ਸਿੱਖ ਖਬਰਾਂ

ਸਿੱਖ ਚਿੰਤਕ ਸ. ਅਜਮੇਰ ਸਿੰਘ ਵੱਲੋਂ ਭਾਈ ਸੁਰਿੰਦਰਪਾਲ ਸਿੰਘ ਦੀ ਅੰਤਿਮ ਅਰਦਾਸ ਮੌਕੇ ਭੇਜਿਆ ਗਿਆ ਸੰਦੇਸ਼

August 23, 2010 | By

ਭਾਈ ਸੁਰਿੰਦਰ ਪਾਲ ਸਿੰਘ

ਭਾਈ ਸੁਰਿੰਦਰ ਪਾਲ ਸਿੰਘ

ਪਟਿਆਲਾ (22 ਅਗਸਤ, 2010): ਉੱਘੇ ਸਿੱਖ ਚਿੰਤਕ ਅਤੇ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਪੁਸਤਕ ਲੜੀ ਦੇ ਕਰਤਾ ਸ. ਅਜਮੇਰ ਸਿੰਘ ਵੱਲੋਂ ਭਾਈ ਸੁਰਿੰਦਰਪਾਲ ਸਿੰਘ ਠਰੂਆ ਨਮਿਤ ਰੱਖੇ ਗਏ ਅੰਤਿਮ ਅਰਦਾਸ ਸਮਾਗਮ ਵਿੱਚ ਭੇਜਿਆ ਗਿਆ ਸੰਦੇਸ਼ ‘ਸਿੱਖ ਸਿਆਸਤ ਨੈਟਵਰਕ’ ਨੂੰ ਪ੍ਰਾਪਤ ਹੋਇਆ ਹੈ। ਸ. ਅਜਮੇਰ ਸਿੰਘ ਯੌਰਪ ਦੇ ਦੌਰੇ ਉੱਪਰ ਗਏ ਹੋਣ ਕਾਰਨ ਅਰਦਾਸ ਵਿੱਚ ਸ਼ਿਰਕਤ ਨਹੀਂ ਕਰ ਸਕੇ। ਉਨ੍ਹਾਂ ਵੱਲੋਂ ਭੇਜੇ ਗਏ ਸੰਦੇਸ਼ ਨੂੰ ਹੇਠਾਂ ਇੰਨ-ਬਿੰਨ ਛਾਪਿਆ ਜਾ ਰਿਹਾ ਹੈ:

“ਅਨੇਕਾਂ ਸੱਜਣਾਂ-ਮਿਤਰਾਂ ਵਾਂਗ ਮੇਰੇ ਲਈ ਵੀ ਇਹ ਬਹੁਤ ਦੁੱਖ ਦੀ ਘੜੀ ਹੈ ਕਿ ਹਰ ਦੁੱਖ-ਸੁਖ ਮੌਕੇ ਅੱਗੇ ਵਧ ਕੇ ਸਾਥ ਦੇਣ ਵਾਲਾ ਸੱਜਣ ਸਾਨੂੰ ਵਿਛੋੜਾ ਦੇ ਗਿਆ ਏ। ਉਸ ਵਿਚ ਕੁਝ ਗੱਲਾਂ ਸਨ ਜੋ ਸਾਡੇ ਵਿਚੋਂ ਵੀ ਬਹੁਤਿਆਂ ਵਿਚ ਸਾਰੀਆਂ ਨਹੀਂ ਹੋਣੀਆਂ। ਮੈਂ ਉਸ ਨੂੰ ਜ਼ਿੰਦਗੀ ਦੇ ਕਈ ਵੱਖ-ਵੱਖ ਮੌਕਿਆਂ ਤੇ ਨੇੜਿਓਂ ਵੇਖਿਆ। ਖਾੜਕੂ ਲਹਿਰ ਵਿਚ ਵਿਚਰਦਿਆਂ, ਸਿੱਖ ਸ਼ਹਾਦਤ ਮੈਗਜ਼ੀਨ ਚਲਾਉਣ ਸਮੇਂ, ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮੁੜ ਉਸਾਰੀ ਸਮੇਂ ਅਤੇ ਰਾਜਨੀਤਿਕ ਪਾਰਟੀ ਦੀ ਸਿਰਜਣਾ ਸਮੇਂ। ਸਾਡੇ ਰਾਜਸੀ ਜਾਂ ਧਾਰਮਿਕ ਖੇਤਰ ਵਿਚ ਜਿਸ ਚੀਜ਼ ਦੀ ਵੱਡੀ ਘਾਟ ਹੈ ਉਹ ਹੈ ਕਿਸੇ ਖਿਆਲ ਨੂੰ ਅਮਲੀ ਜਾਮਾ ਪਾਉਣ ਲਈ ਦ੍ਰਿੜ ਨਿਸ਼ਚਾ ਅਤੇ ਮਿਹਨਤ। ਇਸ ਪੱਖ ਤੋਂ ਸੁਰਿੰਦਰਪਾਲ ਸਿੰਘ ਨੇ ਇਕ ਮਿਸਾਲ ਕਾਇਮ ਕੀਤੀ ਹੈ।ਖਾੜਕੂ ਲਹਿਰ ਨਾਲ ਸੰਬੰਧਤ ਪਰਿਵਾਰਾਂ ਦੀ ਸਾਂਭ-ਸੰਭਾਲ ਦਾ ਕੰਮ ਬਹੁਤ ਵੱਡਾ ਹੈ ਪਰ ਉਸ ਨੇ ਇਸ ਵਿਚ ਹਿੱਸਾ ਬਣਦਿਆਂ ਆਪਣੇ ਆਪ ਨੂੰ ਕਦੇ ਨਹੀਂ ਜਣਾਇਆ।

ਉਹ ਪੜ੍ਹਨ-ਲਿਖਣ ਵਾਲਿਆ ਦਾ ਵੀ ਕਦਰਦਾਨ ਸੀ ਉਸ ਨੂੰ ਗਿਆਨ ਦੀ ਕੀਮਤ ਦਾ ਬਹੁਤ ਅਹਿਸਾਸ ਸੀ। ਮੈਗਜ਼ੀਨ ਚਲਾਉਣ ਲਈ ਉਹ ਸਾਰੇ ਪੰਜਾਬ ਵਿਚ ਘੁੰਮਿਆ। ਆਮ ਪਾਠਕਾਂ ਅਤੇ ਦੁਕਾਨਾਂ ਵਾਲਿਆਂ ਤੋਂ ਲੈ ਕੇ ਵਿਦਵਾਨਾਂ ਤੱਕ ਉਹ ਸਭ ਨੂੰ ਮਿਲਿਆ। ਇਹ ਉਸ ਦੀ ਖੂਬੀ ਸੀ ਕਿ ਉਹ ਹਰ ਪੱਧਰ ਇਨਸਾਨ ਨਾਲ ਗੱਲਬਾਤ ਕਰ ਸਕਦਾ ਸੀ।

ਉਸ ਨੂੰ ਜਿਸ ਕੰਮ ਤੋਂ ਲੱਗਾ ਕਿ ਇਸ ਨਾਲ ਪੰਥ ਦਾ ਫਾਇਦਾ ਹੁੰਦਾ ਹੈ ਉਸ ਨੇ ਬਿਨਾਂ ਝਿਜਕ ਲਗਨ ਅਤੇ ਪੂਰੀ ਸਮਰੱਥਾ ਨਾਲ ਕੀਤਾ। ਕਿਸੇ ਲਹਿਰ ਦੀ ਚੜ੍ਹਤ ਸਮੇਂ ਤਾਂ ਬਹੁਤ ਸਾਰੇ ਲੋਕ ਜੋਸ਼ ਵਿਚ ਰਹਿੰਦੇ ਹਨ ਪਰ ਖੜੋਤ ਜਾਂ ਪਛਾੜ ਦੇ ਸਮੇਂ ਵਿਚ ਸਾਬਤ ਕਦਮੀ ਰਹਿਣਾ ਬਹੁਤ ਔਖਾ ਹੁੰਦਾ ਹੈ। ਜਦੋਂ ਉਸ ਲਹਿਰ ਦੇ ਲੋਕਾਂ ਵਿਚ ਹੀ ਢਾਹੂ ਰੁਚੀਆਂ ਘਰ ਕਰ ਜਾਂਦੀਆਂ ਹਨ ਉਹ ਆਪਣੇ ਆਪ ਹੀ ਉਸ ਨਿਸ਼ਾਨੇ ਲਈ ਰੁਕਾਵਟ ਬਣ ਜਾਂਦੇ ਹਨ। ਅਜਿਹੇ ਲੋਕਾਂ ਵਿਚ ਵਿਚਰਣਾ ਬੇਹੱਦ ਔਖਾ ਹੁੰਦਾ ਹੈ ਇਹ ਔਖ ਵੀ ਉਸ ਦੇ ਹਿੱਸੇ ਆਈ। ਆਪਣੀ ਬੇਬਾਕ ਅਤੇ ਸਪਸ਼ਟ ਗੱਲਬਾਤ ਕਾਰਨ ਬਹੁਤ ਸਾਰੇ ਲੋਕਾਂ ਨੂੰ ਉਹ ਖਰਵਾ ਲੱਗਦਾ ਸੀ ਪਰ ਉਹ ਆਪਣੇ ਮੋਢਿਆਂ ਤੇ ਜਿੰਨਾਂ ਭਾਰ ਲੈ ਕੇ ਤੁਰਿਆ ਹੋਇਆ ਸੀ ਅਤੇ ਸਮੇਂ ਦੀ ਤੇਜ਼ੀ ਦਾ ਜਿੰਨਾ ਉਸ ਨੂੰ ਅਹਿਸਾਸ ਸੀ ਓਥੇ ਹੌਲੀ ਤੁਰਨ ਜਾਂ ਮਲਵੀਂ ਗੱਲ ਕਰਨ ਦੀ ਥਾਂ ਨਹੀਂ ਸੀ ਬਣਦੀ।

ਸੁਰਿੰਦਰਪਾਲ ਸਿੰਘ ਨੂੰ ਮਿਲ ਕੇ ਸਾਫ ਪਤਾ ਲੱਗਦਾ ਸੀ ਕਿ ਨਿਰਾਸ਼ਾ ਜਾਂ ਦੁਬਿਧਾ ਦਾ ਕੋਈ ਨਾਂ-ਨਿਸ਼ਾਨ ਉਸ ਦੇ ਨੇੜੇ ਨਹੀਂ ਸੀ ਆਉਂਦਾ। ਜਿੰਨੀ ਸ਼ਿੱਦਤ ਨਾਲ ਉਹ ਸ਼ੰਘਰਸ਼ ਵਿਚ ਵਿਚਰਿਆ ਓਨੀ ਹੀ ਲਗਨ ਨਾਲ ਅਜੋਕੀ ਗੰਧਲੀ ਸਿਆਸਤ ਵਿਚ ਸਿੱਖ ਪਲੇਟਫਾਰਮ ਬਣਾਉਣ ਲਈ ਯੋਗਦਾਨ ਪਾਇਆ। ਦੋ ਵੱਖ-ਵੱਖ ਪੱਧਰਾ ਉਤੇ ਇਕੋ ਜਿੰਨੀ ਯੋਗਤਾ ਵਿਖਾਉਣੀ ਹਰੇਕ ਦੇ ਹਿੱਸੇ ਨਹੀਂ ਆਉਂਦੀ। ਇਹ ਰਸਮੀ ਕਹਿਣ ਦੀ ਗੱਲ ਨਹੀਂ ਕਿ ਉਸ ਦੇ ਜਾਣ ਨਾਲ ਪੂਰਾ ਨਾ ਹੋਣ ਵਾਲਾ ਘਾਟਾ ਪਿਆ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,