ਲੇਖ

ਸ਼ਹੀਦੀ ਯਾਦਗਾਰ : ਜ਼ੁਲਮ ਵਿਰੁੱਧ ਲੜਨ ਵਾਲਿਆਂ ਦੀ ਸਾਂਝੀ ਵਿਰਾਸਤ

October 18, 2012 | By

ਕਰਮਜੀਤ ਸਿੰਘ
ਮੋਬਾਇਲ ਨੰ: 99150-91063

ਅੱਜ ਦਿਲ ਕਹਿੰਦਾ ਹੈ ਬਈ ‘ਯਾਦਾਂ ਦਾ ਸਿਮਰਨ’ ਕੀਤਾ ਜਾਵੇ। ਸੁਖਮਨੀ ਦੀ ਪਹਿਲੀ ਅਸ਼ਟਪਦੀ ਸਿਮਰਨ (ਯਾਦ) ਦੀਆਂ ਅਥਾਹ ਤਾਕਤਾਂ ਅਤੇ ਇਸ ਦੀ ਅਟੱਲ ਹਕੂਮਤ ਦਾ ਹੀ ਇੱਕ ਇਲਾਹੀ ਜਸ਼ਨ ਹੈ। ਦਰਬਾਰ ਸਾਹਿਬ ਵਿਚ ਬਣ ਰਹੀ ਸ਼ਹੀਦਾਂ ਦੀ ਯਾਦਗਾਰ ਵੀ ਯਾਦਾਂ ਦੀ ਹੀ ਉਹ ਪਵਿੱਤਰ ਨਿਸ਼ਾਨੀ ਹੈ, ਜੋ ਸਾਡੇ ਸਾਹਾਂ ਵਿਚ ਰਚ ਚੁੱਕੀ ਹੈ। ਪਰ ਜਦੋਂ ਜਨਰਲ ਬਰਾੜ ਉੱਤੇ ਲੰਦਨ ਵਿਚ ਹਮਲਾ ਹੋਇਆ ਤਾਂ ਉਸਨੇ ਇਸ ਯਾਦਗਾਰ ਨੂੰ ਹੀ ਹਮਲੇ ਦਾ ਕਾਰਨ ਦੱਸਿਆ ਅਤੇ ਫਿਰ ਓਹ ਰੌਲਾ ਪਾਇਆ, ਓਹ ਰੌਲਾ ਪਾਇਆ ਤੇ ਨਾਲ ਹੀ ਪਵਾਇਆ ਗਿਆ ਕਿ ਹੁਣ ਸਾਨੂੰ ਇਹ ਸਵਾਲ ਕਰਨਾ ਪੈ ਗਿਆ ਹੈ ਕਿ ਰੌਲਾ ਪਾਉਣ ਵਾਲੇ ਸਾਡੀ ਰੂਹ ਦੇ ਹਾਣੀ ਕਿਉਂ ਨਹੀਂ ਬਣ ਸਕੇ? ਸਿੱਖਾਂ ਨੂੰ ਹਿੰਦੂ ਦਰਖਤ ਦੀ ਖੂਬਸੂਰਤ ਟਾਹਣੀ ਕਹਿਣ ਦੀ ਵਾਰ ਵਾਰ ਦੁਹਾਈ ਦੇਣ ਵਾਲੀ ਸੌ ਕਰੋੜ ਦੀ ਹਿੰਦੂ ਵਸੋਂ ਦਾ ਇੱਕ ਵੀ ਰਹਿਬਰ ਐਸਾ ਨਹੀਂ ਨਿੱਤਰਿਆ ਜੋ ਹਿੱਕ ਡਾਹ ਕੇ ਇਹ ਕਹਿਣ ਦੀ ਹਿੰਮਤ ਕਰਦਾ ਹੋਵੇ ਕਿ ਇਹ ਯਾਦਗਾਰ ਸਿੱਖਾਂ ਦੀ ਨਹੀਂ ਸਗੋਂ ਸਾਡੀ ਵੀ ਯਾਦਗਾਰ ਹੈ। ਮੈਂ ਇਸ ਦੀ ਕਾਰਸੇਵਾ ਵਿਚ ਸ਼ਾਮਲ ਹੋਵਾਂ। ਸ਼ਾਇਦ ਮਹਾਨ ਸ਼ਾਇਰ ਫੈਜ਼ ਦੀਆਂ ਇਹ ਸਤਰਾਂ ਇਹੋ ਜਿਹੀ ਸਥਿਤੀ ਦਾ ਹੀ ਪ੍ਰਗਟਾਵਾ ਕਰਦੀਆਂ ਹਨ :

ਜੌਹਰੀ ਬੰਦ ਕੀਏ ਜਾਤੇ ਹੈਂ ਬਾਜ਼ਾਰੇ-ਸੁਖ਼ਨ
ਹਮ ਕਹਾਂ ਬੇਚਨੇ ਅਲਫ਼ਾਜ਼ੋ-ਗੌਹਰ ਜਾਏਂਗੇ

ਉਹ ਇਸ ਸਾਕੇ ਨੂੰ ਭੁੱਲ ਜਾਣ ਦੀਆਂ ਸਲਾਹਾਂ ਵੀ ਦੇ ਰਹੇ ਹਨ ਅਤੇ ਇਨ੍ਹਾਂ ਸਲਾਹਾਂ ਵਿਚ ਇੱਕ ਮਿੱਠੀ ਜਿਹੀ ਚੇਤਾਵਨੀ ਅਤੇ ਧਮਕੀ ਵੀ ਹੁੰਦੀ ਹੈ । ਪਰ ਯਾਦਗਾਰਾਂ ਦਾ ਇਤਿਹਾਸ ਉੱਚੀ ਉੱਚੀ ਹੋਕਾ ਦੇ ਰਿਹਾ ਹੈ ਕਿ ਯਾਦਾਂ ਨੂੰ ਦੇਸ਼ ਨਿਕਾਲਾ ਦੇਣ ਵਾਲਾ ਕੋਈ ਕਾਨੂੰਨ ਦੁਨੀਆ ਦੇ ਕਿਸੇ ਵੀ ਮੁਲਕ ਵਿਚ ਹੋਂਦ ਵਿਚ ਨਹੀਂ ਆਇਆ ਅਤੇ ਨਾ ਹੀ ਆ ਸਕੇਗਾ-ਖਾਸ ਕਰਕੇ ਉਹ ਯਾਦਾਂ ਜੋ ਕਿਸੇ ਕੌਮ ਦੀ ਸਾਂਝੀ ਯਾਦ, ਸਾਂਝੀ ਪੀੜ ਅਤੇ ਸਾਂਝਾ ਦਰਦ ਬਣ ਗਈਆਂ ਹਨ। ਅੰਗੋਲਾ, ਕਾਲੇ ਲੋਕਾਂ ਦਾ ਮੁਲਕ ਹੈ ਸਿਰਫ ਉਹ ਜਾਣਦੇ ਹਨ ਬਈ ਗੁਲਾਮੀ ਦੀ ਪੀੜ ਕਿਹੋ ਜਿਹੀ ਹੁੰਦੀ ਹੈ। ਇਸ ਸਾਂਝੀ ਪੀੜ ਵਿਚੋਂ ਉਨ੍ਹਾਂ ਨੇ ਹੀ ਇਸ ਕਹਾਵਤ ਦੀ ਸਿਰਜਣਾ ਕੀਤੀ ਹੈ, ‘‘ ਜਿਸ ਨੇ ਪੱਥਰ ਮਾਰਿਆ ਹੋਵੇ ਉਹ ਭੁੱਲ ਜਾਂਦਾ ਹੈ, ਪਰ ਜਿਸਦੇ ਇਹ ਵੱਜਿਆ ਹੋਵੇ ਉਹ ਕਦੇ ਵੀ ਨਹੀਂ ਭੁੱਲਦਾ ’’ ਪਰ ਖਾਲਸੇ ਦੀਆਂ ਹਿੱਕਾਂ ਨੇ ਤਾਂ ਟੈਂਕਾਂ ਅਤੇ ਤੋਪਾਂ ਦਾ ਸਾਹਮਣਾ ਕੀਤਾ ਹੈ, ਜੋ ਕਰੋੜਾਂ ਪੱਥਰ ਵੀ ਇਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ।

ਸ਼ਹੀਦੀ ਯਾਦਗਾਰ ਦੀ ਇਤਿਹਾਸਕ ਤੇ ਰੂਹਾਨੀ ਮਹੱਤਤਾ ਦਾ ਜ਼ਿਕਰ ਕਰਦਿਆਂ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਯਾਦ ਕਹਿੰਦੇ ਕਿਸ ਨੂੰ ਹਨ ? ਆਖ਼ਰਕਾਰ ਇਸ ਦੀ ਢੁੱਕਵੀਂ ਪਰਿਭਾਸ਼ਾ ਕੀ ਹੈ? ਡਿਕਸ਼ਨਰੀਆਂ ਤਾਂ ਇਹ ਕਹਿੰਦੀਆਂ ਹਨ ਕਿ ‘‘ਯਾਦ’ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ਦਾ ਇੱਕ ਭਰਪੂਰ ਖ਼ਜ਼ਾਨਾ ਹੈ, ਜਿਸ ਦਾ ਘਰ ਦਿਮਾਗ ਵਿਚ ਹੁੰਦਾ ਹੈ ਜਦਕਿ ਮਨੋਵਿਸ਼ਲੇਸ਼ਣ ਦੇ ਬਾਪੂ ਜੀ ਫਰਾਇਡ ਸਾਹਿਬ ਇਹ ਕਹਿ ਰਹੇ ਹਨ ਕਿ ਅਚੇਤ ਮਨ ਵਿਚ ਇਸ ਖਜ਼ਾਨੇ ਦੇ ਵੱਡੇ ਭੰਡਾਰ ਜਮ੍ਹਾਂ ਰਹਿੰਦੇ ਹਨ। ਫਰਾਂਸ ਦੇ ਸਮਾਜ ਵਿਗਿਆਨੀ ਮੈਰਿਸ ਹਲਬਵਾਚ (1877-1945) ਦਾ ਕਹਿਣਾ ਹੈ ਕਿ ‘ਸਾਂਝੀ ਯਾਦ’ ਕਿਸੇ ਕੌਮ ਦੀ ‘ਸਾਂਝੀ ਤਾਕਤ’ ਦਾ ਪ੍ਰਗਟਾਵਾ ਕਰਦੀ ਹੈ। ਵਿਚਾਰਾਂ ਦੇ ਇਤਿਹਾਸ ਵਿਚ ਯਾਦਾਂ ਦਾ ਕੀ ਸਥਾਨ ਹੁੰਦਾ ਹੈ , ਇੱਕੀਵੀਂ ਸਦੀ ਦੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਨੁਕਤੇ ’ਤੇ ਨਿੱਠ ਕੇ ਬਹਿਸ ਕੀਤੀ ਹੈ। ਕੁੱਝ ਵਿਦਵਾਨ ਜ਼ੋਰ ਦੇ ਕੇ ਇਹ ਕਹਿਣਾ ਚਾਹੁੰਦੇ ਹਨ ਕਿ ਯਾਦਗਾਰਾਂ ਖੋਈਆਂ ਅਤੇ ਗਵਾਚੀਆਂ ਪਛਾਣਾਂ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਰੀਝ ਹੈ ਅਤੇ ਇਸ ਰੀਝ ਵਿਚੋਂ ਆਪਣਾ ਭਵਿੱਖ ਸਿਰਜਣ ਦਾ ਯਤਨ ਹੈ ਯਾਨੀ ਯਾਦ ਬੀਤ ਚੁੱਕੀ ਕਿਸੋੇ ਘਟਨਾ ਦੀ ਅਥਾਹ ਤਾਕਤ ਵਿਚੋਂ ਚੰਗੇਰੇ ਭਵਿੱਖ ਦਾ ਸੁਪਨਾ ਲੈਣਾ ਹੈ। ਵੈਸੇ ਵੀ ਜਿੱਥੇ ਕਿਤੇ ਵੀ ਕਿਸੇ ਕੌਮ ਨਾਲ ਤਸ਼ੱਦਦ ਹੁੰਦਾ ਹੈ, ਉੱਥੇ ਉੱਥੇ ਤਸ਼ੱਦਦ ਵਾਲੀਆਂ ਥਾਵਾਂ ’ਤੇ ਯਾਦਗਾਰਾਂ ਬਣੀਆਂ ਹੋਈਆਂ ਹਨ। ਕੁੱਝ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਹਨ, ਜੋ ਹੁੰਦੀਆਂ ਹਨ ਤੇ ਸਮਾਂ ਪਾ ਕੇ ਭੁੱਲ ਵੀ ਜਾਂਦੀਆਂ ਹਨ। ਇਸ ਨੂੰ ਇਤਿਹਾਸ ਕਹਿੰਦੇ ਹਨ। ਵੀਹਵੀਂ ਸਦੀ ਦੇ ਮਹਾਨ ਫਿਲਾਸਫਰ ਹੈਡੇਗਰ ਕਹਿੰਦੇ ਹਨ ਕਿ ਇੱਕ ਹੋਰ ਇਤਿਹਾਸ ਵੀ ਹੁੰਦਾ ਹੈ ਜਿਹੜਾ ਕੌਮਾਂ ਦੀ ਜ਼ਿੰਦਗੀ ਵਿਚ ਬਹੁਤ ਗਹਿਰਾ ੳੁੱਤਰ ਜਾਂਦਾ ਹੈ। ਇਹ ਫਿਲਾਸਫਰ ਇਸ ਵਰਤਾਰੇ ਨੂੰ ‘ਡੀਪ ਹਿਸਟਰੀ ’ ਦਾ ਨਾਂ ਦਿੰਦਾ ਹੈ। ਡੀਪ ਹਿਸਟਰੀ ਦੇ ਪੈਰੋਵਾਰ ਇਸ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ ਕਿ ‘‘ਅਸੀਂ ਇਤਿਹਾਸ ਦੇ ਇਹੋ ਜਿਹੇ ਸਮਿਆਂ ਵਿਚੋਂ ਗੁਜ਼ਰੇ ਹਾਂ ਕਿ ਉਹ ਇਤਿਹਾਸ ਸਾਡੀ ਰੂਹ ਦਾ ਹਿੱਸਾ ਬਣ ਚੁੱਕਾ ਹੈ ਅਤੇ ਅਸੀਂ ਜਿਉਂਦੇ ਹੀ ਉਸ ਕਰਕੇ ਹਾਂ, ਅੱਜ ਵੀ ਉਸੇ ਕਰਕੇ ਜੀਅ ਰਹੇ ਹਾਂ’’। 1984 ਦਾ ਦਰਬਾਰ ਸਾਹਿਬ ਦਾ ਸਾਕਾ ‘ਡੀਪ ਹਿਸਟਰੀ’ ਦੀ ਹੀ ਇੱਕ ਮਿਸਾਲ ਹੈ। ਦਰਬਾਰ ਸਾਹਿਬ ਵਿਚ ਫੌਜ ਦਾ ਮੁਕਾਬਲਾ ਕਰਨ ਵਾਲੇ ਹੀ ਨਹੀਂ ਸਨ ਸ਼ਹੀਦ ਹੋਏ ਸਗੋਂ ਅਨੇਕਾਂ ਸ਼ਰਧਾਲੂ ਵੀ ਫੌਜ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ। ਇਹ ਵਰਤਾਰਾ ਸਿੱਖਾਂ ਦੀ ਸਮੂਹਿਕ-ਸੁਰਤ (ਕਲਚਰਲ ਮੈਮਰੀ) ਵਿਚ ਵਸਿਆ ਹੋਇਆ ਹੈ। ਇਸੇ ਤਰ੍ਹਾਂ ਦੂਸਰੀ ਵਿਸ਼ਵ ਜੰਗ ਵਿਚ 60 ਲੱਖ ਯਹੂਦੀਆਂ ਦਾ ਕਤਲੇਆਮ ਵੀ ਇਹੋ ਜਿਹਾ ਹੀ ਘੱਲੂਘਾਰਾ ਹੈ ਜਿਸ ਦੀਆਂ ਅਨੇਕਾਂ ਯਾਦਗਾਰਾਂ ਬਣ ਚੁੱਕੀਆਂ ਹਨ।

ਦਰਬਾਰ ਸਾਹਿਬ ਵਿਚ ਉੱਸਰ ਰਹੀ ਸ਼ਹੀਦੀ ਯਾਦਗਾਰ ਕਦੇ ਵੀ ਇਹ ਸੰਦੇਸ਼ ਨਹੀਂ ਦਿੰਦੀ ਕਿ ਇਹੋ ਜਿਹੇ ਮਾੜੇ ਸਮੇਂ ਮੁੜ ਕੇ ਆਉਣ ਦਾ ਸਿੱਖ ਕੌਮ ਕੋਈ ਸੱਦਾ ਪੱਤਰ ਦੇ ਰਹੀ ਹੈ। ਇਸ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਆਪਣੀ ਕੌਮ ਦੇ ਜਜ਼ਬਿਆਂ ਨੂੰ ਭੜਕਾਉਣ ਦਾ ਇਰਾਦਾ ਰੱਖਦੇ ਹਾਂ। ਹਾਂ, ਅਸੀਂ ਉਸ ਡੂੰਘੇ ਜ਼ਖਮ ਨੂੰ ‘ਨੂਰਾਨੀ ਸੂਰਜ’ ਵਿਚ ਬਦਲ ਦੇਣਾ ਚਾਹੁੰਦੇ ਹਾਂ, ਜਿਸ ਦੀ ਰੌਸ਼ਨੀ ਵਿਚ ਜਿੱਥੇ ਅਸੀਂ ਆਪਣੀਆਂ ਪ੍ਰਾਪਤੀਆਂ ਉੱਤੇ ਮਾਣ ਕਰਾਂਗੇ,ਉੱਥੇ ਆਪਣੀਆਂ ਕਮੀਆਂ ਅਤੇ ਕਮਜ਼ੋਰੀਆਂ ਦਾ ਵੀ ਵਿਸ਼ਲੇਸ਼ਣ ਕਰਾਂਗੇ। ਇਹ ਯਾਦਗਾਰ ਇਹ ਪੈਗਾਮ ਦੇਵੇਗੀ ਕਿ ਇਹੋ ਜਿਹੇ ਜ਼ਾਲਮਾਨਾ ਮੌਕੇ ਫਿਰ ਕਦੇ ਨਾ ਆਉਣ। ਹਮਲਾਵਰਾਂ ਨੂੰ ਵੀ ਇਹ ਯਾਦਗਾਰ ਵੇਖ ਕੇ ਅਹਿਸਾਸ ਹੋਵੇਗਾ ਕਿ ਜੋ ਕੁੱਛ ਉਨ੍ਹਾਂ ਨੇ ਕੀਤਾ ਸੀ, ਉਹ ਕਿੰਨੀ ਵੱਡੀ ਇਤਿਹਾਸਕ ਗਲਤੀ ਸੀ, ਕਿੰਨਾ ਵੱਡਾ ਗੁਨਾਹ ਸੀ। ਇੰਝ ਯਕੀਨਨ ਉਹ ਆਪਣੇ ਪਾਪਾਂ ਦਾ ਪਸ਼ਤਾਚਾਪ ਕਰਨਗੇ।

ਸ਼ਹੀਦੀ ਯਾਦਗਾਰ ਬਾਰੇ ਇੱਕ ਹੋਰ ਨੁਕਤਾ ਵੀ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਯਾਦਗਾਰ ਕਿਸੇ ਵੀ ਹਾਲਤ ਦੇ ਵਿਚ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੀ ਅਤੇ ਨਾ ਹੀ ਕਿਸੇ ਪ੍ਰਤੀ ਨਫ਼ਰਤ ਦਾ ਪ੍ਰਤੀਕ ਹੈ। ਮਿਸਾਲ ਦੇ ਤੌਰ ਤੇ ਅਬਦਾਲੀ ਤੇ ਹੋਰਨਾਂ ਹਮਲਾਵਰਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਦੋ ਤਿੰਨ ਵਾਰ ਉਸ ਨੂੰ ਢਾਹਿਆ ਅਤੇ ਇਸ ਪਵਿੱਤਰ ਅਸਥਾਨ ਦੀ ਬੇਅਦਬੀ ਕੀਤੀ। ਦੁਨੀਆਂ ਜਾਣਦੀ ਹੈ ਕਿ ਸਿੱਖਾਂ ਦੇ ਦਿਲ ਉੱਤੇ ਹਮਲਾ ਕਰਨ ਵਾਲੇ ਹਮਲਾਵਰ ਮੁਸਲਮਾਨ ਧਰਮ ਨਾਲ ਸਬੰਧ ਰੱਖਦੇ ਸਨ, ਪਰ ਖ਼ਾਲਸਾ ਪੰਥ ਦੇ ਅਸਮਾਨ ਜਿੱਡੇ ਵਿਸ਼ਾਲ ਦਿਲ ਨੇ ਕੀ ਕਦੇ ਕਿਸੇ ਮੁਸਲਮਾਨ ਨੂੰ ਨਫ਼ਰਤ ਕੀਤੀ? ਹਾਂ , ਖਾਲਸਾ ਪੰਥ ਨੇ ਜ਼ਾਲਮ ਹਾਕਮਾਂ ਨੂੰ ਜ਼ਰੂਰ ਨਫ਼ਰਤ ਦੀ ਨਿਗਾਹ ਨਾਲ ਯਾਦ ਕੀਤਾ। ਇਸੇ ਤਰ੍ਹਾਂ ਜੂਨ 84 ਵਿਚ ਦਰਬਾਰ ਸਾਹਿਬ ਉੱਤੇ ਹਮਲਾ ਕਰਨਾ ਵਾਲਾ ਫ਼ੌਜ ਦਾ ਮੁਖੀ ਵੀ ਹਿੰਦੂ ਸੀ। ਪਰ ਇਸ ਦੇ ਬਾਵਜੂਦ ਇਸ ਸ਼ਹੀਦੀ ਯਾਦਗਾਰ ਨੂੰ ਵੇਖ ਕੇ ਖਾਲਸਾ ਪੰਥ ਹਿੰਦੂ ਧਰਮ ਨੂੰ ਵੀ ਉਵੇਂ ਹੀ ਨਫ਼ਰਤ ਨਹੀਂ ਕਰੇਗਾ ਜਿਵੇਂ ਉਸਨੇ ਮੁਗਲ ਹਾਕਮਾਂ ਦੇ ਮੁਸਲਮਾਨ ਹੋਣ ਕਰਕੇ ਵੀ ਮੁਸਲਮਾਨਾਂ ਭਰਾਵਾਂ ਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਨਹੀਂ ਦੇਖਿਆ। ਅਸਲ ਹਕੀਕਤ ਤਾਂ ਇਹ ਹੈ ਕਿ ਸਿੱਖ ਕਿਸੇ ਵੀ ਧਰਮ ਨੂੰ ਨਫ਼ਰਤ ਕਰ ਹੀ ਨਹੀਂ ਸਕਦੇ ਕਿਉਂਕਿ ਜਿਸ ਗੁਰੂ ਗ੍ਰੰਥ ਨੂੰ ਉਹ ਆਪਣਾ ਇਸ਼ਟ ਮੰਨਦੇ ਹਨ, ਉਸ ਵਿਚ ਕਈ ਧਰਮਾਂ ਦੀ ਪਵਿੱਤਰ ਬਾਣੀ ਹੈ,ਕਈ ਸਭਿਆਚਾਰਾਂ ਦਾ ਇਤਿਹਾਸ ਹੈ, ਕਈ ਬੋਲੀਆਂ ਦਾ ਸੰਗਮ ਹੈ, ਕਈ ਰਾਗਾਂ ਦਾ ਗੁਲਦਸਤਾ ਹੈ। ਦੂਜੇ ਸ਼ਬਦਾਂ ਵਿਚ ਦਰਬਾਰ ਸਾਹਿਬ ਵਿਚ ‘ਮਾਨਸ ਕੀ ਸਬੈ ਏਕੈ ਪਹਿਚਾਨਬੋ’ ਦੀ ਹਕੂਮਤ ਚਲ ਰਹੀ ਹੈ। ਫਿਰ 80 ਫ਼ੀਸਦ ਹਿੰਦੂ ਭਰਾਵਾਂ ਨੂੰ ਇਸ ਯਾਦਗਾਰ ਤੋਂ ਕਿਹੜਾ ਡਰ ਲੱਗਾ ਰਿਹਾ ਹੈ?

ਹੁਣ ਅਸੀਂ ਸਿੱਖ ਲੀਡਰਸ਼ਿਪ ਦੇ ਉਸ ਹਿੱਸੇ ਨਾਲ ਜ਼ਰੂਰੀ ਗੱਲਾਂ ਕਰਨਾ ਚਾਹੁੰਦੇ ਹਾਂ, ਜੋ ਬੜਾ ਗਰੀਬੜਾ, ਨਿਮਾਣਾ ਤੇ ਗਊ ਜਿਹੀ ਬਣ ਕੇ ਸਫਾਈਆਂ ਤੇ ਸਪੱਸ਼ਟੀਕਰਨ ਦੇਣ ਵਿਚ ਰੁੱਝਾ ਹੋਇਆ ਹੈ। ਇਨ੍ਹਾਂ ਸਫਾਈਆਂ ਵਿਚਲੇ ਸਾਰੇ ਬਿਆਨ ਤੇ ਉਨ੍ਹਾਂ ਦੀ ਸ਼ਬਦਾਵਲੀ ਇਤਿਹਾਸਕ ਰਵਾਇਤਾਂ ਤੋਂ ਸੱਖਣੀ ਵੀ ਹੈ , ਗੈਰ ਅਸੂਲੀ ਵੀ ਹੈ , ਹਾਸੋ ਹੀਣੀ ਵੀ ਪੁੱਜ ਕੇ ਹੈ ਅਤੇ ਕਾਇਰਤਾ ਦੀਆਂ ਹੱਦਾਂ ਦੇ ਨੇੜੇ ਹੀ ਲੱਗ ਜਾਂਦੀ ਹੈ। ਹਾਲਾਂ ਕਿ ਗੁਰਬਾਣੀ ਦਾ ਚਹੁੰਕੁੰਟੀ ਐਲਾਨ ਹੈ ਕਿ ਸਿੱਖ ਨੇ ਕੇਵਲ ਦੋ ਪਰਮ ਹਕੀਕਤਾਂ ਅੱਗੇ ਹੀ ਨਿਮਾਣਾ ਤੇ ਨਿਤਾਣਾ ਬਣ ਕੇ ਪੇਸ਼ ਆਉਣਾ ਹੈ- ਇੱਕ,ਦਸ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਤੇ ਦੂਜਾ, ਸਦ-ਜਾਗਤ ਕੌਮ ਗੁਰ ਖਾਲਸਾ ਪੰਥ। ਬਾਕੀ ਸਾਰੇ ਧਰਮਾਂ ਦਾ, ਰੱਬੀ ਰੰਗ ਵਿਚ ਰੰਗੇ ਮਹਾਂਪੁਰਸ਼ਾਂ ਦਾ ਅਤੇ ਜ਼ਮੀਰਾਂ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਮਹਾਨ ਵਿਅਕਤੀਆਂ ਦਾ ਸਤਿਕਾਰ ਵੀ ਰੱਖਣਾ ਹੈ ਪਰ ਸੱਚ ਕਹਿਣ ਦੀ ਹਿੰਮਤ ਵੀ ਕਰਨੀ ਹੈ। ਪਰ ਸਾਨੂੰ ਅੱਜ ਇਹ ਕੇਹੇ ਦਿਨ ਵੇਖਣ ਨੂੰ ਮਿਲ ਰਹੇ ਹਨ ਕਿ ਅਸੀਂ ਬੇਗਾਨਿਆਂ ਅੱਗੇ ਅਤੇ ਬਿਪਰਨ ਕੀ ਰੀਤ ਦੇ ਪਹਿਰੇਦਾਰਾਂ ਅਤੇ ਪੈਰੋਕਾਰਾਂ ਅੱਗੇ ਨਿਆਸਰੇ ਜਿਹੇ ਬਣ ਕੇ ਅਤੇ ਲਿਲਕੜੀਆਂ ਕੱਢਦੇ ਹੋਏ ਇਹ ਸਫਾਈਆਂ ਦੇ ਰਹੇ ਹਾਂ ਕਿ ਹਜ਼ੂਰ ! ਜੋ ਯਾਦਗਾਰ ਬਣ ਰਹੀ ਹੈ ਉਹ ਤਾਂ ਕੇਵਲ ਗੁਰਦੁਆਰਾ ਹੀ ਹੈ ਅਤੇ ਨਾਲ ਹੀ ਗੋਡੇ ਟੇਕਦੇ ਹੋਏ ਇਹ ਵਾਅਦਾ ਵੀ ਕਰ ਰਹੇ ਹਾਂ ਕਿ ਅਸੀਂ ਇੱਥੇ ਸ਼ਹੀਦਾਂ ਦੀ ਕੋਈ ਤਸਵੀਰ ਨਹੀਂ ਲਾਵਾਂਗੇ। ਹੇਠਾਂ ਤੋਂ ਲੈ ਕੇ ਉੱਤੋਂ ਤੱਕ ਮਿਲਦੀਆਂ ਜੁਲਦੀਆਂ ਸਫਾਈਆਂ ਤੇ ਦਲੀਲਾਂ ਹੀ ਸਾਹਮਣੇ ਆ ਰਹੀਆਂ ਹਨ।

ਨੀਲੇ ਘੋੜੇ ਦੇ ਸ਼ਾਹ ਸਵਾਰ ਤੋਂ ਅੱਜ ਕੱਲ੍ਹ ਦੂਰ ਦੂਰ ਘਰ ਵਸਾ ਰਹੇ ਖਾਲਸਾ ਜੀ, ਕੀ ਗੁਰਦੁਆਰਾ ਕੋਈ ਇਸ ਤਰ੍ਹਾਂ ਦਾ ਅਸਥਾਨ ਹੈ, ਜੋ ਅਣਖ ਦਾ ਪ੍ਰਤੀਕ ਨਹੀਂ ਰਹਿ ਗਿਆ? ਅਸੀਂ ਗੁਰਦੁਆਰਾ ਕਹਿ ਕੇ ਆਪਣੀ ਗੱਲ ਇਸ ਤਰ੍ਹਾਂ ਪੇਸ਼ ਕਰ ਰਹੇ ਹਾਂ, ਜਿਵੇਂ ਗੁਰਦੁਆਰਾ ਕੋਈ ਨਿਰਜੀਵ, ਨਿਰਜਿੰਦ ਤੇ ਬੇਜਾਨ ਥਾਂ ਹੈ ਜਿੱਥੇ ਜ਼ਿੰਦਗੀ ਦੀ ਕੋਈ ਧੜਕਨ ਨਹੀਂ ਹੁੰਦੀ, ਜਿੱਥੇ ਖਾਲਸੇ ਦੀ ਰੂਹ ਨੂੰ ਕੋਈ ਹੁਲਾਰਾ ਨਹੀਂ ਮਿਲਦਾ ਤੇ ਜਿੱਥੇ ਦਾਖ਼ਲ ਹੁੰਦਿਆਂ ਹੀ ਸਾਡਾ ਚਿਹਰਾ ਰੌਣਕਾਂ ਨਾਲ ਭਰ ਨਹੀਂ ਜਾਂਦਾ ਅਤੇ ਜਿੱਥੇ ਇਤਿਹਾਸਕ ਯਾਦਾਂ ਗ਼ੈਰ ਹਾਜ਼ਰ ਹੋ ਜਾਂਦੀਆਂ ਹਨ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਗੁਰਦੁਆਰਾ ਹੀ ਹੈ ਜਿਸ ਵਿਚ ਧਰਮ ਦੇ, ਰੂਹਾਨੀਅਤ ਦੇ, ਰਾਜਨੀਤੀ ਦੇ, ਇਤਿਹਾਸ ਦੇ ਅਤੇ ਸਭਿਆਚਾਰ ਦੀਆਂ ਯਾਦਾਂ ਦੇ ਦੁਨਿਆਵੀ ਅਤੇ ਇਲਾਹੀ ਮੇਲੇ ਲੱਗੇ ਹੋਏ ਹਨ। ਸਾਰੇ ਧਰਮਾਂ ਦਾ ਸਤਿਕਾਰ ਕਰਦਿਆਂ ਅਸੀਂ ਇਹ ਦਾਅਵਾ ਕਰ ਸਕਦੇ ਹਾਂ ਕਿ ਅਜਿਹੇ ਨਰਾਲੇ ਮਿਲਾਪ ਦੇ ਦੀਦਾਰ ਕਿਸੇ ਹੋਰ ਥਾਂ ਤੇ ਨਹੀਂ ਮਿਲਣਗੇ। ਜਿਹੜੀ ਯਾਦਗਾਰ 1984 ਦੇ ਸ਼ਹੀਦਾਂ ਦੀ ਬਣ ਰਹੀ ਹੈ, ਜਦੋਂ ਵੀ ਮਾਨਵਤਾ ਦਾ ਪੁਜਾਰੀ ਇਸ ਗੁਰਦੁਆਰੇ ਵਿਚ ਦਾਖ਼ਲ ਹੋਵੇਗਾ ਤਾਂ ਕੁਦਰਤੀ ਉਪਰੋਕਤ ਯਾਦਾਂ ਦਾ ਸਾਕਾਰ ਹੋਣਾ ਲਾਜ਼ਮੀ ਹੀ ਹੋਏਗਾ। ਇਨ੍ਹਾਂ ਯਾਦਾਂ ਨੂੰ ਖਾਲਸੇ ਦੇ ਦਿਲਾਂ ਵਿਚੋਂ ਕਿਵੇਂ ਕੱਢਿਆ ਜਾ ਸਕਦਾ ਹੈ। ਹਾਂ, ਜਦੋਂ ਇਹ ਯਾਦਾਂ ਸਾਕਾਰ ਹੋਣਗੀਆਂ ਤਾਂ ਜਨਰਲ ਬਰਾੜ ਵੀ ਸੁਭਾਵਕ ਹੀ ਜ਼ਕਰੀਆ ਖਾਨ ਜਾਂ ਅਬਦਾਲੀ ਬਣ ਕੇ ਸਾਡੇ ਸਾਹਮਣੇ ਆਣ ਖਲੋਵੇਗਾ। ਇਤਿਹਾਸ ਦੇ ਇਸ ਵਰਤਾਰੇ ਨੂੰ ਖਾਲਸੇ ਦੀਆਂ ਯਾਦਾਂ ਵਿਚੋਂ ਕੱਢਣਾ ਅਸੰਭਵ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਕੇਵਲ ਗੁਰਦੁਆਰਾ ਹੀ ਹੈ ਤਾਂ ਅਸੀਂ ਗੁਰਦੁਆਰੇ ਦੀ ਮਹੱਤਤਾ ਨੂੰ ਘਟਾ ਹੀ ਰਹੇ ਹਾਂ। ਗਦਰ ਪਾਰਟੀ ਲਹਿਰ ਸਮੇਤ ਸਿੱਖਾਂ ਦੇ ਇਨਕਲਾਬ ਤੇ ਗੁਰਮਤੇ ਗੁਰੂ ਘਰਾਂ ਵਿਚੋਂ ਹੀ ਪੈਦਾ ਹੋਏ ਹਨ ਅਤੇ ਅਗਾਂਹ ਨੂੰ ਵੀ ਗੁਰਦੁਆਰੇ ਹੀ ਭਵਿੱਖ ਦੇ ਇਨਕਲਾਬਾਂ ਦੀ ਸਿਰਜਨਾ ਕਰਨਗੇ। ਗੁਰਦੁਆਰਾ ਸਾਹਿਬ ਵਿਚੋਂ ਹੀ ਗੁਰੂ ਗ੍ਰੰਥ ਦੇ ਪ੍ਰਕਾਸ਼ ਵਿਚ ਕਦੇ ਕਿਸੇ ਮੁਸਲਮਾਨ ਦੀ ਬਾਣੀ ਗੂੰਜੇਗੀ, ਕਿਸੇ ਭਗਤ ਨਾਮਦੇਵ ਦੀ ਬਾਣੀ ਦੀ ਗੂੰਜ ਵੀ ਇੱਥੋਂ ਹੀ ਸੁਣਾਈ ਦੇਵੇਗੀ ਅਤੇ ਕਿਸੇ ਬ੍ਰਾਹਮਣ ਭਗਤ ਦੀ ਵੀ । ਅਤੇ ਜਦੋਂ ਅਸੀਂ ਇਹ ਸਫਾਈਆਂ ਦੇਣ ਲੱਗ ਜਾਂਦੇ ਹਾਂ ਕਿ ਇਸ ਯਾਦਗਾਰ ਵਿਚ ਕੋਈ ਤਸਵੀਰ ਨਹੀਂ ਲੱਗੇਗੀ ਤਾਂ ਅਸੀਂ ਯਕੀਨਨ ਉਸ ਵੇਲੇ ਨਿਰਭਉ ਤੇ ਨਿਰਵੈਰਤਾ ਦੇ ਆਲਮ ਵਿਚ ਨਹੀਂ ਵਿਚਰ ਰਹੇ। ਇਹ ਕਿਵੇਂ ਹੋ ਸਕਦਾ ਹੈ ਕਿ ਇਸ ਮਹਾਨ ਵਿਰਾਸਤ ਵਿਚ ਸ਼ਹੀਦਾਂ ਦੀਆਂ ਤਸਵੀਰਾਂ ਸ਼ੁਸ਼ੋਭਿਤ ਨਹੀਂ ਹੋਣਗੀਆਂ ? ਹਾਂ, ਅੱਜ ਅਸੀਂ ਕਿਸੇ ਡਰ ਵਿਚੋਂ ਇਹੋ ਜਿਹੇ ਝੂਠੇ ਵਾਅਦੇ ਕਰ ਸਕਦੇ ਹਾਂ। ਆਉਣ ਵਾਲਾ ਕੱਲ੍ਹ ਯਕੀਕਨ ਇਸ ਡਰ ਤੋਂ ਮੁਕਤ ਹੋਵੇਗਾ। ਅਸੀਂ ਤਾਂ ਆਪਣੇ ਹਿੰਦੂ ਭਰਾਵਾਂ ਨੂੰ ਬੜੀ ਨਿਮਰਤਾ ਨਾਲ ਇਹ ਸਵਾਲ ਕਰਨਾ ਚਾਹੁੰਦੇ ਹਾਂ ਕਿ ਸ਼ਹੀਦੀ ਯਾਦਗਾਰ ਤੋਂ ਉਨ੍ਹਾਂ ਨੂੰ ਕਿਸ ਕਿਸਮ ਦਾ ਭੈਅ ਜਾਂ ਡਰ ਲੱਗਦਾ ਹੈ? ਇਸ ਕੌਮ ਦੇ ਤਮਾਮ ਦਾਨੇਸ਼ਵਰ,ਵੱਡੀਆ ਵੱਡੀਆਂ ਅਖ਼ਬਾਰਾਂ ਦੇ ਵੱਡੇ-ਵੱਡੇ ਸੰਪਾਦਕ, ਨੀਤੀਵਾਨ ਅਤੇ ਸਿਆਸਤਦਾਨ ਅਤੇ ਧਰਮ ਦੇ ਖੇਤਰ ਵਿਚ ਵਿਚਰ ਰਹੇ ਮਹਾਂਪੁਰਸ਼, ਅਖ਼ਬਾਰਾਂ ਤੇ ਚੈਨਲਾਂ ਦੇ ਮਾਲਕ ਘੱਟੋ ਘੱਟ ਇਹ ਤਾਂ ਦੱਸਣ ਕਿ ਉਨ੍ਹਾਂ ਦੇ ਡਰ ਦਾ ਦਾਨੇਸ਼ਵਰੀ-ਆਧਾਰ ਕੀ ਹੈ? ਅਸੀਂ ਉਨ੍ਹਾਂ ਸੁਭਾਗੇ ਪਲਾਂ ਦੀ ਉਡੀਕ ਵਿਚ ਹਾਂ ਜਦੋਂ ਉਹ ਬਣ ਰਹੀ ਇਸ ਯਾਦਗਾਰ ਦੀ ਕਾਰ ਸੇਵਾ ਵਿਚ ਖੁੱਲ੍ਹਦਿਲੀ ਨਾਲ ਸ਼ਾਮਲ ਹੋਣ ਦਾ ਇਤਿਹਾਸਕ ਐਲਾਨ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,