
March 21, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਮੁਸਲਿਮ ਮੀਟ ਵਪਾਰੀ ਨੂੰ ਬੀਤੇ ਸਾਲ ਜੂਨ ਮਹੀਨੇ ਕੁੱਟ-ਕੁੱਟ ਕੇ ਮਾਰ ਦੇਣ ਦੇ ਕੇਸ ਵਿਚ ਅਦਾਲਤ ਨੇ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਰਾਮਗੜ੍ਹ ਜ਼ਿਲ੍ਹਾ ਅਦਾਲਤ ਨੇ 40 ਸਾਲਾ ਅਲੀਮੁਦੀਨ ਅੰਸਾਰੀ ਦੇ ਕਤਲ ਕੇਸ ਵਿਚ 11 ਵਿਅਕਤੀਆਂ ਨੂੰ ਦੋਸ਼ੀ ਮੰਨਿਆ ਹੈ, ਜਿਹਨਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਸਥਾਨਕ ਆਗੂ ਅਤੇ ਆਰ.ਐਸ.ਐਸ ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ ਦਾ ਆਗੂ ਵੀ ਸ਼ਾਮਿਲ ਹਨ।
ਜਿਕਰਯੋਗ ਹੈ ਕਿ 29 ਜੂਨ, 2017 ਨੂੰ ਰਾਮਗੜ੍ਹ ਸ਼ਹਿਰ ਵਿਚ ਗਊ ਰੱਖਿਆ ਦੇ ਨਾਂ ਹੇਠ ਹਿੰਸਕ ਹਿੰਦੂ ਭੀੜ ਵਲੋਂ ਅਲੀਮੁਦੀਨ ਅੰਸਾਰੀ ਨੂੰ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਇਸ ਵਹਿਸ਼ੀ ਕੁੱਟਮਾਰ ਦੀ ਵੀਡੀਓ, ਜੋ ਇਕ ਪੁਲਿਸ ਮੁਲਾਜ਼ਮ ਵਲੋਂ ਬਣਾਈ ਗਈ ਸੀ ਸੋਸ਼ਮ ਮੀਡੀਆ ‘ਤੇ ਵਾਇਰਲ ਹੋ ਗਈ ਸੀ, ਜਿਸ ਤੋਂ ਬਾਅਦ ਇਹ ਮਸਲਾ ਪੂਰੀ ਦੁਨੀਆ ਦੀਆਂ ਨਜ਼ਰਾਂ ਸਾਹਮਣੇ ਆਇਆ ਸੀ।
ਇਸ ਕੇਸ ਵਿਚ ਉਪਰੋਕਤ 11 ਤੋਂ ਇਲਾਵਾ ਇਕ ਦੋਸ਼ੀ ਛੋਟੂ ਰਾਮ ਨਬਾਲਗ ਹੈ ਜਿਸ ‘ਤੇ ਨਬਾਲਿਗ ਅਦਾਲਤ ਵਿਚ ਕੇਸ ਚਲਾਇਆ ਜਾਵੇਗਾ।
ਦੋਸ਼ੀਆਂ ਨੇ ਕਿਹਾ ਹੈ ਕਿ ਉਹ ਇਸ ਫੈਂਸਲੇ ਖਿਲਾਫ ਉੱਚ ਅਦਾਲਤ ਵਿਚ ਅਪੀਲ ਕਰਨਗੇ।
Related Topics: Ansari lynching Case, Cow Politics in India