September 17, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਮੋਦੀ ਸਰਕਾਰ ਦਾ ਕਰਤਾਰਪੁਰ ਲਾਂਘੇ ਪ੍ਰਤੀ ਗੈਰ ਜਿੰਮੇਵਾਰਾਨਾ ਵਤੀਰਾ ਸਿੱਖਾਂ ਅੰਦਰ ਬੇਗਾਨਗੀ ਦਾ ਅਹਿਸਾਸ ਪੈਦਾ ਵਧਾਏਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਸਾਬਕਾ ਵਿਧਾਇਕ ਪੱਤਰਕਾਰ ਜਰਨੈਲ ਸਿੰਘ ਨੇ ਇੱਕ ਪ੍ਰੈਸ ਬਿਆਨ ਵਿੱਚ ਕੀਤਾ ਹੈ।
ਸ੍ਰ:ਜਰਨੈਲ ਸਿੰਘ ਨੇ ਕਿਹਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ 550 ਪ੍ਰਕਾਸ਼ ਦਿਹਾੜੇ ਦੇ ਮੱਦੇਨਜਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਖੁਲੇਆਮ ਕਹਿ ਚੱੁਕੇ ਹਨ ਕਿ ਉਹ ਪਾਕਿਸਤਾਨ ਸਥਿਤ ਇਤਿਹਾਸਕ ਗੁਰ ਅਸਥਾਨ ਕਰਤਾਰਪੁਰ ਸਾਹਿਬ ਲਈ ਸੁਰੱਖਿਅਤ ਲਾਂਘਾ ਦੇਣ ਲਈ ਤਿਆਰ ਹਨ। ਪਰ ਇਧਰ ਨਰਿੰਦਰ ਮੋਦੀ ਦੀ ਸਰਕਾਰ ਰੱਟ ਲਗਾਈ ਬੈਠੀ ਹੈ ਕਿ ਪਾਕਿਸਤਾਨ ਸਰਕਾਰ ਨੇ ਇਸ ਸਬੰਧੀ ਕੋਈ ਲਿਖਤੀ ਦਸਤਾਵੇਜ ਨਹੀ ਭੇਜਿਆ।
ਸ੍ਰ:ਜਰਨੈਲ ਸਿੰਘ ਨੇ ਕਿਹਾ ਹੈ ਕਿ ਬਹੁਗਿਣਤੀ ਸਿੱਖ ਭਾਰਤ ਵਿੱਚ ਰਹਿ ਰਹੇ ਹਨ ਜੋ ਗੁਰੂ ਨਾਨਕ ਪਾਤਸ਼ਾਹ ਦੇ 550 ਪ੍ਰਕਾਸ਼ ਦਿਹਾੜੇ ਮੌਕੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦੀ ਲੋਚਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ, ਹਿੰਦ-ਪਾਕਿ ਸਰਹੱਦ ਤੋਂ ਕੋਈ 4-5 ਕਿਲੋਮੀਟਰ ਦੀ ਦੂਰੀ ’ਤੇ ਹੈ ਅਤੇ ਇਸ ਗੁਰ ਅਸਥਾਨ ਲਈ ਲਾਂਘੇ ਦੀ ਮੰਗ ਤਾਂ ਸਿੱਖ ਕਈ ਦਹਾਕਿਆਂ ਤੋਂ ਕਰ ਰਹੇ ਹਨ।
ਸ੍ਰ:ਜਰਨੈਲ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਵਿੱਚ ਰਹਿਣ ਵਾਲੇ ਸਿੱਖ ਕਰਤਾਰਪੁਰ ਸਾਹਿਬ ਜਾਣ ਲਈ ਲਾਂਘਾ ਚਾਹੁੰਦੇ ਹਨ ਤਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਇਸ ਸਬੰਧੀ ਪਾਕਿਸਤਾਨ ਸਰਕਾਰ ਨੂੰ ਲਿਖ ਭੇਜਣਾ ਬਣਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਇਸ ਸਬੰਧੀ ਪਹਿਲਾਂ ਹੀ ਇਨ੍ਹਾਂ ਦਿੱਲ ਟੁੰਬਵੇਂ ਸ਼ਬਦਾਂ ‘ਜੇ ਕੋਈ ਦਸਤਕ ਦੇਵੇ ਤਾਂ ਉਠ ਕੇ ਬੂਹਾ ਖੋਹਲ ਦੇਣਾ ਚਾਹੀਦਾ’ ਨਾਲ ਵਿਦੇਸ਼ ਮੰਤਰੀ ਨੂੰ ਲਿਖਤੀ ਜਾਣਕਾਰੀ ਭੇਜ ਚੱੁਕੇ ਹਨ।
ਸ੍ਰ:ਜਰਨੈਲ ਸਿੰਘ ਅੱਗੇ ਲਿਖਦੇ ਹਨ ਕਿ ਕਰਤਾਰਪੁਰ ਲਾਂਘੇ ਦਾ ਮਸਲਾ ਨਾ ਤਾਂ ਸਿਆਚਨ ਮਸਲਾ ਹੈ ਤੇ ਨਾ ਹੀ ਕਸ਼ਮੀਰ ਮਾਮਲਾ, ਇਹ ਤਾਂ ਸਿੱਖ ਕੌਮ ਦੀਆਂ ਨਿਰੋਲ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਸਿੱਖ ਅਜੇ ਵੀ ਮੀਲਾਂ ਦਾ ਪੰਧ ਤਹਿ ਕਰਕੇ ਡੇਰਾ ਬਾਬਾ ਨਾਨਕ ਸਰਹੱਦ ਤੋਂ ਭਰੇ ਮਨ ਨਾਲ ਦੂਰਬੀਨਾਂ ਰਾਹੀਂ ਕਰਤਾਰਪੁਰ ਵਾਲੇ ਗੁਰ ਅਸਥਾਨ ਦੇ ਦਰਸ਼ਨ ਕਰਦੇ ਹਨ। ਭਾਰਤ–ਪਾਕਿ ਦੀ ਵੰਡ ਕਾਰਣ ਸਿੱਖ ਪਹਿਲਾਂ ਹੀ ਆਪਣੀ ਜਾਨ ਤੋਂ ਪਿਆਰੇ ਗੁਰਧਾਮ ਗੁ:ਨਨਕਾਣਾ ਸਾਹਿਬ, ਗੁ:ਪੰਜਾ ਸਾਹਿਬ ਤੇ ਹੋਰ ਗੁਰ ਅਸਥਾਨ ਪਾਕਿਸਤਾਨ ਵਿੱਚ ਛੱਡ ਆਏ ਹਨ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰਿਆਂ ਲਈ ਉਹ ਨਿੱਤ ਪ੍ਰਤੀ ਦਿਨ ਅਰਦਾਸ ਕਰਦੇ ਹਨ।
ਸ੍ਰ:ਜਰਨੈਲ ਸਿੰਘ ਨੇ ਦੱਸਿਆ ਕਿ ਜਦੋਂ ਸਿਆਸੀ ਹਿੱਤਾਂ ਲਈ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ, ਕਦੇ ਕਿਸੇ ਮਸਜਿਦ ਤੇ ਕਦੇ ਕਿਸੇ ਮੰਦਰ ਵਿੱਚ ਜਾਂਦੇ ਹਨ ਤਾਂ ਸਿੱਖਾਂ ਦੇ ਮਨ ਅੰਦਰ ਇਹ ਭਾਵਨਾ ਪ੍ਰਬਲ ਜਰੂਰ ਹੁੰਦੀ ਹੈ ਕਿ ਕੀ ਉਹ ਇਸ ਦੇਸ਼ ਅੰਦਰ ਬੇਗਾਨੇ ਹਨ ਕਿ ਇੱਕ ਗੁਰ ਅਸਥਾਨ ਦੇ ਦਰਸ਼ਨਾਂ ਲਈ ਦਹਾਕਿਆਂ ਤੋਂ ਕੀਤੇ ਜਾ ਰਹੇ ਯਤਨਾਂ ਪ੍ਰਤੀ ਸਰਕਾਰ ਸੁਹਿਰਦ ਨਹੀ ਹੈ। ਸ੍ਰ:ਜਰਨੈਲ ਸਿੰਘ ਨੇ ਤਾੜਨਾ ਕੀਤੀ ਹੈ ਕਿ ਜੇ ਕਰਤਾਰਪੁਰ ਲਾਂਘੇ ਪ੍ਰਤੀ ਵੀ ਭਾਰਤ ਸਰਕਾਰ ਦਾ ਰਵਈਆ ਨਾਂਹਪੱਖੀ ਰਿਹਾ ਤਾਂ ਇਹ ਯਕੀਨਨ ਸਿੱਖਾਂ ਅੰਦਰ ਬੇਗਾਨਗੀ ਦਾ ਅਹਿਸਾਸ ਵਧਾਏਗਾ।
Related Topics: Government of India, Government of Pakistan, Gurduara Kartarpur Sahib, Jarnail Singh Pattarkar