August 1, 2017 | By ਸਿੱਖ ਸਿਆਸਤ ਬਿਊਰੋ
ਸ੍ਰੀਨਗਰ: ਭਾਰਤੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਜੰਮੂ ਕਸ਼ਮੀਰ ਸਥਿਤ ਪੁਲਿਵਾਮਾ ਦੇ ਕਾਕਪੋਰਾ ‘ਚ ਭਾਰਤੀ ਨੀਮ ਫੌਜੀ ਦਸਤਿਆਂ ਅਤੇ ਲਸ਼ਕਰ-ਏ-ਤਈਬਾ ਦੇ ਲੜਾਕਿਆਂ ਵਿਚ ਮੁਕਾਬਲੇ ਦੌਰਾਨ ਅਬੂ ਦੁਜਾਨਾ ਮਾਰਿਆ ਗਿਆ ਹੈ। ਮੀਡੀਆ ਰਿਪੋਰਟਾਂ ‘ਚ ਦੁਜਾਨਾ ਨੇ ਨਾਲ ਉਸਦੇ ਇਕ ਹੋਰ ਸਾਥੀ ਨੂੰ ਵੀ ਮਾਰਨ ਦਾ ਦਾਅਵਾ ਕੀਤਾ ਗਿਆ ਹੈ। ਭਾਰਤੀ ਦਸਤਿਆਂ ਨੂੰ ਮੁਖਬਰਾਂ ਤੋਂ ਇਸ ਇਲਾਕੇ ‘ਚ ਲਸ਼ਕਰ ਦੇ ਲੜਾਕਿਆਂ ਦੇ ਮੌਜੂਦ ਹੋਣ ਦੀ ਖ਼ਬਰ ਮਿਲੀ ਸੀ। ਅਬੂ ਦੁਜਾਨਾ ਦੇ ਸਿਰ ‘ਤੇ 35 ਲੱਖ ਰੁਪਏ ਦਾ ਇਨਾਮ ਸੀ। ਭਾਰਤੀ ਅਧਿਕਾਰੀਆਂ ਮੁਤਾਬਕ ਉਹ ਕਈ ਵਾਰ ਪੁਲਿਸ / ਫੌਜ ਦੇ ਘੇਰਿਆਂ ‘ਚੋਂ ਨਿਕਲ ਚੁਕਿਆ ਸੀ।
ਰਿਪੋਰਟਾਂ ਮੁਤਾਬਕ ਭਾਰਤੀ ਫੌਜੀ ਅਤੇ ਨੀਮ ਫੌਜੀ ਦਸਤਿਆਂ ਨੇ ਉਸ ਘਰ ਨੂੰ ਹੀ ਬੰਬ ਨਾਲ ਉਡਾ ਦਿੱਤਾ, ਜਿਸ ਵਿਚ ਦੁਜਾਨਾ ਅਤੇ ਉਸਦੇ ਸਾਥੀਆਂ ਦੇ ਹੋਣ ਦਾ ਸ਼ੱਕ ਸੀ। ਫੌਜੀ ਅਧਿਕਾਰੀ ਇਸਨੂੰ ਬਹੁਤ ਵੱਡੀ ਕਾਮਯਾਬੀ ਮੰਨ ਰਹੇ ਹਨ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤੀ ਦਸਤੇ ਉਨ੍ਹਾਂ ਦੇ ਤੀਜੇ ਸਾਥੀ ਨੂੰ ਲੱਭਣ ਲਈ ਘਰ-ਘਰ ਦੀ ਤਲਾਸ਼ੀ ਲੈ ਰਹੇ ਹਨ।
ਰਿਪੋਰਟਾਂ ਮੁਤਾਬਕ ਲੜਾਕਿਆਂ ਦੀ ਮੌਜੂਦਗੀ ਦੀ ਖ਼ਬਰ ਤੋਂ ਬਾਅਦ ਸੀਆਰਪੀਐਫ, ਭਾਰਤੀ ਫੌਜ ਅਤੇ ਜੰਮੂ ਕਸ਼ਮੀਰ ਪੁਲਿਸ ਵਲੋਂ ਸਾਂਝੇ ਤੌਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ।
Related Topics: Abu Dujana, All News Related to Kashmir, Indian Army, JK police, Lashkar E Toiba