June 28, 2017 | By ਸਿੱਖ ਸਿਆਸਤ ਬਿਊਰੋ
ਰਾਂਚੀ: ਝਾਰਖੰਡ ਦੀ ਰਾਜਧਾਨੀ ਤੋਂ ਲਗਭਗ 200 ਕਿਲੋਮੀਟਰ ਦੂਰ ਇਕ ਪਿੰਡ ‘ਚ ਭੀੜ ਨੇ ਇਕ ਬਜ਼ੁਰਗ ਨੂੰ ਬੁਰੀ ਤਰੀਕੇ ਨਾਲ ਕੁੱਟਿਆ ਕਿਉਂਕਿ ਭੀੜ ਦਾ ਕਹਿਣਾ ਸੀ ਕਿ ਉਸ ਮੁਸਲਮਾਨ ਬਜ਼ੁਰਗ ਦੇ ਘਰ ਦੇ ਬਾਹਰ ਇਕ ਗਾਂ ਮਰੀ ਪਈ ਸੀ। ਭੀੜ ਨੇ ਬਜ਼ੁਰਗ ਉਸਮਾਨ ਅੰਸਾਰੀ ਦੇ ਘਰ ਨੂੰ ਅੱਗ ਵੀ ਲਾ ਦਿੱਤੀ। ਉਸਮਾਨ ਅੰਸਾਰੀ ਇਸ ਵੇਲੇ ਧਨਬਾਦ ਦੇ ਹਸਪਤਾਲ ‘ਚ ਦਾਖਲ ਹੈ ਅਤੇ ਉਸਦੀ ਜਾਨ ਬਚ ਗਈ ਹੈ। ਪੁਲਿਸ ਨੇ ਘਟਨ ਵਾਲੀ ਥਾਂ ‘ਤੇ ਪੁੱਜ ਕੇ ਭੀੜ ਨੂੰ ਖਿੰਡਾਉਣ ਲਈ ਹਵਾ ‘ਚ ਗੋਲੀਆਂ ਵੀ ਚਲਾਈਆਂ।
ਸੀਨੀਅਰ ਪੁਲਿਸ ਅਧਿਕਾਰੀ ਆਰ.ਕੇ. ਮਲਿਕ ਨੇ ਕਿਹਾ, “ਸਾਡੇ ਲੋਕਾਂ ਨੇ ਭੀੜ ਦਾ ਸਾਹਮਣਾ ਕੀਤਾ ਅਤੇ ਫੌਰੀ ਉਸਮਾਨ ਅੰਸਾਰੀ ਅਤੇ ਉਸਦੇ ਪਰਿਵਾਰ ਨੂੰ ਬਚਾਇਆ… ਜਦ ਪੁਲਿਸ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਭੀੜ ਨੇ ਸਾਡਾ ਵਿਰੋਧ ਕੀਤਾ, ਸਾਡੇ ‘ਤੇ ਪੱਥਰਬਾਜ਼ੀ ਵੀ ਹੋਈ, ਇਸ ਲਈ ਸਾਨੂੰ ਹਵਾ ‘ਚ ਗੋਲੀਆਂ ਚਲਾਉਣੀਆਂ ਪਈਆਂ।”
ਪੁਲਿਸ ਦੀ ਗੋਲੀਬਾਰੀ ‘ਚ ਹਿੰਸਕ ਭੀੜ ‘ਚ ਸ਼ਾਮਲ ਦੋ ਬੰਦੇ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਪੈਰਾਂ ‘ਚ ਗੋਲੀਆਂ ਲੱਗੀਆਂ, ਉਨ੍ਹਾਂ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਹੈ। ਪੁਲਿਸ ਅਧਿਕਾਰੀ ਮੁਤਾਬਕ ਪੱਥਰਬਾਜ਼ੀ ਕਰਕੇ 50 ਪੁਲਿਸ ਵਾਲੇ ਵੀ ਜ਼ਖਮੀ ਹੋ ਗਏ ਹਨ। ਪਿੰਡ ‘ਚ ਵੱਡੀ ਗਿਣਤੀ ‘ਚ ਪੁਲਿਸ ਤੈਨਾਤ ਕੀਤੀ ਗਈ ਹੈ। ਹਾਲੇ ਤਕ ਉਸਮਾਨ ਅੰਸਾਰੀ ‘ਤੇ ਹਮਲੇ ਲਈ ਜ਼ਿੰਮੇਵਾਰ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪਿੰਡ ਦੇ 15 ਲੋਕਾਂ ਤੋਂ ਪੁੱਛਗਿੱਛ ਕਰਨਗੇ।
ਗਾਂ ਦੀ ਰੱਖਿਆ ਦੇ ਨਾਂ ‘ਤੇ ਵਧਦੀ ਹਿੰਸਾ ਦੀਆਂ ਘਟਨਾਵਾਂ ਕਰਕੇ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਹਾਲ ਹੀ ਵਿਚ ਕਿਹਾ ਸੀ ਕਿ ਸਰਕਾਰ ਹਿੰਸਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਿਆ ਕਰੇਗੀ। ਕੁਝ ਦਿਨ ਪਹਿਲਾਂ ਇਕ ਮੁਸਲਮਾਨ ਨੌਜਵਾਨ ਜੁਨੈਦ ਨੂੰ ਗਾਂ ਦਾ ਮੀਟ (ਬੀਫ) ਲਿਜਾਣ ਦੇ ਸ਼ੱਕ ‘ਚ ਚਲਦੀ ਟ੍ਰੇਨ ‘ਚ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Man Assaulted, His House Burned Down After Dead Cow Was Found Outside His House In Jharkhand …
Related Topics: Cow Politics in India, Hindu Groups, Indian Politics, Indian Satae, Jharkhand, Violence against religious Minorities