ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਸਿੱਖ ਇਤਿਹਾਸ ਦੇ ਪੰਨੇ : ਖਾਲਸਾ ਫੌਜਾਂ ਨੇ ਪਿਸ਼ਾਵਰ ਇੰਝ ਫਤਹਿ ਕੀਤਾ ਸੀ

May 9, 2019 | By

ਪਿਸ਼ਾਵਰ ਪਰ ਖ਼ਾਲਸੇ ਦੀ ਚੜਾਈ

ਲਾਹੌਰ ਤੋਂ ਵਿਹਲੇ ਹੋ ਕੇ ਸਰਦਾਰ ਹਰੀ ਸਿੰਘ ਕੁਝ ਦਿਨ ਗੁਜਰਾਂਵਾਲੇ ਠਹਿਰੇ। ਇਥੋਂ ਸਿੱਧੇ ਹਜ਼ਾਰੇ ਪਹੁੰਚੇ ਤਾਂ ਕਿ ਪਿਸ਼ਾਵਰ ਦੀ ਚੜ੍ਹਾਈ ਲਈ ਆਪਣੀ ਫ਼ੌਜ ਨੂੰ ਤਿਆਰ ਕੀਤਾ ਜਾਏ। ਉਧਰ ਸ਼ੇਰਿ ਪੰਜਾਬ ਨੇ ਆਪਣੀਆਂ ਸਾਰੀਆਂ ਛਾਵਣੀਆਂ ਵਿੱਚ ਹੁਕਮ ਭਿਜਵਾ ਦਿੱਤੇ ਕਿ ਖ਼ਾਲਸਾ ਫ਼ੌਜ ਅਟਕ ਵੱਲ ਕੂਚ ਕਰਨਾ ਅਰੰਭ ਦੇਵੇ। ਇਸ ਹੁਕਮ ਅਨੁਸਾਰ ਸਾਰੇ ਪੰਜਾਬ ਵਿਚੋਂ ਫ਼ੌਜਾਂ ਦੀਆਂ ਵਹੀਰਾਂ ਅਟਕ ਵੱਲ ਤੁਰ ਪਈਆਂ। ਸਰਦਾਰ ਹਰੀ ਸਿੰਘ ਫ਼ੌਜਾਂ ਦੀਆਂ ਤਿਆਰੀਆਂ ਤੋਂ ਅਜੇ ਵਿਹਲੇ ਹੋਏ ਹੀ ਸਨ ਕਿ ਉਪਰੋਂ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਜ਼ਰੂਰੀ ਫੁਰਮਾਨ ਆਪਦੇ ਨਾਮ ਪਰ ਪੁੱਜਾ, ਜਿਸ ਵਿੱਚ ਲਿਖਿਆ ਸੀ- “ਪਿਸ਼ਾਵਰ ਦੀ ਮੁਹਿੰਮ ਤਿਆਰ ਹੋ ਗਈ ਹੈ, ਆਪ ਨੂੰ ਇਸ ਸਾਰੀ ਫ਼ੌਜ ਦਾ ਸਿਪਾਹਸਲਾਰ (ਕਮਾਂਡਰ ਇਨ ਚੀਫ) ਮੁਕੱਰਰ ਕੀਤਾ ਗਿਆ ਹੈ, ਇਸ ਤੋਂ ਛੁੱਟ ਰਾਜਸੀ ਅਤੇ ਮੁਲਕੀ ਸੀਗਿਆਂ ਵਿੱਚ ਆਪ ਦਾ ਅਹੁਦਾ ਗਵਰਨਰ ਦਾ ਸਮਝਿਆ ਜਾਏਗਾ। ਇਸ ਕੰਮ ਵਿੱਚ ਆਪਣੇ ਹੋਨਹਾਰ ਵਿਦਿਆਰਥੀ ਸ਼ਾਹਜ਼ਾਦਾ ਨੌ-ਨਿਹਾਲ ਸਿੰਘ ਨੂੰ ਆਪਣੇ ਨਾਲ ਸ਼ਾਮਲ ਰੱਖਣਾ, ਤਾਂਕਿ ਉਹ ਹੋਰ ਵੀ ਬਹੁਤ ਕੁਝ ਆਪ ਤੋਂ ਸਿੱਖ ਜਾਏ। ਹਜ਼ਾਰੇ ਦਾ ਫ਼ੌਜੀ ਤੇ ਮੁਲਕੀ ਪ੍ਰਬੰਧ ਭੀ ਆਪ ਦੇ ਹੀ ਅਧੀਨ ਰਹੇਗਾ। ਪਿਸ਼ਾਵਰ ਵੱਲ ਕੂਚ ਕਰਨ ਸਮੇਂ ਆਪਣੇ ਨਾਇਬ ਨੂੰ ਹਜ਼ਾਰੇ ਦਾ ਕੰਮ ਕੁਝ ਸਮੇਂ ਲਈ ਸੌਂਪ ਆਵਣਾ। ਖ਼ਾਲਸਾ ਫ਼ੌਜ ਸਣੇ ਸ਼ਾਹਜ਼ਾਦਾ ਨੌਨਿਹਾਲ ਸਿੰਘ ਦੇ ੫ ਅਪ੍ਰੈਲ ਨੂੰ ਲਾਹੌਰ ਤੋਂ ਕੂਚ ਕਰੇਗੀ| ਆਪ ਨੇ ਅਟਕ ਦੇ ਮੈਦਾਨ ਵਿੱਚ ਸਣੇ ਆਪਣੀ ਫ਼ੌਜ ਦੇ ਪਹੁੰਚ ਜਾਣਾ ਤੇ ਇਥੋਂ ਕੁਲ ਖ਼ਾਲਸਾ ਫ਼ੌਜ ਦੀ ਸੌਂਪਣੀ (ਚਾਰਜ) ਆਪਣੇ ਹੱਥ ਲੈ ਲੈਣੀ ।

ਕਿਸੇ ਚਿਤਰਕਾਰ ਵਲੋਂ ਆਪਣੀ ਕਲਪਨਾ ਨਾਲ ਖਾਲਸਾ ਫੌਜ ਦੀ ਅਗਵਾਈ ਕਰ ਰਹੇ ਸਿਰਦਾਰ ਹਰੀ ਸਿੰਘ ਨਲੂਆ ਦੀ ਬਣਾਈ ਗਈ ਤਸਵੀਰ

ਇਸ ਫੁਰਮਾਨ ਅਨੁਸਾਰ ਸਰਦਾਰ ਹਰੀ ਸਿੰਘ ੨੦ ਅਪ੍ਰੈਲ ਸੰਨ ੧੮੩੪ ਈ: ਨੂੰ ਆਪਣਾ ਹਜ਼ਾਰੇ ਦਾ ਕੰਮ ਸਰਦਾਰ ਮਹਾਂ ਸਿੰਘ ਮੀਰਪੁਰੀ ਦੇ ਹੱਥ ਸੌਂਪ ਕੇ ਆਪ ਅਟਕ ਪਹੁੰਚ ਗਏ। ਅਗਲੀ ਸਵੇਰ ਨੂੰ ਆਪਣੀ ਫ਼ੌਜ ਨੂੰ ਦਰਿਆ ਅਟਕ ਤੋਂ ਪਾਰ ਲੰਘਾ ਕੇ ਸਰਦਾਰ ਜੀ ਇਸ ਮੁਹਿੰਮ ਦੇ ਪ੍ਰਬੰਧ ਵਿੱਚ ਰੁਝ ਗਏ ਅਤੇ ਜਿਹੜੇ ਜਿਹੜੇ ਲੋੜੀਂਦੇ ਕੰਮਾਂ ਦੀ ਇੱਥੇ ਜ਼ਰੂਰਤ ਸੀ ਉਹ ਪੂਰੀ ਕੀਤੀ ਗਈ।

੨੬ ਅਪ੍ਰੈਲ ਨੂੰ ਸ਼ਾਹਜ਼ਾਦਾ ਨੌਨਿਹਾਲ ਸਿੰਘ ਸਣੇ ਫ਼ੌਜਾਂ ਦੇ ਅਟਕ ਪਹੁੰਚ ਗਏ, ਜਿਹਨਾਂ ਦੀ ਬੜੀ ਧੂਮਧਾਮ ਨਾਲ ਅਗਵਾਈ ਕੀਤੀ ਗਈ। ਇੱਥੇ ਇੱਕ ਦਿਨ ਖ਼ਾਲਸਾ ਫ਼ੌਜ ਨੂੰ ਆਰਾਮ ਦੇ ਕੇ ਅਗਲੇ ਦਿਨ ਸੁਖਸਾਂਦ ਨਾਲ ਸਾਰੀ ਫ਼ੌਜ ਦਰਿਆ ਅਟਕ ਤੋਂ ਬੇੜੀਆਂ ਦੇ ਪੁਲ ਦੇ ਰਾਹੀਂ ਪਾਰ ਹੋ ਗਈ। ਪਿਸ਼ਾਵਰ ਵਿੱਚ ਬਾਰਕਜ਼ਈਆਂ ਨੂੰ ਜਦ ਇਸ ਚੜ੍ਹਾਈ ਦਾ ਪਤਾ ਲੱਗਾ ਤਾਂ ਉਨ੍ਹਾਂ ਬਹੁਤ ਸਾਰੀ ਫ਼ੌਜ ਅਤੇ ਕੁਝ ਮੁਲਕੀਆ ਲਸ਼ਕਰ ਇਕੱਠਾ ਕਰ ਲਿਆ ਤੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਲੜਾਈ ਲਈ ਸੋਚਾਂ ਸੋਚਣ ਲੱਗੇ।

ਇਧਰ ਖ਼ਾਲਸਾ ਫ਼ੌਜ ਅਡੋਲ ਮੰਜ਼ਲੋ ਮੰਜ਼ਲੀ ਕੂਚ ਕਰਦੀ ਹੋਈ ਚਮਕਨੀ ਪਹੁੰਚ ਗਈ। ਸ਼ੇਰਿ ਪੰਜਾਬ ਨੇ ਸਰਦਾਰ ਹਰੀ ਸਿੰਘ ਨੂੰ ਲਿਖ ਘਲਿਆ ਸੀ ਕਿ ਸੁਣਿਆ ਹੈ ਕਿ ਚਮਕਨੀ ਵਿੱਚ ਬੜਾ ਪੁਰਾਣਾ ਪੁਸਤਕਾਲਯ (ਲਾਇਬਰੇਰੀ) ਹੈ, ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਇਹ ਵਿਦਿਅਕ ਖ਼ਜ਼ਾਨਾ ਲੁੱਟ ਅਤੇ ਅੱਗ ਤੋਂ ਬਚਾ ਲਿਆ ਜਾਵੇ।

⊕ ਇਹ ਵੀ ਪੜ੍ਹੋ – ਇਤਿਹਾਸ ਦੇ ਪੰਨੇ – ਜਦੋਂ ਸਿੰਘਾਂ ‘ਅੱਗ ਦਾ ਦਰਿਆ’ ਪਾਰ ਕੀਤਾ…

ਹੁਣ ਇਥੋਂ ਖ਼ਾਲਸਾ ਫ਼ੌਜ ਥੋੜੀ ਜਿਹੀ ਅੱਗੇ ਵੱਧੀ ਸੀ ਕਿ ਪਤਾ ਲੱਗਾ ਕਿ ਹਾਜੀ ਖ਼ਾਨ ਅਤੇ ਮੁਹੰਮਦ ਖ਼ਾਨ ਸਣੇ ਆਪਣੇ ਲਸ਼ਕਰ ਦੇ ਖ਼ਾਲਸਾ ਫ਼ੌਜ ਨਾਲ ਲੜਨ ਲਈ ਮੋਰਚਿਆਂ ਵਿੱਚ ਤਿਆਰ ਬੈਠੇ ਹਨ। ਖ਼ਾਲਸੇ ਨੇ ਆਪਣੇ ਤੋਪਖ਼ਾਨਿਆਂ ਅਤੇ ਰਸਾਲਿਆਂ ਨੂੰ ਅੱਗੇ ਕੀਤਾ। ਇਸ ਸਮੇਂ ਤੋਪਖ਼ਾਨਿਆਂ ਨੇ ਉਹ ਕਹਿਰ ਦੀ ਗੋਲਾਬਾਰੀ ਕੀਤੀ ਕਿ ਵਿਰੋਧੀਆਂ ਨੂੰ ਤੂੰਬੇ ਤੂੰਬੇ ਕਰ ਸੁੱਟਿਆ। ਉਪਰੋਂ ਰਸਾਲਿਆਂ ਦਾ ਧਾਵਾ ਇੰਨਾ ਕਰੜਾ ਸੀ ਕਿ ਰਹਿੰਦੇ ਖੂੰਦਿਆਂ ਨੂੰ ਇਨ੍ਹਾਂ ਮੁਕਾ ਦਿੱਤਾ। ਇਸ ਵਿੱਚ ਸ਼ੱਕ ਨਹੀਂ ਕਿ ਹਾਜੀ ਖ਼ਾਨ ਤੇ ਇਸ ਦੇ ਸਾਥੀ ਬੜੀ ਬਹਾਦਰੀ ਨਾਲ ਲੜ ਰਹੇ ਸਨ, ਪਰ ਖ਼ਾਲਸਾ ਫ਼ੌਜ ਨੂੰ ਰੋਕਣਾ ਇਨ੍ਹਾਂ ਦੀ ਸ਼ਕਤੀ ਤੋਂ ਬਾਹਰ ਸੀ। ਸੋ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾ ਕੇ ਭਾਰੀ ਭਾਂਜ ਖਾਣੀ ਪਈ । ਇਸ ਸਮੇਂ ਬਿਰਧ, ਪਰ ਬਹਾਦਰ ਸਰਦਾਰ ਰਾਮ ਸਿੰਘ ਹਸਨਵਾਲੀਏ ਨੇ ਬੜਾ ਨਿਧੜਕ ਹੋ ਕੇ ਵੈਰੀਆਂ ਦੇ ਮੋਰਚਿਆਂ ਪਰ ਹੱਲਾ ਕੀਤਾ ਸੀ। ਇਹ ਸਭ ਤੋਂ ਪਹਿਲਾ ਸਰਦਾਰ ਸੀ, ਜਿਹੜਾ ਸਣੇ ਆਪਣੇ ਬੀਰ ਸਪੁੱਤਰ ਸਰਦਾਰ ਗੁਰਮੁਖ ਸਿੰਘ ਅਤੇ ਜੋਸ਼ੀਲੇ ਪੋਤਰੇ ਕੁਮੇਦਾਨ ਸ਼ੇਰ ਸਿੰਘ ਦੇ, ਹਾਜੀ ਖ਼ਾਨ ਪਰ ਟੁੱਟ ਪਿਆ ਸੀ ਤੇ ਉਸ ਨੂੰ ਐਸਾ ਘੇਰਿਆ ਕਿ ਹਾਜੀ ਖ਼ਾਨ ਕਈ ਵਾਰੀ ਨੱਸ ਜਾਣ ਦੇ ਯਤਨ ਕਰਨ ਦੇ ਬਾਵਜੂਦ ਭੀ ਉਸ ਨੂੰ ਉਸ ਵਕਤ ਤੱਕ ਨਾ ਸੀ ਭੱਜਣ ਦਿੱਤਾ, ਜਦ ਤੀਕ ਕਿ ਸਰਦਾਰ ਨੇ ਉਸ ਨੂੰ ਆਪਣੀ ਖ਼ਮਦਾਰ ਤਲਵਾਰ ਨਾਲ ਸਖ਼ਤ ਫਟੜ ਨਾ ਸੀ ਕਰ ਦਿੱਤਾ ਅਤੇ ਉਸ ਦੇ ਹਥੋਂ ਉਸ ਦੀ ਬਹੁਮੁੱਲੀ ਤਲਵਾਰ ਨਾ ਸੀ ਖੋਹ ਲਈ।

ਪਿਸ਼ਾਵਰ ਪਰ ਖ਼ਾਲਸੇ ਦਾ ਕਬਜ਼ਾ

ਇਸ ਲੜਾਈ ਵਿੱਚ ਹਾਜੀ ਖ਼ਾਨ ਅਤੇ ਖ਼ਾਨ ਮੁਹੰਮਦ ਖ਼ਾਨ ਬੁਰੀ ਤਰ੍ਹਾਂ ਫਟੜ ਹੋਏ। ਹੁਣ ਖ਼ਾਲਸਾ ਫ਼ਤਹ ਦਾ ਝੰਡਾ ਝੁਲਾਉਂਦਾ ਹੋਇਆ ਬੜੇ ਸ਼ਾਨਦਾਰ ਜਲੂਸ ਦੀ ਸ਼ਕਲ ਵਿੱਚ ਮਈ ਸੰਨ ੧੮੩੪ ਈ: ਨੂੰ ਤੀਸਰੇ ਪਹਿਰ ਪਿਸ਼ਾਵਰ ਵਿੱਚ ਬੜੀ ਭਾਰੀ ਸ਼ਾਨ ਸ਼ੌਕਤ ਨਾਲ ਦਾਖ਼ਲ ਹੋਇਆ। ਇਸ ਦੇ ਬਾਅਦ ਪਿਸ਼ਾਵਰ ਦੇ ਪ੍ਰਸਿੱਧ ਕਿਲ੍ਹੇ ਬਾਲਾ ਹਿਸਾਰ ਪਰ ਖ਼ਾਲਸਈ ਝੰਡਾ ਗੱਡ ਦਿੱਤਾ ਗਿਆ ਅਤੇ ਇਸ ਦਾ ਨਾਮ ਖ਼ਾਲਸੇ ਵਲੋਂ ਸੁਮੇਰ-ਗੜ੍ਹ ਰੱਖਿਆ ਗਿਆ। ਇਸੇ ਰਾਤ ਨੂੰ ਪਿਸ਼ਾਵਰ ਦੇ ਮੁਸਲਮਾਨ ਅਤੇ ਹਿੰਦੂਆਂ ਨੇ ਬਾਰਕਜ਼ਈ ਦੇ ਹੱਥੋਂ ਛੁਟਕਾਰਾ ਪਾਉਣ ਤੇ ਖ਼ਾਲਸੇ ਦੀ ਫ਼ਤਹ ਦੀ ਖੁਸ਼ੀ ਵਿੱਚ ਸਾਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ | ਅਗਲੇ ਦਿਨ ੭ ਮਈ ਨੂੰ ਪਿਸ਼ਾਵਰ ਦੇ ਸਾਰੇ ਸੂਬੇ ਨੂੰ ਖ਼ਾਲਸਾ ਰਾਜ ਨਾਲ ਮਿਲਾ ਲੈਣ ਦਾ ਐਲਾਨ ਕੀਤਾ ਗਿਆ। ਪਿਸ਼ਾਵਰ ਦੀ ਰਾਖੀ ਆਦਿ ਦਾ ਜਦ ਪੂਰਾ-ਪੂਰਾ ਪ੍ਰਬੰਧ ਹੋ ਗਿਆ ਤਾਂ ਇਸ ਦੇ ਬਾਅਦ ਸਰਦਾਰ ਹਰੀ ਸਿੰਘ ਨੇ ਇਲਾਕੇ ਦਾ ਦੌਰਾ ਕੀਤਾ ਅਤੇ ਜਿਸ-ਜਿਸ ਥਾਉਂ ਪਰ ਫ਼ੌਜ ਰੱਖਣ ਦੀ ਲੋੜ ਸਮਝੀ, ਉੱਥੇ ਕਿਲ੍ਹੇ ਬਣਵਾਉਣ ਦਾ ਹੁਕਮ ਦੇ ਦਿੱਤਾ। ਇਸ ਤਰ੍ਹਾਂ ਸਾਰੇ ਇਲਾਕੇ ਵਿੱਚ ਫ਼ੌਜ ਵੰਡ ਕੇ ਪੂਰਾ ਅਮਨ ਅਤੇ ਖ਼ਾਲਸਈ ਰੋਅਬ ਦਾ ਸਿੱਕਾ ਪਠਾਣਾਂ ਦੇ ਦਿਲਾਂ ਪਰ ਸਦਾ ਲਈ ਬਿਠਾ ਦਿੱਤਾ ਗਿਆ। ਸ਼ਹਿਰ ਦੀ ਰਾਖੀ ਲਈ ਬੜੀ ਮਜ਼ਬੂਤ ਫ਼ਸੀਲ ਬਣਾਈ ਗਈ। ਕਿਲ੍ਹਾ ਸੁਮੇਰ ਗੜ੍ਹ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਦੇ ਉਪਰੰਤ ਉਸ ਨੂੰ ਮੁੜ ਨਵੇਂ ਸਿਰਿਉਂ ਪੱਕਾ ਅਤੇ ਵਧੇਰੇ ਖੁਲ੍ਹਾ ਬਨਾਉਣਾ ਆਰੰਭ ਕਰਵਾ ਦਿੱਤਾ ਗਿਆ।

ਪਿਸ਼ਾਵਰ ਦੀ ਫ਼ਤਹ ਬਾਬਤ ਇੱਕ ਲੇਖਕ ਨੇ ਲਿਖਿਆ ਹੈ ਕਿ ਪਿਸ਼ਾਵਰ ਲੜਾਈ ਲੜ ਕੇ ਨਹੀਂ ਸੀ ਲਿਆ ਗਿਆ, ਸਗੋਂ ਸਰਦਾਰ ਹਰੀ ਸਿੰਘ ਨੇ ਇਕ ਰਾਜਸੀ ਚਾਲ ਵਰਤ ਕੇ ਇਸ ਪਰ ਕਬਜ਼ਾ ਕਰ ਲਿਆ ਸੀ, ਉਹ ਇਸ ਤਰ੍ਹਾਂ ਕਿ “ਸਰਦਾਰ ਹਰੀ ਸਿੰਘ ਨੇ ਸਰਦਾਰ ਸੁਲਤਾਨ ਮੁਹੰਮਦ ਖ਼ਾਨ ਤੇ ਪੀਰ ਮੁਹੰਮਦ ਖ਼ਾਨ ਹਾਕਮ ਪਿਸ਼ਾਵਰ ਨੂੰ ਲਿਖਿਆ ਕਿ ਸ਼ਾਹਜ਼ਾਦਾ ਨੌਨਿਹਾਲ ਸਿੰਘ ਪਿਸ਼ਾਵਰ ਦੀ ਸੈਰ ਕਰਨਾ ਚਾਹੁੰਦਾ ਹੈ। ਤੁਸੀਂ ਸ਼ਹਿਰ ਖ਼ਾਲੀ ਕਰਕੇ ਅਲੀ ਮਰਦਾਨ ਖ਼ਾਨ ਦੇ ਬਾਗਾਂ ਵਿੱਚ ਚਲੇ ਜਾਓ।’’ ਚੁਨਾਂਚਿ ਪਿਸ਼ਾਵਰ ਦੇ ਹਾਕਮਾਂ ਨੇ ਸਰਦਾਰ ਹਰੀ ਸਿੰਘ ਦਾ ਹੁਕਮ ਮੰਨ ਲਿਆ ਤੇ ਜਦ ਖ਼ਾਲਸਾ ਫ਼ੌਜ ਸ਼ਹਿਰ ਵਿੱਚ ਦਾਖ਼ਲ ਹੋ ਗਈ ਤਾਂ ਪੱਕਾ ਕਬਜ਼ਾ ਕਰ ਲਿਆ ਗਿਆ।” ਇਹ ਲਿਖਤ ਨਾ ਕੇਵਲ ਪੱਖ-ਪਾਤੀ ਹੈ, ਸਗੋਂ ਉੱਕੀ ਬੇਬੁਨਿਆਦ ਹੈ। ਜੇ ਕਦੀ ਇਹ ਗੱਲ ਇੱਕ ਪਲ ਲਈ ਮੰਨ ਵੀ ਲਈਏ ਤਾਂ ਨਾਲ ਹੀ ਸਵਾਲ ਪੈਦਾ ਹੋ ਜਾਂਦਾ ਹੈ ਕਿ ਜੇ ਪਿਸ਼ਾਵਰ ਲੈਣ ਸਮੇਂ ਲੜਾਈ ਨਹੀਂ ਸੀ ਹੋਈ ਤਾਂ ਬਹਾਦਰ ਖ਼ਾਨ, ਮੁਹੰਮਦ ਖ਼ਾਨ ਤੇ ਹਾਜੀ ਖ਼ਾਨ ਫਟੜ ਕਿਸ ਤਰ੍ਹਾਂ ਹੋਏ ਅਤੇ ਇਸ ਸਮੇਂ ਤੋਪਾਂ ਦੀ ਲੜਾਈ ਕਿਸ ਨਾਲ ਹੋਈ ਸੀ ? ਇਸ ਦੀ ਤਾਈਦ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਖ਼ਤ ਜਿਹੜਾ ੧੨ ਮਈ ਸੰਨ ੧੮੩੪ ਈ: ਨੂੰ ਆਪ ਨੇ ਕਪਤਾਨ ਵੈੱਡ ਪੁਲੀਟੀਕਲ ਏਜੰਟ ਲੁਧਿਆਣਾ ਨੂੰ ਲਿਖਿਆ, ਇਸ ਤਰ੍ਹਾਂ ਹੈ-

“ਅਕਾਲ ਪੁਰਖ ਦੀ ਕਿਰਪਾ ਨਾਲ ਇਸ ਸੁਭਾਗ ਸਮੇਂ ਮੈਂ ਇਹ ਖ਼ੁਸ਼ਖ਼ਬਰੀ ਸੁਣ ਕੇ ਬੜਾ ਪ੍ਰਸੰਨ ਹੋਇਆ ਹਾਂ ਕਿ ਬਾਰਕਜ਼ਈ ਸਰਦਾਰਾਂ ਨੇ ਦੂਰ-ਦ੍ਰਿਸ਼ਟੀ ਤੋਂ ਕੰਮ ਨਾ ਲੈਂਦੇ ਹੋਏ ਆਪਣੇ ੧੨੦੦੦ ਸਵਾਰਾਂ ਅਤੇ ਪੈਦਲ ਫ਼ੌਜ ਨਾਲ ਉਸ (੬ ਮਈ) ਦੀ ਸਵੇਰ ਨੂੰ ਮੇਰੀਆਂ ਫ਼ੌਜਾਂ ਦਾ ਰਾਹ ਟਾਕਰੇ ਲਈ ਰੋਕ ਲਿਆ ਸੀ। ਇਸ ਸਮੇਂ ਕੰਵਰ ਨੌਨਿਹਾਲ ਸਿੰਘ ਨੇ ਬੜੀ ਦਲੇਰੀ ਨਾਲ ਬਰਛਾ ਹੱਥ ਵਿੱਚ ਲੈਕੇ ਸਣੇ ਸਰਦਾਰ ਹਰੀ ਸਿੰਘ ਨਲਵਾ ਅਤੇ ਮਿਸਟਰ ਕੋਰਟ ਦੇ, ਵੈਰੀ ਪਰ ਚੜ੍ਹਾਈ ਕਰ ਦਿੱਤੀ, ਇਸ ਸਮੇਂ ਮੇਰੇ ਤੋਪਖ਼ਾਨੇ ਨੇ ਬੜਾ ਕੰਮ ਕੀਤਾ।”

ਛੇਕੜ ਬਾਰਕਜ਼ਈ ਆਪਣੇ ਵਿੱਚ ਮੁਕਾਬਲੇ ਦੀ ਸਮਰੱਥਾ ਨਾ ਦੇਖ ਕੇ ਜਿਧਰ ਕਿਸੇ ਨੂੰ ਰਸਤਾ ਲੱਭਾ ਆਪਣੀਆਂ ਜਾਨਾਂ ਬਚਾ ਕੇ ਨੱਸ ਗਏ। ਪਿਸ਼ਾਵਰ ਪਰ ਮੇਰੀ ਗਵਰਨਮੈਂਟ ਦੇ ਅਫ਼ਸਰਾਂ ਨੇ ਕਬਜ਼ਾ ਕਰ ਲਿਆ ਅਤੇ ਸ਼ਹਿਰ ਦੇ ਵਸਨੀਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਆਪਣੇ ਹੱਥ ਵਿੱਚ ਲੈ ਲਈ। ਇਥੋਂ ਦੀਆਂ ਦੋਹਾਂ ਕੌਮਾਂ (ਮੁਸਲਮਾਨਾਂ ਤੇ ਹਿੰਦੂਆਂ) ਨੇ ਮੇਰੇ ਅਫ਼ਸਰਾਂ ਨੂੰ ਬੜੀ ਚਾਹ ਨਾਲ ‘ਜੀ ਆਇਆਂ ਨੂੰ’ ਆਖਿਆ, ਰਾਤ ਨੂੰ ਹਿੰਦੂ ਮੁਸਲਮਾਨਾਂ ਨੇ ਸਾਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ ਅਤੇ ਸ਼ੁਕਰ ਕੀਤਾ ਕਿ ਉਨ੍ਹਾਂ ਨੂੰ ਜ਼ਾਲਮ ਹਾਕਮਾਂ ਦੇ ਹੱਥੋਂ ਛੁਟਕਾਰਾ ਮਿਲ ਗਿਆ।”

ਅਸਲ ਲਿਖਤ ਜੋ ਪੰਜਾਬ ਗਵਰਨਮੈਂਟ ਰੀਕਾਰਡ ਵਿੱਚ ਹੈ, ਉਹ ਇਸ ਤਰ੍ਹਾਂ ਹੈ :

“By the Grace of God at the present auspicious moment I have been delighted by the arrival of happy news. The Barakzai Sardars destitute of foresight had arrayed at the dawn of the day with about 12000 horse and foot in hostility against my troops.

“Kanwar Nau Nihal Singh took a spear in his hand and prepared to oppose them with great presence of mind in concert with Hari Singh Nalwa and Mr. Court with a discharge of artillery.

“At length the Barakzais repining at their timidity sought, safety in fight and being dispersed on all sides. Peshawar fell in the hands of officer of my Government who extended their protection of the habi-tants of the place and property in the evening there was illumination in the city which was hailed both by Hindus and Mohammedans of the country as the ha binger of their deliverance from the hands of their tyrants.”

ਬਾਰਕਜ਼ਈਆਂ ਦੇ ਮੈਦਾਨ ਜੰਗ ਵਿਚੋਂ ਨੱਸ ਜਾਣ ਅਤੇ ਖ਼ਾਲਸੇ ਦੇ ਪਿਸ਼ਾਵਰ ਵਿੱਚ ਭਾਰੀ ਸ਼ਾਨ-ਸ਼ੌਕਤ ਨਾਲ ਦਾਖ਼ਲੇ ਦੇ ਥੋੜੇ ਚਿਰ ਬਾਅਦ ਮਿਸਟਰ ਮੈਸਨ ਪ੍ਰਸਿੱਧ ਯਾਤਰੂ ਦਾ ਮੁਨਸ਼ੀ ਸਰਦਾਰ ਹਰੀ ਸਿੰਘ ਨੂੰ ਮਿਲਿਆ ਤਾਂ ਸਰਦਾਰ ਜੀ ਨੇ ਉਸ ਤੋਂ ਪੁੱਛਿਆ ਕਿ ਖ਼ਾਲਸੇ ਦੇ ਜਲੂਸ (ਤਮਾਸ਼ੇ) ਸਮੇਂ ਮੈਸਨ ਕਿੱਥੇ ਸੀ ? ਉਸਨੇ ਆਖਿਆ ਕਿ ਉਸ ਨੇ ਇੱਕ ਕੋਠੇ ਦੀ ਛੱਤ ਤੋਂ ਸਾਰਾ ਨਜ਼ਾਰਾ ਅੱਖੀਂ ਡਿੱਠਾ ਸੀ। ਮੁੜ ਸਰਦਾਰ ਹਰੀ ਸਿੰਘ ਨੇ ਹੱਸ ਕੇ ਮਖੌਲ ਨਾਲ ਪੁਛਿਆ ਕਿ (ਬਾਰਕਜ਼ਾਈ) ਸਰਦਾਰ ਕਿੱਥੇ ਗਏ ? ਅੱਗੋਂ ਮਿਰਜ਼ੇ ਆਖਿਆ ਕਿ ਤੈਹਕਾਲ ਵਿੱਚ ਹਨ ਤੇ ਮੁੜ ਲੜਾਈ ਦੀਆਂ ਤਿਆਰੀਆਂ ਕਰ ਰਹੇ ਹਨ। ਅੱਗੋਂ ਨਲੂਏ ਸਰਦਾਰ ਨੇ ਹੱਸ ਕੇ ਆਖਿਆ ਨਹੀਂ ਨਹੀਂ, ਉਹ “ਨੱਸ ਗਏ,ਨੱਸ ਗਏ ! ਕੋਈ ਕੁਹਾਟ ਵੱਲ ਚਲਾ ਗਿਆ ਤੇ ਕਿਸੇ ਖੈਬਰ ਦਾ ਰਾਹ ਲਿਆ।

ਮੈਸਨ ਦੀ ਅਸਲ ਲਿਖਤ ਇਹ ਹੈ:

My mirza in the course of the day went to the Sikh camp where he saw Hari Singh, who asked where I had been during the tamasha or sport. He replied, that I had witness it from the roof. He then asked jocularly, where the sirdars had been. The mirza said to Tahkal, to prepare for battle. The sirdar laughed and said, ‘No’, ‘nas gai’, ‘nas gai’ they have run away, some to Kohat and some to Khaiber’.

ਜਦ ਸਾਰੇ ਪ੍ਰਬੰਧ ਠੀਕ ਹੋ ਗਏ ਤਾਂ ਅਗਲੇ ਸਾਲ ਦੀ ਬਸੰਤ ਰੁੱਤੇ ਸ਼ੇਰਿ ਪੰਜਾਬ ਮਹਾਰਾਜ ਰਣਜੀਤ ਸਿੰਘ ਆਪ ਪਿਸ਼ਾਵਰ ਆਏ। ਇਥੋਂ ਦਾ ਸਾਰਾ ਪ੍ਰਬੰਧ ਦੇਖਕੇ ਗਦ-ਗਦ ਹੋ ਗਏ ਅਤੇ ਸਰਦਾਰ ਹਰੀ ਸਿੰਘ ਦੀ ਬੜੀ ਸ਼ਲਾਘਾ ਕੀਤੀ। ਇਸ ਦੇ ਉਪ੍ਰੰਤ ਪਿਸ਼ਾਵਰ ਵਿੱਚ ਇੱਕ ਬੜਾ ਭਾਰੀ ਦਰਬਾਰ ਕੀਤਾ, ਜਿਸ ਵਿੱਚ ਇਲਾਕੇ ਦੇ ਸਾਰੇ ਰਈਸਾਂ, ਖ਼ਾਨਾਂ ਤੇ ਅਰਬਾਬਾਂ ਨੇ ਮਹਾਰਾਜਾ ਸਾਹਿਬ ਅੱਗੇ ਨਜ਼ਰਾਨੇ ਪੇਸ਼ ਕੀਤੇ। ਸ਼ੇਰਿ ਪੰਜਾਬ ਨੇ ਇਨ੍ਹਾਂ ਖ਼ਾਨਾਂ ਨੂੰ ਆਪਣੇ ਦਾਤਾ ਸੁਭਾਵ ਅਨੁਸਾਰ ਬੜੀਆਂ ਜਾਗੀਰਾਂ ਤੇ ਮੁਆਜਬ ਬਖ਼ਸ਼ ਕੇ ਨਿਹਾਲ ਕਰ ਦਿੱਤਾ।

ਇਨ੍ਹਾਂ ਦਿਨਾਂ ਵਿਚ ਹੀ ਕਾਬਲ ਤੋਂ ਖ਼ਬਰਾਂ ਆਈਆਂ ਕਿ ਅਮੀਰ ਦੋਸਤ ਮੁਹੰਮਦ ਖ਼ਾਨ-ਜੋ ਇਸ ਵੇਲੇ ਕਾਬਲ ਦਾ ਹਾਕਮ ਸੀ-ਪਿਸ਼ਾਵਰ ਨੂੰ ਖ਼ਾਲਸੇ ਦੇ ਹੱਥੋਂ ਛੁਡਾਉਣ ਲਈ ਰਾਤ ਦਿਨ ਤਿਆਰੀਆਂ ਕਰ ਰਿਹਾ ਹੈ, ਇਸ ਗਰਜ਼ ਲਈ ਉਸਨੇ ਬਹੁਤ ਸਾਰੀ ਫ਼ੌਜ ਦੀ ਭਰਤੀ ਕੀਤੀ ਹੈ ਅਤੇ ਜਹਾਦੀ ਲਸ਼ਕਰ ਭੀ ਇਕੱਠਾ ਕਰ ਰਿਹਾ ਹੈ; ਇਥੋਂ ਤੀਕ ਕਿ ਅਖੂਨ ਸਾਹਿਬ ਅਬਦੁਲ ਗਫੂਰ ਸਾਹਿਬ ਜੋ ਇਲਾਕਾ ਸੋਵਾਤ ਅਤੇ ਬਿਜੌੜ ਦਾ ਮੰਨਿਆ ਪਰਮੰਨਿਆਂ ਗੌਸ ਸੀ, ਸਣੇ ਆਪਣੇ ਹਜ਼ਾਰਾਂ ਮੁਰੀਦਾਂ ਦੇ, ਇਸ ਜੰਗ ਵਿਚ ਸ਼ਾਮਲ ਸੀ। ਇਹ ਸਾਹਿਬ ਮੌਜੂਦਾ ਵਾਲੀਏ ਸਵਾਤ ਦਾ ਦਾਦਾ ਸੀ ।

ਇਧਰ ਖ਼ਾਲਸਾ ਭੀ ਅਮੀਰ ਦੋਸਤ ਮੁਹੰਮਦ ਖ਼ਾਨ ਨੂੰ ਕਰਾਰੇ ਹੱਥ ਦੱਸਣ ਲਈ ਤਿਆਰੀਆਂ ਵਿੱਚ ਜੁੱਟ ਗਿਆ। ਸੰਨ ੧੮੩੪ ਈ: ਦੀਆਂ ਬਰਫ਼ਾਂ ਦੇ ਪਿਘਲਨੇ ਦੇ ਬਾਅਦ ਅਮੀਰ ਦੋਸਤ ਮੁਹੰਮਦ ਖ਼ਾਨ ਸਣੇ ਫ਼ੌਜ ਤੇ ਲਸ਼ਕਰ ਦੇ ਦੱਰਾ ਖੈਬਰ ਵਿੱਚ ਪਹੁੰਚ ਗਿਆ। ਇੱਥੇ ਭੀ ਮਜ਼ਬੀ ਜੋਸ਼ ਫੈਲਾ ਕੇ ਬਹੁਤ ਸਾਰੇ ਅਫ਼ਰੀਦੀਆਂ ਅਤੇ ਅਹਮਦਾਂ ਨੂੰ ਆਪਣੇ ਨਾਲ ਮਿਲਾ ਲਿਆ।

ਸਰਦਾਰ ਹਰੀ ਸਿੰਘ ਨੇ ਅਮੀਰ ਦੋਸਤ ਮੁਹੰਮਦ ਖ਼ਾਨ ਦੇ ਟਾਕਰੇ ਲਈ ਤੈਹਕਾਲ ਬਾਲਾ ਦੇ ਲਾਗੇ ਮੈਦਾਨ ਜੰਗ ਚੁਣਿਆ, ਅਤੇ ਇੱਥੇ ਮੋਰਚੇ ਬਣਾਉਣ ਦਾ ਹੁਕਮ ਦਿੱਤਾ, ਜੋ ਘੋੜੇ ਦੇ ਨਾਲ ਦੀ ਸ਼ਕਲ ਪਰ ਬਣਾਏ ਗਏ ਸਨ। ਉਸ ਸਮੇਂ ਇਸ ਤਰੀਕੇ ਦੇ ਮੋਰਚਿਆਂ ਵਿਚ ਵੈਰੀ ਨੂੰ ਸੌਖਾ ਹੀ ਘੇਰੇ ਵਿੱਚ ਫਸਾਣ ਲਈ ਇਹ ਬੜੇ ਸਫਲ ਸਾਬਤ ਹੋਏ ਸਨ। ਇਨ੍ਹਾਂ ਤੋਂ ਛੁਟ ਪਿਸ਼ਾਵਰ ਵੱਲ ਆਉਣ ਲਈ ਜਿੰਨੇ ਰਸਤੇ ਸਨ ਉਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਫੌਜ ਨਾਲ ਪੱਕਿਆਂ ਕਰ ਦਿੱਤਾ ਗਿਆ।

੧੧ ਮਈ ਸੰਨ ੧੮੩੫ ਈ: ਦੀ ਸਵੇਰ ਦੀ ਨਿਮਾਜ਼ ਦੇ ਉਪਰੰਤ ਅਮੀਰ ਦੋਸਤ ਮੁਹੰਮਦ ਖ਼ਾਨ ਦੱਰਾ ਖੈਬਰ ਵਿਚੋਂ ਨਿਕਲ ਕੇ ਬੜੇ ਭਾਰੀ ਲਸ਼ਕਰ ਨਾਲ ਖ਼ਾਲਸਾ ਫ਼ੌਜ ਤੇ ਹਮਲਾਵਰ ਹੋਇਆ। ਅੱਗੋਂ ਖ਼ਾਲਸੇ ਨੇ-ਜਿਹੜਾ ਸਭ ਤਰ੍ਹਾਂ ਤਿਆਰ ਬਰ-ਤਿਆਰ ਹੋ ਕੇ ਅਮੀਰ ਦੇ ਪਹੁੰਚਣ ਦੀ ਉਡੀਕ ਵਿੱਚ ਸੀ-ਬੜੀ ਨਿਰਭੈਤਾ ਨਾਲ ਤੋਪਾਂ ਦੇ ਟਾਕਰੇ ਪਰ ਤੋਪਾਂ ਅਤੇ ਫ਼ੌਜ ਦੇ ਸਾਹਮਣੇ ਫ਼ੌਜ ਨੂੰ ਡਾਹ ਕੇ ਉਹ ਘਮਸਾਣ ਦੀ ਲੜਾਈ ਆਰੰਭੀ ਕਿ ਜ਼ਮੀਨ ਅਸਮਾਨ ਕੰਬ ਉਠਿਆ। ਅਮੀਰ ਦੋਸਤ ਮੁਹੰਮਦ ਖ਼ਾਨ ਜਾਨ ਤੋਂ ਹੱਥ ਧੋਕੇ ਬੜੇ ਮਜ਼ਹਬੀ ਜੋਸ਼ ਅਤੇ ਦਲੇਰੀ ਨਾਲ ਲੜਿਆ, ਪਰ ਸਰਦਾਰ ਹਰੀ ਸਿੰਘ ਦੇ ਬਣਵਾਏ ਹੋਏ ਕਮਾਨਰੋਸ਼ਾ ਮੋਰਚੇ ਬੜੇ ਸਫਲ ਸਾਬਤ ਹੋਏ ਅਤੇ ਅਮੀਰ ਸਾਹਿਬ ਐਸਾ ਇਨ੍ਹਾਂ ਵਿੱਚ ਘਿਰ ਗਿਆ ਕਿ ਉਲਟੇ ਲੈਣੇ ਦੇ ਦੇਣੇ ਪੈ ਗਏ, ਪਰ ਉਸ ਨੇ ਆਪਣੇ ਵੱਲੋਂ ਇਸ ਤਰ੍ਹਾਂ ਭੀ ਹਿੰਮਤ ਨਾ ਹਾਰੀ ਅਤੇ ਸਾਰਾ ਦਿਨ ਆਪ ਘੋੜੇ ਪਰ ਸਵਾਰ ਹੋ ਜਿੱਥੇ-ਜਿੱਥੇ ਲੋੜ ਸਮਝਦਾ ਆਪ ਪਹੁੰਚਦਾ ਅਤੇ ਆਪਣੀਆਂ ਫ਼ੌਜਾਂ ਦਾ ਦਿਲ ਵਧਾਉਂਦਾ ਰਿਹਾ। ਹੁਣ ਜਿਉਂ ਜਿਉਂ ਦਿਨ ਢਲਦਾ ਗਿਆ, ਤਿਉਂ ਤਿਉਂ ਖ਼ਾਲਸੇ ਦਾ ਘੇਰਾ ਵਧੇਰੇ ਮਜ਼ਬੂਤ ਅਤੇ ਤੰਗ ਹੁੰਦਾ ਗਿਆ। ਛੇਕੜ ਜਦ ਅਮੀਰ ਨੇ ਡਿੱਠਾ ਕਿ ਖ਼ਾਲਸਾ ਫ਼ੌਜ ਹਰ ਪਾਸੇ ਤੋਂ ਵੱਧਦੀ ਆ ਰਹੀ ਹੈ ਤਾਂ ਇਸ ਨੇ ਪਿੱਛੇ ਹੱਟਣਾ ਚਾਹਿਆ ਪਰ ਇਸ ਸਮੇਂ ਇਸ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ, ਜਦ ਇਸ ਨੇ ਡਿੱਠਾ ਕਿ ਉਹ ਤਾਂ ਫੰਧੇ ਵਿੱਚ ਫਾਥਾ ਪਿਆ ਹੈ। ਆਦਮੀ ਸੀ ਬੜੀ ਹਿੰਮਤ ਵਾਲਾ, ਐਸੇ ਨਾਜ਼ੁਕ ਸਮੇਂ ਭੀ ਇਸ ਨੇ ਆਪਣੇ ਆਪ ਨੂੰ ਹਵਾਲੇ ਕਰਨਾ ਯੋਗ ਨਾ ਸਮਝਿਆ ਅਤੇ ਇੱਕ ਵਾਰੀ ਮੁੜ ਟੁੱਟ ਕੇ ਇੱਕ ਬਾਜੂ ਤੇ ਜਾ ਪਿਆ। ਇਸ ਸਮੇਂ ਰਾਤ ਦਾ ਹਨੇਰਾ ਭੀ ਛਾ ਗਿਆ ਸੀ, ਜਿਸ ਨੇ ਅਮੀਰ ਦੇ ਬਚਾਉ ਵਿੱਚ ਉਸ ਦੀ ਬੜੀ ਸਹਾਇਤਾ ਕੀਤੀ, ਛੇਕੜ ਦੋ ਵੱਡੀਆਂ ਤੋਪਾਂ ਅਤੇ ਬਹੁਤ ਸਾਰਾ ਸਾਮਾਨੇ-ਜੰਗ ਖ਼ਾਲਸੇ ਦੀ ਭੇਟਾ ਕਰਕੇ ਜਿਧਰੋਂ ਆਇਆ ਸੀ ਉਧਰ ਨੂੰ ਪਰਤ ਗਿਆ।

ਇਸ ਭਾਰੀ ਭਾਂਜ ਨਾਲ ਅਮੀਰ ਦੋਸਤ ਮੁਹੰਮਦ ਖ਼ਾਨ ਦੇ ਦਿਲ ਪਰ ਖ਼ਾਲਸੇ ਦਾ ਐਸਾ ਅਸਰ ਹੋਇਆ ਕਿ ਉਹ ਮੁੜ ਆਪਣੀ ਜ਼ਿੰਦਗੀ ਵਿੱਚ ਖ਼ਾਲਸੇ ਦੇ ਸਾਹਮਣੇ ਲੜਾਈ ਵਿੱਚ ਨਹੀਂ ਆਇਆ। ਇਸ ਤਰ੍ਹਾਂ ਉਹ ਆਪਣੀਆਂ ਵੱਡੀਆਂ ਆਸਾਂ ਤੇ ਉਮੈਦਾਂ ਇਸ ਮੈਦਾਨ ਵਿੱਚ ਛੱਡ ਕੇ ਕਾਬਲ ਪਹੁੰਚ ਗਿਆ। ਇਸ ਫ਼ਤਹ ਦੇ ਕੁਝ ਦਿਨ ਬਾਅਦ ਮਹਾਰਾਜਾ ਸਾਹਿਬ ਬੜੇ ਖ਼ੁਸ਼ੀ ਭਰੇ ਦਿਲ ਨਾਲ ਸਰਹੱਦਾਂ ਦੇ ਲੰਮੇ ਦੌਰੇ ਤੋਂ ਹਾੜ ਦੇ ਮਹੀਨੇ ਲਾਹੌਰ ਪਰਤ ਆਏ।

ਪਿਸ਼ਾਵਰ ਦੇ ਪ੍ਰਬੰਧ ਲਈ ਸਰਦਾਰ ਹਰੀ ਸਿੰਘ ਦੀ ਤਹਿਤ ਵਿਚ ਅੱਠ ਕਵਾਇਦਦਾਨ ਪਲਟਣਾਂ ਅਤੇ ੧੫ ਵੱਡੀਆਂ ਤੋਪਾਂ ਘੋੜਿਆਂ ਦੀਆਂ ਸਣੇ ਰਸਾਲਿਆਂ ਦੇ ਰਹਿਣ ਦਾ ਮਹਾਰਾਜਾ ਨੇ ਹੁਕਮ ਦਿੱਤਾ। ਇਸ ਫ਼ੌਜ ਪਰ ਸਾਲਾਨਾ ਖ਼ਰਚ ਅੱਠ ਲੱਖ ਰੁਪਿਆ ਆਉਂਦਾ ਸੀ ।

  • ਉਕਤ ਇਤਿਹਾਸਕ ਪ੍ਰਸੰਗ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਕਿਤਾਬ “ਜਵੀਨ ਇਤਿਹਾਸ ਹਰੀ ਸਿੰਘ ਨਲਵਾ” ਵਿਚੋਂ ਸਾਂਝੇ ਕੀਤੇ ਗਏ ਹਨ। ਚਾਹਵਾਨ ਪਾਠਕ ਇਹ ਕਿਤਾਬ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹਨ। 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: