ਸਿੱਖ ਖਬਰਾਂ

ਜੇਲ੍ਹਾਂ ਵਿਚ ਬੰਦ ਨਜਰਬੰਦ ਸਿੰਘਾਂ ਵਲੋਂ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੇ ਅਕਾਲ ਚਲਾਣੇ ਸੰਬੰਧੀ ਭੇਜਿਆ ਸੰਦੇਸ਼

August 23, 2010 | By

ਲੁਧਿਆਣਾ, (22 ਅਗਸਤ, 2010)ਸਿੱਖ ਸੰਘਰਸ਼ ਦੀ ਲਾਸਾਨੀ ਹਸਤੀ ਅਤੇ ਬਿਖੜੇ ਸਮਿਆਂ ਦੇ ਅਡੋਲ ਕਿਰਦਾਰ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੇ ਅਕਾਲ ਚਲਾਣੇ ਉੱਪਰ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸੰਘਰਸ਼ਸ਼ੀਲ ਸਿੱਖਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਕ ਖਾਸ ਸੰਦੇਸ਼ ਭਾਈ ਠਰੂਆ ਨਮਿਤ ਅੰਤਮ ਅਰਦਾਸ ਸਮਾਗਮਾਂ ਵਿੱਚ ਭੇਜਿਆ ਗਿਆ।

Bhai Surinderpal Singh

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਦਫਤਰ ਸਕੱਤਰ ਸ. ਮੇਜਰ ਸਿੰਘ ਹੱਥੀਂ ਭੇਜੇ ਗਏ ਇਸ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ:

“ਸਿੱਖ ਸੰਘਰਸ਼ ਨਾਲ ਜੁੜੇ ਵੱਖ ਵੱਖ ਜੇਲ੍ਹਾਂ ਵਿਚ ਨਜਰਬੰਦ ਸਿੰਘਾਂ ਨੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਨਰਲ ਸਕੱਤਰ  ਜਥੇਦਾਰ ਸੁਰਿੰਦਰਪਾਲ ਸਿੰਘ ਠੱਰੂਆ ਦੇ ਅਕਾਲ ਚਲਾਣੇ ਉਪਰ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸਨੂੰ ਸਿੱਖ ਸੰਘਰਸ਼ ਲਈ ਨਾਂਹ ਪੂਰਾ ਹੋਣ ਵਾਲਾ ਘਾਟਾ ਦਸਿਆ ਹੈ। ਜੇਲ ਤੋਂ ਜਾਰੀ ਇਕ ਬਿਆਨ ਵਿਚ ਉਨ੍ਹਾਂ ਕਿਹਾ ਹੈ ਕਿ ਸੁਰਿੰਦਰਪਾਲ ਸਿੰਘ ਨੇ  ਸਿੱਖ ਸੰਘਰਸ  ਵਿਚ ਬਹੁਤ ਹੀ ਅਹਿਮ ਤੇ ਆਪਾ-ਵਾਰੂ  ਯੋਗਦਾਨ ਪਾਇਆ ।ਆਪਣਾ ਸੁਨਹਿਰੀ ਦੁਨਿਆਵੀ ਸੁਖ ਤਿਆਗਕੇ ਉਹ ਆਪਣੀ ਜਿੰਦਗੀ ਤੇ ਪਹਿਲੇ ਪੜਾਅ ਵਿਚ ਹੀ ਸੰਘਰਸ਼ ਵਿਚ ਕੁੱਦ ਪਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਸਰਕਾਰੀ ਤਸੱਦਦ ਨੂੰ ਖਿੜੇ ਮੱਥੇ ਆਪਣੇ ਪਿੰਡੇ ਤੇ ਹੰਢਾਇਆ।ਸੰਘਰਸ਼ ਵਿਚ ਅਨੇਕ ਉਤਰਾਅ-ਚੜਾਅ ਆਏ ਪਰ ਸੁਰਿੰਦਰਪਾਲ ਸਿੰਘ ਬਿਲਕੁਲ ਅਡੋਲ ਰਹਿੰਦੇ ਹੋਏ ਕੌਮ ਪ੍ਰਤੀ ਆਪਣੇ ਫਰਜ਼ਾਂ ਨੂੰ ਬੜੀ ਹੀ ਦਿਆਨਤਦਾਰੀ ਤੇ ਜਿੰਮੇਵਾਰੀ ਨਾਲ ਨਿਭਾਉਂਦੇ ਰਹੇ।ਸੰਘਰਸ਼ ਤੋਂ ਪੀੜਤ ਪਰਿਵਾਰਾਂ ਦੀ ਸੇਵਾ ਸੰਭਾਲ ਕਰਦੇ ਹੋਏ,ਜੇਲ੍ਹੀਂ ਡੱਕੇ ੰਿਸੰਘਾਂ ਦੇ ਅਦਾਲਤੀ ਕੇਸਾਂ ਦੀ ਪੈਰਵਾਈ ਕਰਦੇ ਹੋਏ ਕਦੇ ਵੀ ਉਨ੍ਹਾਂ ਦੇ ਚਿਹਰੇ ਤੇ ਸਿਕਨ ਜਾਂ ਥਕਾਵਟ ਨਹੀਂ ਸੀ ਦੇਖੀ ਗਈ।ਸਵੇਰ ਤੋਂ ਰਾਤ ਤਕ ਪੰਥਕ ਰੁਝੇਵਿਆਂ ਵਿਚ ਰੁਝੇ ਰਹਿਣ ਦੇ ਬਾਵਜੂਦ ਕਦੇ ਵੀ ਉਨ੍ਹਾਂ ਨੇ ਥਕਾਵਟ ਮਹਿਸੂਸ ਨਹੀਂ ਸੀ ਕੀਤੀ ਸਗੋਂ ਉਹ ਸੇਵਾ ਲਈ ਹਮੇਸ਼ਾਂ ਤਤਪਰ ਰਹਿਣ ਵਿਚ ਆਪਣੇ ਸੰਗੀ ਸਾਥੀਆਂ ਲਈ ਇਕ ਮਿਸਾਲ ਸਨ।‘ਸਿੱਖ ਸਹਾਦਤ’ ਮੈਗਜ਼ੀਨ ਦੀ ਸਥਾਪਨਾ ਤੇ ਇਸ ਰਾਂਹੀ ਪੰਥਕ ਮੁੱਦਿਆਂ ਨੂੰ ਹਰ ਸਿੱਖ ਤਕ ਪਹੁੰਚਾਉਣਾ,ਪੰਥ ਨੂੰ ਦਰਪੇਸ ਮਨੁੱਖੀ ਅਧਿਕਾਰਾਂ ਸਬੰਧੀ ਮੁੱਦਿਆ  ਨੂੰ ਲੈਕੇ ਪੰਥਕ ਧਿਰਾਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਕਰਨਾ,ਪੰਥਕ ਸਿਆਸੀ ਮੰਚ ਉਸਾਰਣ ਵਜੋਂ  ਸ਼੍ਰੋਮਣੀ ਖਾਲਸਾ ਦਲ ਤੇ ਉਪਰੰਤ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ ) ਦਾ ਗਠਨ ਕਰਨ ਵਿਚ ਉਨ੍ਹਾਂ ਦਾ ਬਹੁਤ ਹੀ ਭਰਵਾਂ ਯੋਗਦਾਨ ਰਿਹਾ ਹੈ।

ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪੁਨਰ ਸਥਾਪਨਾ ਅਤੇ ਇਸ ਨੂੰ  ਆਉਂਦੇ ਸਮੇਂ ਦੀਆਂ ਚੁਨੌਤੀਆਂ ਦੇ ਹਾਣ ਦਾ ਬਣਾਉਣਾ ਅਤੇ ਸਿੱਖ ਬੁਧੀਜੀਵੀਆਂ ਨੂੰ ਸਿੱਖ ਸੰਘਰਸ਼ ਨਾਲ ਜੋੜਣ ਵਿਚ ਉਹ ਖਾਸ ਦਿਲਚਸਪੀ ਰੱਖਦੇ ਸਨ ਅਤੇ ਇਸ ਪਾਸੇ ਵੱਲ  ਕੀਤੇ ਉਨ੍ਹਾਂ ਦੇ ਯਤਨ ਭਵਿੱਖ ਵਿਚ ਸਿੱਖ ਸੰਘਰਸ਼ ਦੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸਾਰਥਕ ਸਿੱਧ ਹੋਣਗੇ।

ਮਿਲਣਸਾਰ,ਮਿੱਠ ਬੋਲੜੇ ਤੇ ਸਿਧਾਂਤਕ ਅਸੂਲਾਂ ਉਪਰ ਸਖਤੀ ਨਾਲ ਪਹਿਰਾ ਦੇਣ ਵਾਲੇ ਆਪਣੇ ਸਾਥੀ ਸੁਰਿੰਦਰਪਾਲ ਸਿੰਘ ਠੱਰੂਆ ਦੀ ਸਖਸੀਅਤ ਨੂੰ ਨਮਸਤਕ ਹੁੰਦੇ ਹੋਏ  ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਦੁਖ ਤੇ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ।ਉਨ੍ਹਾਂ ਦੀ ਮਿੱਠੀ ਯਾਦ  ਆਉਣ ਵਾਲੇ ਸਮੇਂ ਦੇ ਸੰਘਰਸ਼ ਵਿਚ ਵੀ ਸਾਡੇ ਲਈ ਪ੍ਰੇਰਨਾ ਸ੍ਰੋਤ ਬਣੀ ਰਹੇਗੀ।”

ਸੁਨੇਹਾ ਭੇਜਣ ਵਾਲਿਆਂ ਵਿੱਚ ਲਾਲ ਸਿੰਘ ਅਕਾਲਗੜ੍ਹ, ਗੁਰਪ੍ਰੀਤ ਸਿੰਘ, ਪ੍ਰੋ. ਗੁਰਬੀਰ ਸਿੰਘ,ਹਰਨੇਕ ਸਿੰਘ ਭੱਪ,ਜਸਵੀਰ ਸਿੰਘ ਜੱਸਾ ਮਾਣਕੀ,ਪਰਮਜੀਤ ਸਿੰਘ ਢਾਡੀ (ਸਾਰੇ ਨਾਭਾ ਜੇਲ) ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਪਲਵਿੰਦਰ ਸਿੰਘ ਸਤਰਾਣਾ (ਲੁਧਿਆਣਾ ਜੇਲ) ਸ਼ਾਮਿਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,