ਸਿਆਸੀ ਖਬਰਾਂ

ਕਸ਼ਮੀਰ: ਈਦ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨ; 2 ਹੋਰ ਕਸ਼ਮੀਰੀ ਨੌਜਵਾਨ ਮਾਰੇ ਗਏ; ਹੁਣ ਤਕ 78

September 14, 2016 | By

ਸ੍ਰੀਨਗਰ: ਬਕਰੀਦ ਵਾਲੇ ਦਿਨ ਭਾਰਤੀ ਸੁਰੱਖਿਆ ਦਸਤਿਆਂ ਦੀ ਕਾਰਵਾਈ ਨਾਲ 2 ਹੋਰ ਕਸ਼ਮੀਰੀਆਂ ਦੇ ਮਾਰੇ ਜਾਣ ਤੋਂ ਬਾਅਦ ਪਿਛਲੇ 65 ਦਿਨਾਂ ਤੋਂ ਜਾਰੀ ਰੋਸ ਪ੍ਰਦਰਸ਼ਨਾਂ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਹੁਣ ਵਧ 78 ਹੋ ਗਈ ਹੈ। ਵਾਦੀ ਦੇ ਸਾਰੇ ਦਸ ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ। ਬਕਰੀਦ ਦੀ ਨਮਾਜ਼ ਤੋਂ ਬਾਅਦ ਰੋਸ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਭਾਰਤੀ ਨੀਮ ਫੌਜੀ ਦਸਤਿਆਂ ਵਿਚਾਲੇ 55 ਥਾਵਾਂ ਉਤੇ ਟਕਰਾਅ ਹੋਇਆ, ਜਿਸ ਵਿੱਚ ਕਈ ਪ੍ਰਦਰਸ਼ਨਕਾਰੀ ਤੇ ਪੁਲਿਸ ਮੁਲਾਜ਼ਮ ਫੱਟੜ ਹੋ ਗਏ। ਇਸ ਦੌਰਾਨ ਫ਼ੌਜ ਨੇ ਦੱਖਣੀ ਕਸ਼ਮੀਰ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਮੁਜਾਹਦੀਨਾਂ ਖਿਲਾਫ ਅਪਰੇਸ਼ਨ ‘ਸ਼ਾਂਤੀ’ ਸ਼ੁਰੂ ਕਰ ਦਿੱਤਾ ਹੈ।

ਸ੍ਰੀਨਗਰ ਵਿੱਚ ਮੰਗਲਵਾਰ ਨੂੰ ਈਦ-ਉਲ-ਜ਼ੁਹਾ ਮੌਕੇ ਸੁਰੱਖਿਆ ਜਵਾਨਾਂ ਵੱਲ ਪਥਰਾਅ ਕਰਦੇ ਹੋਏ ਕਸ਼ਮੀਰੀ ਨੌਜਵਾਨ

ਸ੍ਰੀਨਗਰ ਵਿੱਚ ਮੰਗਲਵਾਰ ਨੂੰ ਈਦ-ਉਲ-ਜ਼ੁਹਾ ਮੌਕੇ ਸੁਰੱਖਿਆ ਜਵਾਨਾਂ ਵੱਲ ਪਥਰਾਅ ਕਰਦੇ ਹੋਏ ਕਸ਼ਮੀਰੀ ਨੌਜਵਾਨ

ਬਾਂਦੀਪੋਰਾ ਵਿੱਚ ਈਦ ਦੀ ਨਮਾਜ਼ ਤੋਂ ਤੁਰੰਤ ਬਾਅਦ ਪ੍ਰਦਰਸ਼ਨਕਾਰੀਆਂ ਅਤੇ ਨੀਮ ਫੌਜੀ ਦਸਤਿਆਂ ਵਿਚਾਲੇ ਹੋਈ ਪਥਰਾਅ ਦੀ ਘਟਨਾ ਤੋਂ ਬਾਅਦ ਭਾਰਤੀ ਨੀਮ ਫੌਜੀ ਦਸਤਿਆਂ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਪੁਲਿਸ ਦੇ ਇਕ ਤਰਜਮਾਨ ਨੇ ਦੱਸਿਆ, ‘ਪੁਲੀਸ ਵੱਲੋਂ ਭੀੜ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਸਨ। ਇਸ ਦੌਰਾਨ ਡਾਚੀਗਾਮ ਦਾ ਨੌਜਵਾਨ ਮੁਰਤਜ਼ਾ ਅਹਿਮਦ ਫੱਟੜ ਹੋ ਗਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਦਮ ਤੋੜ ਗਿਆ।’ ਪਿੰਡ ਲਾਰਗਾਮ ਵਿੱਚੋਂ ਨੌਜਵਾਨ ਸ਼ਾਹਿਦ ਅਹਿਮਦ ਸੇਹ ਦੀ ਲਾਸ਼ ਮਿਲਣ ਬਾਅਦ ਦੱਖਣੀ ਕਸ਼ਮੀਰ ਵਿੱਚ ਵੀ ਝੜਪਾਂ ਹੋਈਆਂ। ਇਹ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ। ਤਰਜਮਾਨ ਨੇ ਕਿਹਾ ਕਿ ਇਹ ਨੌਜਵਾਨ ਸ਼ੋਪੀਆਂ ਦੇ ਬੌਂਬਾਜ਼ਾਰ ਵਿੱਚ ਪ੍ਰਦਰਸ਼ਨ ਦੌਰਾਨ ਹੋਈ ਪੁਲਿਸ ਕਾਰਵਾਈ ‘ਚ ਫੱਟੜ ਹੋਇਆ ਸੀ। ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਨਾ ਲੱਗਣ ਦੀ ਗੱਲ ਕਰਦਿਆਂ ਬੁਲਾਰੇ ਨੇ ਦੱਸਿਆ, ‘ਉਰਪੋਰਾ ਨਾਗਬਲ ਵਾਸੀ ਸੇਹ ਦੀ ਲਾਸ਼ ਹਰਮੀਨ ਇਲਾਕੇ ਵਿੱਚ ਲਿਜਾਈ ਗਈ ਪਰ ਲੋਕਾਂ ਨੇ ਪੋਸਟਮਾਰਟਮ ਨਹੀਂ ਹੋਣ ਦਿੱਤਾ।’

ਅਜ਼ਾਦੀ ਪਸੰਦਾਂ ਵਲੋਂ ਮੰਗਲਵਾਰ ਯੂਐਨ ਦਫ਼ਤਰ ਵੱਲ ਮਾਰਚ ਦੇ ਦਿੱਤੇ ਸੱਦੇ ਕਾਰਨ ਹੋਰ ਜਾਨੀ ਤੇ ਮਾਲੀ ਨੁਕਸਾਨ ਰੋਕਣ ਲਈ ਪੂਰੀ ਵਾਦੀ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ। ਤਰਜਮਾਨ ਨੇ ਦੱਸਿਆ, ‘ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਉਤੇ ਦਬਾਅ ਪਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ।’ ਹੈਲੀਕਾਪਟਰਾਂ ਅਤੇ ਡਰੋਨਜ਼ ਰਾਹੀਂ ਆਕਾਸ਼ ਤੋਂ ਨਜ਼ਰ ਰੱਖੀ ਗਈ ਤਾਂ ਜੋ ਪ੍ਰਦਰਸ਼ਨਕਾਰੀਆਂ ਦੀ ਇਕੱਤਰਤਾ ਬਾਰੇ ਪੁਲਿਸ ਅਤੇ ਫੌਜੀ ਦਸਤਿਆਂ ਨੂੰ ਅਗਾਊਂ ਸੂਚਿਤ ਕੀਤਾ ਜਾ ਸਕੇ। ਸਰਕਾਰ ਨੇ ਕੱਲ੍ਹ ਬੀਐਸਐਨਐਲ ਨੂੰ ਛੱਡ ਕੇ ਬਾਕੀ ਸਾਰੇ ਦੂਰਸੰਚਾਰ ਕੰਪਨੀਆਂ ਦੀਆਂ ਇੰਟਰਨੈੱਟ ਸੇਵਾਵਾਂ ਅਤੇ ਮੋਬਾਈਲ ਸੇਵਾਵਾਂ 72 ਘੰਟਿਆਂ ਲਈ ਬੰਦ ਕਰਨ ਦਾ ਹੁਕਮ ਦਿੱਤਾ ਸੀ।

ਭਾਰਤੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਸ ਇਲਾਕੇ ਵਿੱਚ ਮੁਜਾਹਦੀਨਾਂ ਅਤੇ ਉਨ੍ਹਾਂ ਦੇ ਹਮਦਰਦਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਮੁੱਖ ਰੋਡ ਬਿਜਲੀ ਦੇ ਖੰਭੇ ਤੇ ਦਰੱਖਤ ਸੁੱਟ ਕੇ ਬੰਦ ਕੀਤੇ ਗਏ ਹਨ ਅਤੇ ਨੌਜਵਾਨਾਂ ਵੱਲੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਧਮਕਾਇਆ ਦਾ ਰਿਹਾ ਹੈ, ਜਿਸ ਕਾਰਨ ਇਸ ਇਲਾਕੇ ਵਿੱਚ ‘ਜੰਗਲ ਰਾਜ’ ਪੈਦਾ ਹੋ ਗਿਆ ਹੈ।

ਇਸ ਇਲਾਕੇ ਵਿੱਚ ਸਥਿਤੀ ਆਪਣੇ ਕਾਬੂ ‘ਚ ਰੱਖਣ ਲਈ ਤਕਰੀਬਨ ਚਾਰ ਹਜ਼ਾਰ ਵਾਧੂ ਜਵਾਨ ਭੇਜੇ ਗਏ ਹਨ। ਦੱਖਣੀ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਪੁਲਵਾਮਾ, ਸ਼ੋਪੀਆਂ, ਅਨੰਤਨਾਗ ਤੇ ਕੁਲਗਾਮ ਵਿੱਚੋਂ ਮੁਜਾਹਦੀਨਾਂ ਖਿਲਾਫ ਸੀਆਰਪੀਐਫ ਅਤੇ ਪੁਲਿਸ ਵਲੋਂ ਸਾਂਝਾ ‘ਆਪਰੇਸ਼ਨ’ ਚਲਾਇਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,