July 7, 2017 | By ਸਿੱਖ ਸਿਆਸਤ ਬਿਊਰੋ
ਫਤਿਹਗੜ੍ਹ ਸਾਹਿਬ: ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਸਿੱਖਾਂ ਨੂੰ “ਪੱਕੇ ਹਿੰਦੁਸਤਾਨੀ ਦੇਸ਼-ਭਗਤ” ਕਹਿਣ ਦੇ ਜਵਾਬ ‘ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦਫਤਰ ਤੋਂ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ ਦਿੱਲੀ ਦੀ ਸੰਗਤ ਨੇ ਮਨਜੀਤ ਸਿੰਘ ਜੀ.ਕੇ. ਨੂੰ ਗੁਰਦੁਆਰਿਆਂ ਦੇ ਪ੍ਰਬੰਧ ਦੀ ਸੇਵਾ ਸੌਂਪ ਕੇ ਬਹੁਤ ਵੱਡਾ ਮਾਣ ਬਖਸ਼ਿਆ ਹੈ। ਸੰਗਤਾਂ ਵਲੋਂ ਬਖਸ਼ੇ ਇਸ ਮਾਣ-ਸਤਿਕਾਰ ਦਾ ਉਦੋਂ ਕੋਈ ਕੌਮੀ ਫਾਇਦਾ ਨਹੀਂ, ਜਦੋਂ ਤੱਕ ਉਹ ਕੇਵਲ ਆਪਣਾ ਅਹੁਦਾ ਬਚਾਉਣ ਲਈ ਸਿੱਖ ਵਿਰੋਧੀਆਂ ਦੀਆਂ ਦੇਹਲੀਆਂ ‘ਤੇ ਮੱਥੇ ਟੇਕਦਾ ਹੋਵੇ ਅਤੇ ਕੌਮੀ ਸੋਚ ਨੂੰ ਛੱਡਕੇ ਦੁਸ਼ਮਣਾਂ ਦੀ ਗੱਲ ਕਰ ਰਿਹਾ ਹੋਵੇ। ਸ. ਮਾਨ ਨੇ ਬਿਆਨ ‘ਚ ਕਿਹਾ ਕਿ ਅਜਿਹੇ ਲੋਕ ਉੱਚ ਅਹੁਦਿਆਂ ‘ਤੇ ਬੈਠੇ ਇਹ ਭੁੱਲ ਜਾਂਦੇ ਹਨ ਕਿ ਅਸੀਂ ਅੱਜ ਜਿਥੇ ਬੈਠੇ ਹਾਂ, ਉਹ ਸਿੱਖ ਕੌਮ ਹੋਣ ਦੀ ਬਦੌਲਤ ਹਨ। ਜੀ. ਕੇ. ਨੇ ਜੋ ਸਿੱਖ ਕੌਮ ਦੀ ਆਜ਼ਾਦੀ ਵਿਰੁੱਧ ਪ੍ਰਚਾਰ ਕੀਤਾ ਹੈ, ਇਹ ਕੇਵਲ ਹਿੰਦੂਵਾਦੀਆਂ ਅਤੇ ਬਾਦਲ ਦਲੀਆਂ ਨੂੰ ਖੁਸ਼ ਕਰਨ ਲਈ ਹੀ ਕੀਤਾ ਹੈ। ਜਦੋਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੋ ਸਿੱਖ ਕੌਮ ਪਹਿਲੇ ਅੰਗਰੇਜ਼ਾਂ ਦੀ ਗੁਲਾਮ ਸੀ, ਅੱਜ ਉਹ ਫਿਰਕਾਪ੍ਰਸਤ ਹਿੰਦੂਵਾਦੀ ਹੁਕਮਰਾਨਾਂ ਦੀ ਗ਼ੁਲਾਮ ਹੈ। ਸ. ਮਾਨ ਨੇ ਕਿਹਾ ਕਿ ਜੀ. ਕੇ. ਨੂੰ ਗੁਲਾਮੀ ਕੀ ਹੁੰਦੀ ਹੈ ਦਾ ਅਹਿਸਾਸ ਨਹੀਂ।

ਸਿਮਰਨਜੀਤ ਸਿੰਘ ਮਾਨ, ਮਨਜੀਤ ਸਿੰਘ ਜੀ.ਕੇ. (ਫਾਈਲ ਫੋਟੋ)
ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵ¤ਲੋਂ ਸਿੱਖ ਕੌਮ ਦੀ ਅਜ਼ਾਦੀ ਦੇ ਖਿਲਾਫ ਬਿਆਨ ਦਿੰਦਿਆਂ ਕਿਹਾ ਗਿਆ ਸੀ ਕਿ ‘ਸਿੱਖ ਹਮੇਸ਼ਾ ਹਿੰਦੁਸਤਾਨੀ ਹੀ ਹੁੰਦਾ ਹੈ’। ਸਿਮਰਨਜੀਤ ਸਿੰਘ ਮਾਨ ਨੇ ਜੀ.ਕੇ. ਵਰਗੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ 1849 ਤੋਂ ਲੈਕੇ 1947 ਤੱਕ ਅੰਗਰੇਜ਼ਾਂ ਦੀ ਗ਼ੁਲਾਮ ਰਹੀ। 1947 ਤੋਂ ਅੱਜ ਤੱਕ ਮੱਕਾਰੀ ਨਾਲ ਭਰੇ ਹਿੰਦੂਤਵੀ ਹੁਕਮਰਾਨਾਂ ਦੀ ਗੁਲਾਮ ਚੱਲੀ ਆ ਰਹੀ ਹੈ। ਸ. ਮਾਨ ਨੇ ਜੀ.ਕੇ. ਨੂੰ ਸਮਝਾਉਂਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸਿਰਫ ਇਸ ਖਿੱਤੇ ‘ਚ ਰਹਿਣ ਵਾਲੇ ਲੋਕਾਂ ਲਈ ਹੀ ਆਪਣੇ ਸੰਦੇਸ਼ ਨਹੀਂ ਦਿੱਤੇ ਸਗੋਂ ਉਨ੍ਹਾਂ ਨੇ ਤਿੱਬਤ, ਨੇਪਾਲ, ਬਰਮਾ, ਬੰਗਲਾਦੇਸ਼, ਸ੍ਰੀਲੰਕਾ ਅਤੇ ਮਾਲਦੀਪ, ਅਰਬ ਮੁਲਕਾਂ ਤਕ ਮਨੁੱਖੀ ਬਰਾਬਰੀ ਅਤੇ ਇਕ ਅਕਾਲ ਪੁਰਖ ਦੀ ਗੱਲ ਪਹੁੰਚਾਈ। ਗੁਰੂ ਸਾਹਿਬਾਨ ਆਪਣੀ ਬਾਣੀ ਵਿਚ ‘ਨਾ ਹਮ ਹਿੰਦੂ ਨਾ ਮੁਸਲਮਾਨ’ ਉਚਾਰਕੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਕਾਇਮ ਕਰ ਦਿੱਤਾ ਹੈ।
Related Topics: Badal Dal, DSGMC, Manjit Singh GK, Shiromani Akali Dal Amritsar (Mann), Sikhs in India, Simranjeet Singh Mann