੀ ਹੈ ਕਿ ਸਾਰੇ ਇਹੋ ਕਰਨਾ ਚਾਹੁੰਦੇ ਹਨ ਪਰ ਬਾਕੀਆਂ ਵਿਚ ਦਮ ਨਹੀਂ ਸੀ ਸਾਡੇ ਵਿਚ ਦਮ ਹੈ। ਐਨੀਆਂ ਸਾਫ ਗੱਲਾਂ ਦੇ ਬਾਵਜੂਦ ਹਿੰਦੂ ਰਾਜ ਦੀ ਗੱਲ ਨੂੰ ਸੰਘ ਤੱਕ ਸਮੇਟਣ ਨਾਲ ਇਹਦੇ ਅਰਥ ਛੋਟੇ ਹੀ ਨਹੀਂ ਹੁੰਦੇ ਸਗੋਂ ਬਦਲ ਜਾਂਦੇ ਹਨ। ਹਿੰਦੂ ਰਾਜ ਇਕ ਧਿਰ ਚਾਹੁੰਦੀ ਹੈ ਅਤੇ ਹਿੰਦੂ ਰਾਜ ਸਾਰੀਆ ਧਿਰਾਂ ਚਾਹੁੰਦੀਆਂ ਹਨ ਦੋਵਾਂ ਗੱਲਾਂ ਵਿਚ ਬਹੁਤ ਫਰਕ ਹੈ। ਇਹ ਫਰਕ ਦੀ ਅਣਦੇਖੀ ਕਰਨ ਨਾਲ ਇਹ ਖਿੱਤੇ ਦੀ ਰਾਜਨੀਤੀ ਸਮਝਣ ਵਿਚ ਵੱਡੀ ਕੁਤਾਹੀ ਹੋ ਜਾਂਦੀ ਹੈ। ਇਹ ਕੁਤਾਹੀ ਸੰਘ ਬਾਰੇ ਮਿਥ ਸਿਰਜਣ ਦਾ ਅਹਿਮ ਤੱਤ ਹੈ। ਸੰਘ ਬਾਰੇ ਬਣੀ ਇਹ ਮਿਥ ਕਿਸਾਨ ਅੰਦੋਲਨ ਨੂੰ ਸਮਝਣ ਵਿਚ ਬਹੁਤ ਵੱਡਾ ਅੜਿਕਾ ਹੈ ਕਿਉਂਕਿ ਇਹਦੇ ਨਾਲ ਗੈਰ ਹਿੰਦੂ ਲੋਕਾਂ ਅਤੇ ਆਮ ਹਿੰਦੂਆਂ ਵਿਚਾਲੇ ਭਰਮ ਦੀ ਬਹੁਤ ਵੱਡੀ ਕੰਧ ਬਣ ਗਈ ਹੈ। ਜਿਸ ਕਰਕੇ ਪਤਾ ਨਹੀਂ ਲਗਦਾ ਕਿ ਏਹਨਾਂ ਹਿੰਦੂ ਰਾਜ ਦੀ ਗੱਲ ਕਰਨ ਵਾਲੇ ਸਭ ਰਾਜਸੀ ਅਤੇ ਅਕਾਦਮਿਕ ਲੋਕਾਂ ਦੇ ਵਿਚਾਰ ਸਮਾਜ ਦੀ ਜਮੀਨ ਨਾਲ ਕਿੰਨੇ ਜੁੜੇ ਹੋਏ ਹਨ।

ਜਿਹੜੇ ਮੁਲਕ ਦੀ ਅੱਧੋਂ ਵੱਧ ਅਬਾਦੀ ਖੇਤੀ ਨਾਲ ਜੁੜੀ ਹੋਵੇ ਉਹਦੀ ਅਕਾਦਮਿਕਤਾ ਅਤੇ ਖਬਰਖਾਨੇ ਦੀ ਮੁਖ ਚਰਚਾ ਦੋ ਦਹਾਕਿਆਂ ਤੋਂ ਲੋਕਾਂ ਦੀ ਹਾਲਤ ਅਤੇ ਖੇਤੀ ਦੀ ਹਾਲਤ ਦੀ ਥਾਂ ਕਿਸੇ ਇਕ ਦਲ ਦੁਆਲੇ ਘੁੰਮੇ ਤਾਂ ਇਹ ਸਵਾਲ ਬਣਦਾ ਹੀ ਹੈ ਕਿ ਹਜਾਰਾਂ ਦੀ ਗਿਣਤੀ ਵਿਚ ਖੋਜ ਭਰੂਪਰ ਲੇਖ ਅਤੇ ਕਿਤਾਬਾਂ ਇਕੋ ਗੱਲ (ਕਿ ਸੰਘ ਦਾ ਨਿਸ਼ਾਨਾ ਹਿੰਦੂ ਰਾਜ ਬਣਾਉਣਾ ਹੈ) ਨੂੰ ਸਿੱਧ ਕਰ ਰਹੀਆਂ ਹਨ ਤਾਂ ਇਹ ਗੱਲ ਆਖਰ ਨੂੰ ਕੀਹਦੇ ਹੱਕ ਪੱਖ ਵਿਚ ਜਾਂਦੀ ਹੈ। ਗੈਰਹਿੰਦੂ ਲਿਖਾਰੀਆਂ, ਨੇਤਾਵਾਂ ਅਤੇ ਸਮਾਜਕ ਚਿੰਤਕਾਂ ਵਲੋਂ ਇਹਨੂੰ ਇਸ ਰੂਪ ਵਿਚ ਲਗਾਤਾਰ ਦੁਹਰਾਉਣ ਦੀ ਮਾਅਨਾ ਕੀ ਹੈ, ਜੋ ਇਸ ਵੇਲੇ ਵੀ ਦੁਹਰਾਇਆ ਜਾ ਰਿਹਾ ਹੈ। ਇਹਦੇ ਕਈ ਕਾਰਣਾਂ ਵਿਚੋਂ ਇਕ ਕਾਰਣ ਸੰਘ ਬਾਰੇ ਮਿਥ ਸਿਰਜਣਾ ਹੈ। ਇਹ ਮਿਥ ਸਿਰਜਣਾ ਹੀ ਸੰਘ ਦੇ ਨਿਸ਼ਾਨੇ ਅਤੇ ਅਮਲ ਨੂੰ ਕਿਸੇ ਪਰਸੰਗ ਵਿਚ ਰੱਖ ਕੇ ਵੇਖਣ ਦੀ ਥਾਂ ਵਕਤੀ ਘਟਨਾਵਾਂ ਵਾਲੇ ਅਸਰਾਂ ਵਾਲੇ ਅਰਥਾਂ ਨੂੰ ਪਹਿਲ ਦਿੰਦੀ ਹੈ। ਉਪਰ ਨਿਸ਼ਾਨੇ ਦਾ ਜਿਕਰ ਕੀਤਾ ਗਿਆ ਹੈ ਹੁਣ ਸੰਘ ਦੀ ਸਮਰਥਾ ਦਾ ਜਿਕਰ ਵੀ ਕਰਨਾ ਬਣਦਾ ਹੈ।

(ਅ) ਸੰਘ ਦੀ ਸਮਰਥਾ

1997 ਤੋਂ 1999 ਵਿਚਕਾਰ ਸਿੱਧੇ ਰੂਪ ਵਿਚ ਸੰਘ ਦੀ ਜਥੇਬੰਦੀ ਭਾਜਪਾ ਦੀ ਕੇਂਦਰ ਵਿਚ ਗਠਜੋੜ ਸਰਕਾਰ ਬਣੀ। ਲਗਾਤਾਰ ਤਿੰਨ ਕੋਸ਼ਿਸ਼ਾਂ ਨਾਲ ਸਰਕਾਰ ਬਣਾਉਣ ਦਾ ਅਮਲ ਕਾਂਗਰਸੀ ਅਗਵਾਈ ਦੇ ਖਿਲਰਣ ਅਤੇ ਖੇਤਰੀ ਦਲਾਂ ਦੇ ਅਜਾਦ ਰੂਪ ਵਿਚ ਨਾ ਸੋਚਣ ਨਾਲ ਜੁੜਿਆ ਹੋਇਆ ਸੀ। ਇਹਦੇ ਵਿਚ ਸਭ ਤੋਂ ਵੱਡਾ ਅਸਰ ਇਸੇ ਮਿਥ ਨੇ ਕੀਤਾ ਕਿ ਸੰਘ ਬਹੁਤ ਵੱਡੀ ਸੰਗਠਤ, ਹੁਸ਼ਿਆਰ ਅਤੇ ਲੰਮੀ ਰਣਨੀਤੀ ਵਾਲੀ ਜਥੇਬੰਦੀ ਹੈ। ਜਿਸ ਕਰਕੇ ਸਭ ਧਿਰਾਂ ਦੇ ਖਿਲਾਰੇ ਅਤੇ ਖਲਾਅ ਦੇ ਬਾਵਜੂਦ ਦੁਨੀਆ ਦੀ ਸਭ ਤੋਂ ਵੱਡੀ ਕਹਾਉਣ ਵਾਲੀ ਜਥੇਬੰਦੀ ਦੇ ਅਸਫਲ ਹੋਣ ਉਤੇ ਸਵਾਲ ਜਾਂ ਚਰਚਾ ਨਹੀਂ ਹੋਈ। ਜੇ ਚਰਚਾ ਹੁੰਦੀ ਤਾਂ ਇਹ ਮਿਥ ਉਸ ਵੇਲੇ ਲੋਕਾਂ ਨੂੰ ਸੌਖੇ ਰੂਪ ਵਿਚ ਸਮਝ ਆ ਸਕਦੀ ਸੀ। ਇਸ ਗੱਲ ਦੇ ਹਵਾਲੇ ਹਨ ਕਿ 2014 ਵਿਚ ਵੀ ਭਾਜਪਾ ਅਤੇ ਸੰਘ ਦੇ ਕਈ ਵੱਡੇ ਨੇਤਾਵਾਂ ਨੂੰ ਆਪਣੀ ਜਿਤ ਬਾਰੇ ਯਕੀਨ ਨਹੀਂ ਸੀ। ਅਜਿਹੀ ਹਾਲਤ ਵਿਚ ਵੀ ਇਹ ਸਮਰਥਾ ਵਾਲੀ ਮਿਥ ਕਿਵੇਂ ਬਣੀ ਇਹਦਾ ਸੰਖੇਪ ਅੰਦਾਜਾ ਲਾਉਣਾ ਬਣਦਾ ਹੈ।

ਗੈਰ ਹਿੰਦੂਆਂ ਦਾ ਪਰਸੰਗ: ਸੰਘ ਪਰਿਵਾਰ ਆਪਣੇ (ਬ੍ਰਾਹਮਣ ਜਾਂ ਹਿੰਦੂਆਂ ਵਜੋਂ) ਸਿਆਣੇ ਹੋਣ ਦੀ ਮਿਥ ਸਿਰਜਣ ਦਾ ਕੰਮ ਚੋਣਾਂ ਵਿਚ ਹਿੱਸਾ ਲੈਣ ਨਾਲ ਵਧੇਰੇ ਸਾਹਮਣੇ ਆਉਂਦਾ ਹੈ ਪਰ ਇਹ ਮਿਥ ਦੂਜੀਆਂ ਧਿਰਾਂ ਵਲੋਂ ਇਸੇ ਵਿਚਾਰ ਨੂੰ ਸਿੱਧੇ-ਅਸਿੱਧੇ ਰੂਪ ਵਿਚ ਮਾਨਤਾ ਦੇਣ ਬਿਨਾ ਬਣਨੀ ਸੰਭਵ ਨਹੀਂ ਸੀ।

ਪਹਿਲਾ ਹਵਾਲਾ ਮੁਸਲਮਾਨਾਂ ਦਾ ਹੈ। ਐਮ ਜੇ ਅਕਬਰ (ਜੋ ਭਾਜਪਾ ਦਾ ਕੇਂਦਰੀ ਮੰਤਰੀ ਵੀ ਰਿਹਾ ਹੈ) ਨੇ ਪਾਕਿਸਤਾਨ ਬਾਰੇ ਕਈ ਕਿਤਾਬਾਂ ਲਿਖੀਆਂ ਹਨ। ਉਹਦਾ ਪਾਕਿਸਤਾਨ ਬਣਨ ਦੇ ਮੂਲ ਕਾਰਣ ਵਜੋਂ ਮੰਨਣਾ ਹੈ ਕਿ ਹਿੰਦੋਸਤਾਨੀ ਮੁਸਲਮਾਨਾਂ ਦਾ ਰਾਜ ਖੁਸਣ ਦਾ ਵਿਗੋਚਾ ਲੋਕਤੰਤਰੀ ਮਾਨਤਾ ਕਾਰਣ ਡਰ ਵਿਚ ਬਦਲ ਗਿਆ ਕਿ ਉਹ ਥੋਹੜੇ ਹਨ। ਇਸ ਕਰਕੇ ਮੁਸਲਮਾਨ ਪਹਿਲੀ ਧਿਰ ਸਨ ਜਿਨ੍ਹਾਂ ਨੇ ਬ੍ਰਾਹਮਣਾਂ ਦੇ ਸਿਆਣੇ ਹੋਣ ਦੇ ਅਜੋਕੇ ਭਰਮ ਦੀ ਸਿਰਜਣਾ ਕੀਤੀ ਜੋ ਅਖੀਰ ਨੂੰ ਸੰਘ ਨਾਲ ਜੁੜ ਗਈ ਹੈ। ਓਸ ਵੇਲੇ ਵੱਡੇ ਕਾਰਣ ਏਹ ਸਨ ਕਿ ਅੰਗਰੇਜਾਂ ਨੇ ਮੁਸਲਮਾਨਾਂ ਤੋਂ ਰਾਜ ਖੋਹਿਆ ਸੀ ਤਾਂ ਉਹਨਾਂ ਨੂੰ ਨੇੜੇ ਲਾਉਣਾ ਸੰਭਵ ਨਹੀਂ ਸੀ। ਦੂਜਾ ਇਸਾਈਆਂ ਅਤੇ ਮੁਸਲਮਾਨਾਂ ਦੀ ਪੁਰਾਣੀ ਦੁਸ਼ਮਣੀ ਸੀ ਅਤੇ ਸਮਰਾਜੀ ਦੁਨੀਆ ਵਿਚ ਚਲਦੀਆਂ ਲੜਾਈਆਂ ਕਾਰਣ ਅੰਗਰੇਜ ਮੁਸਲਮਾਨਾਂ ਨੂੰ ਰਾਜ ਤੋਂ ਦੂਰ ਰੱਖਣ ਲਈ ਸੁਚੇਤ ਸਨ ਪਰ ਓਹਨਾਂ ਨੂੰ ਰਾਜ ਅਤੇ ਵਪਾਰ ਲਈ ਏਥੇ ਦੇ ਲੋਕਾਂ ਦੀ ਲੋੜ ਸੀ। ਮੁਸਲਮਾਨਾਂ ਤੋਂ ਬਾਅਦ ਲਿਖਣ ਪੜ੍ਹਣ ਲਈ ਬ੍ਰਾਹਮਣੀ ਜਮਾਤ ਹੀ ਤਜਰਬੇਕਾਰ ਸੀ। ਅੰਗਰੇਜਾਂ ਨੇ ਦਫਤਰੀ ਲੋੜ ਅਤੇ ਰਾਜਸੀ ਕਾਰਣਾਂ ਕਰਕੇ ਉਹਨਾਂ ਤੋਂ ਕੰਮ ਲੈਣਾ ਸ਼ੁਰੂ ਕੀਤਾ ਜਿਸ ਕਰਕੇ ਆਮ ਮੁਸਲਮਾਨ ਵਸੋਂ ਵਿਚ ਖਿਆਲ ਬਣ ਗਿਆ ਕਿ ਇਹ ਲੋਕ ਬਹੁਤ ਹੁਸ਼ਿਆਰ ਹਨ ਜੋ ਓਹਨਾਂ ਅੰਗਰੇਜ ਤੋਂ ਲਾਹਾ ਲੈ ਰਹੇ ਹਨ ਜਿਹੜਿਆਂ ਨੇ ਸਾਡਾ ਰਾਜ ਖੋਹਿਆ ਹੈ। ਤੀਜਾ, ਇਹ ਖਿਆਲ ਨੂੰ ਮਿਥ ਬਣਾਉਣ ਲਈ ਪਰੰਪਰਾਵਾਦੀ ਮੁਸਲਮਾਨਾਂ ਨੇ ਹਿੱਸਾ ਪਾਇਆ ਜੋ ਪੱਛਮੀ ਸਿਖਿਆ ਅਤੇ ਸਭਿਆਚਾਰ ਤੋਂ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਸਨ ਅਤੇ ਦੁਬਾਰਾ ਮੁਗਲ ਰਾਜ ਹਾਸਲ ਕਰਨ ਲਈ ਜਦੋਜਹਿਦ ਕਰ ਰਹੇ ਸਨ। ਦੁਨੀਆ ਵਿਚ ਆਪਣੇ ਲੋਕਾਂ ਜਾਂ ਬੱਚਿਆਂ ਨੂੰ ਦੁਸ਼ਮਣ ਤੋਂ ਸੁਚੇਤ ਕਰਨ ਦਾ ਆਮ ਤਰੀਕਾ ਡਰਾਉਣਾ ਹੈ ਕਿ ‘ਓਹ ਬਹੁਤ ਚਲਾਕ ਹਨ, ਬੰਦੇ ਨੂੰ ਭਰਮਾ ਲੈਂਦੇ ਹਨ’। ਇਹੋ ਕੰਮ ਰਾਜਸੀ ਜਦੋਜਹਿਦ ਵਾਲੇ ਮੁਸਲਿਮ ਆਗੂਆਂ ਨੇ ਵੀ ਕੀਤਾ। ਪਾਕਿਸਤਾਨ ਬਣਨ ਮਗਰੋਂ ਨਿਜਾਮ ਉਪਰ ਕਬਜੇ ਵੇਲੇ ਮੁਸਲਮਾਨਾਂ ਉਤੇ ਹੋਣ ਵਾਲੇ ਜੁਲਮਾਂ ਨੇ ਓਹਨਾਂ ਦੇ ਮਨ ਵਿਚ ਨਵੀਂ ਹਕੂਮਤ ਦੇ ਬਿਗਾਨੇ ਹੋਣ ਦਾ ਖਿਆਲ ਪੱਕ ਗਿਆ। ਮੁਸਲਮਾਨਾਂ ਵਿਚ ਬੇਗਾਨਗੀ ਦੀ ਬਾਰੇ ਪੰਡਤ ਸੁੰਦਰ ਲਾਲ ਨੇ 1948 ਵਿਚ ਲਿਖੀ ਹੈ ਜਿਸ ਨੂੰ ਨਹਿਰੂ ਵਲੋਂ ਹੈਦਰਾਬਾਦ ਕਤਲੇਆਮ ਦੀ ਜਾਂਚ ਕਰਨ ਲਈ ਭੇਜੀ ਟੋਲੀ ਦੀ ਮੁਖੀ ਬਣਾਇਆ ਸੀ। ਏਦਾਂ ਹਕੂਮਤ ਉਤੇ ਕਾਬਜ ਹੋਣ ਕਰਕੇ ਹਿੰਦੂ ਹੋਣ ਦੇ ਅਰਥ ਸਮਰਥ ਹੋਣ ਵਾਲੇ ਵੀ ਬਣ ਗਏ ਜਿਸ ਨੇ ਮੁਸਲਮਾਨਾਂ ਦੇ ਪਹਿਲੇ ਵਿਚਾਰ ਨੂੰ ਹੋਰ ਪੱਕਾ ਕਰ ਦਿੱਤਾ। ਜਦੋਂ ਹਕੂਮਤ ਉਤੇ ਕਬਜਾ ਆਰੀਆ ਸਮਾਜ ਦੀ ਥਾਂ ਸੰਘ ਦਾ ਕਬਜਾ ਹੋ ਗਿਆ ਤਾਂ ਇਹ ਵਿਚਾਰ ਸੰਘ ਨਾਲ ਜੁੜ ਗਿਆ।

ਦੂਜਾ ਹਵਾਲਾ ਦਲਿਤਾਂ ਦੇ ਬਿਰਤਾਂਤ ਹੈ। ਅੰਗਰੇਜਾਂ ਨੇ ਜਦੋਂ ਕਾਨੂੰਨ ਸਾਹਮਣੇ ਸਭ ਬਰਾਬਰ ਮੰਨਣਾ ਸੀ ਤਾਂ ਸੂਦਰਾਂ ਦਾ ਮਾਮਲਾ ਬਹੁਤ ਵੱਡਾ ਸੀ। ਸ਼ੂਦਰਾਂ ਦੇ ਆਪਣੇ ਆਗੂ ਜੋਤੀ ਫੂਲੇ ਤੋਂ ਹੀ ਸ਼ੁਰੂ ਹੋਏ ਪਰ ਰਾਜਨੀਤੀ ਵਿਚ ਪੈਰ ਡਾ. ਅੰਬੇਦਕਾਰ ਨਾਲ ਹੀ ਲੱਗੇ। ਡਾ. ਅੰਬੇਦਕਾਰ ਨੇ ਆਪਣੇ ਸਮੇਂ ਦੇ ਪਰਸੰਗ ਵਿਚ ਅਤੇ ਖਾਸ ਕਰਕੇ ਉਸ ਵੇਲੇ ਦੇ ਕਾਂਗਰਸੀ ਆਗੂਆਂ ਦੀ ਨੀਤ ਅਤੇ ਗੱਲ ਬਦਲਣ ਵਾਲੇ ਵਿਹਾਰ ਬਾਰੇ ਰਾਇ ਦਿੱਤੀ। ਉਹ ਆਪਣੇ ਸੁਭਾਅ ਮੁਤਾਬਿਕ ਕਾਂਗਰਸੀ ਆਗੂਆਂ ਨੂੰ ਅਨੈਤਕ ਕਹਿ ਰਹੇ ਸਨ ਕਿਉਂਕਿ ਨੈਤਕਤਾ ਨੂੰ ਸਮਾਜ ਸਿਰਜਣਾ ਦਾ ਅਧਾਰ ਮੰਨਿਆ ਜਾਂਦਾ ਹੈ, ਇਸ ਹਿਸਾਬ ਨਾਲ ਅਨੈਤਕ ਹੋਣਾ ਸਭ ਤੋਂ ਵੱਡਾ ਗੁਨਾਹ ਹੈ। ਮੂਲ ਰੂਪ ਵਿਚ ਸਭ ਦਲਿਤ ਆਗੂਆਂ ਵਲੋਂ ਓਹਨਾਂ ਤੋਂ ਬੰਦੇ ਹੋਣ ਅਤੇ ਪੜ੍ਹਣ ਲਿਖਣ ਦਾ ਹੱਕ ਖੋਹੇ ਜਾਣ ਦੇ ਗੁਨਾਹ ਨੂੰ ਬਿਆਨ ਕਰਨ ਲਈ ਚਲਾਕੀ ਬੇਈਮਾਨੀ ਵਰਗੇ ਸ਼ਬਦੇ ਵਰਤੇ ਹੀ ਜਾਣੇ ਸਨ ਪਰ ਜਿਸ ਧਿਰ ਦੇ ਗੁਨਾਹ ਗਿਣਾਏ ਜਾ ਰਹੇ ਸਨ ਉਹ ਧਿਰ ਦੇ ਰਾਜਸੀ ਸੱਤਾ ਕਾਬਜ ਸੀ। ਸੱਤਾ ਹੋਣ ਨਾਲ ਦਲਿਤਾਂ ਪ੍ਰਤੀ ਅਨੈਤਕ ਅਮਲ ਰਾਜਨੀਤੀ ਕਰਨਾ ਬਣ ਗਿਆ ਜੋ ਧਰਮ ਵਜੋਂ ਪਹਿਲਾਂ ਹੀ ਪਰਵਾਣ ਸੀ। ਨੈਤਕ ਗੁਨਾਹ ਦੇ ਲੱਛਣ ਨਵੇਂ ਜਮਾਨੇ ਵਿਚ ਸਿਆਣਪ ਦੇ ਲੱਛਣ ਮੰਨੇ ਜਾਣ ਲੱਗੇ ਹਨ ਤਾਂ ਦਲਿਤ ਖੇਮੇ ਵਿਚ ਵੀ ਇਸ ਮਿਥ ਦੇ ਪੈਰ ਲੱਗ ਗਏ।

ਜਾਤ ਵਰਣ ਦੀ ਮਾਨਤਾ ਵੱਖ ਵੱਖ ਸਮਾਜਾਂ ਵਿਚ ਇਕੋ ਜਿਹੀ ਨਹੀਂ ਹੈ ਅਤੇ ਲੋਕਤੰਤਰੀ ਸੰਵਿਧਾਨ ਅਤੇ ਚੋਣਾਂ ਵਾਲੇ ਤਾਣੇ ਬਾਣੇ ਕਾਰਣ ਇਹਦੇ ਨਾਲ ਕੁਝ ਲਾਹੇ ਜੁੜ ਗਏ ਹਨ, ਜਿਸ ਕਰਕੇ ਸਾਧਨਹੀਣ ਅਤੇ ਮੌਕਾਹੀਣ ਲੋਕਾਂ ਲਈ ਜਾਤ ਵਰਣ ਦੀ ਮਾਨਤਾ ਤੋਂ ਅਜਾਦ ਹੋਣਾ ਸੁਖਾਲਾ ਨਹੀਂ ਹੈ। ਓਹਨਾਂ ਲਈ ਜੋ ਔਖ ਹੈ ਇਹ ਅਸਲ ਵਿਚ ਬਾਕੀ ਧਿਰਾਂ ਦੀ ਅਗਿਆਨਤਾ, ਸੀਮਤ ਸਮਝ ਅਤੇ ਵਕਤੀ ਲਾਲਚਾਂ ਦਾ ਮਿਲਗੋਭਾ ਹੈ। ਇਹ ਬੁਰਾਈ ਦੇ ਸਿਧਾਂਤਕ ਵਿਰੋਧੀ ਵੀ ਚਲਦੇ ਰਾਜਸੀ ਬਿਰਤਾਂਤ ਦਾ ਲਾਹਾ ਲੈਣ ਲਈ ਅਤੇ ਆਪਣੇ ਆਪ ਨੂੰ ਇਹਦੇ ਨਾਲ ਜੂਝਣ ਤੋਂ ਬਚਾਉਣ ਲਈ ਸੰਘ ਦੀ ਸਮਰਥਾ ਅਤੇ ਚਾਲ ਨੂੰ ਵੱਡਾ ਕਹਿਣ ਲੱਗ ਜਾਂਦੇ ਹਨ। ਆਲੇ ਦੁਆਲੇ ਦੇ ਮਾਹੌਲ ਵਿਚੋਂ ਅਤੇ ਪੁਰਾਣੇ ਲਿਖਤੀ ਵੇਰਵਿਆਂ ਵਿਚੋਂ ਸੰਘ ਆਪਣੇ ਆਪ ਵੀ, ਉਹਦੇ ਰਿਵਾਇਤੀ ਵਿਰੋਧੀ ਅਤੇ ਬ੍ਰਾਹਮਣ ਵਿਰੋਧੀ ਲੋਕ ਵੀ, ਆਪਣੀ ਸਮਝ ਅਤੇ ਲੋੜ ਵਿਚੋਂ ਸੰਘ ਦੀ ਹੁਸ਼ਿਆਰੀ ਅਤੇ ਸਮਰਥਾ ਦੇ ਬਿਰਤਾਂਤ ਨੂੰ ਵੱਡਾ ਬਣਾ ਰਹੇ ਹਨ।

ਇਹ ਮਿਥ ਵਿਚ ਸਿੱਖਾਂ ਦਾ ਹਿੱਸਾ ਸਿਰਦਾਰ ਕਪੂਰ ਸਿੰਘ ਵਲੋਂ ਕਿਸੇ ਮੁਸਲਮ ਲਿਖਾਰੀ ਦੇ ਹਵਾਲੇ ਨਾਲ ਕਹੀ ਗੱਲ ਨਾਲ ਸ਼ੁਰੂ ਹੁੰਦਾ ਹੈ ਕਿ ‘ਹਿੰਦੂ ਸੌ ਸਾਲ ਪਹਿਲਾਂ ਸੋਚਦਾ ਹੈ, ਮੁਸਲਮਾਨ ਮੌਕੇ ਸਿਰ ਅਤੇ ਸਿੱਖ ਵੇਲਾ ਲੰਘਣ ਤੋਂ ਮਗਰੋਂ’।ਇਹ ਗੱਲ ਕਹਿਣ ਦਾ ਪਰਸੰਗ ਇਹ ਸੀ ਕਿ ਸਿਰਦਾਰ ਕਪੂਰ ਸਿੰਘ ਆਪਣੇ ਵੇਲੇ ਦੀ ਅਕਾਲੀ ਸਿਆਸਤ ਤੋਂ ਅੱਕ ਕੇ ਇਹ ਕਹਿਣਾ ਚਾਹੁੰਦੇ ਸਨ ਕਿ ਵੇਲਾ ਲੰਘ ਰਿਹਾ ਹੈ ਫਿਰ ਪਛਤਾਉਂਗੇ। ਆਪਣੀ ਗੱਲ ਨੂੰ ਪੁਖਤਾ ਕਰਨ ਲਈ ਉਹਨਾਂ ਨੇ 1947 ਵੇਲੇ ਦੇ ਪਛਤਾਵੇ ਦਾ ਹਵਾਲੇ ਦਿੱਤਾ ਜਿਸ ਦਾ ਉਹਨਾਂ ਨੂੰ ਨਿੱਜੀ ਰੰਜ ਸੀ ਕਿ ਉਦੋਂ ਕੁਝ ਹੋ ਸਕਦਾ ਸੀ। ਹੁਣ ਇਹ ਹਵਾਲਾ ਸਿੱਖਾਂ ਵਿਚ ਰਾਜਸੀ ਬਿਰਤਾਂਤ ਦਾ ਅਧਾਰ ਬਣ ਗਿਆ ਹੈ ਕਿ ਹਿੰਦੂ ਨੂੰ ਸ਼ਾਤਰ ਕਹੋ ਅਤੇ ਅਜੋਕੇ ਅਰਥਾਂ ਵਿਚ ਸੰਘ ਨੂੰ ਸ਼ਾਤਰ ਕਹੋ। ਮੌਜੂਦਾ ਸਮੇਂ ਵਿਚ ਅਨੇਕਾਂ ਗੈਰ-ਹਿੰਦੂ ਬੰਦਿਆਂ ਦੀ ਵਿਦਵਤਾ ਅਤੇ ਅਗਵਾਈ ਹੀ ਸੰਘ ਦਾ ਹਉਆ ਖੜ੍ਹਾ ਕਰਨ ਉਤੇ ਖੜੀ ਹੈ ਉਸ ਵਿਚ ਪੰਜਾਬ ਦੇ ਸਿੱਖ ਅਤੇ ਮਾਰਕਸੀ ਕਹਾਉਣ ਵਾਲੇ ਪਤਵੰਤੇ ਲੋਕ ਵੀ ਸ਼ਾਮਲ ਹਨ।

ਇਹ ਹਊਆ ਖੜ੍ਹਾ ਕਰਨ ਦਾ ਰਿਵਾਜ ਹੀ ਹੈ ਕਿ ਮਿੰਟੋ ਮਾਰਲੇ ਤੋਂ ਵਾਨ ਦਾ ਵੀਰ ਤੱਕ ਵਿਦੇਸ਼ੀ ਆਗੂਆਂ ਅਤੇ ਵਿਦਵਾਨਾਂ ਦੀਆਂ ਨਾਂਹਮੁਖੀ ਟਿੱਪਣੀਆਂ ਨੂੰ ਵੀ ਬ੍ਰਾਹਮਣੀ ਸਮਰਥਾ ਦੇ ਅਰਥਾਂ ਵਿਚ ਪੇਸ਼ ਕੀਤਾ ਜਾਂਦਾ ਹੈ। ਇਹਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਕੁੱਲ ਹਿੰਦੂ ਵਿਦਵਾਨਾਂ ਦੀਆਂ ਹਿੰਦੂ ਪਛਾਣ ਬਾਰੇ ਜੋ ਦਲੀਲਾਂ ਅਤੇ ਮਿਸਾਲਾਂ ਹਨ ਓਹ ਆਪਸ ਵਿਚ ਏਨੀਆਂ ਵਖਰੀਆਂ ਹਨ ਕਿ ਕੋਈ ਸਿਧਾਂਤਕ ਖੋਜ ਕਰਨ ਵਾਲਾ ਵੀ ਉਹਨਾਂ ਨੂੰ ਕਿਸੇ ਸਿਧਾਂਤ ਵਿਚ ਬੰਨ੍ਹ ਨਹੀ ਸਕਦਾ। ਇਹ ਗੱਲ ਨੂੰ ਵੀ ਲੋਕ ਚਾਲ ਸਮਝਣ ਲੱਗ ਜਾਂਦੇ ਹਨ ਕਿ ਏਹ ਬਹੁਤ ਹੁਸ਼ਿਆਰ ਹਨ ਜੋ ਆਪਣੀ ਪਛਾਣ ਬਦਲਦੇ ਰਹਿੰਦੇ ਹਨ। ਮਿਸਾਲ ਵਜੋਂ ਵੈਂਡੀ ਡੌਗਰ ਹਿੰਦੂ ਪਛਾਣ ਦੇ ਬਹੁਭਾਂਤੇ ਨੁਕਤਿਆਂ ਨੂੰ ਸਿਧਾਂਤਬੱਧ ਕਰਨ ਦੀ ਖੌਝਲ ਵਿਚੋਂ ਫਸਵੇਂ ਚੱਕਰਾਂ ਵਾਲੇ ਚਿਤਰ ਦਾ ਹਵਾਲਾ ਦੇ ਕੇ ਆਖਦੀ ਹੈ ਕਿ ਹਿੰਦੂ ਆਪਣੀ ਪਛਾਣ ਦੂਜੇ ਤੋਂ ਤੈਅ ਕਰਦੇ ਹਨ। ਨਾਂਹਮੁਖੀ ਪੱਖ ਨੂੰ ਵੀ ਦੂਜੇ ਦੀ ਸਮਰਥਾ ਮੰਨ ਲੈਣਾ ਤਾਂ ਹੀ ਸੰਭਵ ਹੈ ਜੇ ਬੰਦੇ ਨੇ ਅਗਲੇ ਨੂੰ ਪਹਿਲਾਂ ਹੀ ਵੱਡਾ ਜਾਂ ਸੱਚ ਮੰਨ ਲਿਆ ਹੋਵੇ। ਮਿਸਾਲ ਵਜੋਂ ਜਾਮੀਆ ਯੂਨੀਵਰਸਿਟੀ ਵਿਚ ਰਾਜਨੀਤੀ ਦਾ ਪ੍ਰੋਫੈਸਰ ਮੁਜੀਬਰ ਰਹਿਮਾਨ ਮੋਦੀ ਨੂੰ ਵਾਜਪਾਈ ਅਤੇ ਸਾਵਰਕਾਰ ਨਾਲੋਂ ਵੱਡੀ ਹਸਤੀ ਦਸਦਾ ਹੈ ਪਰ ਉਹਦੀ ਸਾਰੀ ਗੱਲਬਾਤ ਖੋਜ ਦੀ ਥਾਂ ਪਰਭਾਵ ਉਤੇ ਖੜ੍ਹੀ ਹੈ। ਅਜਿਹੀ ਮਿਥ ਸਿਰਜਣਾ ਹੀ ਅਸਲ ਤਾਕਤ ਹੈ ਜੋ ਸੰਘ ਦੀ ਸਮਰਥਾ ਨੂੰ ਰੱਬੀ ਤਾਕਤ ਵਾਂਗ ਮਨੁਖ ਅਮਲ ਤੋਂ ਵੱਡੀ ਬਣਾ ਦਿੰਦੀ ਹੈ।

ਉਪਰੋਕਤ ਜਿਕਰ ਇਸ ਲਈ ਹੈ ਕਿ ਵੱਖ ਵੱਖ ਵਿਦਵਾਨਾਂ ਦੀ ਧਾਰਨਾ ਜੋ ਆਪਣੀ ਕਿਸੇ ਖੋਜ ਦੇ ਪਰਸੰਗ ਵਿਚ ਸੀ ਉਹਨੂੰ ਪਰਸੰਗਹੀਣ ਰੂਪ ਵਿਚ ਹਿੰਦੂ ਸਮਰਥਾ ਮੰਨ ਲਿਆ ਅਤੇ ਮੁੜ ਸਮਰਥਾ ਨੂੰ ਚਰਚਿਤ ਜਥੇਬੰਦੀ ਸੰਘ ਨਾਲ ਜੋੜ ਲਿਆ ਹੈ ਜੋ ਹਿੰਦੂ ਰਾਜ ਬਣਾਉਣ ਦੇ ਨਿਸ਼ਾਨੇ ਵਾਲੀਆਂ ਕਈ ਧਿਰਾਂ ਵਿਚੋਂ ਇਕ ਹੈ।ਹਿੰਦੂ ਰਾਜ ਦੇ ਨਿਸ਼ਾਨੇ ਬਾਰੇ ਪਿੱਛੇ ਗੱਲ ਹੋ ਗਈ ਅਗਲੀ ਗੱਲ ਹੈ ਕਿ ਸੰਘ ਦੀ ਸਮਰਥਾ ਅਤੇ ਬਾਕੀ ਮਾਨਤਾਵਾਂ ਕਿਵੇਂ ਆਈਆਂ।

ਸਮਰਥਾ ਦਾ ਮਾਪਦੰਡ

ਜੇ ਧਾਰਮਿਕ ਸਗੰਠਨ ਦੇ ਪੱਖ ਤੋਂ ਗੱਲ ਕਰਨੀ ਹੋਵੇ ਤਾਂ ਦੁਨੀਆ ਵਿਚ ਇਕ ਵੀ ਧਰਮ ਐਸਾ ਨਹੀਂ ਹੈ ਜਿਥੇ ਮਨੁਖ ਦੇ ਅਮਲ ਦੀ ਥਾਂ ਛੋਟੀ ਹੋਵੇ ਅਤੇ ਉਹਦੇ ਬੋਲਣ ਨੂੰ ਵੱਡੀ ਥਾਂ ਦਿੱਤੀ ਹੋਵੇ।ਕੋਈ ਧਰਮ ਐਸਾ ਨਹੀਂ ਜਿਹੜਾ ਝੂਠ ਜਾਂ ਕੁਬੋਲ ਬੋਲਣ ਦੀ ਵਡਿਆਈ ਕਰਦਾ ਹੋਵੇ।ਸਨਾਤਨ ਪਰੰਪਰਾ ਵਿਚ ਹਿੰਦੂ ਹੋਣ ਦੇ ਭਾਵੇਂ ਸੰਗਠਤ ਹਵਾਲੇ ਨਹੀਂ ਹਨ ਪਰ ਅਜਿਹੇ ਹਵਾਲੇ ਜਰੂਰ ਹਨ ਜੋ ਇਹ ਦਸਦੇ ਹਨ ਕਿ ਧਰਮ ਕੀ ਹੈ।ਧਾਰਮਿਕ ਰੂਪ ਵਿਚ ਮਹਾਤਮਾ ਗਾਂਧੀ ਰਾਮ ਰਾਜ ਦੀ ਗੱਲ ਕਰਦਾ ਸੀ ਅਤੇ ਕਈ ਵਾਰ ਸੰਘ ਦੇ ਆਗੂ ਵੀ ਕਹਿੰਦੇ ਹਨ ਪਰ ਮੁਖ ਰੂਪ ਵਿਚ ਹਿੰਦੂ ਰਾਸ਼ਟਰ ਕਹਿੰਦੇ ਹਨ।ਜਿਹੜੇ ਵੀ ਵਿਦਵਾਨਾਂ ਲਿਖਾਰੀਆਂ ਨੇ ਸੰਘ ਨੂੰ ਹਿੰਦੂ ਜਥੇਬੰਦੀ ਮੰਨਿਆ ਉਹਨਾਂ ਨੇ ਧਰਮ ਦੀ ਕਿਸੇ ਵੀ ਸਨਾਤਨੀ ਧਾਰਨਾ ਨੂੰ ਸ਼ਾਇਦ ਹੀ ਸੰਘ ਉਤੇ ਲਾਗੂ ਕਰਕੇ ਵੇਖਿਆ ਹੋਊ।ਖੋਜ ਨੁਮਾ ਕਿਤਾਬਾਂ ਵਿਚ ਸੰਘ ਦੀਆ ਲਿਖਤਾਂ ਦੇ ਹਵਾਲੇ ਹਨ ਕਿ ਓਹ ਇਹ ਕਰਨਾ ਚਾਹੁੰਦੇ ਹਨ ਜਾਂ ਉਹਨਾਂ ਨੇ ਇਹ ਕੀਤਾ ਹੈ।ਸੰਘ ਦੇ ਕੀਤੇ ਕੰਮਾਂ ਵਜੋਂ ਬਹੁਤਾ ਹਵਾਲਾ ਦੂਜਿਆਂ ਦੇ ਜਾਨੀ ਮਾਲੀ ਨੁਕਸਾਨ ਦਾ ਹੈ ਜਾਂ ਜੋ ਦੂਜਿਆਂ ਵਿਰੁਧ ਲਿਖਿਆ ਬੋਲਿਆ ਹੈ।ਅਸਲ ਵਿਚ ਇਹ ਸਬੂਤ ਵਿਰੋਧ ਜਾਂ ਦੁਸ਼ਮਣੀ ਦੇ ਹਨ।ਮਿਸਾਲ ਵਜੋਂ ਬਹੁਤ ਸਾਰੇ ਸਿੱਖ ਮਾਸਟਰ ਤਾਰਾ ਸਿੰਘ ਦੇ ਸੰਘੀ ਹੋਣ ਦਾ ਹਵਾਲਾ ਸੰਘ ਦੇ ਹੀ ਇਕ ਰਸਾਲੇ ਵਿਚੋਂ ਦਿੰਦੇ ਹਨ।ਜਦੋਂ ਸੰਘ ਵਾਲੇ ਸਿੱਧੇ ਰੂਪ ਵਿਚ ਸਿੱਖਾਂ ਨੂੰ ਹਿੰਦੂ ਕਹਿੰਦੇ ਹਨ ਤਾਂ ਓਹਨਾਂ ਨੂੰ ਇਕ ਬੰਦੇ ਨੂੰ ਆਪਣਾ ਬੰਦਾ ਕਹਿਣਾ ਔਖਾ ਜਾਂ ਗਲਤ ਕਿਵੇਂ ਲੱਗ ਸਕਦਾ ਹੈ? ਜੇ ਕਿਸੇ ਨੇ ਸੰਘ ਦੇ ਪਰਚਾਰ ਨੂੰ ਸੱਚ ਮੰਨ ਲਿਆ ਹੈ ਤਾਂ ਉਹਦੀ ਖੋਜ ਪੜਤਾਲ ਉਹਨਾਂ ਦੇ ਪਰਚਾਰ ਦਾ ਪਰਚਾਰ ਹੀ ਹੈ।

ਜੇ ਰਾਜਸੀ ਨੁਕਤੇ ਤੋਂ ਵੇਖਣਾ ਹੋਵੇ ਤਾਂ ਕਿਸੇ ਜਥੇਬੰਦੀ ਦੀ ਸਮਰਥਾ ਸਦਾ ਇਹੋ ਰਹੀ ਹੈ ਕਿ ਉਹ ਰਾਜ ਸੱਤਾ ਨੂੰ ਕਿੰਨੇ ਔਖੇ ਹਾਲਾਤ ਵਿਚ ਕਿੰਨੀ ਛੇਤੀ ਹਾਸਲ ਕਰਦੀ ਹੈ।ਇਸਲਾਮ ਦੇ ਬਾਨੀ ਵਲੋਂ ਰਾਜ ਕਾਇਮ ਕਰਨ ਅਤੇ ਕੁਝ ਸਮੇਂ ਬਾਅਦ ਮੁਸਲਮ ਰਾਜ ਦੇ ਦੁਨੀਆ ਉਤੇ ਫੈਲਣ ਨੂੰ ਹੁਣ ਤੱਕ ਦੀ ਸਭ ਤੋਂ ਸਫਲ ਰਾਜਸੀ ਮਿਸਾਲ ਮੰਨਿਆ ਜਾਂਦਾ ਹੈ।ਰਾਜ ਪਲਟੇ ਕਰਨ ਦੇ ਮਾਮਲੇ ਵਿਚ ਕਿਉਬਾ ਉਤੇ ਮਾਰਕਸੀ ਕਬਜੇ ਨੂੰ ਵੱਡੀ ਮਿਸਾਲ ਮੰਨਿਆ ਜਾਂਦਾ ਹੈ।ਕਿਸੇ ਹਕੂਮਤ ਨੂੰ ਲੜ ਕੇ ਹਰਾਉਣ ਵਿਚ ਪਿਛਲੇ ਸਮੇਂ ਵਿਚ ਮਰਾਠਿਆਂ ਅਤੇ ਸਿੱਖਾਂ ਦੀ ਮਿਸਾਲ ਹੈ।ਲੰਮੀ ਲੜਾਈ ਲੜਣ ਦੇ ਪੱਖ ਤੋਂ ਆਇਰਸ਼ ਲੋਕਾਂ ਦੀ ਮਿਸਾਲ ਹੈ।ਸ਼ਾਂਤਮਈ ਪੱਖ ਤੋਂ ਮੌਜੂਦਾ ਸਮੇਂ ਵਿਚ ਚੀਨ ਵਰਗੇ ਸਖਤ ਅਤੇ ਬੰਦ ਮੁਲਕ ਵਿਚ ਫਾਲੁਨ ਗੌਂਗ ਦੀ ਮਿਸਾਲ ਹੈ ਜੋ ਅਜਿਹੀ ਲਹਿਰ ਹੈ ਜਿਸਨੇ ਕੁੱਲ ਪਾਬੰਦੀ ਦੇ ਬਾਵਜੂਦ ਆਪਣੀ ਗਿਣਤੀ ਲੱਖਾਂ ਵਿਚ ਕਰ ਲਈ।ਏਹ ਸਭ ਰਾਜਸੀ ਅਮਲ ਦੀਆਂ ਮਿਸਾਲਾਂ ਹਨ।ਔਖ ਅਤੇ ਪਰਾਪਤੀ ਪੱਖੋਂ ਏਹਨਾਂ ਨੂੰ ਸੰਘ ਨਾਲ ਪੂਰੀ ਤਰ੍ਹਾਂ ਮੇਚ ਕੇ ਵੇਖਣਾ ਇਥੇ ਔਖਾ ਹੈ ਪਰ ਇਹ ਤਰੀਕਾ ਹੀ ਦੱਸ ਸਕਦਾ ਹੈ ਕਿ ਅਸਲ ਵਿਚ ਸੰਘ ਦੀ ਰਾਜਸੀ ਪਰਾਪਤੀ ਕਿੰਨੀ ਕੁ ਹੈ? ਜੇ ਇਸਲਾਮ ਦੇ ਫੈਲਾਅ ਵਾਲਾ ਨੁਕਤਾ ਵੇਖਣਾ ਹੋਵੇ ਤਾਂ ਹਿੰਦੂ ਮਹਾਂ ਸਭਾ ਅਤੇ ਸੰਘ ਵਾਲੇ ਪੌਣੀ ਸਦੀ ਪਹਿਲਾਂ ਨਿਸ਼ਾਨਾ ਰੱਖ ਕੇ ਤੁਰੇ ਹਨ ਕਿ 1947 ਤੋਂ ਪਹਿਲਾਂ ਵਾਲਾ ਅਖੰਡ ਰਾਜ ਲੈਣਾ ਹੈ ਪਰ ਅੱਜ ਤੱਕ ਕਿਤੇ ਵੀ ਇਹ ਗੱਲ ਪਰਗਟ ਨਹੀਂ ਹੋਈ ਕਿ ਉਹ ਇਹ ਨਿਸ਼ਾਨੇ ਲਈ ਕਿਵੇਂ ਕੰਮ ਕਰ ਰਹੇ ਹਨ।ਮੌਜੂਦਾ ਹਕੂਮਤ ਜੋ ਭਾਜਪਾ ਦੇ ਸਭ ਤੋਂ ਵੱਧ ਨੁੰਮਾਇਦਿਆਂ ਵਾਲੀ ਸਰਕਾਰ ਹੈ ਇਹਦੇ ਬਾਰੇ ਅਨੇਕਾਂ ਵਿਦਵਾਨ ਅਤੇ ਨੇਤਾ ਕਹਿ ਰਹੇ ਹਨ ਕਿ ਇਹਦੇ ਅਮਲ ਹਿੰਦੂ ਰਾਜ ਬਣਾਉਣ ਵਾਲੇ ਹਨ ਪਰ ਬਹੁਤੇ ਲੋਕਾਂ ਕੋਲ ਸਬੂਤ ਇਹੋ ਹਨ ਕਿ ਉਹ ਦਲਿਤਾਂ ਮੁਸਲਮਾਨਾਂ ਸਿੱਖਾਂ ਇਸਾਈਆਂ ਦਾ ਹੱਕ ਮਾਰ ਰਹੇ ਹਨ ਅਤੇ ਓਹਨਾਂ ਦੀ ਪਛਾਣ ਨੂੰ ਮਿਟਾ ਰਹੇ ਹਨ।ਏਹ ਦਲੀਲਾਂ ਨੁਕਸਾਨ ਦੇ ਸਬੂਤ ਵਜੋਂ ਸਹੀ ਹਨ ਪਰ ਕੋਈ ਬੰਦਾ ਕਿਸੇ ਦਾ ਨੁਕਸਾਨ ਕਿਉਂ ਕਰ ਰਿਹਾ ਹੈ ਇਹ ਸਵਾਲ ਦਾ ਉਤਰ ਨੁਕਸਾਨ ਦੇ ਸਬੂਤ ਨਹੀਂ ਹੁੰਦੇ।ਹਿੰਦੂ ਰਾਜ ਦਾ ਅਮਲ ਤਾਂ ਹੀ ਸਿੱਧ ਹੋਵੇਗਾ ਜੇ ਰਾਜਸੀ ਢਾਂਚਾ ਹਿੰਦੂ ਸਿਧਾਂਤ ਉਤੇ ਬਣ ਰਿਹਾ ਹੋਵੇ।

ਸੱਤਾ ਦੀ ਖੇਡ ਵਿਚ ਬੰਦਾ ਕੁਝ ਵੀ ਕਹਿ ਜਾਂ ਕਰ ਸਕਦਾ ਹੈ ਪਰ ਜਦੋਂ ਕੋਈ ਰਾਜਸੀ ਪੱਖ ਤੋਂ ਅਧਿਐਨ ਕਰਦਾ ਹੈ ਤਾਂ ਇਹ ਜਰੂਰੀ ਹੈ ਕਿ ਉਹ ਕੋਈ ਤਰੀਕਾ ਵਰਤੇ ਜਿਸ ਨਾਲ ਕਹੇ-ਕੀਤੇ ਦੀ ਪਰਖ ਹੋ ਸਕੇ ਹੈ।ਮਿਸਾਲ ਵਜੋਂ ਸੰਘ ਵਲੋਂ ਪਰਧਾਨ ਮੰਤਰੀ ਬਣਾਉਣ ਲਈ ਚੁਣੇ ਗਏ ਬੰਦੇ ਕੋਲ ਮੁਖ ਮੰਤਰੀ ਹੋਣ ਦਾ ਤਜਰਬਾ ਸੀ ਇਹਦੇ ਬਾਵਜੂਦ ਉਹਦੇ ਚੋਣ ਦਫਤਰ ਵਿਚ ਦਿੱਤੇ ਨਿੱਜੀ ਵੇਰਵੇ ਮੇਲ ਨਹੀਂ ਖਾਂਦੇ ਸਨ।ਜਿਸ ਕਰਕੇ ਉਹਦੇ ਵਿਆਹ ਅਤੇ ਪੜ੍ਹਾਈ ਦਾ ਮਾਮਲਾ ਰਾਜਸੀ ਚਰਚਾ ਬਣਾ ਗਿਆ।ਦੋ ਕੇਂਦਰੀ ਮੰਤਰੀਆਂ ਨੇ ਪਰਧਾਨ ਮੰਤਰੀ ਦੇ ਪੜ੍ਹੇ ਹੋਣ ਦੇ ਸਬੂਤ ਨਸ਼ਰ ਕੀਤੇ ਪਰ ਉਹਨਾਂ ਦੇ ਝੂਠੇ ਹੋਣ ਬਾਰੇ ਕੋਈ ਜੁਆਬ ਨਹੀਂ ਦਿੱਤਾ ਗਿਆ ਜਾਂ ਕਿਸੇ ਯੂਨੀਵਰਸਿਟੀ ਨੂੰ ਖੁੱਲਣ ਤੋਂ ਪਹਿਲਾਂ ਕੌਮੀ ਇਨਾਮ ਦਿੱਤਾ ਗਿਆ ਹੈ, ਖੋਜ ਵਜੋਂ ਅਜਿਹੇ ਕੰਮ ਕਿਸੇ ਰਾਜਸੀ ਜਾਂ ਵਪਾਰਕ ਸਿਧਾਂਤ ਦੇ ਖਾਤੇ ਵਿਚ ਆਉਣਗੇ? ਰਾਜਨੀਤੀ ਵਿਚ ਝੂਠ ਬੋਲਣ ਦੀ ਥਾਂ ਹੈ ਪਰ ਰਾਜਾ ਪਰਜਾ ਨੂੰ ਹਰ ਵੇਲੇ ਝੂਠ ਬੋਲੀ ਜਾਵੇ ਅਜਿਹੀ ਨੀਤੀ ਚਾਣਕਿਆ ਜਾਂ ਮੰਨੂ ਸਿਮਰਤੀ ਵਿਚ ਵੀ ਲਿਖੀ ਨਹੀਂ ਮਿਲਦੀ ਅਤੇ ਨਾ ਹੀ ਕਿਸੇ ਪੱਛਮੀ ਵਿਦਵਾਨ ਨੇ ਇਹ ਸਿਧਾਂਤ ਘੜਿਆ ਹੈ ਕਿ ਰਾਜ ਗੱਦੀ ਬੈਠਣ ਵਾਲਾ ਬੰਦਾ ਉਹੀ ਸਿਆਣਾ ਹੈ ਜੋ ਪੈਰ ਪੈਰ ਤੇ ਝੂਠ ਬੋਲੇ ਅਤੇ ਮੁਕਰੀ ਜਾਵੇ।ਜਿਸ ਰਾਜ ਦੇ ਅਮਲ ਆਪਣੇ ਲੋਕਾਂ ਦਾ ਭਵਿੱਖ ਖਾ ਜਾਣ ਵਾਲੇ ਹੋਣ ਓਹਨਾਂ ਅਮਲਾਂ ਨੂੰ ਸਿਆਣਪ ਜਾਂ ਸਮਰਥਾ ਵਜੋਂ ਸਿੱਧ ਕਰਨ ਦੇ ਕੀ ਮਾਪਦੰਡ ਹੋ ਸਕਦੇ ਹਨ?

(2) ਸੰਘ ਦੇ ਰਾਜਸੀ ਕੰਮ

ਕਿਸੇ ਧਿਰ ਕੋਲ ਆਪਣੇ ਰਾਜ ਦਾ ਸੁਪਨਾ ਅਤੇ ਦਲੀਲ-ਵਿਚਾਰ ਹੈ ਇਹ ਇਕ ਪਾਸੇ ਹੈ ਅਤੇ ਇਹਦੇ ਲਈ ਅਮਲ ਕਰਨਾ ਦੂਜਾ ਪਾਸਾ ਹੈ।ਅੱਜ ਦੀ ਦੁਨੀਆ ਵਿਚ ਜਿੰਨੇ ਰਾਜ (ਲਗਭਗ 200) ਹਨ ਓਦੋਂ ਵੱਧ ਲੋਕ ਆਪਣੇ ਰਾਜ ਲਈ ਲੜ ਰਹੇ ਹਨ ਭਾਵੇਂ ਆਪਣੇ ਰਾਜ ਦਾ ਵਿਚਾਰ ਅਤੇ ਅਮਲ ਅਨੇਕਾਂ ਹੋਰ ਧਿਰਾਂ ਕੋਲ ਹੈ।ਭਾਰਤ ਉਹਨਾਂ ਪਹਿਲੇ ਰਾਜਾਂ ਵਿਚ ਹੈ ਜਿੰਨਾ ਖਿਲਾਫ ਸਭ ਤੋਂ ਵੱਧ ਲੋਕ ਆਪਣੇ ਰਾਜ ਲਈ ਲੜ ਰਹੇ ਹਨ ਅਤੇ ਦੂਜੇ ਪਾਸੇ ਸੰਘ ਦਾ ਵਿਚਾਰ ਇਸੇ ਰਾਜ ਨੂੰ ਹਿੰਦੂ ਰਾਜ ਬਣਾਉਣਾ ਹੈ।

ਕਿਸੇ ਧੜੇ ਜਾਂ ਜਥੇਬੰਦੀ ਦਾ ਰਾਜਸੀ ਨਿਸ਼ਾਨਾ ਜੋ ਮਰਜੀ ਹੋਵੇ ਪਰ ਅਸਲ ਮਾਮਲਾ ਹੈ ਕਿ ਉਹ ਕਿੰਨਾ ਕੁ ਅਮਲ ਕਰ ਰਿਹਾ ਹੈ ਅਤੇ ਕਿਸ ਤਰੀਕੇ ਨਾਲ ਅਮਲ ਕਰਦਾ ਹੈ।ਮਿਸਾਲ ਵਜੋਂ ਯਹੂਦੀਆਂ ਨੂੰ ਆਪਣਾ ਰਾਜ ਖੁਸਣ ਤੋਂ ਬਾਅਦ ਕਈ ਸਦੀਆਂ ਮਿਹਨਤ ਕਰਨੀ ਪਈ।ਸੰਘ ਦੇ ਮੌਜੂਦਾ ਮੁਖੀ ਵਲੋਂ ਰੇਡੀਓ ਉਤੇ ਦਿੱਤੇ ਭਾਸ਼ਣ ਵਿਚ ਕਿਹਾ ਗਿਆ ਕਿ ਹਿੰਦੂਆਂ ਨੂੰ ਅੱਠ ਸੌ ਸਾਲਾਂ ਬਾਅਦ ਰਾਜ ਦੁਬਾਰਾ ਮਿਲਿਆ ਹੈ।ਇਕ ਹੋਰ ਚੋਣ ਚੱਕਰ ਤੱਕ ਸੰਘ ਦੇ 100 ਸਾਲ ਪੂਰੇ ਹੋ ਜਾਣਗੇ।ਸਰਕਾਰੀ ਅੰਕੜਿਆ ਮੁਤਾਬਿਕ ਇਸ ਰਾਜ ਦੀ ਲਗਭਗ 80 ਫੀਸਦੀ ਵਸੋਂ ਹਿੰਦੂ ਹੈ।ਅਜਾਦ ਮੁਲਕ ਵਿਚ ਏਨੀ ਵੱਡੀ ਅਬਾਦੀ ਵਿਚੋਂ ਵੀ ਗੱਦੀ ਤੱਕ ਪਹੁੰਚਣ ਲਈ ਐਨਾ ਚਿਰ ਲੱਗਣ ਵਾਲੀ ਪਰਾਪਤੀ ਨੂੰ ਵੇਖਣ ਦਾ ਕੋਈ ਮਾਪਦੰਡ ਤਾਂ ਹੋਣਾ ਚਾਹੀਦਾ ਹੈ? ਅਕਾਦਮਿਕ ਅਤੇ ਰਾਜਸੀ ਬਿਰਤਾਂਤ ਵਿਚ ਏਹਨਾਂ ਦੋਵਾਂ ਧਿਰਾਂ (ਯਹੂਦੀਆਂ ਬ੍ਰਾਹਮਣਾਂ) ਬਾਰੇ ਮਿਥ ਹੈ ਕਿ ਏਹ ਸਭ ਤੋਂ ਸਿਆਣੇ ਅਤੇ ਸੰਗਠਤ ਲੋਕ ਹਨ ਭਾਵੇਂ ਸਬੂਤ ਉਲਟ ਹਨ।ਜੇ ਵੱਧ ਚਿਰ ਗੁਲਾਮੀ ਸਹਿਣੀ ਸਿਆਣਪ ਦਾ ਮਾਪਦੰਡ ਹੈ ਤਾਂ ਦੁਨੀਆ ਦੇ ਕਿੰਨੇ ਕੁ ਲੋਕ ਇਹਨੂੰ ਆਪਣੇ ਲਈ ਵਰਤਣਾ ਚਾਹੁਣਗੇ? ਦੂਜੇ ਪਾਸੇ ਜੇ ਸਮਾਜ ਵਿਚ ਦਰਜਾਬੰਦੀ ਵਧਾਉਣੀ ਪਰਾਪਤੀ ਹੈ ਤਾਂ ਏਹਨੂੰ ਕਿੰਨੇ ਕੁ ਲੋਕ ਆਪਣੇ ਨਿਸ਼ਾਨੇ ਦਾ ਹਿੱਸਾ ਬਣਾਉਣਗੇ?

ਕਿਸੇ ਵੀ ਲੋਕਤੰਤਰੀ ਮੁਲਕ ਵਿਚ ਧਰਮ ਸੁਧਾਰ, ਸਮਾਜ ਸੇਵਾ, ਵਾਤਾਵਰਣ ਅਤੇ ਜੀਵ ਪਰੇਮੀ ਕੱਲੇ ਕੱਲੇ ਬੰਦੇ ਵੀ ਆਪਣੀਆਂ ਸੇਵਾਵਾਂ ਨਾਲ ਦੁਨੀਆ ਵਿਚ ਜਾਣੇ ਜਾਣ ਲਗਦੇ ਹਨ ਪਰ ਸਭ ਤੋਂ ਵੱਡੀ ਜਥੇਬੰਦੀ ਜੋ 90 ਸਾਲਾਂ ਵਿਚ ਆਪਣੇ ਬਹੁਗਿਣਤੀ ਵਾਲੇ ਰਾਜ ਵਿਚ ਅਤੇ ਦੁਨੀਆ ਦੇ ਗੈਰਹਿੰਦੂ ਲੋਕਾਂ ਵਿਚ ਕਿਸੇ ਤਰ੍ਹਾਂ ਦਾ ਨਾਮਣਾ ਖਟਣ ਵਿਚ ਅਸਫਲ ਰਹੀ ਹੈ ਪਰ ਇਹਦੇ ਉਲਟ ਬਦਨਾਮੀ ਦੇ ਅਨੇਕਾਂ ਹਵਾਲੇ ਹਨ।ਕਿਸੇ ਰਾਜ ਦੀ ਕਾਇਮੀ ਲੋਕਾਂ ਵਿਚ ਇਜਤ ਬਿਨਾਂ ਨਹੀ ਹੁੰਦੀ।

ਹਿੰਦੂ ਰਾਜ ਕਾਇਮ ਕਰਨ ਦੇ ਪੱਖ ਤੋਂ ਕਾਂਗਰਸ ਦੀ ਨੀਤੀ ਨੂੰ ਸੂਖਮ ਅਤੇ ਲਚਕੀਲੀ ਮੰਨਿਆ ਗਿਆ ਇਹਦੇ ਉਲਟ ਸੰਘ ਨੀਤੀ ਨੂੰ ਸਿੱਧੀ ਅਤੇ ਸਖਤ ਮੰਨਿਆ ਗਿਆ ਹੈ ਪਰ ਭਾਜਪਾ ਦੀ 2014 ਵਿਚ ਹੋਈ ਜਿਤ ਉਤੇ ਆਸਟਰੇਲੀਆ ਦਾ ਰਾਜਸੀ ਮਾਹਰ ਲਿਖਦਾ ਹੈ ਕਿ ਸੰਘ ਦੇ ਬੰਦੇ ਸਾਰੇ ਖੇਤਰੀ ਅਤੇ ਕੇਂਦਰੀ ਦਲਾਂ ਵਿਚ ਹਨ ਭਾਵ ਸੰਘ ਦੀ ਨੀਤੀ ਸੂਖਮ ਅਤੇ ਖੁੱਲ਼ੀ ਵੀ ਹੈ।ਸੰਘ ਦੀ ਸਿੱਧੀ ਅਤੇ ਠੋਸ ਨੀਤੀ ਨੂੰ ਮੁਗਲ ਸੁਲਤਾਨ ਬਲਬਨ ਦੀ ਲਹੂ ਲੋਹੇ ਦੀ ਨੀਤੀ ਵਾਂਗ ਜਾਂ ਨਾਜੀਆਂ ਦੇ ਅਮਲਾਂ ਦੇ ਹਿਸਾਬ ਨਾਲ ਪਰਖੇ ਬਿਨਾ ਸਿੱਧੀ ਤੇ ਠੋਸ ਮੰਨਣਾ ਸਹੀ ਨਹੀਂ ਹੈ।ਮਿਸਾਲ ਵਜੋਂ ਬਾਬਰੀ ਮਸਜਿਦ ਢਾਹੁਣ ਦਾ ਅਮਲ ਸਿੱਧੀ ਨੀਤੀ ਹੈ ਪਰ ਮੰਦਰ ਬਣਾਉਣ ਦਾ ਅਮਲ ਸਿੱਧੀ ਅਤੇ ਠੋਸ ਨੀਤੀ ਨਹੀਂ ਹੈ।ਜੇ ਸੰਘ ਦੋਵਾਂ ਤਰ੍ਹਾਂ ਦੀ ਨੀਤੀ ਵਰਤ ਰਿਹਾ ਹੈ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਦੋਵੇਂ ਭਾਂਤ ਦੀ ਨੀਤੀ ਹਰ ਹਕੂਮਤ ਰਾਜਨੀਤੀ ਵਿਚ ਵਰਤਦੀ ਹੈ ਪਰ ਸੰਘ ਬਾਰੇ ਇਹ ਵਿਚਾਰ ਤਾਂ ਅਧੂਰਾ ਸਿੱਧ ਹੋ ਜਾਂਦਾ ਹੈ ਕਿ ਉਹ ਸਿੱਧੀ ਅਤੇ ਠੋਸ ਨੀਤੀ ਨਾਲ ਚਲਦੇ ਹਨ ਭਾਵੇਂ ਕਿ ਇਹ ਗੱਲ ਦਾ ਓਹ ਦਾਅਵਾ ਵੀ ਕਰਦੇ ਹਨ।ਸੰਘ ਦੀ ਸਿੱਧੀ ਨੀਤੀ ਨੂੰ ਰਾਜਨੀਤੀ ਵਿਚ ਵੀ ਵੇਖਣਾ ਬਣਦਾ ਹੈ ਖਾਸ ਕਰਕੇ ਜਦੋਂ ਤੋਂ ਓਹ ਕੇਂਦਰੀ ਸਤਾ ਵਿਚ ਆਏ ਹਨ।

ਭਾਜਪਾ ਵਲੋਂ ਚੋਣ ਵਾਅਵੇ ਵਜੋਂ ਕਹੀਆਂ ਗੱਲਾਂ ਧਾਰਾ 370 ਅਤੇ ਤਿੰਨ ਤਲਾਕ ਖਤਮ ਕਰਨਾ, ਮੰਦਰ ਅਤੇ ਨਾਗਰਿਕ ਕਾਨੂੰਨ ਬਣਾਉਣਾ ਉਹਨਾਂ ਦੀ ਸੰਘ ਦੇ ਨਿਸ਼ਾਨੇ ਵਾਲੀ ਸਫਲ਼ਤਾ ਹਨ ਪਰ ਚਾਰੇ ਕੰਮਾਂ ਬਾਰੇ ਖੁੱਲੀ ਬਹਿਸ ਹੋਈ ਹੈ ਕਿ ਏਹ ਮੁਸਲਮਾਨਾਂ ਨੂੰ ਧਿਆਨ ਵਿਚ ਰੱਖ ਕੇ ਕੀਤੇ ਹਨ।ਕਿਸੇ ਸਰਕਾਰ ਦੇ ਕੰਮਾਂ ਦੀ ਗਿਣਤੀ ਦੀ ਥਾਂ ਓਹਨਾਂ ਕੰਮਾਂ ਦੇ ਅਸਰ ਜਿਆਦਾ ਅਹਿਮ ਹੁੰਦਾ ਹੈ ਜਿਵੇਂ ਅੰਗਰੇਜੀ ਦੀ ਥਾਂ ਹਿੰਦੀ ਲਿਖਣਾ।ਇਹ ਭਾਸ਼ਾਈ ਨੀਤੀ ਦੇ ਨਤੀਜੇ ਕਿਹੋ ਜਿਹੇ ਹੋਣਗੇ ਉਹਦੇ ਲੇਖੇ ਦੀ ਇਥੇ ਥਾਂ ਨਹੀਂ ਹੈ ਪਰ ਇਹ ਸੰਘ ਦੇ ਮੂਲ ਨਿਸ਼ਾਨਿਆਂ ਵਿਚੋਂ ਇਕ ਹੈ।ਚੋਣ ਵਾਅਦੇ ਦੇ ਕੰਮ ਬਾਰੇ ਇਹ ਨੁਕਤਾ ਕਹਿਣਾ ਜਰੂਰੀ ਹੈ ਕਿ ਜਿਹੜੇ ਕੰਮ ਕਿਸੇ ਦੁਸ਼ਮਣ ਜਾਂ ਵਿਰੋਧੀ ਘੱਟ ਗਿਣਤੀ ਨੂੰ ਮੁਖ ਰੱਖ ਕੇ ਕੀਤੇ ਜਾਣ ਉਹ ਚਾਹੇ ਉਹਨਾਂ ਦੇ ਖਾਤਮੇ ਲਈ ਹੀ ਹੋਣ ਪਰ ਅਸਲ ਵਿਚ ਬਹੁਗਿਣਤੀ ਦੇ ਹਿਤਾਂ ਨੂੰ ਵਾਰਣ ਵਾਲੇ ਹੁੰਦੇ ਹਨ।ਕਿਸੇ ਵੀ ਹਕੂਮਤ ਦੀ ਪਰਾਪਤੀ ਅੰਦਰਲੇ ਬਾਹਰਲੇ ਦੁਸ਼ਮਣਾਂ ਨੂੰ ਮਾਰਨ ਲਤਾੜਣ ਵਿਚ ਨਹੀਂ ਹੁੰਦੀ ਸਗੋਂ ਆਪਣੇ ਲੋਕਾਂ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਲਈ ਢੁਕਵੇਂ ਅਤੇ ਪੱਕੇ ਪਰਬੰਧ ਕਰਨ ਵਿਚ ਹੁੰਦੀ ਹੈ।ਦੁਸ਼ਮਣਾਂ ਨਾਲ ਲੜਣਾ ਹਰ ਰਾਜ ਦੀ ਆਪਣੀ ਹੋਂਦ ਦਾ ਸਵਾਲ ਹੈ।ਰਾਜ ਵਜੋਂ ਇਹ ਸਵਾਲ ਮੌਜੂਦਾ ਹਕੂਮਤ ਲਈ ਵੀ ਹੈ ਉਹ ਚਾਹੇ ਸੰਘੀ ਹੋਵੇ ਜਾਂ ਆਰੀਆ ਸਮਾਜੀ ਜਾਂ ਕੱਲ ਨੂੰ ਕੋਈ ਹੋਰ ਆ ਜਾਵੇ।ਅਮਲੀ ਰੂਪ ਵਿਚ ਅੰਦਰਲੇ ਬਾਹਰਲੇ ਦੁਸ਼ਮਣ ਖਿਲਾਫ ਹਰ ਰਾਜ ਨੂੰ ਲੜਣਾ ਹੀ ਪੈਂਦਾ ਹੈ।ਜੇ ਮੌਜੂਦਾ ਭਾਰਤੀ ਰਾਜ ਆਪਣੀ ਹੋਂਦ ਲਈ ਆਪਣੀਆਂ ਹੱਦਾਂ ਅੰਦਰ ਲੜਦਾ ਹੈ ਤਾਂ ਇਹ ਆਪਣੇ ਆਪ ਨੂੰ ਜਿਉਂਦੇ ਰੱਖਣ ਦਾ ਅਮਲ ਹੈ। ਜੇ ਕੋਈ ਹਕੂਮਤੀ ਧਿਰ ਇਹ ਅਮਲ ਨੂੰ ਪਰਾਪਤੀ ਸਮਝਦੀ ਹੈ ਤਾਂ ਇਹ ਏਦਾਂ ਦੀ ਗੱਲ ਹੈ ਜਿਵੇਂ ਕੋਈ ਬਿਮਾਰ ਦਵਾਈਆਂ ਆਸਰੇ ਜਿਉਂਦਾ ਹੈ।

ਕਿਸੇ ਨੀਤੀ ਦੀ ਸਫਲਤਾ ਉਹਦੇ ਨਤੀਜੇ ਤੋਂ ਮਿਣੀ ਜਾਂਦੀ ਹੈ।ਸੰਘ ਆਪਣੇ ਅਮਲਾਂ ਦੀ ਸਫਲਤਾ ਨੂੰ ਕਿਵੇਂ ਮਿਣਦਾ ਹੈ ਉਹਨੂੰ ਬਾਕੀ ਲੋਕ ਸੱਚ ਮੰਨਣ ਜਾਂ ਸਮਝਣ, ਇਹ ਜਰੂਰੀ ਨਹੀਂ ਹੈ।ਮਿਸਾਲ ਵਜੋਂ ਭੀੜਾਂ ਵਲੋਂ ਗਊ ਰੱਖਿਆ ਦੇ ਨਾਂ ਹੇਠ ਕੁੱਟ ਕੁੱਟ ਮਾਰੇ ਗਏ ਲੋਕ।ਖਬਰੀ ਸੰਸਥਾ ਰਿਉਟਰ ਮੁਤਾਬਿਕ 2010 ਤੋਂ 2020 ਤੱਕ 82 ਘਟਨਾਵਾਂ ਵਿਚ 43 ਬੰਦੇ ਮਾਰੇ ਗਏ ਅਤੇ 143 ਜਖਮੀ ਹੋਏ।ਖਾਸ ਕਰਕੇ 2014 ਤੋਂ 2019 ਵਿਚ ਜਿਆਦਾ ਘਟਨਾਵਾਂ ਹੋਈਆਂ ਕਿਉਂਕਿ ਕੇਂਦਰੀ ਹਕੂਮਤ ਸੰਘ ਦੀ ਹੋ ਗਈ ਸੀ।ਦੁਨੀਆ ਦੀ ਸਭ ਤੋਂ ਵੱਧ ਜਥੇਬੰਦੀਆਂ ਦੀ ਜਥੇਬੰਦੀ, ਸਭ ਤੋਂ ਵੱਧ ਬੰਦਿਆਂ ਦੀ ਜਥੇਬੰਦੀ ਸਿਆਣੀ ਅਤੇ ਸਮਰਥ ਹੋਣ ਦੇ ਦਾਅਵੇ ਨਾਲ ਆਪਣੇ ਲਈ ਅਜਿਹੇ ਅਮਲ ਨਾਲ ਬਦਨਾਮੀ ਖਟਦੀ ਹੈ।ਕੀ ਸਚਮੁਚ ਗਿਣੀ ਮਿਥੀ ਰਾਜਨੀਤਕ ਸਮਝ ਦੇ ਸੋਚੇ ਸਮਝ ਸਿੱਟੇ ਹਨ।ਜੇ ਇਹ ਸਚਮੁਚ ਸੋਚ ਕੇ ਹੋਇਆ ਤਾਂ ਵੀ ਕਿੰਨੀ ਸਮਝ ਹੈ ਜੇ ਬਿਨ ਸੋਚੇ ਹੋਇਆ ਤਾਂ ਵੀ ਕਿੰਨੀ ਕੁ ਹੈ

ਅਜੋਕੀ ਰਾਜਨੀਤੀ ਦੇ ਹਿਸਾਬ ਨੇ ਸੰਘ ਦੇ ਅਮਲ ਨੂੰ ਵੇਖਣ ਦਾ ਸਭ ਤੋਂ ਵੱਡਾ ਪੱਖ ਵਪਾਰ ਦਾ ਹੈ।ਜਿਸ ਹਿਸਾਬ ਨਾਲ ਸਰਕਾਰੀ ਅਦਾਰਿਆਂ ਨੂੰ ਏਨੇ ਸਸਤੇ ਭਾਅ ਵੇਚਿਆ ਗਿਆ ਹੈ ਉਹਦੀ ਕਿਸੇ ਰਾਜਸੀ ਜਾਂ ਵਪਾਰਕ ਸਿਧਾਂਤ ਵਾਲੀ ਵਿਆਖਿਆ ਸਾਹਮਣੇ ਨਹੀਂ ਆਈ ਕਿ ਇਹ ਅਮਲ ਕਿਵੇਂ ਹਿੰਦੂ ਰਾਜ ਅਤੇ ਸਮਾਜ ਲਈ ਲਾਹੇਵੰਦ ਹੈ? ਜਦੋਂ ਤੋਂ ਸੰਘ ਵਲੋਂ ਹਿੰਦੂ ਰਾਜ ਹੋਣ ਦਾ ਦਾਅਵਾ ਕੀਤਾ ਗਿਆ ਹੈ ਉਸ ਵੇਲੇ ਤੋਂ ਹੁਣ ਤੱਕ ਸਭ ਤੋਂ ਵੱਧ ਮੁਨਾਫੇ ਵਾਲੇ ਸਰਕਾਰੀ ਅਦਾਰੇ ਘਾਟਾ ਵਿਖਾਉਣ ਕਰਕੇ ਵੇਚੇ ਜਾ ਚੁੱਕੇ ਹਨ।ਹੁਣ ਇਹ ਮੁਲਕ ਵਿਚ ਕੋਈ ਅਜਿਹਾ ਸਰਕਾਰੀ ਮਹਿਕਮਾ ਨਹੀਂ ਬਚਿਆ ਜਿਹੜਾ ਰੇਲਵੇ, ਸੰਚਾਰ ਅਤੇ ਤੇਲ ਅਦਾਰਿਆਂ ਵਾਂਗ ਮੁਨਾਫਾ ਦੇਣ ਵਾਲਾ ਹੋਵੇ।ਸੰਘ ਜੋ ਬਹੁਤ ਜੋਰ ਨਾਲ ਸਵਦੇਸ਼ੀ ਦਾ ਪਰਚਾਰ ਕਰਦਾ ਸੀ ਉਹਦੀ ਮੌਜੂਦਾ ਸਰਕਾਰ ਨੇ ਕਿੰਨੇ ਮਹਿਕਮਿਆਂ ਲਈ ਪੂਰਨ ਵਿਦੇਸ਼ੀ ਲਾਗਤ ਦਾ ਰਾਹ ਪੱਧਰਾ ਕਰ ਦਿੱਤਾ ਹੈ ਇਹਦੇ ਬਾਵਜੂਦ ਵੀ ਬਾਹਰੋਂ ਵਪਾਰੀ ਆ ਨਹੀਂ ਰਹੇ ਹਨ।ਰੁਜਗਾਰ ਅਤੇ ਵਪਾਰ ਦਾ ਮਾਮਲਾ ਸੰਘ ਦੇ ਨਿਸ਼ਾਨੇ ਅਤੇ ਅਮਲ ਦੀਆਂ ਪਰਤਾਂ ਹੀ ਨਹੀਂ ਖੋਹਲਦਾ ਸਗੋਂ ਉਹਦੀ ਹੋਂਦ ਦੇ ਲੱਛਣ ਵੀ ਪਰਗਟ ਕਰਦਾ ਹੈ।

ਸੰਘ ਨਾਲ ਸਬੰਧਤ ਰਾਜੀਵ ਮਲਹੋਤਰਾ ਸਮੇਤ ਅਨੇਕਾਂ ਹੋਰ ਲਿਖਾਰੀ ਦਲੀਲਾਂ ਨਾਲ ਆਪਣੇ ਵੱਖਰੇ ਪੁਰਾਣੇ ਅਤੇ ਸਿਆਣੇ ਹੋਣ ਉਤੇ ਬਹੁਤ ਜਿਆਦਾ ਜੋਰ ਦਿੰਦੇ ਹਨ ਪਰ ਜਦੋਂ ਤੋਂ ਸੰਘ ਦੀ ਜਥੇਬੰਦੀ ਹਕੂਮਤ ਉਤੇ ਕਾਬਜ ਹੋਈ, ਇਹ ਪਹਿਲੀਆਂ ਸਰਕਾਰਾਂ ਨਾਲੋਂ ਜਾਂ ਦੁਨੀਆ ਦੇ ਹੋਰ ਮੁਲਕਾਂ ਨਾਲੋਂ ਕਿਵੇਂ ਵਖਰੀ ਹੈ ਜਿਸ ਨਾਲ ਉਹ ਆਪਣੇ ਵਿਸ਼ਵ ਗੁਰੂ ਵਾਲੇ ਦਾਅਵੇ ਦੀ ਕੀਮਤ ਪੈਦਾ ਕਰ ਸਕੇ ਹੋਣ, ਇਹਦੇ ਬਾਰੇ ਕੋਈ ਪਰਚਾਰ ਨਹੀਂ ਹੋਇਆ। ਸੰਘ ਦਾ ਕੇਂਦਰ ਵਿਚ ਸਿੱਧੇ ਰਾਜਸੀ ਅਮਲ ਦਾ ਸਮਾਂ 1997 ਤੋਂ ਸ਼ੁਰੂ ਹੁੰਦਾ ਹੈ।ਉਸ ਨੇ ਜੋ ਨਵੇਂ ਕਾਨੂੰਨ ਬਣਾਏ, ਮਹਿਕਮੇ ਬਣਾਏ ਅਤੇ ਪਹਿਲੇ ਕਾਨੂੰਨ ਅਤੇ ਮਹਿਕਮੇ ਤੋੜੇ,ਬਦਲੇ ਜਾਂ ਵੇਚੇ ਹਨ ਓਹ ਦੁਨੀਆ ਦੇ ਹਿਸਾਬ ਨਾਲ ਚਲਣ ਬਾਰੇ ਬਹੁਤ ਕੁਝ ਦਸਦੇ ਹਨ।ਮਿਸਾਲ ਵਜੋਂ 2001 ਵਿਚ ਅਮਰੀਕਾ ਆਪਣੇ ਜੌੜੇ ਬੁਰਜ ਡਿੱਗਣ ਕਰਕੇ ਸਾਰੀ ਦੁਨੀਆ ਵਿਚ ਅਤਿਵਾਦ ਦੀ ਰਾਜਨੀਤੀ ਲੈ ਕੇ ਆਉਂਦਾ ਹੈ ਤਾਂ ਅਤਿਵਾਦ ਦਾ ਪਰਸੰਗ ਅਤੇ ਬਿਰਤਾਂਤ ਦੁਨੀਆ ਭਰ ਦੀਆਂ ਹਕੂਮਤਾਂ ਲਈ ਆਪਣੇ ਵਿਰੋਧੀਆਂ ਨੂੰ ਕਾਬੂ ਕਰਨ ਲਈ ਵੱਡਾ ਹਥਿਆਰ ਬਣ ਜਾਂਦੇ ਹਨ।ਪੋਟਾ ਨਾਂ ਦਾ ਬਦਨਾਮ ਕਾਨੂੰਨ ਵੀ ਇਸੇ ਪਰਸੰਗ ਵਿਚ ਵੇਖਿਆ ਜਾ ਸਕਦਾ ਹੈ ਜੋ ਭਾਜਪਾ ਸਰਕਾਰ ਇਥੇ ਵਸਦੀਆਂ ਵੱਖ ਵੱਖ ਧਿਰਾਂ ਨੂੰ ਹੋਰ ਨੱਪਣ ਅਤੇ ਦੁਨੀਆ ਦੀ ਪੈੜ ਚ ਪੈੜ ਧਰਨ ਲਈ ਲਿਆਉਂਦੀ ਹੈ।ਜਿਵੇਂ ਦੁਨੀਆ ਵਿਚ ਨਿੱਜੀਕਰਣ ਵਧਦਾ ਹੈ ਅਤੇ ਹਿੰਦੋਸਤਾਨ 25% ਵਿਦੇਸ਼ੀ ਪੈਸੇ ਲਈ ਖੁਲਦਾ ਹੈ ਅਤੇ ਲੋਕਾਂ ਨੂੰ ਸਰਕਾਰੀ ਰਿਆਇਤਾਂ ਖਤਮ ਹੋਣ ਲਗਦੀਆਂ ਹਨ।50% ਵਿਦੇਸ਼ੀ ਹਿੱਸੇ ਦਾ ਵਿਰੋਧ ਕਰਨ ਦੇ ਬਾਵਜੂਦ ਮੌਜੂਦਾ ਸਮੇਂ ਵਿਚ ਸੰਘ ਦੇ ਨਿਸ਼ਾਨੇ ਵਾਲੀ ਸਰਕਾਰ ਨੇ ਬਹੁਤੇ ਖੇਤਰਾਂ ਵਿਦੇਸ਼ੀ ਵਪਾਰੀਆਂ ਲਈ 100% ਖੋਹਲ ਦਿੱਤੇ ਹਨ।ਇਹ ਅਮਲ ਹਿੰਦੂ ਰਾਜ ਸਿਰਜਣ ਦੀ ਸਮਰਥਾ ਦਾ ਮਾਪਦੰਡ ਸਵਦੇਸ਼ੀ ਵਾਲੇ ਅਰਥਾਂ ਵਿਚ ਤਾਂ ਨਹੀਂ ਹੋ ਸਕਦਾ।

ਨੋਟਬੰਦੀ ਦੌਰਾਨ ਸਤਾ ਧਿਰ ਦੇ ਲੋਕਾਂ ਨੂੰ ਪਹੁੰਚਣ ਵਾਲੇ ਪੈਸੇ ਦੇ ਹਵਾਲੇ ਅਤੇ ਕੁੱਲ ਸਤਾ ਸਮੇਂ ਦੌਰਾਨ ਹੋਣ ਵਾਲੀ ਭ੍ਰਿਸ਼ਟਾਚਾਰ ਨੇ ਸੰਘ ਦੇ ਦਾਅਵੇ ਨੂੰ ਚੁਣੌਤੀ ਦਿੱਤੀ ਹੈ ਕਿ ਉਹਨਾਂ ਦਾ ਨੈਤਕ ਅਮਲ ਰਾਜਸੀ ਅਮਲ ਤੋਂ ਉਤੇ ਰਹੇਗਾ।ਇਹ ਭਿਰਸ਼ਟਾਚਾਰ ਹੀ ਮੇਕ ਇਨ ਇੰਡੀਆ ਦੇ ਸੁਪਨੇ ਅਤੇ ਨਾਅਰੇ ਦੇ ਬਾਵਜੂਦ ਕਿਸਾਨਾਂ ਨਾਲ ਟਕਰਾਉਣ ਦੇ ਕਾਰਣਾਂ ਵਿਚੋਂ ਇਕ ਹੈ।ਕੀ ਸੰਘ ਪਰਿਵਾਰ ਸਚਮੁਚ ਅਜਿਹੇ ਹਿੰਦੂ ਰਾਜ ਦੀ ਕਲਪਨਾ ਕਰਦਾ ਸੀ ਜਿਸ ਕੋਲ ਆਪਣਾ ਕੋਈ ਵੀ ਚੱਜ ਦਾ ਸਰਕਾਰੀ ਅਦਾਰਾ ਨਾ ਹੋਵੇ।ਸਿਖਿਆ ਅਤੇ ਸੁਰੱਖਿਆ, ਆਵਾਜਾਈ ਅਤੇ ਸੰਚਾਰ, ਖੇਤੀ ਅਤੇ ਭੋਜਨ, ਤੇਲ ਅਤੇ ਊਰਜਾ ਆਦਿ ਸਭ ਕੁਝ ਵਪਾਰੀਆਂ ਦੇ ਹੱਥ ਵਿਚ ਹੋਵੇ।ਕਿਸੇ ਵੀ ਮਾਮਲੇ ਉਤੇ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਦੇ ਨੁਕਸ ਗਿਣਾ ਕੇ ਬਿਰਤਾਂਤ ਸਿਰਜਿਆ ਜਾ ਰਿਹਾ ਹੈ।ਕਿਸਾਨਾਂ ਦੇ ਵਿਰੋਧ ਬਾਰੇ ਵੀ ਕਾਂਗਰਸ ਦੀ ਸ਼ਹਿ ਦੀ ਗੱਲ ਕਹੀ ਗਈ ਹੈ।ਇਹ ਤਰੀਕਾ ਡੰਗ ਟਪਾਉ ਨੀਤੀ ਵਜੋਂ ਤਾਂ ਠੀਕ ਹੋ ਸਕਦਾ ਹੈ ਪਰ ਇਹ ਵਤੀਰਾ ਸਦੀਵੀ ਨਿਸ਼ਾਨੇ ਦੀ ਪਰਾਪਤੀ ਲਈ ਲਾਹੇਵੰਦ ਕਿਵੇਂ ਹੋ ਸਕਦਾ ਹੈ।ਜੇ ਸੰਘ ਹਿੰਦੂ ਆਦਰਸ਼ ਦੀ ਅਗਵਾਈ ਵਾਲੀ ਜਥੇਬੰਦੀ ਹੈ ਤਾਂ ਇਹ ਹਿੰਦੂ ਰਾਜ ਅਤੇ ਸਮਾਜ ਦੀ ਕਿਸ ਹਿਸਾਬ ਨਾਲ ਬਿਹਤਰ ਤਸਵੀਰ ਪੇਸ਼ ਹੋ ਰਹੀ ਹੈ ਕਿ ਉਹਨਾਂ ਦੇ ਅਮਲਾਂ ਦੇ ਹਿਸਾਬ ਨਾਲ ਗੈਰਹਿੰਦੂਆਂ ਨਲੋਂ ਓਹਨਾਂ ਬਾਰੇ ਹੁਸ਼ਿਆਰ, ਸੰਗਠਤ ਅਤੇ ਸਮਰਥ ਹੋਣ ਦੀ ਮਾਨਤਾ ਦੁਹਰਾਈ ਜਾਵੇ।

ਜਦੋਂ ਅੱਠ ਸੌ ਸਾਲਾਂ ਮਗਰੋਂ ਇਹ ਰਾਜ ਹਿੰਦੂ ਰਾਜ ਬਣ ਗਿਆ ਹੈ ਤਾਂ ਬਾਕੀ ਖੇਤਰਾਂ ਦੀ ਥਾਂ ਜੇ ਸਿਰਫ ਮਨੁਖ ਦੀ ਜਰੂਰੀ ਲੋੜ ਭੋਜਨ ਦੀ ਗੱਲ ਕਰਨੀ ਹੋਵੇ ਤਾਂ ਨਵੇਂ ਖੇਤੀ, ਮਜਦੂਰੀ ਅਤੇ ਵਪਾਰ ਕਾਨੂੰਨ ਆਮ ਹਿੰਦੂਆਂ ਦੇ ਪੱਖ ਵਿਚ ਕਿਵੇਂ ਹਨ? ਪ੍ਰੋ ਪੂਰਨ ਸਿੰਘ ਨੇ ਮਹਾਤਮਾ ਗਾਂਧੀ ਦੇ ਸੂਤ ਕੱਤਣ ਦੇ ਨਾਅਰੇ ਬਾਰੇ ਕਿਹਾ ਸੀ ਕਿ ‘ਲੋਕਾਂ ਨੂੰ ਰੋਟੀ ਦੀ ਲੋੜ ਪਹਿਲਾਂ ਹੈ।ਨੰਗੇ ਹੋਣਾ ਓਨਾ ਬੁਰਾ ਨਹੀਂ ਹੈ ਜਿੰਨਾ ਬੁਰਾ ਭੁੱਖੇ ਹੋਣਾ ਹੈ’।ਸੰਘ ਵਲੋਂ ਹਿੰਦੂ ਹੋਣ ਦੀ ਜੋ ਪਰਿਭਾਸ਼ਾ ਘੜੀ ਜਾਂਦੀ ਹੈ ਉਹਦੇ ਵਿਚ ਤਾਂ ਸਭ ਲੋਕ ਹਿੰਦੂ ਹਨ।ਕੌਮਾਂਤਰੀ ਰਾਜਨੀਤੀ ਦੇ ਵਿਦਵਾਨ ਮਾਰਗੈਂਥੋ ਨੇ ਪੌਣੀ ਸਦੀ ਪਹਿਲਾਂ ਰਾਜਾਂ ਦੇ ਭੇੜ ਬਾਰੇ ਲਿਖਦਿਆਂ ਇਹ ਗੱਲ ਦੁਹਰਾਈ ਕਿ ਭੋਜਨ ਕਿਸੇ ਹਕੂਮਤ ਦੇ ਸਵੈ ਨਿਰਭਰ ਹੋਣ ਦੀ ਪਹਿਲੀ ਸ਼ਰਤ ਹੈ।ਜੇ ਸਰਕਾਰ ਅਨਾਜ ਖਰੀਦਣ ਦੇ ਪਿੜ ਵਿਚੋਂ ਹੀ ਬਾਹਰ ਹੁੰਦੀ ਹੈ ਤਾਂ ਇਹ ਕਦਮ ਆਪਣੇ ਰਾਜ ਦੇ ਨਿਸ਼ਾਨੇ ਦੀ ਪਰਾਪਤੀ ਦੇ ਕਿੰਨਾ ਨੇੜਾ ਹੈ ਇਹਦਾ ਅੰਦਾਜਾ ਘਰੇਲੂ ਸੁਰੱਖਿਆ ਨੀਤੀ ਵਾਲੇ ਵਧੇਰੇ ਸਹੀ ਲਾ ਸਕਦੇ ਹਨ ਪਰ ਆਮ ਸਮਝ ਇਹੋ ਹੈ ਕਿ ਜਦੋਂ ਸਮਾਜ ਦਾ ਹੇਠਲਾ ਅਧਾਰ ਹੀ ਖੁਰ ਗਿਆ ਤਾਂ ਕਿਸੇ ਰਾਜ ਦੀ ਅਜਾਦੀ ਦੇ ਕੀ ਮਾਅਨੇ ਨਹੀਂ ਰਹਿੰਦੇ।

3 ਨਵੇਂ ਕਾਨੂੰਨ ਦੀ ਸਰਕਾਰੀ ਦਲੀਲ: ਵਿਚੋਲੇ ਅਤੇ ਦਲਾਲ ਖਤਮ ਕਰਨੇ ਹਨ

ਹਿੰਦੂ ਰਾਜ ਕਾਇਮ ਕਰਨ ਦੇ ਨਿਸ਼ਾਨੇ ਅਤੇ ਅਮਲ ਬਾਰੇ ਇਹ ਨੁਕਤਾ ਬਹੁਤ ਅਹਿਮ ਹੈ ਕਿਉਂਕਿ ਸਾਰੇ ਰਾਜ ਵਿਚ ਦਲਾਲ ਅਤੇ ਆੜਤੀਏ ਲਗਭਗ ਹਿੰਦੂ ਹੀ ਹਨ।ਸਿੱਧੀ ਅਤੇ ਸੂਖਮ ਨੀਤੀ ਵਜੋਂ ਸੰਘ ਮੱਧਵਰਗੀ ਹਿੰਦੂਆਂ ਨੂੰ ਖਤਮ ਕਿਉਂ ਕਰਨਾ ਚਾਹੁੰਦਾ ਹੈ? ਕੀ ਉਹ ਸੰਘ ਦਾ ਹਿੱਸਾ ਨਹੀਂ ਬਣ ਰਹੇ ਜਾਂ ਕੋਈ ਹੋਰ ਕਾਰਣ ਹੈ।

ਮੰਡੀ ਵਿਚਲੇ ਦਲਾਲ ਵਿਚੋਲੇ ਖਤਮ ਕਰਨ ਵਾਲੇ ਕਾਨੂੰਨ ਇਕੱਠੇ ਪੜ੍ਹਣ ਨਾਲ ਪੂਰੇ ਮੱਧਵਰਗ ਦੇ ਖਤਮ ਦੀ ਨੀਤੀ ਸਮਝ ਆਉਂਦੀ ਹੈ।ਇਹ ਨੀਤੀ ਨੋਟਬੰਦੀ ਵੇਲੇ ਬਿਜਲਈ ਬਜਾਰ ਦੇ ਨਾਂ ਹੇਠ ਤੋਰੀ ਗਈ ਸੀ ਜੋ ਦਲਾਲ ਵਿਚੋਲ ਖਤਮ ਕਰਨ ਦੇ ਐਲਾਨ ਨਾਲ ਪੂਰੀ ਹੁੰਦਾ ਹੈ।ਕੌਮਾਂਤਰੀ ਵਪਾਰ ਵਿਚ ਵਿਚੋਲੇ ਦੀ ਲੋੜ ਨਹੀਂ ਹੈ ਕਿਉਂਕਿ ਬਿਜਲਈ ਸੰਦਾਂ ਨੇ ਇਹ ਕੰਮ ਕਰ ਦੇਣਾ ਹੈ।ਕਰੋਨਾ ਵਾਲੇ 5 ਜੀ ਦਾ ਇਹੋ ਲ਼ਾਹਾ ਹੈ ਕਿ ਲੋਕਾਂ ਦੀ ਇਕ ਦੂਜੇ ਤੋਂ ਦੂਰੀ ਸਦਾ ਲਈ ਬਣਾਈ ਜਾ ਰਹੀ ਹੈ।ਇਕ ਪਾਸੇ ਬਿਜਲ ਕਲਬੂਤ (ਰੋਬੋਟ) ਜਵਾਨਾਂ ਦੀ ਥਾਂ ਲੈਣਗੇ, ਦੂਜੇ ਪਾਸੇ ਇਹ ਕਲਬੂਤ ਕਿਸਾਨਾਂ ਦੀ ਥਾਂ ਲੈਣਗੇ ਤਾਂ ਬਹੁਤ ਹੀ ਸੁਭਾਵਿਕ ਹੈ ਕਿ ਕਲਬੂਤ ਦੁਕਾਨਦਾਰਾਂ ਦੀ ਥਾਂ ਵੀ ਲੈਣਗੇ।

ਜਿਵੇਂ ਸਰਕਾਰ ਸਭ ਮਹਿਕਮੇ ਵੇਚ ਕੇ ਵਿਹਲੀ ਹੋ ਰਹੀ ਹੈ ਉਹ ਹਿੰਦੂ ਰਾਜ ਦੀ ਸਿਰਜਣਾ ਹੈ ਜਾਂ ਨਹੀਂ ਪਰ ਇਹ ਦੁਨੀਆ ਦੀ ਵਗਦੀ ਧਾਰ ਵਿਚ ਵਹਿਣ ਦੀ ਨਿਸ਼ਾਨੀ ਜਰੂਰ ਹੈ।ਵੱਖਰੀ ਹਿੰਦੂ ਹੋਂਦ ਗੱਲ ਕਰਨ ਵਾਲਾ ਸੰਘੀ ਵਿਦਵਾਨ, ਇੰਡੀਆ ਸ਼ਾਸਤਰ ਦੀ ਗੱਲ ਕਰਨ ਵਾਲਾ ਕਾਂਗਰਸੀ ਆਗੂ ਸ਼ਸੀ ਥਰੂਰ ਸਮੇਤ ਕੋਈ ਵੀ ਖੇਤੀ ਬਾਰੇ ਹਿੰਦੂ ਨਜਰੀਆ ਨਹੀਂ ਲ਼ਿਆਇਆ।ਹਿੰਦੂ ਪਛਾਣ ਦਾ ਵੱਡਾ ਬਿਰਤਾਂਤ ਸਿਰਜਣ ਵਾਲੇ ਸੰਘ ਜਾਂ ਬਾਕੀ ਸਭ ਹਿੰਦੂ ਰਾਜ ਦੇ ਹਾਮੀ ਲੋਕ ਮੌਜੂਦਾ ਸਰਕਾਰ ਵਲੋਂ ਦਲਾਲਾਂ ਵਿਚੋਲਿਆਂ ਦੇ ਖਾਤਮੇ ਬਾਰੇ ਚੁੱਪ ਹਨ ਕਿ ਆਖਰ ਏਹ ਕੌਣ ਲੋਕ ਹਨ ਜਿਹੜਿਆਂ ਦਾ ਖਾਤਮਾ ਸਰਕਾਰ ਐਨਾ ਠੋਕ ਵਜਾ ਕੇ ਕਰ ਰਹੀ ਹੈ?ਪਹਿਲਾਂ ਸਰਕਾਰ ਅਤਿਵਾਦੀਆਂ ਨੂੰ ਮਾਰਨ ਦਾ ਐਲਾਨ ਇਸ ਤਰੀਕੇ ਨਾਲ ਕਰਦੀ ਸੀ ਪਰ ਹੁਣ ਖੇਤੀ ਦੇ ਦਲਾਲ ਵਿਚੋਲੇ ਖਤਮ ਕਰਨ ਬਾਰੇ ਕੀਤਾ ਜਾ ਰਿਹਾ ਹੈ।ਇਹ ਤਰੀਕਾ ਅਤੇ ਐਲਾਨ ਕਿੰਨਾ ਹਿੰਦੂ ਪੱਖੀ ਹੈ ਜਦੋਂ ਗੈਰਹਿੰਦੂ ਵਸੋਂ ਖੇਤੀ ਵਿਚ ਬਹੁਤ ਥੋਹੜਾ ਹਿੱਸਾ ਹੈ ਅਤੇ ਮੰਡੀ ਨਾਲ ਜੁੜੇ ਅਮਲ ਵਿਚ ਤਾਂ ਲਗਭਗ ਸਾਰੇ ਹੀ ਲੋਕ ਹਿੰਦੂ ਹਨ।

ਦੁਨੀਆ ਵਿਚ ਸਭ ਤੋਂ ਵੱਡੇ ਬਿਜਾਲ ਬਜਾਰ ਦੇ ਮੁਖੀ (ਜੈਕ ਮਾ) ਨੇ ਦੋ ਸਾਲ ਪਹਿਲਾਂ ਕਿਹਾ ਸੀ ਆਪਣੇ ਬੱਚਿਆਂ ਨੂੰ ਉਹ ਕੰਮ ਸਿਖਾਓ ਜੋ ਕੰਪਿਉਟਰ ਨਾ ਕਰ ਸਕੇ।ਆਉਣ ਵਾਲੇ ਦਸ ਸਾਲਾਂ ਵਿਚ ਤਾਕਤ ਅਤੇ ਗਿਣਤੀ ਵਜੋਂ ਕਰਨ ਵਾਲੇ ਸਭ ਕੰਮ ਸੰਦਾਂ ਨੇ ਸਾਂਭ ਲੈਣੇ ਹਨ।ਕਰੋਨਾ ਬੰਦੀ ਦੌਰਾਨ ਇਕੱਲੇ ਜੈਕ ਮਾ ਦਾ ਬਿਜਲ ਵਪਾਰ 15 ਖਰਬ ਡਾਲਰ ਵਧਿਆ ਹੈ।ਜੋ ਰੁਪਏ ਜੈਕ ਮਾ ਦੀ ਅਲੀਬਾਬਾ ਨੇ ਮਕੜਜਾਲ ਵਾਲੀ ਖਰੀਦ ਨਾਲ ਕਮਾਏ ਹਨ ਉਹਨੇ ਦੁਨੀਆ ਵਿਚ ਕਿੰਨੇ ਮੱਧਵਰਗੀ ਹਟਵਾਣੀਏ ਕਿੰਨੇ ਵਿਹਲੇ ਜਾਂ ਗਰੀਬ ਕਰ ਦਿੱਤੇ ਹੋਣਗੇ।ਇਹ ਸਿਰਫ ਇਕ ਬਿਜਾਲ ਵਪਾਰੀ ਦੀ ਮਿਸਾਲ ਹੈ।ਜਿਸ ਬਿਜਾਲ ਦੁਨੀਆ ਵਿਚ ਅੰਨੇਵਾਹ ਵੜਣ ਲਈ ਸਰਕਾਰ ਕਾਹਲੀ ਹੈ ਉਹਦੇ ਪੇਪਲ ਤੋਂ ਐਮਾਜੋਨ ਤੱਕ ਬਿਜਲਈ ਅਰਥਾਚਾਰੇ ਦੇ ਕਿੰਨੇ ਸਿਪਾਹੀ ਅਤੇ ਜਰਨੈਲ ਹਨ ਜਿਹੜੇ ਪਰੰਪਰਾਗਤ ਵਪਾਰ ਅਤੇ ਖੇਤੀ ਨੂੰ ਮਾਰਨ ਲਈ ਹਕੂਮਤਾਂ ਦੀ ਛਤਰ ਛਾਇਆ ਹੇਠ ਨਿਕਲ ਪਏ ਹਨ।ਭਾਰਤੀ ਰਾਜ ਵਿਚ ਕਿਸਾਨੀ ਦੁਨੀਆ ਵਿਚ ਕਿਸੇ ਇਕ ਮੁਲਕ ਵਿਚ ਕਿਸੇ ਇਕ ਕਿੱਤੇ ਦਾ ਸਭ ਤੋਂ ਵੱਡਾ ਇਕੱਠ ਹੈ।ਇਹਨੂੰ ਮਾਰਨ ਨਾਲ ਸਾਰੀ ਦੁਨੀਆ ਵਿਚ ਖੇਤੀ ਉਤੇ ਬਿਜਲਈ ਹਾਕਮਾਂ ਵਲੋਂ ਕਬਜਾ ਪੱਕਾ ਕਰਨ ਲਈ ਰਾਹ ਪੱਧਰਾ ਹੋ ਜਾਏਗਾ।ਇਹਦੀ ਸਭ ਤੋਂ ਵੱਡੀ ਕੀਮਤ ਉਸੇ ਹਿੰਦੂ ਸਭਿਅਤਾ ਦੀ ਮੂਲ ਬਣਤਰ ਨੂੰ ਉਜਾੜਣ ਦੀ ਹੋਣੀ ਹੈ ਜਿਸ ਦੀ ਪੁਰਾਤਨਤਾ ਦੀ ਬਾਤ ਪਾਈ ਜਾਂਦੀ ਹੈ।ਜੇ ਮੰਨੂ ਸਿਮਰਤੀ ਲਾਗੂ ਕਰਨ ਵਾਲੇ ਪੱਖ ਤੋਂ ਵੇਖਣਾ ਹੋਵੇ ਤਾਂ ਵੀ ਪੇਂਡੂ ਬਣਤਰ ਵਿਚ ਹੀ ਚਾਰ ਵਰਣਾਂ ਅਤੇ ਜਾਤ ਦੀ ਸੰਭਾਵਨਾ ਹੋ ਸਕਦੀ ਹੈ ਅਤੇ ਪੇਂਡੂ ਬਣਤਰ ਖੇਤੀ ਅਧਾਰਤ ਹੀ ਹੋ ਸਕਦੀ ਹੈ।ਖੇਤੀ ਉਜੜਣ ਨਾਲ ਹੀ ਪੇਂਡੂ ਵਸੋਂ ਉਜੜੇਗੀ ਤਾਂ ਹੀ ਸ਼ਹਿਰੀ ਵਸੇਬੇ ਰਾਹੀਂ ਸਾਰਾ ਕੁਝ ਬਿਜਲਈ ਤਰੀਕੇ ਨਾਲ ਵਪਾਰ ਦੀ ਮੁੱਠੀ ਵਿਚ ਆਏਗਾ।

ਸੰਘ ਦਾ, ਸਰਕਾਰ ਵਜੋਂ ਵੀ ਅਤੇ ਹਕੂਮਤ ਨਾਲ ਸਹਿਮਤ ਧਿਰ ਵਜੋਂ ਵੀ, ਜਿਹੜਾ ਅਮਲ ਦਿਸ ਰਿਹਾ ਹੈ ਉਹ ਕਿਸਾਨਾਂ ਨੂੰ ਵਪਾਰੀਆ ਸਾਹਮਣੇ ਝੁਕਣ ਅਤੇ ਵਿਕਣ ਲਈ ਮਜਬੂਰ ਕਰਨ ਵਾਲਾ ਹੈ।ਕਿਸਾਨਾਂ ਨੂੰ ਖਤਮ ਕਰਨ ਨਾਲ ਅਤੇ ਜਿਹੜੇ ਵਪਾਰੀਆਂ ਦੇ ਅਰਬਾਂ ਦੇ ਕਰਜੇ ਮਾਫ ਕੀਤੇ ਗਏ ਹਨ ਉਹਨਾਂ ਦੇ ਹੱਥ ਹੋਰ ਮਜਬੂਤ ਕਰਨ ਨਾਲ ਹਿੰਦੂ ਰਾਜ ਅਤੇ ਸਮਾਜ ਕਿਵੇਂ ਵਿਕਸਤ ਹੁੰਦਾ ਹੈ ਇਹਦੇ ਬਾਰੇ ਕਿਸੇ ਵੀ ਆਰਥਿਕ ਜਾਂ ਰਾਜਸੀ ਸਿਧਾਂਤ ਵਜੋਂ ਗੱਲ ਸਾਹਮਣੇ ਨਹੀਂ ਆ ਰਹੀ ਪਰ ਇਹ ਸਾਫ ਨਜਰ ਆਉਂਦਾ ਹੈ ਕਿ ਖੇਤੀ ਦਾ ਪਰੰਪਰਾਗਤ ਖਾਤਮਾ ਇਹ ਮੁਲਕ ਦੀ ਵੱਡੀ ਹਿੰਦੂ ਵਸੋਂ ਨੂੰ ਮੱਧਵਰਗ ਵਜੋਂ ਖਤਮ ਕਰ ਸੁੱਟੇਗਾ।ਨੋਟਬੰਦੀ ਤੋਂ ਕਰੋਨਾ ਬੰਦੀ ਤੱਕ ਲੋਕਾਂ ਦਾ ਜਿੰਨਾ ਨੁਕਸਾਨ ਹੋਇਆ ਹੈ ਉਹਨਾਂ ਵਿਚ ਵੱਡਾ ਹਿੱਸਾ ਹਿੰਦੂ ਮੱਧ ਵਰਗ ਅਤੇ ਗਰੀਬ ਵਰਗ ਹੈ।ਦੁਨੀਆ ਵਿਚ ਜਿਥੇ ਵੀ ਪਰੰਪਰਾਗਤ ਖੇਤੀ ਦਾ ਖਾਤਮਾ ਹੋਇਆ ਹੈ ਉਥੇ ਮਧਵਰਗੀ ਵਪਾਰ ਦਾ ਖਾਤਮਾ ਵੀ ਹੋਇਆ ਹੈ।ਸੰਘ ਪਰਿਵਾਰ ਦੀ ਵੱਡੀ ਸੰਖਿਆ ਮੱਧਵਰਗੀ ਹਿੰਦੂ ਹਨ ਜਿਹੜੇ ਸ਼ਹਿਰਾਂ ਅਤੇ ਕਸਬਿਆਂ ਵਿਚ ਵਸਦੇ ਹਨ ਅਤੇ ਉਹਨਾਂ ਦਾ ਰੁਜਗਾਰ ਸਿੱਧੇ ਰੂਪ ਵਿਚ ਪਰੰਪਰਾਗਤ ਖੇਤੀ ਨਾਲ ਜੁੜਿਆ ਹੋਇਆ ਹੈ।ਕੀ ਇਹ ਸੰਘ ਰੂਪੀ ਬੱਚਾ ਆਪਣੀ ਮਾਂ ਨੂੰ ਖਾ ਕੇ ਵੱਡਾ ਹੋਏਗਾ ਜਾਂ ਇਹ ਮੱਕੜੀ ਵਾਂਗ ਕੀੜੇ ਮਕੌੜਿਆਂ ਲਈ ਜਾਲਾ ਤਣਦੇ ਤਣਦੇ ਆਪ ਵੀ ਵਿਚੇ ਫਸ ਕੇ ਰਹਿ ਜਾਏਗਾ? ਇਹਦਾ ਉਤਰ ਸੰਘ ਦੀ ਪਰਚਾਰ ਨੀਤੀ ਵਿਚੋਂ ਵੀ ਵੇਖਣਾ ਬਣਦਾ ਹੈ।

ਸੰਘ ਦਾ ਪਰਚਾਰ ਅਮਲ: ਲੁਕਾਵੀ ਪਰਗਟਾਵੀ ਅਤੇ ਪੁੱਠੀ ਮਸ਼ਹੂਰੀ

ਸੰਘ ਬਾਰੇ ਇਕ (ਜਾਣਕਾਰੀ ਦੇਣ ਵਾਲੀ) ਮਸ਼ਹੂਰੀ ਓਹ ਆਪਣਾ ਘੇਰਾ ਵਧਾਉਣ ਲਈ ਕਰ ਰਹੇ ਹਨ।ਦੂਜੀ ਮਸ਼ਹੂਰੀ ਓਹਨਾਂ ਹਿੰਦੂ ਅਦਾਰਿਆਂ ਨੇ ਕੀਤੀ ਜਿਹੜੇ ਹਿੰਦੂ ਸਮਾਜ ਵਿਚ ਸੰਘ ਦੇ ਮੁਕਾਬਲੇ ਉਤੇ ਸਨ, ਖਾਸ ਕਰਕੇ ਆਰੀਆ ਸਮਾਜ ਦੀ ਰਾਜਸੀ ਧਿਰ ਕਾਂਗਰਸ ਨੇ ।ਤੀਜੀ ਮਸ਼ਹੂਰੀ ਮਾਰਕਸੀ ਖਿਆਲ ਵਾਲੇ ਲੋਕਾਂ ਨੇ ਕੀਤੀ ਜੋ ਸ਼ੁਰੂ ਤੋਂ ਧਰਮ ਨੂੰ ਵਿਗਿਆਨਕ ਰਾਹ ਦਾ ਅੜਿਕਾ ਮੰਨਦੇ ਸਨ।ਬਦਨਾਮ ਪਰਚਾਰ ਮਾਰਕਸੀ ਧਿਰਾਂ ਦਾ ਮੰਨਿਆ ਹੋਇਆ ਤਰੀਕਾ ਸੀ।ਚੌਥੀ ਮਸ਼ਹੂਰੀ ਚੋਣਾਂ ਵਿਚ ਹਿੱਸਾ ਲੈਣ ਨਾਲ ਖਬਰਾਂ ਰਾਹੀਂ ਅਤੇ ਅਕਾਦਮਿਕ ਖੋਜ ਨਾਲ ਵਧੀ।ਜਦੋਂ ਸੰਘ ਵਿਚ ਮੌਜੂਦਾ ਅਗਵਾਈ ਨੇ ਰਾਜਸੀ ਅਮਲ ਸ਼ੁਰੂ ਕੀਤਾ ਤਾਂ ਗੁਜਰਾਤ ਕਤਲੇਆਮ ਹੋਇਆ।ਇਹ ਬਦਨਾਮ ਮਸ਼ਹੂਰੀ ਦਾ ਪੈਂਤੜਾ ਮੰਨਿਆ ਗਿਆ ਕਿਉਂਕਿ 2000 ਦੇ ਨੇੜੇ ਬਦਨਾਮ ਅਤੇ ਪੁੱਠੀ ਮਸ਼ਹੂਰੀ ਦਾ ਵਪਾਰਕ ਸਿਧਾਂਤ ਦੁਨੀਆ ਵਿਚ ਮਸ਼ਹੂਰ ਹੋਇਆ।ਇਹ ਨੁਕਤਾ ਸੰਘ ਬਾਰੇ ਮਿਥ ਨੂੰ ਸਮਝਣ ਲਈ ਵਿਚਾਰ ਮੰਗਦਾ ਹੈ ਕਿ ਕੀ ਸੰਘ ਸਚਮੁਚ ਬਦਨਾਮੀ ਨਾਲ ਮਸ਼ਹੂਰ ਹੋਣ ਦੀ ਨੀਤੀ ਵਰਤ ਰਿਹਾ ਹੈ।

ਦੁਨੀਆ ਵਿਚ ਮਸ਼ਹੂਰ ਹੋਣ ਦਾ ਸਭ ਤੋਂ ਪੁਰਾਣਾ ਤਰੀਕਾ ਹੈ ਕਿ ਭੋਰੇ ਵਿਚ ਵੜ ਜਾਓ।ਆਪਣੇ ਆਪ ਨੂੰ ਲੁਕਾਉਣਾ ਸ਼ੁਰੂ ਕਰ ਦਿਓ ਤਾਂ ਲੋਕ ਜਾਨਣ ਲਈ ਕਾਹਲੇ ਪੈ ਜਾਂਦੇ ਹਨ ਅਤੇ ਆਪ ਮੁਹਾਰੇ ਗੱਲਾਂ ਜੋੜ ਕੇ ਮਸ਼ਹੂਰ ਕਰਨ ਲਗਦੇ ਹਨ।ਸ਼ੁਰੂ ਵਿਚ ਸੰਘ ਵਲੋਂ ਇਹੋ ਤਰੀਕਾ ਅਪਣਾਇਆ ਗਿਆ, ਮਿਸਾਲ ਵਜੋਂ ਪਹਿਲੇ ਸੰਘ ਮੁਖੀ ਦੇ ਜੀਵਨ ਦੇ ਵੇਰਵੇ ਹੀ ਨਹੀਂ ਮਿਲਦੇ ਸਿਰਫ ਜਥੇਬੰਦੀ ਵਲੋਂ ਲਿਖੀ ਜੀਵਨੀ ਹੈ।ਜਦੋਂ 1947 ਵਿਚ ਵੰਡ ਅਤੇ ਅਜਾਦੀ ਇਕੱਠੀ ਵਾਪਰ ਗਈ ਤਾਂ ਅਗਲੇ ਕੁਝ ਸਾਲ ਸੰਘ ਨੂੰ ਆਪਣੀ ਹੋਂਦ ਦੇ ਸਵਾਲ ਨਾਲ ਜੂਝਣਾ ਪਿਆ ਕਿ ਉਹ ਆਪਣੇ ਉਦੇਸ਼ ਨੂੰ ਕਿਵੇਂ ਅਰਥ ਦੇਣ ਕਿ ਲੋਕ ਪਰਵਾਨ ਕਰਨ ਕਿਉਂਕਿ ਅੰਗਰੇਜਾਂ ਦੇ ਜਾਣ ਨਾਲ ਹਕੂਮਤ ਭਰਾਤਰੀ ਜਥੇਬੰਦੀ ਆਰੀਆ ਸਮਾਜ ਦੇ ਹੱਥ ਆ ਗਈ ਸੀ।ਆਰੀਆ ਸਮਾਜ ਦੇ ਉਦੇਸ਼ ਦਾ ਵਿਰੋਧ ਅੰਗਰੇਜਾਂ ਵਾਂਗ ਅਸਾਨ ਅਤੇ ਮੁੱਲਵਾਨ ਨਹੀਂ ਸੀ ਬਣਦਾ ਅਤੇ ਦੂਜਾ ਉਹਨਾਂ ਕੋਲ ਸਤਾ ਸੀ ਜਿਸ ਦਾ ਮੁਕਾਬਲਾ ਕਰਨ ਦਾ ਖਿਆਲ ਵੀ ਹਾਲੇ ਸੰਘ ਦੇ ਲੋਕਾਂ ਵਿਚ ਪੈਦਾ ਨਹੀਂ ਹੋਇਆ ਸੀ।ਪਹਿਲੀਆਂ ਲੋਕ ਸਭਾ ਚੋਣਾਂ ਮਗਰੋਂ ਸੰਘ ਦੇ ਲੋਕਾਂ ਵਿਚ ਸਤਾ ਦਾ ਖਿਆਲ ਸ਼ੁਰੂ ਹੋਇਆ।1967 ਦੀਆਂ ਲੋਕ ਸਭਾ ਚੋਣਾਂ ਵਿਚ ਸੰਘ ਦੀ ਨਵੀਂ ਬਣੀ ਜਥੇਬੰਦੀ ਜਨਸੰਘ ਨੇ ਕੁਝ ਬੰਦੇ ਜਿਤਾ ਲਏ।ਜਿਸ ਦੀਨ ਦਿਆਲ ਉਪਧਿਆਏ ਦੇ ਨਾਂ ਦੀ ਯੂਨੀਵਰਟਿਸੀ ਰਿਲਾਇੰਸ ਵਾਲਿਆਂ ਖੋਹਲੀ ਹੈ ਉਹ ਉਦੋਂ ਜਨਸੰਘ ਆਗੂ ਦਾ ਸੀ ਅਤੇ ਵਾਜਪਾਈ ਉਹਦੇ ਨਾਲ ਸੀ।ਉਪਾਧਿਆਏ ਛੇਤੀ ਹੀ ਸੰਘ ਮੁਖੀ ਬਣਿਆ ਅਤੇ ਕੁਝ ਮਹੀਨੇ ਬਾਅਦ ਭੇਦਭਰੇ ਤਰੀਕੇ ਨਾਲ ਮਾਰਿਆ ਗਿਆ।ਦੋਵਾਂ ਆਗੂਆਂ ਵਿਚ ਸੰਘ ਦੀ ਮਸ਼ਹੂਰੀ ਦੇ ਨੁਕਤੇ ਦਾ ਫਰਕ ਸੀ ਪਰ ਇਕ ਦੀ ਮੌਤ ਹੋਣ ਨਾਲ ਦੂਜੇ ਦਾ ਤਰੀਕਾ ਆਪਣੇ ਆਪ ਪਰਵਾਨ ਹੋ ਗਿਆ।ਨਵਾਂ ਤਰੀਕਾ ਆਪਾ ਲੁਕਾਉਣ ਦੀ ਥਾਂ ਆਪਾ ਵਿਖਾਉਣ ਵਾਲਾ ਸੀ।

ਹਿੰਦੂ ਰਾਜ ਦਾ ਨਿਸ਼ਾਨਾ ਪੂਰਾ ਕਰਨ ਲਈ ਦੋ ਅੜਿੱਕੇ ਵੱਡੇ ਸਨ ਪਹਿਲਾ ਇਥੇ ਦੂਜੇ ਧਰਮਾਂ ਦੀ ਪੱਕੀ ਹੋਂਦ, ਜਿਸ ਦੇ ਮੁਕਾਬਲੇ ਹਿੰਦੂ ਪਛਾਣ ਕਦੇ ਵੀ ਪੱਕਾ ਰੂਪ ਨਹੀਂ ਧਾਰ ਸਕੀ।ਗਿਣਤੀ, ਸਤਾ ਅਤੇ ਮਾਨਤਾ ਵਜੋਂ ਸਭ ਕੁਝ ਹੁੰਦਿਆਂ ਵੀ ਇਹ ਮੁਸ਼ਕਲ ਅੱਜ ਤੱਕ ਜਾਰੀ ਹੈ।ਦੂਜਾ ਅੜਿਕਾ ਸਭ ਅਵਰਣ ਅਤੇ ਗੈਰ ਲੋਕਾਂ ਦੀ ਵਸੋਂ ਦੇ ਮਾਮਲੇ ਨੂੰ ਹੱਲ ਕਰਨ ਅਤੇ ਪੁਰਾਣੇ ਹਿੰਦੂ ਨੇਮ ਨੂੰ ਲਾਗੂ ਕਰਨਾ ਦਾ ਹੈ।ਜੋ ਮੁਸ਼ਕਲ ਗਾਂਧੀ ਅਤੇ ਆਰੀਆ ਸਮਾਜ ਸਾਹਮਣੇ ਸੀ ਉਹਨਾਂ ਤੋਂ ਜਿਆਦਾ ਹਿੰਦੂ ਹੋਣ ਤੇ ਜੋਰ ਦੇਣ ਕਾਰਣ ਸੰਘ ਵਧੇਰੇ ਮੁਸ਼ਕਲ ਵਿਚ ਫਸਦਾ ਹੈ ਮਿਸਾਲ ਵਜੋਂ ਆਰੀਆ ਸਮਾਜ ਨੇ ਮੂਰਤੀ ਪੂਜਾ ਦਾ ਵਿਰੋਧ ਕਰਕੇ ਬਹੁਤ ਵੱਡਾ ਅੜਿੱਕਾ ਪਾਰ ਕਰ ਲਿਆ ਸੀ ਜੋ ਸੰਘ ਤੋਂ ਨਹੀਂ ਹੋਇਆ।ਸੰਘ ਦੀਆਂ ਅੰਦਰੂਨੀ ਮੁਸ਼ਕਲਾਂ ਹੀ ਬਾਹਰਲੇ ਪਾਸੇ ਸੂਬਾਈ ਜਾਂ ਕੇਂਦਰੀ ਸਤਾ ਵਜੋਂ ਹੋਣ ਵਾਲੇ ਫੈਸਲਿਆਂ ਉਤੇ ਅਸਰ ਪਾਉਂਦੀਆਂ ਹਨ।ਇਸੇ ਕਰਕੇ ਥਾਂ ਥਾਂ ਮੰਦਰ ਬਣ ਵਧ ਰਹੇ ਹਨ।ਆਰੀਆ ਸਮਾਜ ਇਹ ਲੋੜ ਤੋਂ ਮੁਕਤ ਸੀ।

ਮੁਸਲਮਾਨਾਂ ਬਾਰੇ ਸੰਘ ਦੇ ਵਿਚਾਰ ਅਤੇ ਅਮਲ ਬਾਕੀ ਸਭ ਗੈਰ ਹਿੰਦੂਆਂ ਨਾਲੋਂ ਵੱਖਰੇ ਹਨ।ਸੰਘ ਦੇ ਕਿਸੇ ਵੀ ਆਮ ਆਗੂ ਨਾਲ ਗੱਲਬਾਤ ਤੋਂ ਇਹ ਗੱਲ ਦਾ ਪਤਾ ਲੱਗ ਜਾਂਦਾ ਹੈ।ਅਟਲ ਬਿਹਾਰੀ ਵਾਜਪਾਈ ਆਪਣੇ ਇਕ ਭਾਸ਼ਣ ਵਿਚ ਕਹਿੰਦਾ ਹੈ ਕਿ ਜਵਾਨੀ ਦੇ ਦਿਨਾਂ ਤੋਂ ਹੀ ਗਜਨੀ ਮੇਰੇ ਸੀਨੇ ਵਿਚ ਕੰਡੇ ਵਾਂਗ ਚੁਭਿਆ ਹੋਇਆ ਸੀ।ਜਦੋਂ ਉਹ ਮੰਤਰੀ ਬਣ ਕੇ ਅਫਗਾਨਿਸਤਾਨ ਗਿਆ ਤਾਂ ਉਹਨੇ ਗਜਨੀ ਵੇਖਣ ਦੀ ਇਛਾ ਕੀਤੀ।ਅਫਗਾਨ ਆਗੂ ਹੈਰਾਨ ਹੋ ਗਏ ਕਿ ਉਥੇ ਕੀ ਹੈ।ਵਾਜਪਾਈ ਕਹਿੰਦਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਮੈਂ ਕਿਉਂ ਉਹ ਥਾਂ ਵੇਖਣੀ ਚਾਹੁੰਦਾ ਸੀ।ਇਹ ਭਾਵਨਾ ਉਹਦੀ ਨਿੱਜੀ ਨਹੀਂ ਸੀ ਇਹ ਸਮੂਹਿਕ ਅਤੇ ਇਤਿਹਾਸਕ ਭਾਵਨਾ ਸੀ।ਇਤਿਹਾਸਕ ਦਰਦ ਦੀ ਸਾਂਝ ਕਿਸੇ ਵੀ ਪਛਾਣ ਦੇ ਲੋਕਾਂ ਨੂੰ ਜੋੜਦੀ ਹੈ ਪਰ ਇਹ ਦਰਦ ਨੂੰ ਕੋਈ ਧਿਰ ਭਵਿੱਖ ਲਈ ਕਿਵੇਂ ਅਰਥ ਦਿੰਦੀ ਹੈ ਉਹਦਾ ਮੁੱਲ ਬਹੁਤ ਜਿਆਦਾ ਹੁੰਦਾ ਹੈ।ਸੰਘ ਦੇ ਆਗੂਆਂ ਤੋਂ ਬਿਨਾ ਆਮ ਲੋਕ ਜੋ ਆਪਣੇ ਆਪ ਨੂੰ ਹਿੰਦੂ ਸਮਝਦੇ ਹਨ ਉਹਨਾਂ ਵਿਚ ਵੀ ਇਹ ਭਾਵਨਾ ਵੇਖਣ ਨੂੰ ਮਿਲਦੀ ਹੈ ਜੋ ਇਤਿਹਾਸਕ ਦਰਦ ਦਾ ਅਣਸੁਖਾਵਾ ਰੂਪ ਦਸਦੀ ਹੈ।ਇਹਦੀ ਅਮਲੀ ਮਿਸਾਲ ਅੰਗਰੇਜੀ ਰਾਜ ਦੇ ਆਉਣ ਨਾਲ ਨਵੇਂ ਸਿਰਿਓਂ ਬ੍ਰਾਹਮਣੀ ਵਿਚਾਰ ਉਤੇ ਜਥੇਬੰਦ ਹੋਣ ਮਗਰੋਂ ਸ਼ਹਿਰਾਂ ਕਸਬਿਆਂ ਵਿਚ ਇਕਤਰਫਾ ਜਾਂ ਆਹਮਣੇ ਸਾਹਮਣੇ ਹੋਣ ਵਾਲੀ ਹਿੰਸਾ ਹੈ।ਇਹ ਵਿਚਾਰ ਦਾ ਦੂਜਾ ਰੂਪ ਹਕੂਮਤੀ ਪਰਬੰਧ ਦੇ ਵੱਖ ਵੱਖ ਪੱਧਰਾਂ ਉਤੇ ਗੈਰ ਹਿੰਦੂਆਂ ਨਾਲ ਹੋਣ ਵਾਲਾ ਵਿਹਾਰ ਹੈ।ਖੁਫੀਆ ਮਹਿਕਮੇ ਦਾ ਵੱਡਾ ਅਧਿਕਾਰੀ ਲਿਖਦਾ ਹੈ ਕਿੰਨੀ ਦੇਰ ਤੱਕ ਕਿਸੇ ਮੁਸਲਮਾਨ ਨੂੰ ਖੁਫੀਆ ਮਹਿਕਮੇ ਦੇ ਵੱਡੇ ਅਹੁਦੇ ਉਤੇ ਨਹੀਂ ਲਾਇਆ ਜਾਂਦਾ ਸੀ।

ਮੁਸਲਮਾਨਾਂ ਬਾਰੇ ਸੰਘ ਦੇ ਵਿਚਾਰ ਉਹਦੇ ਪਰਚਾਰ ਦਾ ਸਭ ਤੋਂ ਵੱਡਾ ਹਿੱਸਾ ਹਨ।ਸੇਖਰ ਗੁਪਤਾ ਨੇ ਆਪਣੇ ਹਫਤਾਵਾਰੀ ਵਿਚਾਰ ਵਿਚ ਕਿਸਾਨ ਮਾਮਲੇ ਨੂੰ ਮੁਖ ਰੱਖ ਕੇ ਵਿਚਾਰ ਦਿੱਤਾ ਹੈ ਕਿ ਉਹ ਪੰਜਾਬ ਨੂੰ ਸਮਝਣ ਵਿਚ ਇਸ ਲਈ ਨਕਾਰ ਸਾਬਤ ਹੋਏ ਕਿਉਂਕਿ ਇਥੇ ਹਿੰਦੂ ਮੁਸਲਮ ਵੰਡ ਦਾ ਸਿਧਾਂਤ ਨਹੀਂ ਚਲਦਾ ਸੀ।ਸੰਘ ਦੀ ਵਿਚਾਰ ਨੀਤੀ ਨੂੰ ਮੁਸਲਮਾਨ ਵਿਰੋਧੀ ਰੂਪ ਵਿਚ ਵੇਖਣ ਨਾਲ ਗੱਲ ਪੂਰੀ ਨਹੀਂ ਹੈ ਕਿਉਂਕਿ ਇਥੇ ਇਸ ਤੋਂ ਵੱਡਾ ਪਰਸੰਗ ਦਲਿਤਾਂ ਨਾਲ ਸਬੰਧਾਂ ਦਾ ਪਿਆ ਹੈ।ਦਲਿਤ ਪਰਸੰਗ ਬਾਕੀ ਧਰਮਾਂ ਨਾਲ ਵਿਰੋਧ ਦਾ ਇਕ ਵੱਡਾ ਕਾਰਣ ਹੈ।

ਇਹ ਗੱਲ ਸੰਘ ਦੇ ਪੈਰੋਕਾਰਾਂ ਵਲੋਂ ਅਕਸਰ ਕਹੀ ਜਾਂਦੀ ਹੈ ਕਿ ਅੱਜ ਦੇ ਮੁਸਲਮਾਨ ਪਿਛਲੇ ਸਮੇਂ ਵਿਚ ਡਰੇ ਹੋਏ ਹਿੰਦੂ ਹਨ।ਇਹ ਗੱਲ ਬਹੁਤ ਹੀ ਸਾਫ ਹੈ ਕਿ ਦੂਜੇ ਧਰਮਾਂ ਵਿਚ ਜਾਣ ਵਾਲੇ ਬਹੁਤੇ ਲੋਕ ਅਵਰਣ ਹੀ ਸਨ।ਅਵਰਣ ਹੀ ਇਥੇ ਦੀ ਬਹੁਗਿਣਤੀ ਵਸੋਂ ਹਨ।ਬਰਿਜ ਰੰਜਨ ਮਣੀ ਆਪਣੀ ਕਿਤਾਬ ‘ਡੀਬ੍ਰਾਹਮਨਾਈਜਿੰਗ ਹਿਸਟਰੀ’ ਰਾਹੀਂ ਇਹੋ ਗੱਲ ਕਹਿੰਦਾ ਹੈ ਕਿ ਦਲਿਤ ਹੀ ਅਸਲ ਬਹੁਗਿਣਤੀ ਹਨ।ਆਰੀਆ ਸਮਾਜ, ਸੰਘ ਅਤੇ ਬਾਕੀ ਜਥੇਬੰਦੀਆਂ ਅਸਲ ਵਿਚ ਸਵਰਣ ਖਿਆਲ ਦੀਆਂ ਧਾਰਨੀ ਹਨ।ਜੋ ਮੌਜੂਦਾ ਦੌਰ ਅਤੇ ਹਕੂਮਤੀ ਢਾਂਚੇ ਦੀ ਮਜਬੂਰੀ ਕਰਕੇ ਅਵਰਣ ਲੋਕਾਂ ਨੂੰ ਬਰਾਬਰੀ ਦੇਣ ਦੀ ਗੱਲ ਕਰਦੀਆਂ ਹਨ।ਜੇ ਅਵਰਣ ਲੋਕਾਂ ਨੂੰ ਕੋਈ ਵੀ ਬ੍ਰਾਹਮਣ ਜਥੇਬੰਦੀ ਸਚਮੁਚ ਬਰਾਬਰੀ ਦਿੰਦੀ ਤਾਂ ਪੌਣੀ ਸਦੀ ਵਿਚ ਇਥੇ ਹੋਰ ਧਰਮਾਂ ਦੀ ਹਸਤੀ ਬੇਅਸਰ ਹੋ ਜਾਣੀ ਸੀ।ਜਾਤ ਇਥੇ ਦੀਆਂ ਸਭ ਧਿਰਾਂ ਲਈ ਸਭ ਤੋਂ ਔਖੇ ਸਵਾਲਾਂ ਵਿਚੋਂ ਹੈ।ਜਾਤ ਅਧਾਰਤ ਫਰਕ ਆਰਥਿਕ ਜਾਂ ਆਮ ਸਮਾਜਕ ਫਰਕ ਨਹੀਂ ਹੈ ਇਹਦੇ ਵਿਚ ਹੰਕਾਰ ਅਤੇ ਨਫਰਤ ਦਾ ਦੂਹਰਾ ਭਾਵ ਹੈ ਜਿਸ ਦਾ ਤਜਰਬਾ ਸੰਘ ਨੂੰ ਛੱਡਣ ਵਾਲੇ ਅਨੇਕਾਂ ਲੋਕਾਂ ਨੇ ਸਾਂਝਾ ਕੀਤਾ ਹੈ।ਦਲਿਤਾਂ ਨਾਲ ਵਿਹਾਰ ਨੂੰ ਠੀਕ ਕਰਨ ਲਈ ਜਥੇਬੰਦਕ ਰੂਪ ਵਿਚ ਅਤੇ ਨੀਤੀ ਵਜੋਂ ਕੁਲ ਕੋਸ਼ਿਸ਼ਾਂ ਬਾਅਦ ਵੀ ਅਜਿਹਾ ਸੁਧਾਰ ਨਹੀਂ ਹੋ ਸਕਿਆ ਜਿਸ ਨੂੰ ਦੁਨੀਆ ਵੇਖ ਸਕਦੀ ਹੋਵੇ ਜਾਂ ਸੰਘ ਵਿਖਾ ਸਕਦਾ ਹੋਵੇ।ਮੁਸਲਮਾਨਾਂ ਬਾਰੇ ਸੰਘ ਦੇ ਵਿਚਾਰ ਅਤੇ ਅਮਲ ਇਤਿਹਾਸਕ ਵਰਤਾਰੇ ਦੀ ਦੇਣ ਮੰਨੇ ਜਾਂਦੇ ਹਨ ਪਰ ਦਲਿਤਾਂ ਬਾਰੇ ਵਿਚਾਰ ਐਨ ਉਲਟੇ ਪਰਸੰਗ ਵਿਚੋਂ ਹਨ ਕਿਉਂਕਿ ਉਹਨਾਂ ਨੂੰ ਅਣਚਾਹੀ ਬਰਾਬਰੀ ਦੇਣੀ ਪੈ ਰਹੀ ਹੈ।ਕਿਸੇ ਰੂਹਾਨੀ ਜਾਂ ਵਿਚਾਰਧਾਰਕ ਵਾਧੇ ਦੀ ਥਾਂ ਸਿਰਫ ਜਥੇਬੰਦਕ ਨੀਤੀ ਜਾਂ ਐਲਾਨਾਂ ਨਾਲ ਨਫਰਤ ਨੂੰ ਮੇਟਣਾ ਤਾਂ ਦੂਰ, ਬਹੁਤੀ ਦੇਰ ਤੱਕ ਰੋਕਣਾ ਵੀ ਸੰਭਵ ਨਹੀਂ ਹੁੰਦਾ।ਜਿਵੇਂ ਸੰਘ ਦੇ ਲੋਕਾਂ ਦਾ ਵਾਰ ਵਾਰ ਮੁਸਲਮਾਨਾਂ ਅਤੇ ਦਲਿਤਾਂ ਨਾਲ ਟਕਰਾਓ ਹੁੰਦਾ ਹੈ ਉਹ ਹੁਸ਼ਿਆਰੀ ਅਤੇ ਸਮਰਥਾ ਵਾਲੀ ਸੋਚੀ ਸਮਝੀ ਨੀਤੀ ਨਾਲੋਂ ਵੱਧ ਬੇਕਾਬੂ ਮਨੋਭਾਵਾਂ ਦਾ ਪਰਗਟਾਵਾ ਹੀ ਹੈ।

ਦਲਿਤਾਂ ਅਤੇ ਮੁਸਲਮਾਨਾਂ ਮਗਰੋਂ ਤੀਜਾ ਪਾਸਾ ਈਸਾਈਆਂ ਅਤੇ ਮਾਰਕਸੀਆਂ ਬਾਰੇ ਵਿਚਾਰ ਅਤੇ ਅਮਲ ਦਾ ਹੈ।ਅੰਗਰੇਜਾਂ ਨੇ ਭਾਵੇਂ ਮੁਗਲ ਰਾਜ ਦੇ ਖਾਤਮੇ ਨਾਲ ਨਵੇਂ ਦੌਰ ਦੀ ਸ਼ੁਰੂਆਤ ਕੀਤੀ ਪਰ ਪੁਰਾਤਨ ਜੀਵਨ ਅਮਲ ਦੇ ਗੁਆਚਣ ਲਈ ਅੰਗਰੇਜੀ ਰਾਜ ਸਿਰ ਦੋਸ਼ ਲਗਦਾ ਹੈ।ਇਹ ਦੋਸ਼ ਗੁਲਾਮ ਹੋਏ ਸਭ ਸਭਿਆਚਾਰਾਂ ਦਾ ਬਸਤੀਵਾਦੀ ਹਾਕਮਾਂ ਬਾਰੇ ਸਾਂਝਾ ਹੈ।ਇਥੇ ਅੰਗਰੇਜਾਂ ਨਾਲ ਈਸਾਈ ਧਰਮ ਆਇਆ ਅਤੇ ਨਾਸਤਕਤਾ ਦੀ ਨਵੀਂ ਧਾਰਾ ਮਾਰਕਸਵਾਦ ਵੀ ਆਇਆ।ਕਾਂਗਰਸ ਨਾਲ ਮਾਰਕਸੀਆਂ ਦੀ ਸਾਂਝ ਦਾ ਵੱਡਾ ਅਧਾਰ ਆਰੀਆ ਸਮਾਜ ਦੀ ਨਾਸਤਕ ਰੁਚੀ ਹੀ ਸੀ।ਜਿਸ ਕਰਕੇ ਹੀ ਮਾਰਕਸੀ ਲੋਕ ਪਹਿਲੇ ਦਿਨ ਤੋਂ ਹੀ ਇਥੇ ਜਾਤ ਵੰਡ ਦੇ ਖਿਲਾਫ ਨਹੀਂ ਬੋਲੇ ਪਰ ਮੋਟੇ ਰੂਪ ਵਿਚ ਧਰਮ ਖਿਲਾਫ ਬੋਲਦੇ ਰਹੇ ਹਨ।ਦਲਿਤਾਂ ਦੇ ਈਸਾਈ ਬਣਨ ਅਤੇ ਪੜ੍ਹੇ ਲਿਖੇ ਕੇ ਮਾਰਕਸੀ ਹੋਣ ਨੂੰ ਬ੍ਰਾਹਮਣੀ ਜਥੇਬੰਦੀਆਂ ਆਪਣੀ ਹਾਨੀ ਸਮਝਦੀਆਂ ਹਨ।ਇਸ ਕਰਕੇ ਮੁਢਲੇ ਦੌਰ ਤੋਂ ਹੀ ਏਹਨਾਂ ਬਾਰੇ ਅਣਸੁਖਾਵਾਂ ਵਿਚਾਰ ਬਣਦਾ ਰਿਹਾ ਹੈ ਪਰ ਇਹ ਪਰਗਟਾਵਾ ਸੰਘ ਦੇ ਸਿੱਧੇ ਰੂਪ ਵਿਚ ਸਤਾ ਵਿਚ ਆਉਣ ਨਾਲ ਹੋਇਆ ਹੈ ਜਿਸ ਕਰਕੇ ਈਸਾਈਆਂ ਨਾਲ ਹਿੰਸਾ ਅਤੇ ਮਾਰਕਸੀ ਵਿਚਾਰ ਦੇ ਲੋਕਾਂ ਨਾਲ ਸਭ ਤੋਂ ਆਖਰ ਵਿਚ ਹਿੰਸਾ ਸ਼ੁਰੂ ਹੋਈ ਹੈ ਜੋ ਮੁਸਲਮਾਨਾਂ ਅਤੇ ਦਲਿਤਾਂ ਨਾਲ ਸਭ ਤੋਂ ਪਹਿਲਾਂ ਸ਼ੁਰੂ ਹੋਈ।

ਉਪਰ ਵਿਚਾਰੇ ਨੁਕਤੇ ਸੰਘ ਬਾਰੇ ਬਣੇ ਵਿਚਾਰ ਅਤੇ ਉਹਨਾਂ ਦੇ ਅਮਲਾਂ ਬਾਰੇ ਪੜਚੋਲਵੀ ਝਾਤ ਹੈ ਜਿਸ ਨਾਲ ਅੰਦਾਜਾ ਬਣਦਾ ਹੈ ਕਿ ਸੰਘ ਬਾਰੇ ਬਾਕੀ ਧਿਰਾਂ ਖਾਸ ਕਰਕੇ ਗੈਰ ਹਿੰਦੂਆਂ ਦੇ ਜੋ ਵਿਚਾਰ ਬਣੇ ਹਨ ਉਹ ਕਿਵੇਂ ਬਣੇ ਹਨ ਅਤੇ ਸੰਘ ਦੇ ਗੈਰਹਿੰਦੂਆਂ ਬਾਰੇ ਵਿਚਾਰ ਹਨ ਉਹ ਕਿਵੇਂ ਬਣੇ ਹਨ।ਸੰਘ ਦੇ ਨਿਸ਼ਾਨੇ ਦਾਅਵੇ ਅਤੇ ਅਮਲ ਵਿਚ ਜੋ ਫਰਕ ਹੈ ਉਹ ਬਾਕੀ ਹਿੰਦੂ ਧਿਰਾਂ ਨਾਲੋਂ ਵੀ ਬਹੁਤੇ ਵਖਰੇ ਨਹੀਂ ਹਨ ਅਤੇ ਦੁਨੀਆ ਦੇ ਬਾਕੀ ਰਾਜਾਂ ਦੀਆਂ ਸਰਕਾਰਾਂ ਤੋਂ ਵੀ ਬਹੁਤੇ ਵੱਖਰੇ ਨਹੀਂ ਹਨ।ਇਹ ਦੋਵੇਂ ਪੱਖ ਨਾਲ ਮਸ਼ਹੂਰੀ ਨਾਲ ਜੁੜ ਕੇ ਤਸਵੀਰ ਨੂੰ ਪੂਰੀ ਕਰਦੀਆਂ ਹਨ ਕਿ ਸੰਘ ਬਾਰੇ ਬਣੇ ਵਿਚਾਰ ਵਿਚ ਸੰਘ ਨੇ ਆਪ ਕਿਵੇਂ ਹਿੱਸਾ ਪਾਇਆ ਹੈ।

ਉਲਟੀ ਮਿਥ: ਜਦੋਂ ਸੰਘ ਦੇ ਵਿਚਾਰ ਅਤੇ ਅਮਲ ਬਾਰੇ ਪਰਚਲਤ ਮਾਨਤਾ ਉਤੇ ਸਵਾਲ ਹੈ ਤਾਂ ਇਹ ਗੱਲ ਓਹਨਾਂ ਹੀ ਵਿਚਾਰਾਂ ਅਤੇ ਅਮਲਾਂ ਨੂੰ ਨਵੇਂ ਤਰੀਕੇ ਨਾਲ ਵੇਖਣ ਨਾਲ ਪੂਰੀ ਹੋਏਗੀ ਨਹੀਂ ਤਾਂ ਨਿੰਦਿਆ ਬਣ ਕੇ ਰਹਿ ਜਾਏਗੀ।

ਉਪਰੋਕਤ ਚਰਚਾ ਮਗਰੋਂ ਇਹ ਵੇਖਣਾ ਬਣਦਾ ਹੈ ਇਸ ਵੇਲੇ ਜਦੋਂ ਕਿਸਾਨਾਂ ਵਜੋਂ ਆਮ ਸਿੱਖ ਅਤੇ ਹਕੂਮਤ ਵਜੋਂ ਸੰਘ ਆਹਮਣੇ ਸਾਹਮਣੇ ਖੜ੍ਹੇ ਹਨ ਤਾਂ ਦੋਵਾਂ ਧਿਰਾਂ ਵਿਚਾਲੇ ਮਾਰਕਸੀ ਧਿਰ ਹੈ, ਜੋ ਤਕੜੀ ਦੇ ਦੋਵਾਂ ਪਲੜਿਆਂ ਉਤੇ ਬੋਦਾ ਬਣੀ ਹੋਈ ਹੈ।ਇਨਕਲਾਬ ਦੇ ਸੁਪਨੇ ਤੋਂ ਸੱਖਣੀ ਹੋਣ ਕਰਕੇ ਉਹ ਦੋਵਾਂ ਧਿਰਾਂ ਨੂੰ ਪੁਤਲੀਆਂ ਵਾਂਗ ਨਚਾ ਨਹੀਂ ਸਕਦੀ ਅਤੇ ਦੋਵਾਂ ਧਿਰਾਂ ਵਿਚੋਂ ਕਿਸੇ ਨੂੰ ਪਿਛਾਂਹ ਧੱਕ ਕੇ ਬੈਠਾ ਵੀ ਨਹੀਂ ਸਕਦੀ ਪਰ ਹੁਣ ਆਪਣੀ ਬੋਦੇ ਵਾਲੀ ਥਾਂ ਛੱਡ ਕੇ ਜਾ ਵੀ ਨਹੀਂ ਸਕਦੀ।ਨੇੜ ਇਤਿਹਾਸ ਵਿਚ ਤਿੰਨਾਂ ਧਿਰਾਂ ਦੇ ਸਬੰਧ ਸੁਖਾਵੇਂ ਨਹੀਂ ਰਹੇ ਹਨ।ਦੂਜਾ ਜੋ ਬਹੁਤ ਅਹਿਮ ਹੈ ਕਿ ਪੰਜਾਬ ਦੇ ਬਹੁਤੇ ਕਿਸਾਨਾਂ ਨੂੰ ਸੰਘ ਦੀ ਮਿਥ ਦੀ ਲਾਗ ਨਹੀਂ ਲੱਗੀ ਜਿਸ ਦਾ ਸ਼ਿਕਾਰ ਸੰਘ ਆਪ ਵੀ ਹੈ ਅਤੇ ਮਾਰਕਸੀ ਧਿਰਾਂ ਵੀ ਹਨ।ਸੰਘ ਆਪਣੇ ਆਪ ਵਿਚ ਬਹੁਗਿਣਤੀ ਸਮਾਜ ਉਤੇ ਭਾਰੂ ਗਿਣਤੀ ਵਾਲੇ ਠਾਠ ਵਿਚ ਹੈ ਅਤੇ ਉਤੇ ਸਰਕਾਰ ਵਿਚ ਹੈ।ਵਿਰੋਧੀ ਧਿਰ ਨਾਂ ਦੀ ਕੋਈ ਹਸਤੀ ਨਹੀਂ ਹੈ ਜੋ 1984 ਵੇਲੇ ਜਿੰਨਾ ਵੀ ਭਾਰ ਜਾਂ ਸਮਝ ਵੀ ਰਖਦੀ ਹੋਵੇ।ਜਿਸ ਤਰੀਕੇ ਦੇ ਇਸ ਰਾਜਸੀ ਢਾਂਚੇ ਦੇ ਮਾਲੀ ਹਾਲ ਹਨ ਅਤੇ ਇਹ ਖਿੱਤੇ ਦੀ ਭੂ ਰਾਜਨੀਤੀ ਦੇ ਹਨ ਉਹ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਕੌਮਾਂਤਰੀ ਦਖਲ ਦੀ ਥਾਂ ਪੱਧਰ ਕਰਨਗੇ।ਇਸ ਹਾਲਤ ਤੋਂ ਬਚਣ ਦਾ ਸੰਭਾਵੀ ਅਤੇ ਸੌਖਾ ਰਾਹ ਹਕੂਮਤ ਵਲੋਂ ਕਾਨੂੰਨਾਂ ਨੂੰ ਰੱਦ ਕਰਨ ਦਾ ਹੈ।ਪਰ ਅਜਿਹਾ ਨਾ ਹੋਣ ਦੀਆਂ ਦੋ ਵੱਡੇ ਕਾਰਣ ਹਨ ਪਹਿਲਾ ਜੋ ਮੌਜੂਦਾ ਪਰਧਾਨ ਮੰਤਰੀ ਦੇ ਅਜੈ ਹੋਣ ਦੀ ਸਵੈ ਮਾਨਤਾ ਅਤੇ ਸੰਘੀ ਮਾਨਤਾ ਹੈ, ਦੂਜਾ ਅਤੇ ਅਸਲ ਵੱਡਾ ਕਾਰਣ ਸੰਘ ਦੀ ਸਮੂਹਿਕ ਮਾਨਸਿਕਤਾ ਹੈ।ਇਹ ਲੇਖ ਦਾ ਉਪਰਲਾ ਵਿਸਥਾਰ ਇਸੇ ਨੁਕਤੇ ਨੂੰ ਖੋਹਲਣ ਲਈ ਕੀਤਾ ਗਿਆ ਹੈ ਕਿਉਂਕਿ ਇਹ ਨੁਕਤਾ ਜਿੰਨਾ ਪੁਰਾਣਾ ਹੈ ਓਨਾ ਚਿਰ ਭਵਿੱਖ ਵਿਚ ਅੱਗੇ ਵੀ ਜਾਣ ਵਾਲਾ ਹੈ।

ਇਕ ਪਾਸੇ ਆਮ ਕਿਸਾਨ, ਅਗਵਾਈ ਧਿਰਾਂ ਅਤੇ ਹਕੂਮਤ ਇਕ-ਦੂਜੇ ਦੇ ਪਿਛੋਕੜ ਨੂੰ ਠੀਕ ਪਰਸੰਗ ਵਿਚ ਸਮਝਣ ਤੋਂ ਅਣਜਾਣ ਹਨ।ਸਮਝਣ ਦੀ ਸਭ ਤੋਂ ਵੱਧ ਸੰਭਾਵਨਾ ਸਰਕਾਰਾਂ ਕੋਲ ਹੁੰਦੀ ਹੈ ਪਰ ਜਿਵੇਂ ਆਮ ਕਿਸਾਨ ਸਹਿਜ ਸੁਭਾਅ ਕਹਿ ਰਹੇ ਹਨ ਕਿ ‘ਅਸੀਂ ਮਰ ਜਾਵਾਂਗੇ’ ਇਹ ਗੱਲ ਵਿਚ ਕਿੰਨਾ ਵਜਨ ਹੈ ਇਹ ਗੱਲ ਤੋਲਣੀ ਬਹੁਤ ਔਖੀ ਹੈ।ਦੂਜੇ ਪਾਸੇ ਸੰਘ ਨੇ ਸਿਖਿਆ, ਸੁਰੱਖਿਆ, ਖੇਤੀ-ਮਜਦੂਰੀ ਸਮੇਤ ਜਿੰਨੇ ਵੀ ਕਾਨੂੰਨ ਬਣਾਏ ਹਨ ਉਹ ਹਿੰਦੂ ਰਾਜ ਬਣਾਉਣ ਖਾਤਰ ਦੁਨੀਆ ਨਾਲ ਭਿੜਣ ਅਤੇ ਮੁਕਾਬਲਾ ਕਰਨ ਵਾਲੇ ਨਹੀਂ ਹਨ।ਇਸ ਲਈ ਓਹਨਾਂ ਦੀ ਮੂਲ ਵਿਆਖਿਆ ਇਹੋ ਹੈ ਕਿ ਸੰਘ ਆਪਣੀ ਹਕੂਮਤ ਲਈ ਕੌਮਾਂਤਰੀ ਛਾਂ ਹਾਸਲ ਕਰਨ ਖਾਤਰ ਮੱਧਵਰਗੀ ਹਿੰਦੂਆਂ ਨੂੰ ਉਜੜਣ ਦਾ ਕੀਮਤ ਨੂੰ ਪਰਵਾਨ ਕਰ ਚੁੱਕਾ ਹੈ।ਕਿਸਾਨਾਂ ਦਾ ਵਿਰੋਧ ਇਹ ਕੀਮਤ ਤਾਰਣ ਦੀ ਨਮੋਸ਼ੀ ਤੋਂ ਬਚਣ ਦਾ ਹੀਲਾ ਵੀ ਬਣ ਸਕਦਾ ਹੈ ਕਿਉਂਕਿ ਅਜੋਕੇ ਹਾਲਾਤ ਵਿਚ ਸਰਕਾਰ ਚਲਾਉਣਾ ਹੀ ਆਪਣੀ ਹਸਤੀ ਦਾ ਸਵਾਲ ਬਣ ਗਿਆ ਹੈ ਜੇ ਇਹਦਾ ਭਾਂਡਾ ਕਿਸਾਨਾਂ ਸਿਰ ਫੁਟਦਾ ਹੈ ਤਾਂ ਸੰਘ ਆਗੂ ਆਮ ਪੈਰੋਕਾਰਾਂ ਸਾਹਮਣੇ ਸੁਰਖੁਰੂ ਹੋ ਕੇ ਨਵੇਂ ਦੁਖ ਦਰਦ ਨਾਲ ਹਿੰਦੂਆਂ ਨੂੰ ਫਿਰ ਤੋਂ ਕਬਜੇ ਵਿਚ ਕਰ ਸਕਦੇ ਹਨ।

ਤੀਜੇ ਪਾਸੇ ਸੰਘ ਬਾਰੇ ਪੂਰੀ ਸਮਝ ਤਾਂ ਹੀ ਬਣੇਗੀ ਜੇ ਉਹਨੂੰ ਹਿੰਦੂਆਂ ਉਤੇ ਬ੍ਰਾਹਮਣੀ ਕਬਜੇ ਦੀ ਕਵਾਇਦ ਵਜੋਂ ਵੇਖਿਆ ਜਾਵੇ।ਇਹਦੇ ਲਈ 1780 ਤੋਂ 1920 ਵਿਚਕਾਰ ਬ੍ਰਾਹਮਣਾਂ ਅੰਗਰੇਜਾਂ ਨਾਲ ਰਾਬਤੇ ਅਤੇ ਨਿੱਜੀ ਲਿਖਤਾਂ ਦੇ ਹਵਾਲੇ ਬਹੁਤ ਕੁਝ ਦਸਦੇ ਹਨ।ਅੰਗਰੇਜੀ ਰਸਾਲੇ ‘ਦਲਿਤ ਵੁਆਸ’ ਨੇ 2009 ਦੀਆਂ ਚੋਣਾਂ ਤੋਂ ਪਹਿਲਾਂ ਲਿਖਿਆ ਸੀ ਕਿ ਸੰਘ ਦੇ ਬ੍ਰਾਹਮਣੀ ਅਮਲ ਮੁਤਾਬਿਕ ਅਡਵਾਨੀ ਪਰਧਾਨ ਮੰਤਰੀ ਨਹੀਂ ਬਣ ਸਕਦਾ।ਇਸ ਲਈ ਜਿਹੜੇ ਲੋਕ ਸੰਘ ਅਤੇ ਹਿੰਦੂਆਂ ਨੂੰ ਇਕ ਸਮਝਦੇ ਹਨ ਓਹਨਾਂ ਲਈ ਇਹ ਅੜਾਉਣੀ ਹੱਲ ਨਹੀਂ ਹੋਏਗੀ ਕਿ ਸੰਘ ਦਾ ਸਮੁੱਚਾ ਅਮਲ ਇਸ ਤਰ੍ਹਾਂ ਕਿਉਂ ਹੈ ਕਿ ਉਹ ਹਿੰਦੂਆਂ ਦਾ ਹੀ ਨੁਕਸਾਨ ਕਰ ਰਿਹਾ ਹੈ।ਮੁਸਲਮਾਨਾਂ ਅਤੇ ਦਲਿਤਾਂ ਸਮੇਤ ਬਾਕੀ ਧਿਰਾਂ ਨਾਲ ਨਫਰਤ ਦਾ ਵਿਹਾਰ ਕਿਹੜੇ ਨਿਸ਼ਾਨੇ ਦੀ ਪੂਰਤੀ ਕਰਦਾ ਹੈ।ਮੋਟੇ ਰੂਪ ਵਿਚ ਇਹ ਹਿੰਦੂਆਂ ਵਿਚ ਡਰ ਪੈਦਾ ਕਰਨ ਦੇ ਕੰਮ ਆਉਂਦਾ ਹੈ।ਸੰਘ ਦੇ ਨਿਸ਼ਾਨੇ ਅਤੇ ਅਮਲ ਜੋ ਹਿੰਦੂ ਰਾਜ ਦੀ ਸਿਰਜਣਾ ਵਜੋਂ ਪੂਰੇ ਨਹੀਂ ਉਤਰਦੇ ਓਹਨਾਂ ਨੂੰ ਇਸ ਪਰਸੰਗ ਵਿਚ ਵੇਖਿਆ ਜਾ ਸਕਦਾ ਹੈ ਕਿ ਇਹ ਡਰ ਸਿਰਜਣ ਦਾ ਅਮਲ ਆਮ ਹਿੰਦੂਆਂ ਨੂੰ ਦੂਜਿਆਂ ਨਾਲ ਮਿਲਣ ਤੋਂ ਰੋਕਦਾ ਹੈ ਅਤੇ ਬ੍ਰਾਹਮਣੀ ਛਾਂ ਹੇਠ ਇਕੱਠੇ ਹੋਣ ਲਈ ਮਜਬੂਰ ਕਰਦਾ ਹੈ।ਡਾ. ਅੰਬੇਦਕਰ ਨੇ ਇਹ ਗੱਲ ਠੀਕ ਪਛਾਣੀ ਸੀ ਕਿ ਹਿੰਦੂ ਕੋਈ ਸਮਾਜ ਨਹੀਂ ਹੈ।ਲੋਕਾਂ ਦੇ ਸਮਾਜ ਵਜੋਂ ਇਕੱਠੇ ਰਹਿਣ ਦੇ ਜੋ ਮੂਲ ਲੱਛਣ ਹੁੰਦੇ ਹਨ ਉਹ ਜਾਤ ਨਾਲ ਮੇਲ ਨਹੀਂ ਖਾਂਦੇ ਜਿਸ ਕਰਕੇ ਉਹਨਾਂ ਨੇ ਬ੍ਰਾਹਮਣੀ ਧਿਰ ਨੂੰ ਰਾਜਸੀ ਟੋਲਾ ਆਖਿਆ ਸੀ।ਏਹ ਨੁਕਤੇ ਨੂੰ ਵਿਦੇਸ਼ੀ ਵਿਦਵਾਨਾਂ ਅਤੇ ਇਥੇ ਦੇ ਗੈਰਹਿੰਦੂ ਵਿਦਵਾਨਾਂ ਨੇ ਓਨਾ ਅਹਿਮ ਨਹੀਂ ਜਾਣਿਆ ਜਿੰਨਾ ਇਹ ਸੀ।ਮੌਜੂਦਾ ਹਕੂਮਤ ਦੇ ਅਮਲ ਤੋਂ ਹਿੰਦੂ ਰਾਜ ਲਈ ਮਿਹਨਤ ਦਾ ਨਤੀਜਾ ਕੱਢਣਾ ਬਹੁਤ ਔਖਾ ਹੈ ਪਰ ਡਾ. ਅੰਬੇਦਕਾਰ ਦੀ ਬ੍ਰਾਹਮਣਵਾਦੀ ਧਿਰ ਬਾਰੇ ਮਾਨਤਾ ਸੰਘ ਉਤੇ ਵਧੇਰੇ ਢੁਕਦੀ ਹੈ।ਸੰਘ ਦਾ ਇਹ ਅਮਲ ਸਿਰਫ ਹਕੂਮਤੀ ਅਤੇ ਜਥੇਬੰਦਕ ਨੀਤੀ ਨਹੀਂ ਹੈ ਸਗੋਂ ਪਿਛੋਕੜ ਵਿਚ ਕੁਝ ਹੋਰ ਵੀ ਹੈ।

ਜਿਸ ਨੁਕਤੇ ਉਤੇ ਸੰਘ ਦੇ ਲੋਕ ਖੜ੍ਹੇ ਹਨ ਉਹਦੇ ਬਾਰੇ ਇਹ ਸਮਝਣਾ ਜਰੂਰੀ ਹੈ ਕਿ ਇਕ ਰੂਪ ਹਕੂਮਤ ਵਜੋਂ ਹੈ, ਦੂਜਾ ਰਾਜਸੀ ਜਥੇਬੰਦੀ ਵਜੋਂ ਹੈ ਅਤੇ ਬਾਕੀ ਸਭ ਹਿੰਦੂ ਧਿਰਾਂ ਨਾਲ ਜੁੜ ਕੇ ਤੀਜਾ ਰੂਪ ਹੈ।ਉਹ ਕਿਸਾਨ ਮਸਲੇ ਨੂੰ ਦੋ ਪੱਖਾਂ ਤੋਂ ਬਰਾਬਰ ਵੇਖ ਰਹੇ ਹਨ।ਸਰਕਾਰ ਵਜੋਂ ਕਾਂਗਰਸ ਅਤੇ ਵਿਰੋਧੀ ਦਲਾਂ ਵਲੋਂ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਗੱਲ ਬਹੁਤ ਜੋਰ ਨਾਲ ਕਰ ਰਹੇ ਹਨ ਅਤੇ ਦੂਜੇ ਪਾਸੇ ਖਬਰਖਾਨੇ ਅਤੇ ਵਪਾਰਕ ਧਿਰਾਂ ਰਾਹੀਂ ਕਿਸਾਨਾਂ ਨੂੰ ਨਕਸਲੀ ਜਾਂ ਖਾਲਿਸਤਾਨੀ ਆਖ ਰਹੇ ਹਨ।ਇਹ ਮਹਿਜ ਖਬਰਾਂ ਜਾਂ ਬਿਆਨ ਨਹੀਂ ਹਨ ਸਗੋਂ ਓਹਨਾਂ ਵਲੋਂ ਆਪਣੀ ਹਸਤੀ ਲਈ ਖਤਰਾ ਮੰਨੇ ਪੱਕੇ ਨੁਕਤਿਆਂ ਦਾ ਆਪ ਮੁਹਾਰਾ ਦੁਹਰਾਉ ਹੈ।ਓਹ ਭਾਵੇਂ ਸਭ ਨੂੰ ਹਿੰਦੂ ਕਹੀ ਜਾਣ ਪਰ ਪੰਜਾਬ ਦੇ ਪਰਸੰਗ ਵਿਚ ਅੰਦਰੂਨੀ ਦੁਸ਼ਮਣਾਂ ਵਜੋਂ ਸਿੱਖ ਅਤੇ ਮਾਰਕਸੀ ਲੋਕਾਂ ਦਾ ਨਾਂ ਓਹਨਾਂ ਦੇ ਚੇਤੇ ਵਿਚ ਹੈ।

ਸਤਾਧਾਰੀ ਜਾਂ ਭਾਰੂ ਧਿਰ ਹੋਣ ਦੇ ਅਹਿਸਾਸ ਵਾਲੇ ਲੋਕ ਆਪਣੇ ਦੁਸ਼ਮਣ ਬਾਰੇ ਕਿਵੇਂ ਸੋਚਦੇ ਹਨ ਇਹਦਾ ਅੰਦਾਜਾ ਥੋਹੜਿਆਂ ਵਜੋਂ ਜਿਉਣ ਵਾਲੇ ਲੋਕ ਅਕਸਰ ਨਹੀਂ ਲਾਉਂਦੇ ਹੁੰਦੇ ਕਿਉਂਕਿ ਥੋਹੜੇ ਲੋਕ ਮੁਸ਼ਕਲਾਂ ਨਾਲ ਵੱਧ ਲੜਣ ਦੇ ਆਦੀ ਹੋ ਜਾਂਦੇ ਹਨ।ਇਹ ਗੱਲ ਹੁਣ ਜੀਵ ਵਿਗਿਆਨੀਆਂ ਨੇ ਵੀ ਲੱਭ ਲਈ ਹੈ ਕਿ ਇਹ ਮਨੁਖ ਦਾ ਸੁਭਾਅ ਹੈ ਕਿ ਜਦੋਂ ਉਹ ਸੰਭਾਵੀ ਖਤਰੇ ਦੇ ਸਾਹਮਣੇ ਹੁੰਦਾ ਹੈ ਤਾਂ ਉਹਦੇ ਮਨ ਅਤੇ ਸਰੀਰ ਵਿਚ ਇਤਿਹਾਸਕ ਪੀੜ ਉਠ ਖੜਦੀ ਹੈ ਜੋ ਅਸਹਿਜ ਅਮਲ ਵਜੋਂ ਸਦੀਆਂ ਤੱਕ ਨਾਲ ਤੁਰਦੀ ਰਹਿੰਦੀ ਹੈ। ਜੇ ਸੰਘ ਦੇ ਲੋਕ ਅੰਦਰਲੇ ਪਾਸੇ ਆਪਸ ਵਿਚ ਇਕੱਠੇ ਹਨ ਤਾਂ ਸਿੱਖਾਂ ਨੂੰ ਸਿੱਧੇ ਟਕਰਣ ਦਾ ਅਹਿਸਾਸ ਬਹੁਤ ਛੇਤੀ ਅਤੇ ਜਿਆਦਾ ਜੋਰ ਫੜੇਗਾ (ਇਸੇ ਭਾਵਨਾ ਨਾਲ ਕੁਲਦੀਪ ਨਈਅਰ ਨੇ ਨਵੰਬਰ 1984 ਵਿਚ ਲਿਖਿਆ ਸੀ ਕਿ ਸਾਨੂੰ ਕਾਇਰ ਸਮਝਿਆ ਜਾ ਰਿਹਾ ਸੀ ਸਾਡੇ ਸਬਰ ਦਾ ਪਿਆਲਾ ਛਲਕ ਗਿਆ)।ਮੁਸਲਮਾਨਾਂ ਨਾਲ ਵਤੀਰਾ ਇਤਿਹਾਸ ਵਿਚਲੇ ਕਾਇਰਤਾ ਦੇ ਦਾਗ ਨੂੰ ਧੋਣ ਦੀ ਕੋਸ਼ਿਸ਼ ਹੈ ਅਤੇ ਦਲਿਤਾਂ ਨਾਲ ਵਤੀਰਾ ਅਜੋਕੀ ਬੇਬਸੀ ਦਾ ਗੁੱਸਾ ਹੈ।ਗੁੱਸੇ ਵਿਚ ਕਾਹਲੇ ਪੈਣਾ ਸੁਭਾਵਿਕ ਹੈ।ਜੀ ਐਸ ਟੀ ਤੋਂ ਖੇਤੀ ਤੱਕ ਜਿੰਨੇ ਵੀ ਕਾਨੂੰਨ ਬਣਾਏ ਹਨ ਉਹ ਜਿਸ ਕਾਹਲ ਵਿਚ ਬਣਾਏ ਹਨ ਉਹ ਸਮੇਂ ਨੂੰ ਪੁੱਠਾ ਗੇੜਣ ਦੀ ਕਾਹਲ ਹੈ।ਇਤਿਹਾਸ ਨੂੰ ਮੇਟ ਦੇਣ ਦੀ ਬੇਥਵੀ ਕਾਹਲ ਹੈ।ਇਹ ਕਾਹਲ ਵਿਚ ਇਤਿਹਾਸ ਵਿਚ ਵਾਪਰੇ ਦਾ ਦੁਖ ਵੀ ਹੈ ਅਤੇ ਹੁਣ ਅਣਚਾਹੇ ਵਾਪਰ ਰਹੇ ਦਾ ਦੁਖ ਵੀ ਹੈ।ਜੇ ਉਹਨਾਂ ਦੀ ਜਥੇਬੰਦੀ ਅੰਦਰਲੇ ਅਤੇ ਬਾਹਰਲੇ ਪਾਸੇ ਇਕੋ ਜਿਹੀਆਂ ਮੁਸ਼ਕਲਾਂ ਵਿਚ ਹੈ ਤਾਂ ਉਹ ਆਪਣੀ ਰਾਇ ਇਕ ਨਹੀਂ ਬਣਾ ਸਕਣਗੇ।ਇਸ ਹਾਲ ਵਿਚ ਦੁਖ ਅਤੇ ਡਰ ਹੋਰ ਰੂਪ ਬੇਬਸੀ ਵਜੋਂ ਉਭਰਣਗੇ ਖਾਸ ਕਰਕੇ ਹਿੰਦੂਆਂ ਉਤੇ ਕਬਜਾ ਛੁਟਣ ਦਾ ਅਹਿਸਾਸ ਵਜੋਂ।

ਦੁਖ ਅਤੇ ਡਰ ਦਾ ਸਦੀਵੀ ਕਾਰਣ ਬਣ ਗਈਆਂ ਧਿਰਾਂ ਨਾਲ ਜਰਾ ਜਿੰਨਾ ਵਿਰੋਧ ਹੋਣ ਉਤੇ ਬੰਦਾ ਵਿਰੋਧ ਨੂੰ ਸਮਝਣ ਦੀ ਥਾਂ ਓਹਨਾਂ ਨਾਲ ਨਫਰਤ ਕਰਨ ਲੱਗ ਜਾਂਦਾ ਹੈ।ਦੁਖ ਅਤੇ ਡਰ ਦੀ ਹੋਂਦ ਇਤਿਹਾਸਕ ਮਿਥਕ ਜਾਂ ਨਿਰੋਲ ਮਾਨਸਿਕ ਵੀ ਹੋ ਸਕਦੀ ਹੈ।ਇਸ ਕਰਕੇ ਬੰਦਾ ਆਪਣੇ ਦੁੱਖਾਂ ਡਰਾਂ ਦਾ ਹੱਲ ਵੀ ਮਿਥਕ ਜਾਂ ਨਿਰੋਲ ਮਾਨਸਿਕ ਰੂਪ ਵਿਚ ਕਰਨ ਲਗਦਾ ਹੈ।ਜੇ ਸੰਘ ਦੇ ਨੁਕਤੇ ਤੋਂ ਵੇਖਣਾ ਹੋਵੇ ਤਾਂ ਸਭ ਨੂੰ ਹਿੰਦੂ ਕਹਿਣ ਦੀ ਲਗਾਤਾਰ ਮਿਹਨਤ ਸਦੀਵੀ ਮੁਸ਼ਕਲ ਬਣ ਗਈਆਂ ਧਿਰਾਂ ਦੇ ਹੱਲ ਦੀਆਂ ਵਾਰ ਵਾਰ ਸੋਚੀਆਂ ਸੰਭਾਵਨਾਵਾਂ ਵਿਚੋਂ ਇਕ ਹੈ ਜੋ ਸੁਆਮੀ ਵਿਵੇਕਾਨੰਦ ਨੇ ਜੋਰ ਨਾਲ ਲਾਗੂ ਕੀਤੀ ਸੀ।ਦੂਜਾ ਹੱਲ ਘਰ ਵਾਪਸੀ ਦਾ ਹੈ ਜੋ ਲਾਲਚ ਭਰਮ ਜਾਂ ਧੱਕੇ ਨਾਲ ਵੀ ਹੋ ਸਕਦੀ ਹੈ।ਸੌ ਕੁ ਸਾਲ ਪਹਿਲਾਂ ਆਰੀਆ ਸਮਾਜੀਆਂ ਨੇ ਇਹ ਤਰੀਕਾ ਸਿੰਧੀ ਸਿੱਖਾਂ ਉਤੇ ਸਫਲਤਾ ਨਾਲ ਵਰਤਿਆ, ਜਿਸ ਨੇ ਬਹੁਤ ਵੱਡੀ ਆਸ ਬੰਨਾਈ ਸੀ ਕਿ ਕੁਝ ਦਹਾਕਿਆਂ ਵਿਚ ਸਾਰੇ ਲੋਕ ਮੁੜ ਹਿੰਦੂ ਹੋ ਜਾਣਗੇ ਪਰ ਜਦੋਂ ਵੀ ਕੋਈ ਸ਼ਾਂਤਮਈ ਜਾਂ ਹਥਿਆਰਬੰਦ ਵਿਰੋਧ ਉਠਦਾ ਹੈ ਤਾਂ ਦੋਵੇਂ ਤਰੀਕੇ ਅਸਫਲ ਹੁੰਦੇ ਜਾਪਦੇ ਹਨ।ਅਜਿਹੀ ਹਾਲਤ ਵਿਚ ਤੀਜਾ ਤਰੀਕਾ ਕਿ ਜਾਨੋਂ ਮਾਰ ਦਿਓ ਹੀ ਨਜਰ ਆਉਂਦਾ ਹੈ ਜੋ ਹਰ ਵੇਲੇ ਸੰਭਵ ਨਹੀਂ ਹੁੰਦਾ।ਜਿਸ ਕਰਕੇ ਨਫਰਤ ਦੇ ਬੇਮੁਹਾਰ ਭਾਵ ਉਠ ਖੜ੍ਹਦੇ ਹਨ ਕਿ ਸਭ ਕੁਝ ਹੁੰਦੇ ਹੋਏ ਵੀ ਸਾਡੀ ਗੱਲ ਪੁਗਦੀ ਕਿਉਂ ਨਹੀਂ ਹੈ।ਇਹ ਭਾਵਨਾ ਅਕਾਰਣ ਜਾਪਦੀ ਸਮਾਜਕ ਹਿੰਸਾ ਦਾ ਕਾਰਣ ਬਣਦੀ ਹੈ।

ਕਿਸੇ ਦੁਖ ਡਰ ਦੁਆਲੇ ਸਾਲਾਂ ਬੱਧੀ ਇਕੱਠੇ ਹੋਏ ਲੱਖਾਂ ਲੋਕਾਂ ਦਾ ਸਾਂਝਾ ਮਨੋ ਭਾਵ ਕਿਸ ਰੂਪ ਵਿਚ ਕੰਮ ਕਰਨ ਲਗਦਾ ਹੈ ਇਹ ਗੱਲ ਦਾ ਬਹੁਤੀ ਵਾਰ ਬਾਹਰਲੇ ਬੰਦੇ ਨੂੰ ਅੰਦਾਜਾ ਨਹੀਂ ਹੁੰਦਾ।ਅਜਿਹੇ ਮਨੋਭਾਵ ਬਾਰੇ ਰੂਸ ਦੇ ਖੁਫੀਆ ਮਹਿਕਮੇ ਦਾ ਇੰਗਲੈਂਡ ਭੱਜ ਗਿਆ ਵੱਡਾ ਅਧਿਕਾਰੀ ਆਪਣੀ ਜੀਵਨੀ ਵਿਚ ਲਿਖਦਾ ਹੈ ਕਿ 1985-86 ਵਿਚ ਰੂਸ ਵਿਚ ਅਮਰੀਕਾ ਦੇ ਸੰਭਾਵੀ ਹਮਲੇ ਦਾ ਐਨਾ ਜਿਆਦਾ ਮਾਨਸਿਕ ਅਤੇ ਦਫਤਰੀ ਦਬਾਅ ਸੀ ਕਿ ਉਹਨਾਂ ਨੇ ਆਪਣੇ ਯੂਰਪ-ਅਮਰੀਕਾ ਵਿਚਲੇ ਸਭ ਕੱਚੇ ਪੱਕੇ ਜਸੂਸਾਂ ਨੂੰ ਪਾਗਲਪਣ ਦੀ ਹੱਦ ਤੱਕ ਵੇਰਵੇ ਇਕੱਠੇ ਕਰਨ ਲਾ ਦਿੱਤਾ ਸੀ ਤਾਂ ਕਿ ਅਮਰੀਕਾ ਦੇ ਪਰਮਾਣੂ ਹਮਲੇ ਨੂੰ ਪਛਾੜਿਆ ਜਾ ਸਕੇ।ਇਹ ਹਮਲੇ ਨੂੰ ਸੱਚ ਮੰਨਣ ਕਰਕੇ ਰੂਸ ਦੇ ਲੋਕ ਜਿਸ ਤਰੀਕੇ ਨਾਲ ਗੱਲ ਕਰਦੇ ਸਨ ਅਮਰੀਕਾ ਵਾਲਿਆਂ ਨੂੰ ਉਹ ਸਮਝ ਨਹੀਂ ਆਉਂਦੀ ਸੀ ਕਿ ਉਹ ਕਿਥੋਂ ਬੋਲ ਰਹੇ ਹਨ।ਜਿਵੇਂ ਹੁਣ ਕਿਸਾਨਾਂ ਨੂੰ ਸਮਝ ਨਹੀਂ ਆਉਂਦਾ ਕਿ ਸਾਨੂੰ ਕੀਹਨੇ ਗੁਮਰਾਹ ਕਰ ਦਿੱਤਾ।ਸਰਕਾਰ ਏਦਾਂ ਦੇ ਬਿਆਨ ਕਿਉਂ ਦੇ ਰਹੀ ਹੈ।

ਸੰਘ ਅਤੇ ਹੋਰ ਸਭ ਬ੍ਰਾਹਮਣੀ ਜਥੇਬੰਦੀਆਂ ਦੀ ਹਿੰਦੂਆਂ ਉਤੇ ਪਕੜ ਦਾ ਵੱਡਾ ਕਾਰਣ ਉਹ ਬਿਰਤਾਂਤ ਹੈ ਜੋ ਇਤਿਹਾਸਕ ਸਚਾਈ ਬਣ ਗਿਆ ਹੈ ਕਿ ਕਦੇ ਇਥੇ ਸਾਰੇ ਲੋਕ ਹਿੰਦੂ ਸਨ।ਇਹ ਬਿਰਤਾਂਤ ਨੂੰ ਸੱਚ ਮੰਨਣ ਕਰਕੇ ਉਹਨਾਂ ਨੂੰ ਕਸ਼ਮੀਰੀਆਂ, ਬਿਹਾਰੀਆਂ ਅਤੇ ਦਰਾਵੜਾਂ ਦੇ ਨਸਲੀ ਫਰਕ ਵੀ ਬੇਮਾਅਨਾ ਜਾਪਦੇ ਹਨ।ਹਰ ਸਚਾਈ ਨੂੰ ਉਲਟਾਉਣ ਲਈ ਓਹਨਾਂ ਕੋਲ ਪਰਾਚੀਨਤਾ ਦਾ ਦਾਅਵਾ ਹੈ ਜੋ ਧਰਤੀ ਉਤੇ ਮਨੁਖੀ ਹੋਂਦ ਤੋਂ ਵੱਧ ਪੁਰਾਣਾ ਹੋ ਜਾਂਦਾ ਹੈ।ਵੱਖ ਵੱਖ ਸੰਘ ਆਗੂਆਂ ਦੇ ਜਿਹੜੇ ਬਿਆਨਾਂ ਉਤੇ ਲੋਕ ਹਸਦੇ ਹਨ ਉਹ ਅਗਿਆਨਤਾ ਦਾ ਪਗਟਾਵੇ ਹੋਣ ਜਾਂ ਨਾਂਹ ਪਰ ਏਹ ਬਿਆਨ ਓਹਨਾਂ ਵਲੋਂ ਆਪਣੇ ਵਿਰਸੇ ਨੂੰ ਸਹੀ ਸਿੱਧ ਕਰਨ ਦੇ ਯਕੀਨ ਦਾ ਪਰਗਟਾਵਾ ਹਨ।ਕਿਸੇ ਵੇਲੇ ਸੁਆਮੀ ਦਯਾਨੰਦ ਨੇ ਕਿਹਾ ਸੀ ਪੁਰਾਣ ਵੇਦ ਰੂਪ ਅਮ੍ਰਿਤ ਵਿਚ ਜਹਿਰ ਹਨ ਪਰ ਓਹਨਾਂ ਹੀ ਪੁਰਾਣਾਂ ਨੂੰ ਅਡਵਾਨੀ ਆਪਣੀ ਜੀਵਨੀ ਵਿਚ ਵਡਿਆ ਰਿਹਾ ਹੈ।ਇਹੋ ਨੁਕਤੇ ਨੂੰ ਡਾ. ਅੰਬੇਦਕਾਰ ਅਤੇ ਵੈਂਡੀ ਡੌਗਰ ਆਪਣੇ ਆਪਣੇ ਹਿਸਾਬ ਨਾਲ ਫੜਿਆ ਹੈ ਪਰ ਬਹੁਤੇ ਲੋਕ ਆਪਣੇ ਆਪ ਨੂੰ ਸਿਆਣੇ ਸਮਝ ਕੇ ਇਹ ਗੱਲ ਨੂੰ ਸਮਝਦੇ ਨਹੀਂ ਕਿ ਸੰਘ ਦੇ ਲੋਕ ਅਜਿਹੀਆਂ ਗੱਲਾਂ ਕਿਉਂ ਕਰਦੇ ਹਨ।ਆਰੀਆ ਸਮਾਜ ਦਾ ਨਾਸਤਕ ਮੁਹਾਵਰਾ ਸੋਧ ਛਾਂਟ ਕੇ ਦੁਨੀਆ ਦੇ ਹਾਣੀ ਹੋਣ ਵੱਲ ਸੇਧਤ ਸੀ ਪਰ ਸੰਘ ਸਮੁੱਚ ਨੂੰ ਹੀ ਪਵਿੱਤਰ ਮੰਨ ਕੇ ਅਚੰਭਤ ਕਰਨ ਵਾਲੇ ਅਰਥ ਪੈਦਾ ਕਰਨ ਵੱਲ ਸੇਧਤ ਹੈ।ਥਾਂ ਥਾਂ ਨਵੇਂ ਬਣਦੇ ਮੰਦਰ ਸਭ ਪਰਾਚੀਨ ਹੀ ਕਿਉਂ ਹਨ? ਇਹ ਕੇਵਲ ਨੀਤੀ ਪੈਂਤੜਾ ਨਹੀਂ ਹੈ ਕਿ ਸਭ ਸੜਕਾਂ ਪਟੜੀਆਂ ਨਹਿਰਾਂ ਦੇ ਵਰਮਾਂ ਅਤੇ ਪਹਾੜੀਆਂ ਉਤੇ ਛੋਟੀਆਂ ਝੰਡੀਆਂ ਗੱਡਣ ਤੋਂ ਬਾਅਦ ਛੇਤੀ ਛੇਤੀ ਮੰਦਰ ਬਣਦੇ ਹਨ ਜਾਂ ਹਰ ਇਤਿਹਾਸਕ ਮੱਠ ਮਸਜਿਦ ਅਤੇ ਗੁਰਦੁਆਰੇ ਦੁਆਲੇ ਕਈ ਕਈ ਮੰਦਰ ਉਗ ਆਏ ਹਨ।ਸਭ ਭਾਂਤ ਦੇ ਡੇਰੇਦਾਰਾਂ ਨੂੰ ਰਾਜਸੀ ਸ਼ਰਣ ਸਿਰਫ ਚੋਣਾਂ ਕਰਕੇ ਨਹੀਂ ਹੈ ਸਗੋਂ ਸਭ ਡੇਰੇ ਹਿੰਦੂ ਪਛਾਣ ਦੀ ਅਨਿਸ਼ਚਤ ਹੋਂਦ ਦਾ ਹੱਲ ਕਰਦੇ ਹਨ।ਡੇਰੇ ਕਬਰਾਂ ਬਾਕੀ ਧਰਮਾਂ ਦੀ ਸਮਾਜਕ ਬਣਤਰ ਅਤੇ ਸਿਧਾਂਤਕ ਮਾਨਤਾ ਨੂੰ ਖਿਲਾਰਦੇ ਹਨ ਜਿਸ ਨਾਲ ਸਭ ਲੋਕਾਂ ਦੇ ਮੁੜ ਬ੍ਰਾਹਮਣ ਦੀ ਸ਼ਰਨ ਵਿਚ ਹੋਣ ਭਾਵ ਵਿਸ਼ਵ ਗੁਰੂ ਹੋਣ ਦੀ ਆਸ ਬਝਦੀ ਹੈ।ਜਦੋਂ ਬੰਦਾ ਦੂਜਿਆਂ ਦੀ ਤਬਾਹੀ ਵਿਚੋਂ ਜਿੰਦਗੀ ਲਭਦਾ ਹੈ ਤਾਂ ਇਹ ਕੋਈ ਨੀਤੀ ਜਾਂ ਸਿਧਾਂਤ ਨਹੀਂ ਹੁੰਦਾ ਇਹ ਮਾਰੂ ਮਨੋਵੇਗ ਹੁੰਦਾ ਹੈ ਜੋ ਹਕੀਕਤ ਦੀ ਥਾਂ ਕਲਪਨਾ ਚੋਂ ਜਨਮਦਾ ਹੈ।ਜਦੋਂ ਕੋਈ ਮਨੁਖੀ ਸਮੂਹ ਇਤਿਹਾਸਕ ਤਜਰਬੇ ਕਰਕੇ ਜਾਂ ਮਾਨਸਿਕ ਭਰਮ ਕਰਕੇ ਆਪਣੀ ਹੋਂਦ ਨੂੰ ਖੁਰਦੀ ਖਿੰਡਦੀ ਮਹਿਸੂਸ ਕਰਦਾ ਹੈ ਤਾਂ ਉਹ ਆਪਣੇ ਡਰ ਨੂੰ ਖਤਮ ਕਰਨ ਲਈ ਆਪਣੀ ਹੋਂਦ ਦੇ ਨਿਸ਼ਾਨ ਪੱਕੇ ਕਰਕੇ ਇਕ ਸਕੂਨ ਹਾਸਲ ਕਰਦਾ ਹੈ।ਜਦੋਂ ਕੋਈ ਵੀ ਧਿਰ ਆਪਣੀ ਹਸਤੀ ਨੂੰ ਬਾਹਰੀ ਰੂਪ ਵਿਚ ਹੋਰ ਪੱਕੇ ਹੋਰ ਪੱਕੇ ਕਰਨ ਲਗਦੀ ਹੈ ਤਾਂ ਇਹ ਕਿਸੇ ਵੱਡੇ ਡਰ ਦਾ ਪਰਗਟਾਵਾ ਹੁੰਦਾ ਹੈ।ਅਜਿਹੇ ਡਰ ਬਿਨਾ ਬੰਦਾ ਕਦੇ ਨਫਰਤ ਨਹੀਂ ਕਰ ਸਕਦਾ।

ਸੰਘ ਦੀ ਮਾਨਤਾ ਵਿਚ ਪੰਜ ਧਰਮਾਂ ਅਤੇ ਨਾਸਤਕਤਾ ਨੇ ਉਹਨਾਂ ਦੀ ਹੋਂਦ ਦਾ ਅਸਰ ਘਟਾ ਦਿੱਤਾ ਹੈ ਜਿਸ ਕਰਕੇ ਸਾਰੇ ਗੈਰ ਹਿੰਦੂ ਸਾਂਝੇ ਰੂਪ ਵਿਚ ਖਤਰਾ ਹਨ।ਦੋ ਮੁਸਲਮ ਰਾਜ ਓਹਨਾਂ ਦੀਆਂ ਅੱਖਾਂ ਸਾਹਮਣੇ ਸਚਾਈ ਬਣ ਗਏ ਹਨ ਜਿਸ ਕਰਕੇ ਜਿਹੜੇ ਸੂਬਾਈ ਖੁਦਮੁਖਤਿਆਰੀ ਜਾਂ ਅਜਾਦੀ ਦੀ ਗੱਲ ਕਰਦੇ ਹਨ ਉਹ ਬ੍ਰਾਹਮਣੀ ਸਲਤਨਤ ਦੇ ਟੋਟੇ ਕਰਦੇ ਨਜਰ ਆਉਂਦੇ ਹਨ।ਪੰਜਾਬ ਕਸ਼ਮੀਰ ਸਮੇਤ ਸਭ ਰਾਜਾਂ ਉਤੇ ਪਰਾਚੀਨਤਾ ਦਾ ਦਾਅਵਾ ਉਹਨਾਂ ਨੂੰ ਬਹੁਤ ਸਹੀ ਲਗਦਾ ਹੈ ਜਿਸ ਕਰਕੇ ਉਥੇ ਲੋਕਾਂ ਖਿਲਾਫ ਲੜਣਾ ਰਾਜਸੀ ਹੀ ਨਹੀਂ ਸਗੋਂ ਧਾਰਮਿਕ ਫਰਜ ਬਣ ਜਾਂਦਾ ਹੈ।ਜਿਸ ਵੀ ਧਿਰ ਦਾ ਖਬਰਾਂ ਵਿਚ ਜਿਕਰ ਵਧਦਾ ਹੈ ਉਹਦੇ ਬਾਰੇ ਸੰਘ ਦਾ ਫਿਕਰ ਵਧਦਾ ਹੈ।ਇਸੇ ਕਰਕੇ ਰਾਜਸੀ ਅਤੇ ਆਰਥਿਕ ਰੂਪ ਵਿਚ ਸਭ ਅਵਰਣਾਂ ਅਤੇ ਮਲੇਛਾਂ ਨੂੰ ਹਿੰਦੂ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਮਾਜਕ ਅਤੇ ਧਾਰਮਿਕ ਰੂਪ ਵਿਚ ਖਤਮ ਹੋਣ ਦੇ ਡਰ ਕਾਰਣ ਉਹਨਾਂ ਦੇ ਖਾਤਮੇ ਦਾ ਖਿਆਲ ਵੀ ਆਉਂਦਾ ਹੈ।ਸਮੇਂ ਦਾ ਗੇੜ ਪੁੱਠਾ ਨਹੀਂ ਗਿੜ ਸਕਦਾ ਜਿਸ ਕਰਕੇ ਸਾਰੀਆਂ ਧਿਰਾਂ ਬਾਰੇ ਇਕ ਬੇਬਸੀ ਦਾ ਵਤੀਰਾ ਵੀ ਹੈ।ਇਸ ਕਰਕੇ ਮੁਸਲਮਾਨਾਂ ਅਤੇ ਦਲਿਤਾਂ ਖਿਲਾਫ ਜੋ ਵਿਚਾਰ ਅਮਲ ਦਾ ਪਰਗਟਾਵਾ ਹੈ ਉਹ ਕੋਈ ਨੀਤੀ ਨਹੀਂ ਸਗੋਂ ਆਤਮ ਸਾਤ ਕੀਤਾ ਹੋਇਆ ਵਿਚਾਰ ਹੈ।ਡਰ ਅਤੇ ਨਫਰਤ ਦਾ ਭਾਵ ਬੰਦੇ ਦੇ ਵਿਚਾਰ ਅਤੇ ਅਮਲ ਨੂੰ ਕਿਸ ਹੱਦ ਤੱਕ ਵਿਗਾੜ ਸਕਦਾ ਹੈ ਇਹਦੀ ਮਿਸਾਲ ਸਰਕਾਰ ਜਾਂ ਸੰਘ ਦੇ ਨੁਮਾਇੰਦਿਆਂ ਵਜੋਂ ਬਹਿਸਾਂ ਵਿਚ ਹਿੱਸਾ ਲੈਣ ਵਾਲੇ ਲੋਕ ਹਨ।ਉਹਨਾਂ ਦੇ ਅਮਲ ਤੋਂ ਪਤਾ ਲਗਦਾ ਹੈ ਕਿ ਅਸਹਿਣਸ਼ੀਲ ਹੋਣ ਨੂੰ ਉਹਨਾਂ ਨੇ ਗੁਣ ਵਾਂਗ ਅਪਣਾ ਲਿਆ ਹੈ।ਉਹ ਦੂਜੇ ਦੀ ਗੱਲ ਸੁਣਨ ਦੀ ਥਾਂ ਬਹੁਤੇ ਵੇਰ ਆਪਣੀ ਹੀ ਗੱਲ ਕਰਦੇ ਰਹਿੰਦੇ ਹਨ।ਅਸਲ ਵਿਚ ਸਵੈ ਪਰਚਾਰ ਦੇ ਸਿਰ ਤੇ ਪਲਣ ਵਾਲਾ ਬੰਦਾ ਵਿਰੋਧੀ ਵਿਚਾਰ ਨੂੰ ਸੁਣਨ ਦੇ ਸਮਰਥਾ ਨਹੀਂ ਹੁੰਦਾ।ਉਹਨੂੰ ਵੱਖਰੇ ਵਿਚਾਰ ਵਾਲੇ ਲੋਕਾਂ ਵਿਚ ਰਹਿਣਾ ਤਾਂ ਹੋਰ ਵੀ ਔਖਾ ਹੁੰਦਾ ਹੈ।ਜੇ ਵੱਖਰੇ ਵਿਚਾਰ ਵਾਲੇ ਲੋਕ ਆਪਣੇ ਆਪ ਨੂੰ ਕਿਸੇ ਗੱਲੋਂ ਵੱਧ ਕਹਿਣ ਤਾਂ ਇਹ ਜੱਗੋਂ ਤੇਹਰਵੀਂ ਵਾਲੀ ਗੱਲ ਹੋ ਜਾਂਦੀ ਹੈ।ਕਿਸਾਨਾਂ ਦਾ ਵਿਰੋਧ ਸੰਘ ਲਈ ਜੱਗੋਂ ਤੇਹਰਵੀਂ ਹੈ।ਇਕ ਤਾਂ ਓਹਨਾਂ ਨੂੰ ਪੰਜਾਬ ਵਿਚੋਂ ਚੋਣ ਜਿੱਤ ਹਾਸਲ ਨਹੀਂ ਹੋਈ, ਦੂਜਾ ਖੇਤੀ ਕਾਨੂੰਨਾਂ ਦਾ ਵਿਰੋਧ ਸਭ ਤੋਂ ਵੱਧ ਓਹ ਕਰ ਰਹੇ ਹਨ ਅਤੇ ਤੀਜਾ ਸਿੱਖ ਅਤੇ ਮਾਰਕਸੀ ਇਕੱਠੇ ਹੋਏ ਦਿਸਦੇ ਹਨ, ਚੌਥਾ ਉਹ ਬਹੁਤ ਕਸੂਤੇ ਵੇਲੇ ਵਿਰੋਧ ਕਰ ਰਹੇ ਹਨ।ਪੰਜਵਾਂ ਕਿਸਾਨ ਮਸਲੇ ਉਤੇ ਓਹਨਾਂ ਨੂੰ ਇਕ ਹਫਤੇ ਵਿਚ ਐਨਾ ਮਾਣ ਮਿਲ ਗਿਆ ਜਿੰਨਾ ਸੰਘ ਨੂੰ 70 ਸਾਲਾਂ ਵਿਚ ਬਾਬਰੀ ਮਸਜਿਦ ਢਾਹ ਕੇ ਅਤੇ ਮੰਦਰ ਦਾ ਨੀਂਹ ਪੱਥਰ ਰੱਖ ਕੇ ਵੀ ਨਹੀਂ ਮਿਲਿਆ।ਇਸ ਤੋਂ ਵੱਧ ਓਹ ਹੋਰ ਕੀ ਕਰ ਸਕਦੇ ਹਨ ਜਿਸ ਨਾਲ ਦੁਨੀਆ ਓਹਨਾਂ ਨੂੰ ਵਿਸ਼ਵ ਗੁਰੂ ਮੰਨ ਲਵੇ?

ਇਸ ਕਰਕੇ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਉਹਨਾਂ ਦਾ ਵਿਰੋਧ ਕਿਸੇ ਲੋਕਤੰਤਰੀ ਹਕੂਮਤ ਦੀ ਥਾਂ ਅਜਿਹੇ ਮਾਨਸਿਕ ਵਰਤਾਰੇ ਨਾਲ ਹੈ ਜਿਸਨੂੰ ਕਿਸੇ ਵੀ ਵਿਰੋਧ ਵਿਚੋਂ ਇਤਿਹਾਸਕ ਜਾਂ ਮਿਥਕ ਹਮਲਿਆਂ ਦੀ ਪੀੜ ਉਠ ਖੜ੍ਹਦੀ ਹੈ ਜਾਂ ਵਿਰੋਧ ਨੂੰ ਸੰਭਾਵੀ ਅਤਿਵਾਦ ਵਜੋਂ ਚਿਤਵਣਾ ਸ਼ੁਰੂ ਕਰ ਦਿੰਦਾ ਹੈ।ਏਹ ਨੁਕਤਾ ਸਭ ਧਿਰਾਂ ਨਾਲ ਸੰਘ ਦੇ ਸਮੁਚੇ ਵਿਹਾਰ ਤੇ ਲਾਗੁ ਹੈ।ਕਿਸਾਨਾਂ ਦਾ ਸਾਥ ਦੇਣ ਵਾਲੇ ਜਿਹੜੇ ਵਿਦਵਾਨ ਅਤੇ ਰਾਜਸੀ ਲੋਕ ਸੰਘ ਵਾਲਿਆਂ ਨੂੰ ਵਧੇਰੇ ਸਿਆਣੇ ਸਮਰਥ ਅਤੇ ਸੰਗਠਤ ਮੰਨਦੇ ਹਨ ਪਰ ਸਮੁਚੇ ਸਮਾਜਕ ਜੀਵਨ ਨੂੰ ਓਹਨਾਂ ਹੱਥੋਂ ਤਬਾਹ ਹੁੰਦਿਆਂ ਵੇਖ ਕੇ ਚੁਟਕਲਿਆਂ ਵਜੋਂ ਸੁਆਦ ਵੀ ਲੈ ਰਹੇ ਹਨ, ਓਹਨਾਂ ਬਾਰੇ ਇਹ ਪੱਖ ਤੋਂ ਬਹੁਤ ਸੁਚੇਤ ਹੋਣਾ ਚਾਹੀਦਾ ਹੈ ਕਿਉਂਕਿ ਇਹ ਸੰਘ ਵਾਲੀ ਮਨੋਦਸ਼ਾ ਦੇ ਅੰਸ਼ ਹਨ।ਤਬਾਹੀ ਕਰਨ ਦੀ ਇੱਛਾ ਅਤੇ ਤਬਾਹੀ ਵੇਖ ਕੇ ਖੁਸ਼ ਹੋਣਾ ਦੋਵੇਂ ਹੀ ਆਮ ਮਾਨਸਿਕ ਲੱਛਣ ਨਹੀਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,