ਸਿੱਖ ਖਬਰਾਂ

ਬੰਦੀ ਸਿੰਘਾਂ ਦੀ ਰਿਹਾਈ ਲਈ ਬਾਦਲ ਦੀ ਰਿਹਾਇਸ਼ ਵੱਲ ਮਾਰਚ ਕਰਦਾ ਪਹਿਲਾ ਜੱਥਾ 15 ਮਈ ਨੂੰ ਦੇਵੇਗਾ ਗ੍ਰਿਫਤਾਰੀ

May 14, 2015 | By

ਅੰਮ੍ਰਿਤਸਰ (13 ਮਈ 2015): ਲੰਘੇ ਸਿੱਖ ਸੰਘਰਸ਼ ਨਾਲ ਸਬੰਧਿਤ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਸਿੱਖ ਪੰਥ ਪਿੱਛਲੇ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਕਰ ਰਿਹਾ ਹੈ, ਪਰ ਪੰਜਾਬ ਦੀ ਆਪਣੇ ਆਪ ਨੂੰ ਪੰਥਕ ਕਹਾਉਂਦੀ ਬਾਦਲ ਸਰਕਾਰ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦੇ ਮਸਲੇ ਨੂੰ ਮੁਕਾਤਿਬ ਹੋਣ ਤੋਂ ਪਾਸਾ ਵੱਟ ਰਹੀ ਹੈ ਅਤੇ ਇਸ ਲਈ ਬੇਤੁਕੇ ਬਹਾਨੇ ਘੜੇ ਜਾ ਰਹੇ ਹਨ।

ਸਿੱਖ ਸੰਘਰਸ਼ ਨਾਲ ਸਬੰਧਿਤ ਇਸ ਸਿੱਖ ਕੈਦੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਲੰਮੇ ਸਮੇਂ ਤੋਂਜੇਲਾਂ ਵਿੱਚ ਬੰਦ ਹਨ। ਇਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ 16 ਜਨਵਰੀ ਭੁੱਖ ਹੜਤਾਲ ‘ਤੇ ਹਨ, ਪਰ ਇਸਦੇ ਬਾਵਜੂਦ ਪੰਜਾਬ ਅਤੇ ਕੇਂਦਰ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ।
ਇਸ ਕਰਕੇ ਸਜ਼ਾ ਪੂਰੀ ਕਰ ਚੁੱਕੇ ਰਾਜਸੀ ਬੰਦੀਆ ਨੁੰ ਰਿਹਾਅ ਕਰਵਾਉਣ ਲਈ ਬਣੀ ਕਮੇਟੀ ਦਾ ਇੱਕ ਵਫਦ 15 ਮਈ ਨੂੰ ਗ੍ਰਿਫਤਾਰੀ ਦੇਵੇਗਾ।

ਸਿੱਖ ਜੱਥੇਬੰਦੀਆਂ ਦੇ ਆਗੂ ਬਾਪੂ ਸੂਰਤ ਸਿੰਘ ਵੱਲੋਂ ਆਰੰਭੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ( ਫਾਈਲ ਫੋਟੋ)

ਸਿੱਖ ਜੱਥੇਬੰਦੀਆਂ ਦੇ ਆਗੂ ਬਾਪੂ ਸੂਰਤ ਸਿੰਘ ਵੱਲੋਂ ਆਰੰਭੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ( ਫਾਈਲ ਫੋਟੋ)

ਸਿੱਖ ਨਜਰਬੰਦਾਂ ਦੀ ਰਿਹਾਈ ਲਈ ਗਠਿਤ ਸਾਂਝੀ ਕਮੇਟੀ ਦੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਬੁਲਾਰੇ ਗੁਰਦੀਪ ਸਿੰਘ ਬਠਿੰਡਾ ਨੇ ਦਸਿਆ ਕਿ ਭਾਈ ਮੋਹਕਮ ਸਿੰਘ, ਹਰਪਾਲ ਸਿੰਘ ਚੀਮਾ, ਡਾ ਮਨਜਿੰਦਰ ਸਿੰਘ ਜੰਡੀ, ਅਮਰੀਕ ਸਿੰਘ ਅਜਨਾਲਾ, ਆਰ.ਪੀ.ਸਿੰਘ, ਬਾਬਾ ਪ੍ਰਦੀਪ ਸਿੰਘ ਚਾਂਦਪੁਰ, ਤਰਲੋਕ ਸਿੰਘ ਡੱਲਾ ਦੀ ਅਗਵਾਈ ਹੇਠ ਸਿੰਘਾਂ ਦਾ ਵੱਡਾ ਜਥਾ ਗੁ. ਫਤਹਿਗੜ ਸਾਹਿਬ ਤੋਂ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ ਰਿਹਾਇਸ਼ ਵੱਲ ਮਾਰਚ ਕਰੇਗਾ ਅਤੇ ਗ੍ਰਿਫਤਾਰੀਆਂ ਦੇਵੇਗਾ।

ਉਹਨਾਂ ਦਸਿਆ ਕਿ ਸਵੇਰੇ 11 ਵਜੇ ਗ੍ਰਿਫਤਾਰੀ ਦੇਣ ਵਾਲੇ ਸਿੰਘਾ ਅਤੇ ਪੰਥਕ ਨੁੰਮਾਇਦਿਆਂ ਦੀ ਇਕੱਤਰਤਾ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਅਤੇ ਅਰਦਾਸ ਉਪਰੰਤ ਜੱਥਾ ਮੁੱਖ ਮੰਤਰੀ ਦੇ ਨਿਵਾਸ ਚੰਡੀਗੜ ਵੱਲ ਗ੍ਰਿਫਤਾਰੀ ਦੇਣ ਲਈ ਰਵਾਨਾ ਹੋਵੇਗਾ।

ਉਹਨਾਂ ਕਿਹਾ ਕਿ ਸੰਘਰਸ਼ ਕਮੇਟੀ ਗੰਭੀਰਤਾ ਨਾਲ ਇਹ ਮਹਿਸੂਸ ਕਰਦੀ ਹੈ ਪੰਜਾਬ ਅਤੇ ਪੰਥ ਵੱਡੇ ਖੂਨੀ ਘੱਲੂਘਾਰੇ ਵਿੱਚੋ ਨਿਕਲਿਆ ਹੈ। ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਦਾ ਰਵੱਈਆ ਸੰਵੇਦਨਸ਼ੀਲ ਨਹੀ ਹੈ ਅਤੇ ਉਹ ਹਿੰਦੁਤਵ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ।

ਡਾ ਮਨਜਿੰਦਰ ਸਿੰਘ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦਿਆ ਕਿਹਾ ਕਿ ਬਾਦਲ ਸਾਹਿਬ ਉਮਰ ਕੈਦੀਆਂ ਦੀ ਰਿਹਾਈ ਸਬੰਧੀ ਸੁਪਰੀਮ ਕੋਰਟ ਵਲੋਂ 9 ਜੁਲਾਈ 2014 ਨੂੰ ਲੱਗੀ ਆਰਜੀ ਰੋਕ ਦੀ ਹਾੜ ਹੇਠ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਉਹਨਾਂ ਭਾਰਤ ਦੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਰਾਜਸੀ ਕੈਦੀਆਂ ਦੀ ਰਿਹਾਈ ਦੇ ਮਸਲੇ ਨੂੰ ਨਜ਼ਰਅੰਦਾਜ ਕਰਨ ਦੀ ਗਲਤੀ ਨਾ ਕਰੇ। ਦੋਨਾਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਬਾਦਲ ਪਰਿਵਾਰ ਵਲੋ ਰਿਹਾਈਆ ਸੰਬੰਧੀ ਚੱਲ ਰਹੇ ਸੰਘਰਸ਼ ਵਿਰੁੱਧ ਲਗਾਤਾਰ ਗੈਰ-ਸੰਜੀਦਾ ਟਿਪਣੀਆਂ ਕਰਨਾ, ਉਹਨਾਂ ਦੇ ਗੈਰ-ਜ਼ਿਮੇਵਾਰਨਾ ਰਵਈਏ ਅਤੇ ਅਸਿੱਖ ਕਿਰਦਾਰ ਦਾ ਪ੍ਰਤਕ ਸਬੂਤ ਹੈ।

ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਦੀ ਮਾਨਸਿਕ ਤਸੱਲੀ ਸਿੰਘਾ ਨੂੰ ਤੰਗ ਕਰਨ ਅਤੇ ਜੇਲਾ ਵਿੱਚ ਬੰਦ ਰੱਖਣ ਵਿੱਚ ਹੈ ਤਾਂ ਸੰਘਰਸ਼ ਕਮੇਟੀ ਵਲੋ ਲਗਾਤਾਰ ਸ਼ਾਤਮਈ ਢੰਗ ਨਾਲ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ। ਉਹਨਾਂ ਇਨਸਾਫ ਪਸੰਦ ਜਥੇਬੰਦੀਆਂ, ਸ਼ਖਸ਼ੀਅਤਾਂ, ਸਿੱਖ ਨੌਜਵਾਨ ਅਤੇ ਇਨਸਾਫ ਪਸੰਦ ਲੋਕਾਂ ਨੂੰ ਰਾਜਸੀ ਕੈਦੀਆਂ ਦੀ ਰਿਹਾਈਆਂ ਲਈ ਚੱਲ ਰਹੀ ਮੁਹਿੰਮ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਹਨਾਂ ਲੋਕਾਂ ਨੂੰ 15 ਮਈ ਨੂੰ ਗੁ. ਫਤਹਿਗੜ ਸਾਹਿਬ ਪਹੁੰਚਣ ਦੀ ਵੀ ਅਪੀਲ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,