ਸਿਆਸੀ ਖਬਰਾਂ » ਸਿੱਖ ਖਬਰਾਂ

ਗੁ:ਛੋਟਾ ਘਲੂਘਾਰਾ ਦੇ ਸਾਬਕਾ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ ਸ੍ਰੀ ਅਕਾਲ ਤਖਤ ਵੱਲੋਂ ਤਨਖਾਹ

January 23, 2018 | By

ਅੰਮ੍ਰਿਤਸਰ: ਗੁਰਦਾਸਪੁਰ ਜਿਲ੍ਹੇ ਦੇ ਕਸਬਾ ਕਾਹਨੂੰਵਾਨ ਸਥਿਤ ਇਤਿਹਾਸਕ ਗੁਰਦੁਆਰਾ ਛੋਟਾ ਘਲੂਘਾਰਾ ਵਿਖੇ ਵਾਪਰੀ ਅਨੈਤਿਕ ਘਟਨਾ ਦੇ ਸਬੰਧ ਵਿੱਚ ਸਰਬੱਤ ਖਾਲਸਾ ਦੇ ਜਥੇਦਾਰਾਂ ਪਾਸੋਂ ਤਨਖਾਹ ਲਵਾਣ ਵਾਲੇ ਗੁ:ਸਾਹਿਬ ਦੇ ਸਾਬਕਾ ਪ੍ਰਧਾਨ ਮਾਸਟਰ ਜੋਹਰ ਸਿੰਘ ਅੱਜ ਅਚਨਚੇਤ ਹੀ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਇਕਤਰ ਹੋਏ ਜਥੇਦਾਰ ਸਾਹਿਬਾਨ ਦੇ ਸਾਹਮਣੇ ਪੇਸ਼ ਹੋਏ ਤੇ ਹੋਈ ਭੁੱਲ ਦੀ ਖਿਮਾ ਯਾਚਨਾ ਕਰਦਿਆਂ ਤਨਖਾਹ ਲਵਾਈ।

ਤਖਤਾਂ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਮਾਸਟਰ ਜੋਹਰ ਸਿੰਘ ਨੂੰ ਤਨਖਾਹ ਸੁਣਾਉਂਦਿਆਂ ਹੋਏ।

ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਮਾਸਟਰ ਜੋਹਰ ਸਿੰਘ ਨੂੰ ਤਨਖਾਹ ਸੁਣਾਉਂਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਇਤਿਹਾਸਕ ਗੁਰਦੁਆਰਾ ਘਲੂਘਾਰਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘੱਟਨਾ ਜਿਸ ਵਿੱਚ ਬੂਟਾ ਸਿੰਘ ਨੂੰ ਪੰਥ ਵਿੱਚੋ ਛੇਕਿਆ ਗਿਆ ਸੀ। ਉਸ ਕੇਸ ਵਿੱਚ ਮਾਸਟਰ ਜੌਹਰ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ।ਅੱਜ ਜੌਹਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਹੋਈਆਂ ਭੁੱਲਾ ਦੀ ਖਿਮਾ ਜਾਚਨਾ ਕਰਦਿਆ ਪੇਸ਼ ਹੋਇਆ ਹੈ।ਇਸ ਲਈ ਪੰਜ ਸਿੰਘ ਸਾਹਿਬਾਨ ਵਲੋਂ ਧਾਰਮਿਕ ਮਰਿਯਾਦਾ ਅਨੁਸਾਰ ਜੌਹਰ ਸਿੰਘ ਨੂੰ ਤਨਖਾਹ ਲਗਾਈ ਜਾਂਦੀ ਹੈ ਕਿ ਉਹ “ਇੱਕ ਸਹਿਜ ਪਾਠ ਆਪ ਕਰੇ ਜਾਂ ਸੁਣੇ।ਇਕ ਹਫਤਾ ਰੋਜ਼ਾਨਾ ਇਕ-ਇਕ ਘੰਟਾ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਜੋੜੇ ਝਾੜਨ,ਬਰਤਨ ਮਾਂਜਣ ਅਤੇ ਇਕ ਘੰਟਾ ਕੀਰਤਨ ਸੁਣੇ”।ਮਾਸਟਰ ਜੌਹਰ ਸਿੰਘ ਨੇ ਲਗਾਈ ਗਈ ਤਨਖਾਹ ਨੂੰ ਪ੍ਰਵਾਨ ਕਰ ਲਿਆ ।

ਸਬੰਧਤ ਖ਼ਬਰ: ਸ਼੍ਰੋ.ਕਮੇਟੀ ਨੇ ਮਾਸਟਰ ਜੌਹਰ ਸਿੰਘ ਨੂੰ ਮੁਤਵਾਜ਼ੀ ਜਥੇਦਾਰਾਂ ਵਲੋਂ ਲਾਈ ‘ਸਜ਼ਾ/ਸੇਵਾ’ ਨਹੀਂ ਕਰਨ ਦਿੱਤੀ

ਪੱਤਰਕਾਰਾਂ ਨਾਲ ਗਲ ਬਾਤ ਕਰਦਿਆਂ ਮਾਸਟਰ ਜੌਹਰ ਸਿੰਘ ਉਸ ਗਲ ਦਾ ਜਵਾਬ ਟਾਲ ਗਏ ਕਿ ਉਹ ਤਾਂ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰ ਹੀ ਨਹੀ ਮੰਨਦੇ ਸਨ ਤੇ ਸਰਬੱਤ ਖਾਲਸਾ ਜਥੇਦਾਰਾਂ ਪਾਸ ਪੇਸ਼ ਹੋਏ ਸਨ।ਇੱਹ ਪੁਛੇ ਜਾਣ ਤੇ ਕਿ 16 ਜੂਨ ਨੂੰ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਆਏ ਸਨ ਤਾਂ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਚੁੱਕਕੇ ਬਾਹਰ ਸੁੱਟ ਦਿੱਤਾ ਸੀ ਤਾਂ ਮਾਸਟਰ ਜੌਹਰ ਸਿੰਘ ਨੇ ਕਿਹਾ ਕਿ ਉਹ ਵੀ ਗੁਰੂ ਘਰ ਦਾ ਪ੍ਰਸ਼ਾਦਿ ਹੀ ਸੀ ।

ਜਿਕਰਯੋਗ ਹੈ ਕਿ 16 ਜੂਨ ਨੂੰ ਜਿਹੜੇ ਕਮੇਟੀ ਮੁਲਾਜਮਾਂ ਨੇ ਮਾਸਟਰ ਜੌਹਰ ਸਿੰਘ ਨੂੰ ਚੱੁਕੇ ਬਾਹਰ ਸੁਟਿਆ ਸੀ ਅੱਜ ਉਹੀ ਮੁਲਾਜਮ ਉਸਦੀ ਸੁਰੱਖਿਆ ਲਈ ਅੱਗੇ ਪਿੱਛੇ ਚਲ ਰਹੇ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,