ਲੇਖ » ਸਿੱਖ ਖਬਰਾਂ

ਜਿੱਤ ਦੇ ਨਿਸ਼ਾਨ

December 15, 2020 | By

ਲੇਖਕ: ਡਾ. ਸਿਕੰਦਰ ਸਿੰਘ

ਜਿੱਤ ਆਪਣੇ ਆਪ ਵਿੱਚ ਬਹੁਤ ਵੱਡੀ ਸ਼ੈਅ ਹੈ ਪਰ ਜੇ ਜਿੱਤ ਵੱਡੀ ਹੋਵੇ ਅਤੇ ਕਿਸੇ ਵੱਡੇ ਮੰਨੇ ਗਏ ਨੂੰ ਹੀ ਜਿੱਤਿਆ ਹੋਵੇ ਤਾਂ ਉਹ ਜਿੱਤਣ ਵਾਲਿਆਂ ਉਸ ਨਾਲ ਜੁੜੇ ਸਕੇ ਸਬੰਧੀਆਂ ਤੇ ਸਮਰਥਕਾਂ ਦੀ ਸਰੀਰ ਕਿਰਿਆ (ਮੈਟਾਬੋਲਿਜ਼ਮ) ਅਤੇ ਤੰਦਰੁਸਤੀ (ਇਮਿਊਨਿਟੀ) ਨੂੰ ਇੰਨਾ ਤੇਜ਼ ਕਰ ਦਿੰਦੀ ਹੈ ਕਿ ਉਸ ਵਿਚੋਂ ਪੈਦਾ ਹੋਈ ਊਰਜਾ ਪੁਰਾਣੀਆਂ ਸਭ ਬਿਮਾਰੀਆਂ ਨੂੰ ਖ਼ਤਮ ਕਰ ਦਿੰਦੀ ਹੈ ਅਤੇ ਨਵੀਆਂ ਦੇ ਹਮਲਾਵਰਾਂ ਨੂੰ ਰਾਹੋਂ ਹੀ ਮੋੜਨ ਲੱਗ ਜਾਂਦੀ ਹੈ। ਜਦੋਂ ਕੋਈ ਸਮੂਹ ਕੌਮ ਸਮਾਜ ਅਜਿਹੀ ਜਿੱਤ ਜਿੱਤਦਾ ਹੈ ਤਾਂ ਉਸ ਦੇ ਅਚੇਤ ਦੀਆਂ ਅੰਦਰਲੀਆਂ ਸੱਚੀਆਂ ਪਰਤਾਂ ਉੱਘੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਦਾ ਸਮੂਹਿਕ/ਸਮਾਜਿਕ/ਕੌਮੀ ਕਿਰਦਾਰ ਆਪਣੇ ਅਚੇਤ ਵਿੱਚ ਪਏ ਅਸਲ ਮੂਲ ਵਰਗਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਮੂਲ ਕਿਸੇ ਦਾ ਸਰਬੱਤ ਦਾ ਭਲਾ ਚਾਹੁਣ ਵਾਲਾ ਪਰਉਪਕਾਰੀ ਵੀ ਹੋ ਸਕਦਾ ਹੈ ਜਾਂ ਆਪਣਾ ਭਲਾ ਚਾਹੁਣ ਵਾਲਾ ਨਿੱਜਵਾਦੀ ਵੀ ਹੋ ਸਕਦਾ ਹੈ। ਇਹ ਹਰੇਕ ਕੌਮ ਦੀ ਆਪਣੇ ਮੂਲ ਕੀਮਤ ਤੇ ਨਿਰਭਰ ਕਰਦਾ ਹੈ। ਇੱਕੋ ਧਰਤੀ ਤੇ ਵੱਖੋ ਵੱਖ ਖਿਆਲ/ਵਿਚਾਰਧਾਰਾ ਨਾਲ ਜੁੜੇ ਸਮੂਹਾਂ ਦੀ ਕਈ ਵਾਰੀ ਸਾਂਝੇ ਵਿਰੋਧੀ ਖਿਲਾਫ਼ ਜੁਗਵੀਂ ਲੜਾਈ ਹੁੰਦੀ ਹੈ। ਇਸ ਸਮੇਂ ਦੌਰਾਨ ਇਨ੍ਹਾਂ ਸਮੂਹਾਂ ਦਾ ਕਿਰਦਾਰ ਆਪਣੇ ਮੂਲ ਵਿਚਾਰ ਪਰਉਪਕਾਰੀ ਜਾਂ ਨਿੱਜਵਾਦੀ ਵਜੋਂ ਪਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀਆਂ ਸੂਖਮ ਅਤੇ ਸੰਵੇਦਨਸ਼ੀਲ ਹਾਲਤਾਂ ਵਿੱਚ ਪਰਉਪਕਾਰੀ ਵੰਡਣ ਲੱਗਦੇ ਹਨ ਅਤੇ ਨਿੱਜਵਾਦੀ ਆਪਣੇ ਨਿੱਜੀ ਸੁਆਰਥ ਲਈ ਸੰਚ-ਸੰਚ ਥੈਲੀਆਂ ਕਰਨ ਦੇ ਆਹਰ ਵਿੱਚ ਪੈਂਦੇ ਹਨ।

ਭਾਰਤ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜੱਦੋਜਹਿਦ ਦਿੱਲੀ ਪਹੁੰਚ ਕੇ ਦਿਨੋ-ਦਿਨ ਜਿੱਤ ਦੇ ਨੇੜੇ ਹੋਈ ਜਾ ਰਹੀ ਹੈ ਅਤੇ ਇਹ ਜਿੱਤ ਵੱਡੀ ਹੋਣ ਦੀਆਂ ਸੰਭਾਵਨਾਵਾਂ ਲਗਾਤਾਰ ਵਧਦੀਆਂ-ਬਣਦੀਆਂ ਜਾ ਰਹੀਆਂ ਹਨ। ਜਿੱਤ ਦਾ ਇੱਕੋ ਇੱਕ ਰੂਪ ਆਖਰੀ ਝੰਡਾ ਝੁਲਾ ਦੇਣਾ ਨਹੀਂ ਹੁੰਦਾ। ਇਹ ਤਾਂ ਅੰਤਮ ਰੂਪ ਹੁੰਦਾ ਹੈ ਪਰ ਇਸ ਤੋਂ ਇਲਾਵਾ ਜਿੱਤਾਂ ਦੇ ਅਨੇਕਾਂ ਪੱਖ ਅਤੇ ਪੜਾਅ ਹੁੰਦੇ ਹਨ। ਅਸਲ ਵਿੱਚ ਜਿੱਤ ਵੱਲ ਸਫ਼ਰ ਦਾ ਮਤਲਬ ਆਪਣੇ ਸੱਚੇ ਮੂਲ ਵੱਲ ਜਾਂ ਭਗਤ ਰਵਿਦਾਸ ਦੇ ਸ਼ਬਦਾਂ ਵਿਚ ਆਪਣੇ ਬੇਗਮਪੁਰੇ ਜਾਂ ਆਪਣੇ ਕੌਮੀ ਆਦਰਸ਼ ਵੱਲ ਵਧਣ ਤੋਂ ਹੁੰਦਾ ਹੈ। ਉਸ ਅੰਤਮ ਮੂਲ ਜਾਂ ਉਸ ਆਦਰਸ਼ ਬਿੰਦੂ ਤੇ ਪਹੁੰਚਣ ਤੋਂ ਬਾਅਦ ਜੰਗ ਮੁੱਕ ਜਾਂਦੀ ਹੈ ਪਰ ਉਸ ਤੋਂ ਪਹਿਲਾਂ ਛੋਟੀਆਂ-ਵੱਡੀਆਂ ਅਨੇਕਾਂ ਜੰਗਾਂ ਹੁੰਦੀਆਂ ਹਨ। ਕੁਝ ਇਨ੍ਹਾਂ ਪੜਾਅਵਾਰ ਜੰਗਾਂ ਦੇ ਵਿਰੋਧੀ ਹੁੰਦੇ ਹਨ ਅਤੇ ਕੋਈ ਅੰਤਮ ਜੰਗ ਦਾ ਵਿਰੋਧੀ ਹੁੰਦਾ ਹੈ। ਇਹ ਹੋ ਸਕਦਾ ਹੈ ਕਿ ਕੋਈ ਖਾਸ ਪੜਾਅ ‘ਤੇ ਵਿਰੋਧੀ ਹੋਵੇ ਪਰ ਅੰਤਿਮ ਜੰਗ ਵਿਚ ਨਾ ਹੋਵੇ। ਇਸ ਲਈ ਕਿਸੇ ਧਿਰ ਨੇ ਛੋਟੀਆਂ-ਵੱਡੀਆਂ ਜੰਗਾਂ ਜਿੱਤ ਕੇ ਅਖੀਰ ਆਪਣੇ ਅੰਤਮ ਵਿਰੋਧੀ ਨੂੰ ਹੀ ਮੇਸਣਾ ਹੁੰਦਾ ਹੈ। ਇਸ ਲਈ ਹਰ ਛੋਟੀ ਤੋਂ ਵੱਡੀ ਜੰਗ ਜਿੱਤ-ਹਾਰ ਦੇ ਨਿਸ਼ਾਨ ਦਿੰਦੀ ਹੈ। ਜਿੱਤ ਵੱਲ ਸਫ਼ਰ ਵਿੱਚ ਦੋ ਪੱਖ ਹੁੰਦੇ ਹਨ। ਇਕ, ਜੇਤੂ ਧਿਰ ਨੇ ਆਪਣੇ ਅੰਦਰ ਦਾ ਉਸਾਰੂ ਵੱਲ ਨੂੰ ਕੀ ਬਦਲ ਲਿਆ ਹੈ ਅਤੇ ਦੂਜਾ ਉਸ ਨੇ ਆਪਣੇ ਵਿਰੋਧੀ ਦਾ ਕੀ ਕੀ ਬਦਲ ਦਿੱਤਾ ਹੈ ਅਰਥਾਤ ਉਸ ਦਾ ਕੀ-ਕੀ ਨਕਾਰਾ ਕਰ ਦਿੱਤਾ ਹੈ। ਉਸ ਲਈ ਕੀ ਔਖਾ ਕਰ ਦਿੱਤਾ ਹੈ। ਕਿਸਾਨੀ ਜੱਦੋਜਹਿਦ ਨੇ ਅਜਿਹੇ ਕਈ ਮੀਲ ਪੱਥਰ ਸਥਾਪਤ ਕਰ ਦਿੱਤੇ ਹਨ ਜੋ ਪੰਜਾਬ ਦੀ ਜਿੱਤ ਦੇ ਨਿਸ਼ਾਨ ਮੰਨੇ ਜਾ ਸਕਦੇ ਹਨ। ਇਹ ਲੇਖ ਜਿੱਤ ਦੇ ਉਨ੍ਹਾਂ ਨਿਸ਼ਾਨਾਂ ਬਾਰੇ ਇਕ ਜਾਇਜਾ ਹੈ।

1.

ਕਿਸੇ ਕੌਮ ਸਮਾਜ ਲਈ ਸਭ ਤੋਂ ਉੱਤਮ ਜੀਵਨ ਉਹ ਹੁੰਦਾ ਹੈ ਜਿੱਥੇ ਡਰ ਨਹੀਂ ਹੁੰਦਾ ਅਰਥਾਤ ਉੱਥੇ ਨਾ ਕੋਈ ਕਿਸੇ ਨੂੰ ਡਰਾਉਂਦਾ ਹੈ ਨਾ ਕੋਈ ਕਿਸੇ ਤੋਂ ਡਰਦਾ ਹੈ। ਰਾਜਨੀਤਕ ਸਿਧਾਂਤ ਅਤੇ ਰਾਜਾਂ ਦੇ ਇਤਿਹਾਸ ਦੇ ਨਜ਼ਰੀਏ ਤੋਂ ਸਦਾਚਾਰੀ ਰਾਜ ਤੋਂ ਬਿਨਾਂ ਕੋਈ ਵੀ ਰਾਜਤੰਤਰ ਲੋਕਾਂ ਨੂੰ ਛਲ ਜਾਂ ਡਰ ਨਾਲ ਕਾਬੂ ਰੱਖਦਾ ਹੈ। ਕਾਨੂੰਨ ਵੀ ਡਰ/ਸਹਿਮ ਨਾਲ ਅਨੁਸ਼ਾਸਤ ਕਰਨ ਦਾ ਹੀ ਇੱਕ ਰੂਪ ਹੈ ਜੋ ਫ਼ੌਜੀ ਤਾਕਤ, ਅਦਾਲਤਾਂ, ਜੇਲ੍ਹਾਂ ਅਤੇ ਹੋਰ ਸਰਕਾਰੀ ਸਹੂਲਤਾਂ ਤੋਂ ਵਾਂਝੇ ਕਰ ਦੇਣ ਦਾ ਸਹਿਮ ਪੈਦਾ ਕਰ ਕੇ ਲੋਕਾਂ ਨੂੰ ਰਾਜਨੀਤਕ ਸੱਭਿਆਚਾਰ ਅਨੁਸਾਰ ਜਿਉਣ ਲਈ ਸਿਧਾਉਂਦਾ ਹੈ। ਵਰਤਮਾਨ ਭਾਰਤੀ ਹਕੂਮਤ ਨੇ ਨੇੜ ਭੂਤ ਵਿੱਚ ਕਈ ਅਹਿਮ ਫ਼ੈਸਲੇ ਲਏ ਅਤੇ ਕਾਨੂੰਨ ਬਣਾਏ, ਉਪਰੋਂ ਹਾਕਮਾਨਾ ਦਹਿਸ਼ਤ ਅਤੇ ਭੈਅ ਨਾਲ ਲਾਗੂ ਕੀਤੇ।

ਕਿਸਾਨ ਜੱਦੋਜਹਿਦ ਪੰਜਾਬ ਤੋਂ ਮੰਗਾਂ ਦੇ ਰੂਪ ਵਿਚ ਸ਼ੁਰੂ ਹੋਈ ਅਤੇ ਸਰਕਾਰ ਦੀਆਂ ਰੋਕਾਂ ਨੂੰ ਭੰਨ ਕੇ ਇਹ ਜੰਗ ਦਾ ਰੁਖ ਅਖਤਿਆਰ ਕਰਨ ਲੱਗ ਗਈ। ਜੰਗ ਭੈਅਮੁਕਤ ਹੋਣ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ। ਪੰਜਾਬ ਤੋਂ ਬਾਹਰ ਤੁਰਨ ਤੋਂ ਬਾਅਦ ਇਹ ਲਹਿਰ ਜਿਉਂ ਜਿਉਂ ਅੱਗੇ ਵਧਦੀ ਹੈ ਤਿਉਂ ਤਿਉਂ ਹੋਰਾਂ ਨਿਮਾਣਿਆਂ-ਨਿਤਾਣਿਆਂ ਨੂੰ ਵੀ ਸਹਿਮ ਮੁਕਤ ਕਰਦੀ ਜਾ ਰਹੀ ਹੈ। ਹਕੂਮਤ, ਬਿਪਰ ਅਤੇ ਕਾਰਪੋਰੇਟ ਪੂੰਜੀਵਾਦੀ ਤਾਕਤ ਦਾ ਭੈਅ ਤੋੜਦੀ ਜਾ ਰਹੀ ਹੈ। ਇਸੇ ਕਰ ਕੇ ਸੰਘਰਸ਼ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਨਿਰਭਉ ਦੀ ਕੀਮਤ ਪੰਜਾਬ ਦੇ ਅੰਦਰ ਵਸਦੀ ਹੈ। ਸੰਗਤ ਦੇ ਚੜ੍ਹਦੀ ਕਲਾ ਦੇ ਮੁਹਾਵਰੇ ਅਤੇ ਵਿਹਾਰ ਵਿਚ ਜਦੋਂ ਇਹ ਪਰਗਟ ਹੋਈ ਤਾਂ ਇਹ ਅਜਾਦੀ ਦੀ ਮੂਲ ਕੀਮਤ ਬਣ ਕੇ ਦੁੱਗਣੀ-ਚੌਗਣੀ ਹੁੰਦੀ ਜਾ ਰਹੀ ਹੈ। ਭਾਰਤ ਦੀ ਵਰਤਮਾਨ ਹਕੂਮਤ ਦਾ ਸਹਿਮ ਇੰਨਾ ਪਸਰ ਗਿਆ ਸੀ ਹੋਰ ਰਾਜਾਂ ਵਿਚ ਹਕੂਮਤ ਪੱਖੀ ਆਮ ਪੱਧਰ ਦੇ ਕਾਰਕੁੰਨਾਂ ਨੂੰ ਰੋਕਣਾ ਵੀ ਮੁਸ਼ਕਲ ਹੋਇਆ ਪਿਆ ਸੀ। ਕਿਸਾਨ ਜੱਦੋਜਹਿਦ ਦੇ ਰੂਪ ਵਿਚ ਪੰਜਾਬ ਨੇ ਇਸ ਹਕੂਮਤ ਦੇ ਕੇਂਦਰੀ ਧੁਰਿਆਂ ਨੂੰ ਵੰਗਾਰਿਆ ਅਰਥਾਤ ਹਕੂਮਤ ਦੀ ਦਹਿਸ਼ਤ (ਮੈਸਕੁਲਿਨਿਟੀ) ਨੂੰ ਤੋੜਿਆ। ਪੰਜਾਬ ਵਿਚੋਂ ਉਠੀ ਇਸ ਤੌਹੀਦੀ ਲਹਿਰ ਨੇ ਤੌਹੀਨ ਸਹਿੰਦਿਆਂ ਨੂੰ ਨਿਰਭੈ ਹੋ ਕੇ ਜਿਉਣ ਦੀ ਜਾਗ ਲਗਾ ਦਿੱਤੀ। ਇਸੇ ਦੇ ਸਿੱਟੇ ਵਜੋਂ ਹੁਣ ਹਿੰਦੁਸਤਾਨ ਦਾ ਹਰ ਨਿਮਾਣਾ ਨਿਤਾਣਾ ਜਾਗ ਰਿਹਾ ਹੈ ਅਤੇ ਆਪਣੇ ਦਮਨਕਾਰ ਦੀ ਪਛਾਣ ਕਰ ਰਿਹਾ ਹੈ। ਇਹ ਇਕ ਐਸਾ ਵਰਤਾਰਾ ਵਾਪਰਿਆ ਜੋ ਹਕੂਮਤ ਦੇ ਸਭ ਪ੍ਰਬੰਧਾਂ ਤੋਂ ਉੱਪਰ ਦੀ ਹੋ ਗਿਆ। ਹਕੂਮਤ ਦੇ ਡਰ ਤੋਂ ਉੱਪਰ ਦੀ ਹੋ ਜਾਣ ਦਾ ਮਤਲਬ ਬਰਾਬਰ ਹਕੂਮਤ ਹੋਣਾ ਹੁੰਦਾ ਹੈ। ਇਹ ਲਹਿਰ ਹੁਣ ਖੁਦ ਫੈਸਲਿਆਂ ਦੇ ਸਮਰੱਥ ਹੈ ਅਤੇ ਭਾਰਤੀ ਹਕੂਮਤ ਇਸ ਅੱਗੇ ਅਰਜੋਈਆਂ ਜਾਂ ਛਲ-ਕਪਟ ਜੋਗੀ ਹੈ। ਇਹ ਜੱਦੋਜਹਿਦ ਕੇਵਲ ਭਾਰਤੀ ਹਕੂਮਤ ਲਈ ਹੀ ਵੰਗਾਰ ਨਹੀਂ ਬਲਕਿ ਦੁਨੀਆ ਦੇ ਹਰੇਕ ਰਾਸ਼ਟਰਵਾਦੀ ਕਾਰਪੋਰੇਟ ਪੂੰਜੀਵਾਦ ਲਈ ਚੁਣੌਤੀ ਹੈ। ਅਮਰੀਕੀ ਮੁੱਖਧਾਰਾਈ ਸੰਚਾਰ ਸਾਧਨਾਂ ਵਲੋਂ ਇਸ ਦੀ ਖਬਰ ਨੂੰ ਬਣਦਾ ਥਾਂ ਨਾ ਦੇਣ ਦਾ ਕਾਰਨ ਇਹੋ ਹੈ। ਰਾਜਨੀਤੀ ਸਿਧਾਂਤ ਮੁਤਾਬਕ ਰਾਜ ਕਰਨ ਦਾ ਕੇਂਦਰੀ ਪਹਿਲੂ ਰਾਜ ਦਾ ਡਰ ਅਤੇ ਦਹਿਸ਼ਤ (ਮੈਸਕੁਲਿਨਿਟੀ) ਹੁੰਦੇ ਹਨ। ਮਨੂੰ ਸਿਮਰਤੀ ਵਿੱਚ ਲਿਖਿਆ ਹੈ ਕਿ ਜੇ ਸਜਾ ਦਾ ਡਰ ਨਿ ਹੋਵੇ ਤਾਂ ਵਰਣਸ਼ੰਕਰ ਜਾਤਾਂ ਪੈਦਾ ਹੋਣ ਲੱਗ ਜਾਣਗੀਆਂ। ਸਭ ਡਰ ਨਾਲ ਹੀ ਕਾਬੂ ਕੀਤਾ ਹੋਇਆ ਹੈ। ਡਰ ਮੁਕਤ ਜੀਵਨ ਦੀ ਮਿਸਾਲ ਵਜੋਂ ਇਹ ਰਾਜਨੀਤੀ ਦੇ ਖੇਤਰ ਵਿਚ ਨਵਾਂ ਪਹਿਲੂ ਹੈ ਜੋ ਬਗਾਵਤ ਵੀ ਨਹੀਂ ਅਤੇ ਹਕੂਮਤ ਦੇ ਪ੍ਰਬੰਧਾਂ ਤੋਂ ਉੱਪਰ ਵੀ ਹੈ। ਰਾਜਨੀਤੀ ਸਿਧਾਂਤ ਵਿਚ ਵੀ ਇਸ ਲਹਿਰ ਨੂੰ ਨਵੇਂ ਸਿਰਿਓਂ ਵਿਆਖਿਆਉਣ ਦੀ ਲੋੜ ਪਵੇਗੀ। ਫਿਲਹਾਲ, ਇਹ ਕਿਸਾਨ ਜੱਦੋਜਹਿਦ ਦੀ ਜਿੱਤ ਦਾ ਨਿਸ਼ਾਨ ਹੈ।

2.

ਸਮਾਜ ਵਿਗਿਆਨ ਦੇ ਨੁਕਤੇ ਤੋਂ ਬੰਦੇ ਦਾ ਸਫਰ ਜਾਂਗਲੀ ਤੋਂ ਸਭਿਅਕ ਹੋਣ ਵਲ ਦਾ ਹੈ। ਸ਼ਾਂਤ, ਨਿਮਰ, ਦੂਜਿਆਂ ਦੀ ਹੋਂਦ ਦਾ ਸਾਂਝੀਵਾਲ ਪਰ ਅਜਾਦ ਨਿਰਭੈ, ਨਿਰਵੈਰ ਹੋਣਾ ਸਭਿਅਕ ਬੰਦੇ ਦੇ ਗੁਣ ਮੰਨੇ ਗਏ ਹਨ। ਹਕੂਮਤਾਂ ਆਪਣੇ ਕਿਸੇ ਦੁਸ਼ਮਣ ਦੇ ਖਾਤਮੇ ਲਈ ਉਸ ਨੂੰ ਇਨ੍ਹਾਂ ਗੁਣਾਂ ਤੋਂ ਉਲਟ ਪਰਚਾਰਦੀਆਂ ਹਨ। ਪੰਜਾਬ ਨੂੰ ਭਾਰਤੀ ਪਰਚਾਰ ਮੁਹਾਵਰੇ ਵਿਚ ਅੱਤਵਾਦੀ, ਖਰੂਦੀ, ਹਿੰਸਕ, ਨਸ਼ੇੜੀ, ਘੱਟ ਸੋਚ ਵਾਲੇ, ਜਰਾਇਮ ਪੇਸ਼ਾ, ਜਾਤ ਦੀ ਹੈਂਕੜ ਦੇ ਲੰਬੜਦਾਰ ਆਦਿ ਰੂਪਕ ਦਿੱਤੇ ਜਾਂਦੇ ਹਨ। ਕਿਸਾਨੀ ਜੱਦੋਜਹਿਦ ਨੂੰ ਵੀ ਨਕਸਲੀ ਅਤੇ ਖਾਲਸਤਾਨੀ ਵਜੋਂ ਪਰਚਾਰਿਆ ਗਿਆ। ਇਨ੍ਹਾਂ ਰੂਪਕਾਂ ਵਿਚ ਵੀ ਸਰਕਾਰੀ ਪਰਚਾਰ ਨੇ ਖਾੜਕੂ/ਬਾਗੀ ਹੋਣ ਨਾਲੋਂ ਅੱਤਵਾਦੀ, ਹਿੰਸਕ, ਕਾਤਲ ਅਤੇ ਮਨੁੱਖ ਵਿਰੋਧੀ ਹੋਣ ਦੇ ਅਰਥ ਭਰੇ ਹਨ ਬੇਸ਼ਕ ਇਹ ਦੋਵੇਂ ਰੂਪਕ ਆਪੋ-ਆਪਣੇ ਖੇਤਰ ਦੇ ਲੋਕਾਂ ਵਿਚ ਅਜਾਦ ਯੋਧਿਆਂ ਵਜੋਂ ਵੀ ਜਾਣੇ ਜਾਂਦੇ ਹਨ। ਕਿਸਾਨੀ ਜੱਦੋਜਹਿਦ ਜਿਸ ਟੇਕ, ਸ਼ਾਂਤੀ ਅਤੇ ਨੇਮਬੱਧ ਰੂਪ ਵਿਚ ਚੱਲ ਰਹੀ ਹੈ ਇਸ ਨੇ ਸਰਕਾਰ ਦੁਆਰਾ 1947 ਤੋਂ ਪਿਛਲੇ ਸੱਤ ਦਹਾਕਿਆਂ ਵਿਚ ਥੋਪੇ ਅਸਭਿਅਕ ਹੋਣ ਦੇ ਵਿਸ਼ੇਸ਼ਣਾਂ ਦੇ ਅਰਥ ਬਦਲ ਦਿੱਤੇ ਹਨ। ‘ਆਪਮੁਹਾਰਾ ਜਰਾਇਮ ਪੇਸ਼ਾ’ ਕੌਮ ਵਜੋਂ ਪਰਚਾਰੇ ਲੋਕ ‘ਅਜਾਦ ਨੇਮਬੱਧ ਕੌਮ’ ਵਜੋਂ ਪਰਗਟ ਹੋਏ ਹਨ ਅਤੇ ਉਨ੍ਹਾਂ ਦੀ ਨੇਮਬੱਧਤਾ ਤੇ ਅਨੁਸ਼ਾਸਨ ਦੀ ਮਾਨਤਾ ਦੁਨੀਆ ਭਰ ਵਿਚ ਹੋ ਰਹੀ ਹੈ। ਅਮਰੀਕੀ ਸ਼ਹਿਰ ਸਾਂਫਰਾਂਸਿਸਕੋ ਵਿਚ ਕਿਸਾਨ ਜੱਦੋਜਹਿਦ ਦੇ ਹੱਕ ਵਿਚ ਨਿਕਲੀ ਰੈਲੀ ਨੂੰ ਉਥੋਂ ਦੀ ਪੁਲਸ ਨੇ ਅੱਜ ਤੱਕ ਦੀ ਸਭ ਤੋਂ ਵੱਡੀ ਅਤੇ ਸ਼ਾਂਤ ਰੈਲੀ ਕਿਹਾ ਹੈ। ਪਿਛੋਕੜ ਵਿਚ ਭਾਰਤੀ ਹਕੂਮਤ ਦੇ ਬਦਪਰਚਾਰ ਨਾਲ ਖਰਾਬ ਹੋਏ ਅਕਸ ਨੂੰ ਪੰਜਾਬ ਸੁੱਚੇ ਕਰਮ ਨਾਲ ਧੋ ਰਿਹਾ ਹੈ।

ਇਸ ਜੱਦੋਜਹਿਦ ਵਿਚ ਪੰਜਾਬ ਦੇ ਸਾਂਝੇ ਅਵਚੇਤਨ ਦਾ ਪਰਗਟਾਵਾ ਸਭਿਅਕ ਮਨੁੱਖਾਂ/ਸਮਾਜਾਂ ਦੇ ਵਿਹਾਰ ਵਾਲਾ ਹੈ। ਲਹਿਰ ਨੂੰ ਸ਼ਾਂਤ ਰੱਖਣ ਲਈ ਲੋਕ ਆਪ ਚੌਕੀਦਾਰੀ ਅਤੇ ਫੌਜਦਾਰੀ ਕਰ ਰਹੇ ਹਨ ਜਦਕਿ ਸਰਕਾਰ ਇਸ ਨੂੰ ਉਲਟੇ ਰੂਪ ਵਿਚ ਹਿੰਸਕ, ਭੜਕਾਊ ਅਤੇ ਅਸਭਿਅਕ ਬਣਾਉਣ ਦੇ ਜਤਨ ਕਰ ਰਹੀ ਹੈ। ਇਕ ਤਾਂ ਏਨੀ ਵੱਡੀ ਗਿਣਤੀ ਦਾ ਆਪਣੇ ਆਪ ਵਿਚ ਨਿਯਮਤ ਰਹਿਣਾ ਅਤੇ ਦੂਜਾ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਰੋਕੀ ਰੱਖਣਾ ਦੋ ਅਹਿਮ ਪ੍ਰਾਪਤੀਆਂ ਹਨ। ਇਸ ਜੱਦੋਜਹਿਦ ਰਾਹੀਂ ਪੰਜਾਬ ਨੇ ਨਵਾਂ ਕੀਰਤੀਮਾਨ ਇਹ ਸਥਾਪਤ ਕੀਤਾ ਕਿ ਰਾਜਨੀਤਕ ਸਭਿਆਚਾਰ ਮੁਤਾਬਕ ਢਲ ਜਾਣਾ ਹੀ ਸ਼ਾਂਤ-ਸ਼ਹਿਰੀ ਹੋਣਾ ਨਹੀਂ ਬਲਕਿ ਹਕੂਮਤ ਦੇ ਦਮਨਕਾਰੀ ਮੁੱਖ ਬਿਰਤਾਂਤ ਨੂੰ ਭੰਨਣਾ ਵੀ ਸ਼ਾਂਤ-ਸਭਿਅਕ ਹੋਣਾ ਹੋ ਸਕਦਾ ਹੈ। ਇਸ ਲਹਿਰ ਵਿਚੋਂ ਪੰਜਾਬ ਦਾ ਉਹ ਵਿਹਾਰ ਪਰਗਟ ਹੋ ਰਿਹਾ ਹੈ ਜਿਹੜਾ ਕੋਈ ਸਮਾਜ ਸਦੀਆਂ ਦੇ ਲੰਮੇ ਪੈਂਡੇ ਵਿਚੋਂ ਸਿੱਖਦਾ ਹੈ। ਹੜੱਪਾ ਆਰਕਿਆਲੋਜੀ ਰਿਸਰਚ ਪ੍ਰਾਜੈਕਟ ਦੱਸਦਾ ਕਿ ਆਰੀਆਂ ਤੋਂ ਪਹਿਲਾਂ ਇਥੇ ਸਭਿਅਕ ਲੋਕ ਵਸਦੇ ਸਨ। ਜਿਨ੍ਹਾਂ ਨੂੰ ਆਰੀਆਂ ਨੇ ਨੀਵੇਂ, ਗਰੀਬ ਅਤੇ ਅਸਭਿਅਕ ਬਣਾ ਦਿੱਤਾ ਸੀ। ਗੁਰੂ ਸਾਹਿਬਾਨ ਨੇ ਉਨ੍ਹਾਂ ਨੂੰ ਸਭ ਕਲਾਵਾਂ ਅਤੇ ਗੁਣ ਬਖਸ਼ ਕੇ ਸਚਿਆਰ ਬਣਾਇਆ। ਇਹ ਲੋਕ ਸਮਾਜ ਵਿਗਿਆਨ ਦੇ ਸਭ ਤੋਂ ਸਭਿਅਕ ਸਮਾਜ ਵਜੋਂ ਪਰਗਟ ਹੋ ਰਹੇ ਹਨ। ਇਸ ਜੱਦੋਜਹਿਦ ਨੇ ਸਭਿਅਕ ਹੋਣ ਦੀ ਕੀਮਤ ਇਕ ਵੱਡਾ ਲੋਕਤੰਤਰ ਕਹਾਉਂਦੀ ਹਕੂਮਤ ਨਾਲੋਂ ਤੋੜ ਦਿੱਤੀ ਹੈ। ਤਤਕਾਲੀ ਮਾਹੌਲ ਵਿਚ ਭਾਰਤੀ ਹਕੂਮਤ ਨਾਲ ਹੋਣ ਦਾ ਮਤਲਬ ਕਾਇਰ, ਪਿਛਲੱਗ, ਅੰਨ੍ਹੇ ਅਤੇ ਗਦਾਰ ਹੋਣਾ ਬਣ ਗਿਆ ਹੈ। ਰਾਜਨੀਤਕ ਸਿਧਾਂਤ ਦੇ ਸਦੀਆਂ ਦੇ ਇਤਿਹਾਸ ਵਿਚ ਹਕੂਮਤ ਆਖਰੀ ਤਾਕਤ ਮੰਨੀ ਗਈ ਹੈ, ਇਸ ਜੱਦੋਜਹਿਦ ਨੇ ਹਕੂਮਤ ਦੇ ਆਖਰੀ ਤਾਕਤ ਹੋਣ ਦਾ ਸਿਧਾਂਤ ਭੰਨ ਦਿੱਤਾ ਹੈ।

ਇਕ ਵੇਲਾ ਸੀ ਜਦ ਪੇਂਡੂ ਸਭਿਆਚਾਰ ਸ਼ਹਿਰੀ/ ਮਹਾਂਨਗਰੀ ਨਾਲੋਂ ਘੱਟ ਵਿਕਸਤ, ਘੱਟ ਸਭਿਅਕ ਸਮਝਿਆ ਜਾਂਦਾ ਸੀ। ਇਸ ਮਿਥ ਨੂੰ ਵਾਤਾਵਰਣਵਾਦੀ ਲਹਿਰਾਂ/ਚਿੰਤਕਾਂ ਨੇ ਤੋੜਨ ਦੇ ਸਿਧਾਂਤਕ ਅਤੇ ਸੀਮਤ ਵਿਹਾਰਕ ਜਤਨ ਕੀਤੇ। ਉਨ੍ਹਾਂ ਨੇ ਕੁਦਰਤ ਨੂੰ ਬਚਾਉਣ ਲਈ ਸ਼ਹਿਰੀਕਰਣ ਨੂੰ ਤੋੜਨ ਦੀਆਂ ਸਲਾਹਾਂ ਦਿੱਤੀਆਂ ਪਰ ਸ਼ਹਿਰ ਦੇ ਪਿੰਡ ਨਾਲੋਂ ਵੱਧ ਸਭਿਅਕ, ਵਿਕਸਤ ਹੋਣ ਦੀ ਮਿਥ ਟੁੱਟ ਨਹੀਂ ਰਹੀ ਸੀ। ਇਸ ਜੱਦੋਜਹਿਦ ਨੇ ਪਿੰਡਾਂ ਵਾਲੇ ਕਿਰਤੀਆਂ ਦੇ ਸਭਿਅਕ ਹੋਣ ਦੀ ਮਾਨਤਾ ਸਿਰਜੀ ਹੈ। ਜਿਸ ਮਹਾਂਨਗਰ ਵਿਚ ਕਿਸਾਨਾਂ ਨੇ ਡੇਰੇ ਲਾਏ ਹਨ ਉਥੋਂ ਦੇ ਲੋਕ ਇਨ੍ਹਾਂ ਦੀ ਆਰਜੀ ਆਮਦ ਤੋਂ ਸਕੂਨ ਮਹਿਸੂਸ ਕਰ ਰਹੇ ਹਨ। ਭੁੱਖਿਆਂ ਨੂੰ ਰੋਟੀ ਅਤੇ ਇਜਤਹੀਣਾਂ ਨੂੰ ਇਜਤ ਮਿਲ ਰਹੀ ਹੈ। ਰਾਜਧਾਨੀ ਬਣੇ ਮਹਾਂਨਗਰ ਦੇ ਅਸਭਿਅਕ ਹੋਣ ਭੇਦ ਤਾਂ ਖੁੱਲ੍ਹੇ ਹੀ ਹਨ ਪਰ ਪੇਂਡੂ ਕਿਰਤੀ ਉਸ ਨੂੰ ਸਭਿਅਕ ਬਣਾ ਸਕਦੇ ਹਨ। ਇਹ ਜਿੱਤ ਦੇ ਅਲੋਕਾਰੇ ਨਿਸ਼ਾਨ ਹਨ।

3.

ਦਿੱਲੀ ਦੇ ਲੋਕਾਂ ਵਿਚ ਸਿੱਖਾਂ ਅਤੇ ਪੰਜਾਬੀਆਂ ਦੇ ਖੁਲ੍ਹੇ, ਮਿਲਾਪੜੇ, ਸੁਰੱਖਿਅਕ ਅਤੇ ਰੋਜੀ ਦਾਤਾ ਹੋਣ ਦੇ ‘ਦੇਗ ਤੇਗ ਫਤਹਿ’ ਵਾਲੇ ਖਾਲਸਾਈ ਗੁਣਾਂ ਦਾ ਸੰਚਾਰ ਬਿਪਰਵਾਦੀ ਕਾਰਪੋਰੇਟ ਪੂੰਜੀਵਾਦੀ ਤਾਕਤਾਂ ਲਈ ਨਵੀਂ ਮੁਸ਼ਕਲ ਬਣਦਾ ਜਾ ਰਿਹਾ ਹੈ। ਲੋਕਾਂ ਨੂੰ ਸਿੱਖਾਂ/ਪੰਜਾਬੀਆਂ ਦੇ ਅਸਰ-ਰਸੂਖ ਹੇਠ ਆਏ ਸਮੇਂ ਵਿਚੋਂ ਅਜਾਦੀ ਦਿਖ ਰਹੀ ਹੈ ਜਦਕਿ ਉਹ ਹਾਕਮ ਨਹੀਂ ਸਗੋਂ ਉਲਟਾ ਹਾਕਮ ਨਾਲ ਜੰਗ ਵਿਚ ਹਨ। ਕਿਸੇ ਮਨੁੱਖ/ਕੌਮ ਦਾ ਸਭ ਤੋਂ ਜਾਲਮ, ਅਸਭਿਅਕ, ਅਣਮਨੁੱਖੀ ਵਿਹਾਰ ਜੰਗ ਦੌਰਾਨ ਹੀ ਪਰਗਟ ਹੁੰਦਾ ਹੈ, ਜੰਗ ਬਾਹਰੀਆਂ ਹਾਲਤਾਂ ਵਿਚ ਉਹੀ ਮਨੁੱਖ/ਕੌਮ ਘੱਟ ਜਾਂ ਵੱਧ ਸਭਿਅਕ, ਮਨੁੱਖਵਾਦੀ ਹੋਵੇਗਾ ਹੀ। ਜੇ ਨਾ ਵੀ ਹੋਵੇ ਤਾਂ ਉਹ ਜੰਗ ਤੋਂ ਵਧੇਰੇ ਜਾਲਮ, ਅਸਭਿਅਕ ਨਹੀਂ ਹੋ ਸਕਦਾ। ਇਸ ਜੰਗ ਵਿਚ ਸਿਖਾਂ ਦਾ ਵਿਹਾਰ ਸਭਿਅਕ, ਰਾਖੇ, ਸਭਨਾਂ ਦੇ ਰੋਜੀ ਦਾਤਾ, ਪਰਉਪਕਾਰ ਲਈ ਸੜਕਾਂ ਤੇ ਗੁਜਰਾਨ ਕਰਨ ਵਾਲਿਆਂ ਵਜੋਂ ਪਰਗਟ ਹੋ ਰਿਹਾ ਹੈ। ਲੋਕ ਇਸ ਨੂੰ ਭਾਈ ਘਨਈਆ ਜੀ ਦੀ ਪਰੰਪਰਾ ਕਹਿ ਰਹੇ ਹਨ। ਯਾਦ ਰੱਖਣਯੋਗ ਗੱਲ ਇਹ ਹੈ ਕਿ ਇਹ ਅੱਜ ਹਾਕਮ ਨਹੀਂ ਹਨ, ਜੇ ਇਹੀ ਲੋਕ ਹਾਕਮ ਹੋਣ ਤਾਂ ਪਰਜਾ ਕਿਹੋ ਜਿਹਾ ਸੁਖ ਮਾਣੇਗੀ! ਦੇਰ-ਸਵੇਰ ਦਿੱਲੀ ਦੀ ਜਨਤਾ ਨੇ ਇਹ ਕਲਪਨਾ ਕਰ ਹੀ ਲੈਣੀ ਹੈ ਅਤੇ ਵਰਤਮਾਨ ਭਾਰਤੀ ਹਕੂਮਤ ਦੀ ਅਜਾਦੀ ਨਾਲ ਤੁਲਨਾ ਹੀ ਲੈਣਾ ਹੈ। ਬੀ.ਬੀ.ਸੀ. ਦੀ ਇਕ ਬੋਲਦੀ ਖਬਰ ਵਿਚ ਇਕ ਬੀਬੀ ਕਹਿ ਰਹੀ ਹੈ ‘ਕਾਸ਼! ਅਸੀਂ ਦਿੱਲੀ ਦੀ ਥਾਂ ਪੰਜਾਬ ਵਿਚ ਵਸ ਗਏ ਹੁੰਦੇ!’ ਇਹ ਕਲਪਨਾ ਵਧਣੀ ਹੀ ਹੈ। ਇਹ ਜਿੱਤ ਦਾ ਨਿਸ਼ਾਨ ਧਰਤੀ ‘ਤੇ ਜਾਂ ਕਿਸੇ ਕਿਲ੍ਹੇ ‘ਤੇ ਨਹੀਂ ਸਗੋਂ ਲੋਕਾਂ ਦੇ ਮਨਾਂ ‘ਤੇ ਉਕਰਿਆ ਜਾ ਰਿਹਾ ਹੈ।

4.

1905 ਈ. ਵਿਚ ਜਪਾਨ-ਰੂਸ ਜੰਗ ਵਿਚ ਜਦੋਂ ਛੋਟੇ ਜਿਹੇ ਜਪਾਨ ਨੇ ਦੋ ਦੀਪਾਂ ‘ਤੇ ਫੈਲੇ ਰੂਸ ਨੂੰ ਜਿੱਤ ਲਿਆ ਤਾਂ ਇਤਿਹਾਸਕਾਰਾਂ ਨੇ ਇਸ ਨੂੰ ‘ਨਿੱਕੜੇ ਦੀ ਦਿਓ ‘ਤੇ ਜਿੱਤ’ ਕਿਹਾ। ਭਾਰਤ ਪਿਛਲੇ 100 ਕੁ ਸਾਲਾਂ ਤੋਂ ਜਿਧਰ ਨੂੰ ਸਫਰ ਕਰ ਰਿਹਾ ਸੀ ਪਿਛਲੇ ਛੇ ਸਾਲ ਉਸ ਤਾਕਤ ਦੀ ਸਿਖਰਲੀ ਪੌੜੀ ਸਨ। 2014 ਦੀਆਂ ਚੋਣਾਂ ਤੋਂ ਹੀ ਸਿਆਸਤਦਾਨ ਨਰਿੰਦਰ ਮੋਦੀ ਨੂੰ ਦਿਓਕੱਦ ਵਜੋਂ ਪੇਸ਼ ਕੀਤਾ ਗਿਆ। ਉਸ ਦੀ ਤੁਲਨਾ ਅਵਤਾਰਾਂ ਨਾਲ ਕੀਤੀ ਗਈ। 2019 ਵਿਚ ਦੂਜੇ ਸਿਆਸਤਦਾਨ ਅਮਿਤ ਸ਼ਾਹ ਦੀ ਆਮਦ ਨਾਲ ਹਕੂਮਤ ਦਾ ਦਿਓਕੱਦ ਦੁੱਗਣ ਹੋ ਗਿਆ। ਇਨ੍ਹਾਂ ਸਾਲਾਂ ਵਿਚ ਜੀ.ਐਸ.ਟੀ., ਨੋਟ ਬੰਦੀ, ਨਾਗਰਿਕਤਾ ਸੋਧ ਕਾਨੂੰਨ ਅਤੇ ਕਸ਼ਮੀਰ ਦੀ ਧਾਰਾ 370 ਨੂੰ ਤੋੜਨ ਵਰਗੇ ਫੈਸਲਿਆਂ ਅਤੇ ਇਨ੍ਹਾਂ ਨੂੰ ਧੌਂਸ ਨਾਲ ਲਾਗੂ ਕਰਨ ਕਰ ਕੇ ਹਕੂਮਤ ਦਾ ਵੱਡਪਣ ਅਤੇ ਹੰਕਾਰ ਟੀਸੀ ਚੜ੍ਹ ਗਿਆ ਸੀ। ਇਨ੍ਹਾਂ ਫੈਸਲਿਆਂ ਤੋਂ ਪਹਿਲਾਂ ਅਤੇ ਦੌਰਾਨ ਪ੍ਰਧਾਨ ਮੰਤਰੀ ਬਣੇ ਸਿਆਸਤਦਾਨ ਦੀਆਂ ਬੇਹਿਸਾਬ ਵਿਦੇਸ ਫੇਰੀਆਂ ਨੇ ਭਾਰਤੀ ਹਕੂਮਤ ਨੂੰ ਕੌਮਾਂਤਰੀ ਪੱਧਰ ਦੀ ‘ਕੰਜਰਵੇਟਵਿ’ ਰਾਜਨੀਤੀ ਦਾ ਥੰਮ ਬਣਾ ਦਿੱਤਾ ਸੀ। 2019 ਦੀਆਂ ਕਨੇਡਾ ਚੋਣਾਂ ਵਿਚ ਭਾਜਪਾ ਪੱਖੀ ਭਾਰਤੀ ਪਰਵਾਸੀਆਂ ਨੇ ਵਧੇਰੇ ਕਰ ਕੇ ਕੰਜਰਵੇਟਿਵ ਤਾਕਤਾਂ ਦੀ ਡਟ ਕੇ ਮਦਦ ਕੀਤੀ। ਟਰੰਪ ਵਰਤਾਰਾ ਬੇਸ਼ਕ 2020 ਵਿਚ ਪਛੜ ਗਿਆ ਪਰ ਉਸ ਦਾ ਸਮਰਥਨ ਪਲੜੇ ਦੇ ਨੇੜੇ ਹੋਣਾ ਕੰਜਰਵੇਟਵਿ ਮਹਾਂਦੈਂਤ ਨੇ ਰਾਸ਼ਟਰਵਾਦੀ ਵਰਤਾਰੇ ਪਛਾੜ ਦਿੱਤੇ ਸਨ। ਇਸ ਤੋਂ ਕੇਵਲ ਹੁਣ ਡਰਿਆ ਜਾ ਰਿਹਾ ਸੀ।

ਕਿਸਾਨ ਜੱਦੋਜਹਿਦ ਦੇ ਰੂਪ ਵਿਚ ਪੰਜਾਬ ਤੋਂ ਉਠੀ ਲਹਿਰ ਨੇ ਭਾਰਤੀ ਸਥਾਪਤੀ ਦੇ ਮਹਾਂਦੈਂਤ ਦਾ ਬਿੰਬ ਤੋੜ ਦਿੱਤਾ ਹੈ। ਬਿਰਤਾਂਤ ਵਿਚ ਸਿਖਰ ‘ਤੇ ਪਹੁੰਚੇ ਵੱਡੇ ਨੂੰ ਤੋੜਨ ਵਾਲਾ ਹੀ ਨਾਇਕ ਹੁੰਦਾ ਹੈ ਅਤੇ ਉਹੀ ਭਵਿੱਖ ਦਾ ਮਾਲਕ ਹੁੰਦਾ ਹੈ। ਪੰਜਾਬ ਦੇ ਕਿਸਾਨ ਹੁਣ ਨਾਇਕ ਹਨ ਅਤੇ ਭਵਿੱਖ ਦੇ ਵਾਰਸ ਵੀ। ਜੇ ਇਹ ਜੱਦੋਜਹਿਦ ਲੰਮੀ ਹੋਈ ਤਾਂ ਉਹ ਦੁਨੀਆ ਦੇ ਨਾਇਕ ਵੀ ਬਣ ਸਕਦੇ ਹਨ।

5.

ਹੁਣ ਤੱਕ ਦੇਸਾਂ/ਕੌਮਾਂ ਅੰਦਰ ਏਕਤਾ ਬਣਾਉਣ ਦਾ ਸਭ ਤੋਂ ਵੱਡਾ ਸੰਦ ਰਾਸ਼ਟਰਵਾਦ/ਕੌਮਵਾਦ ਹੀ ਮੰਨਿਆ-ਮਨਵਾਇਆ ਗਿਆ। ਭਵਿੱਖ ਦੇ ਇਤਿਹਾਸ ਬਾਰੇ ਕਿਤਾਬ ‘ਹੋਮੋ ਡਿਊਸ’ ਵਿਚ ਯੁਵਲ ਨੋਹ ਹਰਾਰੀ ਖੁਸ਼ੀ ਬਾਰੇ ਗੱਲ ਕਰਦਿਆਂ ਲਿਖਦਾ ਹੈ ਕਿ ਦੇਸ ਆਪਣੀ ਸਫਲਤਾ ਸਲਤਨਤ ਤੋਂ ਮਿਣਦੇ ਹਨ ਨਾ ਕਿ ਲੋਕਾਂ ਦੀ ਖੁਸੀ ਤੋਂ। ਮਹਾਂਕਾਰਖਾਨੇਦਾਰ ਦੇਸ ਜਰਮਨੀ, ਫਰਾਂਸ, ਜਪਾਨ ਵਰਗਿਆਂ ਨੇ ਸਿੱਖਿਆ, ਸਿਹਤ ਤੇ ਭਲਾਈ ਦੇ ਦਿਓਕੱਦ ਢਾਂਚੇ ਰਾਸ਼ਟਰ ਨੂੰ ਤਕੜਾ ਕਰਨ ਲਈ ਬਣਾਏ ਹਨ ਨਾ ਕਿ ਲੋਕਾਂ ਦੀ ਖੈਰੀਅਤ ਵਾਸਤੇ। ਭਾਰਤ ਵਿਚ ਰਾਸ਼ਟਰੀ ਏਕਾ ਭਾਰਤ ਬਣਨ ਤੋਂ ਪਹਿਲਾਂ ਦਾ ਮਸਲਾ ਹੈ ਪਰ ਇਹ ਸਰਕਾਰ ਤੋਂ ਕਦੇ ਵੀ ਸਰ ਨਹੀਂ ਹੋਇਆ ਅਤੇ ਨਾ ਹੀ ਹੋਣਾ। ਇਸ ਏਕੇ ਵਿਚ ਬੰਦੇ ਦੀ ਥਾਂ ਰਾਸ਼ਟਰ ਢਾਂਚੇ ਨੂੰ ਮਜਬੂਤ ਕਰਨ ਦੀ ਗੱਲ ਹੈ। ਭਾਰਤ ਦਾ ਜਰਵਾਣਾ ਭਾਰਤ ਦੇ ਹਰ ਬੰਦੇ ਨੂੰ ਰਾਸ਼ਟਰੀ ਏਕਤਾ ਵਿਚ ਬੰਨ੍ਹਣਾ ਚਾਹੁੰਦਾ ਹੈ ਅਤੇ ਉਸ ਨੂੰ ਹੋਰ ਕੋਈ ਏਕਤਾ ਮਨਜੂਰ ਨਹੀਂ ਬਲਕਿ ਉਹ ਹੋਰ ਏਕਤਾਵਾਂ ਨੂੰ ਤੋੜਦਾ ਹੈ। ਪੰਜਾਬ ਨੇ ਕਿਸਾਨ ਜੱਦੋਜਹਿਦ ਦੇ ਰੂਪ ਵਿਚ ਸਰਕਾਰ, ਰਾਸ਼ਟਰ ਤੋਂ ਉਲਟ ਨਾਮਣੇ-ਨਿਤਾਣਿਆਂ ਨੂੰ ਨਿਵੇਕਲੇ ਰੂਪ ਵਿਚ ਇਕ ਮੰਚ ‘ਤੇ ਲੈ ਆਂਦਾ ਹੈ ਜਿਥੇ ਉਨ੍ਹਾਂ ਦੀ ਨਿਜੀ ਪਛਾਣ ਵੀ ਸਾਲਮ-ਸਬੂਤੀ ਅਤੇ ਹੋਰਾਂ ਨਾਲ ਇਕ ਵੀ ਹਨ। ਇਹ ਭਾਰਤੀ ਹਕੂਮਤ ਦੇ ਬਰਾਬਰ ਰਾਸ਼ਟਰ ਨਾਲੋਂ ਬੰਦੇ ਨੂੰ ਪਹਿਲ ਦੇਣ ਵਾਲਾ ਨਵਾਂ ਰਾਜਨੀਤਕ ਬਦਲ ਹੈ। ਇਸ ਤੋਂ ਵੀ ਅਗਾਂਹ ਇਸ ਸੰਘਰਸ਼ ਨੂੰ ਜਿਵੇਂ ਵਿਦੇਸਾਂ ਦੀਆਂ ਕਿਰਤੀ ਜਥੇਬੰਦੀਆਂ ਅਤੇ ਲੋਕ ਨੁਮਾਇੰਦਿਆਂ ਦਾ ਸਮਰਥਨ ਮਿਲ ਰਿਹਾ ਹੈ ਤਾਂ ਇਹ ਦੁਨੀਆ ਨੂੰ ਸਮਾਜਵਾਦ, ਪੂੰਜੀਵਾਦ/ ਅਤੇ ਵਿਸ਼ਵੀਕਰਣ ਨਾਲੋਂ ਵੱਖਰੇ ਤਰੀਕੇ ਸਾਂਝੀਵਾਲ ਬਣਾ ਦੇਣ ਦੇ ਬੂਹੇ ਖੋਲ੍ਹ ਰਿਹਾ ਹੈ।

6.

ਇਹ ਲਹਿਰ ਫਲਸਫਿਆਂ ਦੇ ਸਵਾਲਾਂ ਦੇ ਉੱਤਰ ਵੀ ਦੇ ਰਹੀ ਹੈ। ਸਦਾਚਾਰੀ ਆਗੂ ਪੈਦਾ ਕਰਨਾ ਜਾਂ ਆਗੂਆਂ ਦੇ ਵਿਹਾਰ ਨੂੰ ਸਦਾਚਾਰੀ ਬਣਾਈ ਰੱਖਣਾ ਮਨੁੱਖ ਦਾ ਪਲੈਟੋ ਦੇ ਜਮਾਨੇ ਤੋਂ ਹੀ ਅਹਿਮ ਸਵਾਲ ਹੈ। ਪਲੈਟੋ ਮੁਤਾਬਕ ਸਦਾਚਾਰੀ ਅਗਵਾਈ ਬਿਨ੍ਹਾਂ ਨਿਆਂ, ਬਰਾਬਰੀ, ਭਾਲੲ ਹੋ ਹੀ ਨਹੀਂ ਸਕਦੀ। ਫਲਸਫਾ ਅਤੇ ਵਿਦਿਆ ਬੰਦੇ ਵਿਚ ਸੱਚੇ ਆਗੂ ਹੋਣ ਦੇ ਗੁਣ ਪਰਗਟ ਕਰਨ ਲਈ ਸਦੀਆਂ ਤੋਂ ਜੂਝ ਰਹੇ ਹਨ ਪਰ ਵਿਡਾਣ ਇਹ ਹੈ ਕਿ ਹਾਰੀਆਂ ਹੋਈਆਂ ਕੌਮਾਂ ਦੇ ਆਗੂਆਂ ਵਿਚ ਗਦਾਰੀ, ਨਿਸ਼ਾਨੇ ਤੋਂ ਭੱਜਣ ਦੀ ਬਿਰਤੀ ਆਦਿ ਦੀਆਂ ਮਿਸਾਲਾਂ ਮਿਲਦੀਆਂ ਹੀ ਰਹਿੰਦੀਆਂ ਹਨ। ਪੰਜਾਬ ਕਿੰਨੇ ਹੀ ਸਾਲਾਂ ਤੋਂ ਆਗੂਹੀਣ ਰੂਪ ਵਿਚ ਵਿਰ ਰਿਹਾ ਹੈ। ਖਾਲਸਾ ਪੰਥ ਪਰੰਪਰਾ ਵਿਚ ਆਗੂਆਂ ਉੱਪਰ ਸੰਗਤ ਦਾ ਪਹਿਰਾ ਅਰਥਾਤ ਸੰਗਤ ਇਕੀ ਵਿਸਵੇ ਦਾ ਗੁਣ ਇਸ ਜੱਦੋਜਹਿਦ ਵਿਚ ਪਰਗਟ ਹੋ ਰਿਹਾ ਹੈ। ਆਗੂ ਨੁਮਾਇੰਦੇ ਹਨ, ਫੈਸਲਾਕੁੰਨ ਧਿਰ ਸੰਗਤ ਹੈ। ਸਾਂਝੇ ਸੰਗਤੀ ਅਵਚੇਤਨ ਦਾ ਪਰਗਟਾਵਾ ਇਸ ਤਰ੍ਹਾਂ ਹੋ ਰਿਹਾ ਹੈ ਕਿ ਸੰਗਤ ਵਿਚ ਆਗੂ ਬਣਨ ਦੀ ਲਾਲਸਾ ਨਹੀਂ ਪੈਦਾ ਹੋ ਰਹੀ ਸਗੋਂ ਉਹ ਪ੍ਰਚਲਤ ਆਗੂਆਂ ਦੇ ਕਿਰਦਾਰ ਨੂੰ ਹੀ ਸੱਚੀ-ਸਹੀ ਅਗਵਾਈ ਦੇਣ ਲਈ ਪ੍ਰੇਰਤ ਕਰ ਰਹੀ ਹੈ। ਪਦਾਰਥ ਦੀ ਵਰਤਮਾਨ ਸਿਆਸਤ ਵਿਚ ਹਰ ਕੋਈ ਆਗੂ ਬਣਨ ਦੀ ਲਾਲਸਾ ਰੱਖਦਾ ਹੈ ਅਤੇ ਸੁਆਰਥ ਸਿੱਧੀ ਦੇ ਰਸਤੇ ਤੁਰਦਾ ਹੈ। ਪੰਜਾਬ ਅਤੇ ਭਾਂਰਤ ਦਾ ਵਰਤਮਾਨ ਰਾਜਸੀ-ਸਮਾਜਕ ਪ੍ਰਬੰਧ ਇਹੀ ਬਿਰਤੀ ਦੀ ਘਾੜਤ ਕਰ ਰਿਹਾ ਹੈ। ਇਹ ਜੱਦੋਜਹਿਦ ਵਿਚ ਸੰਗਤ ਆਗੂਆਂ ਨੂੰ ਭਗਤ ਨਾਮਦੇਵ ਜੀ ਦੇ ਮਹਾਂਵਾਕ ‘ਸਾਚਿ ਸੀਲਿ ਚਾਲਹੁ ਸੁਲਿਤਾਨ’ ਦੇ ਰਾਹ ਤੋਰ ਰਹੀ ਹੈ। ਇਹ ਏਡੀ ਵੱਡੀ ਜਿੱਤ ਹੈ ਕਿ ਆਧੁਨਿਕ ਸਮਾਜਾਂ-ਰਾਜਾਂ ਵਿਚ ਆਪਣੇ ਕਿਸਮ ਦਾ ਨਵਾਂ ਕੀਰਤੀਮਾਨ ਹੈ।

ਅਖੀਰ: ਇਹ ਜੱਦੋਜਹਿਦ ਬੇਸ਼ਕ ਅਜੇ ਆਪਣੀ ਅਖੀਰਲੀ ਜਿੱਤ ‘ਤੇ ਨਹੀਂ ਪਹੁੰਚੀ ਪਰ ਇਸ ਨੇ ਹੁਣ ਤੱਕ ਜਿੱਤ ਦੇ ਜਿਹੜੇ ਨਿਸ਼ਾਨ ਲਾ ਦਿੱਤੇ ਹਨ ਉਹ ਆਪਣੇ ਆਪ ਵਿਚ ਲਾਮਿਸਾਲ ਹਨ। ਇਹ ਲਹਿਰ ਸਾਂਝੀਵਾਲਤਾ ਅਤੇ ਮਨੁੱਖਤਾ ਦੀ ਰਾਖੀ ਦੀਆਂ ਨਵੀਆਂ ਕੀਮਤਾਂ ਸਥਾਪਤ ਕਰ ਰਹੀ ਹੈ। ਇਹ ਜੋ ਕੁਝ ਕਰ ਅਤੇ ਸਿਖਾ ਰਹੀ ਹੈ ਉਹ ਬਹੁਤ ਅਹਿਮ ਹੈ। ਕਿਸਾਨੀ ਬਿਲ ਤਾਂ ਬਹਾਨਾ ਹਨ ਇਹ ਲਹਿਰ ਤਾਂ ਸਦੀਆਂ ਦੀ ਖੜੋਤ ਤੋੜ ਰਹੀ ਹੈ। ਇਸ ਨੂੰ ਹੋਰ ਰੁਸ਼ਨਾਉਣਾ ਮਨੁੱਖਤਾ ਦੇ ਭਲੇ ਵਿਚ ਇਕ ਨਵਾਂ ਮੀਲ ਪੱਥਰ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,