ਸਿਆਸੀ ਖਬਰਾਂ

ਮੀਡੀਆ ਰਿਪੋਰਟ: 12 ਘੰਟੇ ਚੱਲੇ ਮੁਕਾਬਲੇ ਤੋਂ ਬਾਅਦ ਆਈ.ਐਸ. ਨਾਲ ਸਬੰਧਤ ਇਕ ਹਮਲਾਵਰ ਲਖਨਊ ‘ਚ ਮਾਰਿਆ ਗਿਆ

March 8, 2017 | By

ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ 12 ਘੰਟੇ ਤਕ ਚੱਲਿਆ ਮੁਕਾਬਲਾ ਖ਼ਤਮ ਹੋ ਗਿਆ। ਹਮਲਾਵਰ ਨੂੰ ਜਿਉਂਦਾ ਫੜਨ ਦੀ ਕੋਸ਼ਿਸ਼ ਨਾਕਾਮ ਰਹੀ। ਅੱਜ ਤੜਕੇ ਤਿੰਨ ਵਜੇ ਠਾਕੁਰਗੰਜ ਇਲਾਕੇ ਦੇ ਇਕ ਘਰ ‘ਚ ਘੁਸੀ ਐਂਟੀ ਟੈਰੋਰਿਸਟ ਸਕੁਐਡ (ATS) ਨੇ ਇਕ ਹਥਿਆਰਬੰਦ ਹਮਲਾਵਰ ਨੂੰ ਮਾਰ ਦਿੱਤਾ।

ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਏ.ਟੀ.ਐਸ. ਨੂੰ ਸ਼ੱਕ ਸੀ ਕਿ ਮੁਕਾਬਲੇ ‘ਚ 2 ਬੰਦੇ ਹੋਣਗੇ ਪਰ ਇਕ ਹੀ ਨਿਕਲਿਆ। ਮਾਰੇ ਗਏ ਸ਼ਖਸ ਦਾ ਨਾਂ ਸੈਫ ਉੱਲ੍ਹ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ‘ਚ ਯੂ.ਪੀ. ਦੇ ਪੁਲਿਸ ਮੁਖੀ ਜਾਵੀਦ ਅਹਿਮਦ ਨੇ ਕਿਹਾ ਕਿ ਹਥਿਆਰਬੰਦ ਸ਼ਖਸ ਦੇ ਮਾਰੇ ਜਾਣ ਨਾਲ ਹੀ ਮੁਕਾਬਲਾ ਖਤਮ ਹੋ ਗਿਆ ਹੈ। ਇਸ ਮੁਕਾਬਲੇ ਦੌਰਾਨ ਹਮਲਾਵਰ ਨੇ 50 ਫਾਇਰ ਕੀਤੇ। ਪੁਲਿਸ ਮੁਤਾਬਕ ਉਸ ਕੋਲੋਂ 8 ਪਿਸਤੌਲ ਅਤੇ 650 ਗੋਲੀਆਂ ਬਰਾਮਦ ਹੋਈਆਂ ਹਨ। ਮੀਡੀਆ ਰਿਪੋਰਟ ਮੁਤਾਬਕ ਘਰ ‘ਚ ਦਾਖਲ ਹੋਣ ਲਈ ਏਟੀਐਸ ਨੂੰ ਛੱਤ ‘ਚ ਡ੍ਰਿਲ ਕਰਨੀ ਪਈ। ਸੈਫ ਉੱਲਾ ਕੋਲੋਂ ਕਈ ਸਿਮ ਮਿਲਣ ਦਾ ਦਾਅਵਾ ਵੀ ਪੁਲਿਸ ਵਲੋਂ ਕੀਤਾ ਗਿਆ ਹੈ।

ਮੁਕਾਬਲੇ ਵਾਲੀ ਥਾਂ 'ਤੇ ਯੂ.ਪੀ. ਪੁਲਿਸ

ਮੁਕਾਬਲੇ ਵਾਲੀ ਥਾਂ ‘ਤੇ ਯੂ.ਪੀ. ਪੁਲਿਸ

ਪੁਲਿਸ ਮੁਤਾਬਕ ਸੈਫ ਉੱਲ੍ਹਾ ਇਸਲਾਮਿਕ ਸਟੇਟ (ਆਈ.ਐਸ.) ਨਾਲ ਜੁੜਿਆ ਹੋਇਆ ਸੀ। ਉਸਦੇ ਕੋਲੋਂ ਰਿਵਾਲਵਰ, ਚਾਕੂ, ਧਮਾਕਾਖੇਜ਼ ਸਮੱਗਰੀ ਵੀ ਬਰਾਮਦ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਇਹ ਮੰਨ ਰਹੀ ਹੈ ਕਿ ਕੱਲ੍ਹ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ‘ਚ ਟ੍ਰੇਨ ‘ਚ ਹੋਏ ਧਮਾਕੇ ਤੋਂ ਬਾਅਦ ਹੋਈਆਂ ਗ੍ਰਿਫਤਾਰੀਆਂ ਇਕ ਵੱਡੀ ਸਾਜਿਸ਼ ਦਾ ਇਸ਼ਾਰਾ ਕਰਦੀਆਂ ਹਨ। ਟ੍ਰੇਨ ‘ਚ ਧਮਾਕੇ ਤੋਂ ਬਾਅਦ 3 ਗ੍ਰਿਫਤਾਰੀਆਂ ਮੱਧ ਪ੍ਰਦੇਸ਼ ਅਤੇ 3 ਯੂ.ਪੀ. ਤੋਂ ਦੱਸੀਆਂ ਜਾ ਰਹੀਆਂ ਹਨ।

ਹਾਲਾਂਕਿ ਇਸਤੋਂ ਪਹਿਲਾਂ ਕੱਲ੍ਹ ਸ਼ਾਮ ਨੂੰ ਪੁਲਿਸ ਨੇ ਮਕਾਨ ‘ਚ ਦੋ ਬੰਦਿਆਂ ਦੇ ਛੁਪੇ ਹੋਣ ਦੀ ਗੱਲ ਕਹੀ ਸੀ। ਪਰ “ਮੁਕਾਬਲਾ” ਖਤਮ ਹੋਣ ਤੋਂ ਬਾਅਦ ਸਿਰਫ ਇਕ ਹੀ ਲਾਸ਼ ਮਿਲੀ। ਪੁਲਿਸ ਮੁਤਾਬਕ ਇਹ ਵਿਅਕਤੀ ਟ੍ਰੇਨ ‘ਚ ਹੋਏ ਧਮਾਕੇ ‘ਚ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਮੰਗਲਵਾਰ ਦੀ ਸਵੇਰੇ ਟ੍ਰੇਨ ‘ਚ ਹੋਏ ਧਮਾਕੇ ‘ਚ 9 ਵਿਅਕਤੀ ਜ਼ਖਮੀ ਹੋ ਗਏ ਸਨ।

ਯੂ.ਪੀ. ਦੇ ਪੁਲਿਸ ਡੀ.ਜੀ. (ਕਾਨੂੰਨ ਵਿਵਸਥਾ) ਦਲਜੀਤ ਚੌਧਰੀ ਨੇ ਮੀਡੀਆ ਨੂੰ ਦੱਸਿਆ, “ਅੰਧੇਰਾ ਹੋਣ ਕਰਕੇ ਸ਼ੱਕ ਸੀ ਕਿ ਘਰ ‘ਚ ਦੋ ਹਥਿਆਰਬੰਦ ਵਿਅਕਤੀ ਹੋ ਸਕਦੇ ਹਨ, ਪਰ ਪੁਲਿਸ ਨੂੰ ਇਕ ਹੀ ਲਾਸ਼ ਮਿਲੀ..”

ਏ.ਟੀ.ਐਸ. ਦੇ ਸੀਨੀਅਰ ਅਧਿਕਾਰੀ ਅਸੀਮ ਅਰੁਣ ਨੇ ਦੱਸਿਆ, “ਅਸੀਂ ਮਾਈਕ੍ਰੋ ਟਿਊਬ ਕੈਮਰਿਆਂ ਨਾਲ ਪੂਰੇ ਘਰ ਦੀ ਜਾਂਚ ਕੀਤੀ ਸੀ। ਕੈਮਰਿਆਂ ‘ਚ ਮਿਲੀਆਂ ਤਸਵੀਰਾਂ ਸਾਫ ਨਾ ਹੋਣ ਕਰਕੇ ਮਕਾਨ ‘ਚ ਦੋ ਵਿਅਕਤੀਆਂ ਦੇ ਹੋਣ ਦਾ ਸ਼ੱਕ ਸੀ, ਪਰ ਮੁਕਾਬਲਾ ਖਤਮ ਹੋਣ ਤੋਂ ਬਾਅਦ ਇਕ ਹੀ ਲਾਸ਼ ਮਿਲੀ ਹੈ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,