ਵਿਦੇਸ਼ » ਸਿੱਖ ਖਬਰਾਂ

ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਬਰਤਾਨਵੀ ਪ੍ਰਧਾਨ ਮੰਤਰੀ ਖਾਲਿਸਤਾਨੀ ਡਾ. ਚੌਹਾਨ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ: ਗੁਪਤ ਦਸਤਾਵੇਜ਼

July 17, 2015 | By

ਲੰਡਨ (16 ਜੁਲਾਈ, 2015): ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤੇ ਫੌਜੀ ਹਮਲੇ ਵਿੱਚ ਬਰਤਾਨੀਆਂ ਸਰਕਾਰ ਦੀ ਭੂਮਿਕਾ ਨਸ਼ਰ ਹੋਣ ਤੋਂ ਬਾਅਦ ਬਰਤਾਨੀਆ ਦੇ ਗੁਪਤ ਸਰਕਾਰੀ ਦਸਤਾਵੇਜ਼ਾਂ ਤੋਂ ਜੂਨ 1984 ਦੇ ਘੱਲੂਘਾਰੇ ਅਤੇ ਉਸਤੋਂ ਬਾਅਦ ਵਾਪਰੇ ਘਟਨਾਂਕ੍ਰਮ ਸਬੰਧੀ ਆਏ ਦਿਨ ਕੁਝ ਨਵੇਂ ਰਹੱਸਾਂ ਦਾ ਪ੍ਰਗਟਾਵਾ ਹੋ ਰਿਹਾ ਹੈ।

ਪ੍ਰਗਟ ਹੋਏ ਨਵੇਂ ਗੁਪਤ ਦਸਤਾਂਵੇਜ਼ਾਂ ਅਨੁਸਾਰ ਘੱਲੂਘਾਰਾ 1984 ਤੋਂ ਬਾਅਦ ਬਰਤਾਨੀਆ ਵਿਚ ਰਹਿ ਰਹੇ ਖ਼ਾਲਿਸਤਾਨੀ ਆਗੂ ਡਾ: ਜਗਜੀਤ ਸਿੰਘ ਚੌਹਾਨ ਵੱਲੋਂ ਉਸ ਵੇਲੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸਿਰ ਕਲਮ ਕਰ ਦੇਣ ਦੇ ਦਿੱਤੇ ਬਿਆਨ ਨੂੰ ਆਧਾਰ ਬਣਾ ਕੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਡਾ: ਚੌਹਾਨ ‘ਤੇ ਮੁਕੱਦਮਾ ਚਲਾਉਣਾ ਚਾਹੁੰਦੀ ਸੀ ।

Margaret Thatcher and Indira Gandhi

ਮਾਰਗਰੇਟ ਥੈਚਰ (ਸੱਜੇ) , ਇੰਦਰਾ ਗਾਂਧੀ (ਖੱਬੇ)

ਡਾ: ਚੌਹਾਨ ਦਾ ਇੰਦਰਾ ਗਾਂਧੀ ਦੀ ਹੱ ਤਿਆ ਹੋਣ ਤੋਂ ਪਹਿਲਾਂ ਯੂ. ਕੇ. ਵਿਚ ਰਹਿਣਾ ਬਰਤਾਨਵੀ ਅਤੇ ਭਾਰਤੀ ਸਬੰਧਾਂ ਨੂੰ ਖ਼ਰਾਬ ਕਰ ਰਿਹਾ ਸੀ ਤੇ ਅਜਿਹੀ ਸਰਕਾਰ ਨੂੰ ਵਾਰ-ਵਾਰ ਚਿਤਾਵਨੀ ਮਿਲ ਰਹੀ ਸੀ ।ਨੈਸ਼ਨਲ ਆਰਚਿਵ ਕਿਊ, ਵੈਸਟ ਲੰਡਨ ‘ਤੇ ਜਾਰੀ ਹੋਏ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਪੁਲਿਸ ਅਤੇ ਕਾਨੂੰਨੀ ਸਲਾਹਕਾਰਾਂ ਵੱਲੋਂ ਡਾ: ਚੌਹਾਨ ਖਿ਼ਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪ੍ਰਗਟਾਈ ਅਸਮਰਥਾ ਤੋਂ ਬਾਅਦ ਮਾਰਗਰੇਟ ਥੈਚਰ ਅੱਗ ਬਾਬੂਲਾ ਹੋ ਗਈ ਸੀ ।

ਸਾਬਕਾ ਕੰਜਰਵੇਟਿਵ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਆਜ਼ਾਦ ਸਿੱਖ ਰਾਜ ਲਈ ਸੰਘਰਸ਼ ਕਰਨ ਵਾਲੇ ਮਿ: ਚੌਹਾਨ, ਜੋ 1971 ਵਿਚ ਬਰਤਾਨੀਆ ਆ ਗਿਆ ਸੀ, ਨੂੰ ਹਿੰਸਾ ਭੜਕਾਉਣ ਦੇ ਦੋਸ਼ਾਂ ਵਿਚ ਗਿ੍ਫ਼ਤਾਰ ਕਰਨ ਤੋਂ ਕੰਨੀਂ ਕਤਰਾਈ ਜਾ ਰਹੀ ਹੈ ।

ਇੰਦਰਾ ਗਾਂਧੀ ਦੀ ਹੱ ਤਿਆ ਤੋਂ ਚਾਰ ਮਹੀਨੇ ਪਹਿਲਾਂ ਬੀ. ਬੀ. ਸੀ. ਨੂੰ ਦਿੱਤੀ ਇੰਟਰਵਿਊ ‘ਚ ਡਾ: ਚੌਹਾਨ ਨੇ ਕਿਹਾ ਸੀ ਕਿ ਉਸ ਨੇ ਜ਼ਿੰਦਾ ਨਹੀਂ ਰਹਿਣਾ, ਜਿਸ ਗੱਲ ਨੂੰ ਲੈ ਕੇ ਵੀ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਸਦੇ ਅੰਦਰਲੇ ਸਰਕਲ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਸੀ ।

ਭਾਰਤ ਵਿਚ ਬਿ੍ਟਿਸ਼ ਹਾਈ ਕਮਿਸ਼ਨਰ ਨੇ ਲੰਡਨ ਨੂੰ ਸੁਚੇਤ ਕੀਤਾ ਸੀ ਕਿ ਮਿ: ਗਾਂਧੀ ਵੀ ਖ਼ੁਦ ਖ਼ਤਰੇ ਵਿਚ ਹੈ ਜਦ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਵੀ ਡਾ: ਚੌਹਾਨ ਕਹਿੰਦਾ ਰਿਹਾ ਸੀ ਉਹ ਇਸ ਦੀ (ਮੌਤ ਦੀ) ਹੱਕਦਾਰ ਸੀ ।

ਮਿਸਿਜ਼ ਥੈਚਰ ਨੇ ਗ੍ਰਹਿ ਵਿਭਾਗ ਨੂੰ ਡਾ: ਚੌਹਾਨ ਦੀ ਫਾਈਲ ‘ਤੇ ਮੁੜ ਵਿਚਾਰ ਕਰਨ ਨੂੰ ਕਿਹਾ ਸੀ ।ਮਿਸਿਜ਼ ਥੈਚਰ ਦੇ ਪ੍ਰਾਈਵੇਟ ਸੈਕਟਰੀ ਚਾਰਲਸ ਪਾਊਲ ਨੇ ਲਿਖਿਆ ਸੀ ਕਿ ਉਸ ਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਚੌਹਾਨ ‘ਤੇ ਕਿਸ ਤਰ੍ਹਾਂ ਹਿੰਸਾ ਭੜਕਾਉਣ ਦਾ ਕੇਸ ਚਲਾਇਆ ਜਾ ਸਕਦਾ ਹੈ ।ਪ੍ਰਧਾਨ ਮੰਤਰੀ ਨੇ ਕਾਨੂੰਨੀ ਦਫ਼ਤਰ ਨੂੰ ਇਕ ਵਾਰ ਹੋਰ ਪੇਪਰ ਵੇਖਣ ਲਈ ਕਿਹਾ ।

ਇਸ ਸਭ ਘਟਨਾਕ੍ਰਮ ਤੋਂ ਬਾਅਦ ਭਾਵੇਂ ਜਗਜੀਤ ਸਿੰਘ ਚੌਹਾਨ ਖਿਲਾਫ਼ ਕੋਈ ਮੁਕੱਦਮਾ ਨਹੀਂ ਚਲਾਇਆ ਗਿਆ, ਲੇਕਿਨ ਉਸ ਨੂੰ ਸਰਕਾਰੀ ਤੌਰ ‘ਤੇ ਕਾਨੂੰਨੀ ਦਾਇਰੇ ਵਿਚ ਰਹਿਣ ਦੀ ਚਿਤਾਵਨੀ ਦਿੱਤੀ ਗਈ ਸੀ ।ਨਿੱਤ ਨਵੇਂ ਸਾਹਮਣੇ ਆ ਰਹੇ ਇਹ ਦਸਤਾਵੇਜ਼ ਸਿੱਖਾਂ ਅਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਦਰਾੜ ਪੈਦਾ ਕਰ ਸਕਦੇ ਹਨ ਅਤੇ ਦੂਸਰੇ ਪਾਸੇ ਇਹ ਗੱਲ ਵੀ ਸਾਫ਼ ਹੋ ਰਹੀ ਹੈ ਕਿ ਭਾਰਤ ਸਰਕਾਰ ਦੇ ਦਬਾਅ ਹੇਠ ਬਰਤਾਨਵੀ ਸਰਕਾਰ ਵੱਲੋਂ ਸਿੱਖਾਂ ‘ਤੇ ਕਰੜੀ ਨਜ਼ਰ ਰੱਖੀ ਜਾ ਰਹੀ ਸੀ ।

ਇੱਥੇ ਇਹ ਯਾਦ ਰੱਖਣਯੋਗ ਹੈ ਕਿ ਜੂਨ 1984 ਵਿੱਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ‘ਤੇ ਭਾਰਤੀ ਫੌਜ ਵੱਲੋਂ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ, ਪੰਜਾਬ ਅਤੇ ਨਾਲ ਲੱਗਦੇ ਰਾਜਾਂ ਅੰਦਰ ਗੁਰਦੁਆਰਿਆਂ ‘ਤੇ ਹਮਲਾ ਕਰਕੇ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਸੀ। ਸਿੱਖ ਇਤਿਹਾਸ ਵਿੱਚ ਇਸ ਹਮਲੇ ਅਤੇ ਕਤਲੇਆਮ ਨੂੰ ਤੀਜੇ ਘੱਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,