ਸਿੱਖ ਖਬਰਾਂ

ਸਿੱਖ ਆਗੂ ਜਮਾਨਤ ਉੱਤੇ ਨਾਭਾ ਜੇਲ੍ਹ ਵਿਚੋਂ ਰਿਹਾਅ

February 14, 2011 | By

ਨਾਭਾ (14 ਫਰਵਰੀ, 2011): ਨੌਜਵਾਨ ਸਿੱਖ ਆਗੂ ਤੇ ਮਨੁੱਖੀ ਹੱਕਾਂ ਦੀ ਸੰਸਥਾ ਸਿੱਖਸ ਫਾਰ ਹਿਊਮਨ ਰਾਈਟਸ ਦੇ ਪ੍ਰੀਜ਼ੀਡੀਅਮ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦੀ ਅੱਜ ਨਾਭਾ ਜੇਲ੍ਹ ਵਿਚੋਂ ਜਮਾਨਤ ਉੱਤੇ ਰਿਹਾਈ ਹੋ ਗਈ। ਵਿਦਿਆਰਥੀ ਜੀਵਨ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਰਹੇ ਐਡਵੋਕੇਟ ਮੰਝਪੁਰ ਹੁਣ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਮੀਡੀਆ ਕਮੇਟੀ ਦੇ ਮੈਂਬਰ ਹਨ। ਉਹ ਪਿਛਲੇ ਤਕਰੀਬਨ ਡੇਢ ਸਾਲ ਤੋਂ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ 1967 ਤਹਿਤ ਨਜ਼ਰਬੰਦ ਸਨ। ਉਨ੍ਹਾਂ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨਾਲ ਸੰਬੰਧਤ ਭਾਈ ਪਲਵਿੰਦਰ ਸਿੰਘ ਸ਼ੁਤਰਾਣਾ ਅਤੇ ਭਾਈ ਗੁਰਦੀਪ ਸਿੰਘ ਰਾਜੂ ਵੀ ਨਾਭਾ ਜੇਲ੍ਹ ਵਿਚੋਂ ਰਿਹਾਅ ਹੋ ਗਏ। ਇਸ ਮੌਕੇ ਪੰਚ ਪ੍ਰਧਾਨੀ ਦੇ ਕੌਮੀ ਪੰਚ ਭਾਈ ਕਮਿੱਕਰ ਸਿੰਘ ਮੁਕੰਦਪੁਰ, ਭਾਈ ਕੁਲਬੀਰ ਸਿੰਘ ਬੜ੍ਹਾ ਪਿੰਡ ਅਤੇ ਭਾਈ ਦਇਆ ਸਿੰਘ ਕੱਕੜ, ਸਿੱਖਸ ਫਾਰ ਹਿਊਮਨ ਰਾਈਟਸ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ ਉਚੇਚੇ ਤੌਰ ਉੱਤੇ ਪਹੁੰਚੇ ਹੋਏ ਸਨ। ਰਿਹਾਈ ਮੌਕੇ ਨਾਭਾ ਜੇਲ੍ਹ ਦੇ ਬਾਹਰ ਵੱਡੀ ਗਿਚਤੀ ਵਿਚ ਪਹੁੰਚੇ ਪੰਚ ਪ੍ਰਧਾਨੀ ਦੇ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਰਿਹਾਈ ਦਾ ਸਵਾਗਤ ਕੀਤਾ। ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸ੍ਰ. ਜਸਵੀਰ ਸਿੰਘ ਖੰਡੂਰ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਜੈ ਤਿਵਾੜੀ ਨੇ ਬੀਤੀ 7 ਫਰਵਰੀ ਨੂੰ ਲੁਧਿਆਣਾ ਵਿਖੇ ਦਰਜ਼ ੳਕਤ ਮੁਕਦਮੇਂ ਵਿਚ ਜਮਾਨਤ ਦੇ ਦਿੱਤੀ ਸੀ। ਇਸ ਮੁਕਦਮੇਂ ਵਿਚ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਵੀ ਅਦਾਲਤ ਵੱਲੋਂ ਜਮਾਨਤ ਮਿਲ ਚੁੱਕੀ ਹੈ, ਪਰ ਪੰਜਾਬ ਪੁਲਿਸ ਨੇ ਉਨ੍ਹਾਂ ਖਿਲਾਫ ਮਾਨਸਾ ਅਤੇ ਰੋਪੜ ਵਿਖੇ ਵੀ ਝੂਠੇ ਮੁਕਦਮੇਂ ਦਰਜ਼ ਕੀਤੇ ਹੋਏ ਹਨ, ਜਿਸ ਕਾਰਨ ਉਨ੍ਹਾਂ ਦੀ ਅੱਜ ਰਿਹਾਈ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਾਲ 2007 ਦੌਰਾਨ ਪੰਜਾਬ ਵਿਧਾਨ ਸਭਾ ਦੀ ਚੋਣ ਟਾਂਡਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ਉੱਤੇ ਲੜੀ ਸੀ ਤੇ ਹੁਣ ਮਨੁੱਖੀ ਹੱਕਾਂ ਦੇ ਨਾਲ-ਨਾਲ ਸਿਆਸੀ ਖੇਤਰ ਵਿਚ ਸਰਗਰਮ ਸਨ। ਗ੍ਰਿਫਤਾਰੀ ਤੋਂ ਪਹਿਲਾਂ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਤਿਆਰੀ ਲਈ ਆਪਣੇ ਹਲਕੇ ਵਿਚ ਜਥੇਬੰਦਕ ਸਰਗਰਮੀ ਕਰ ਰਹੇ ਸਨ। ਭਾਈ ਪਲਵਿੰਦਰ ਸਿੰਘ ਸ਼ੁਤਰਾਣਾ ਭਾਈ ਦਲਜੀਤ ਸਿੰਘ ਦੇ ਨਿਜੀ ਸਹਿਯੋਗੀ ਤੇ ਡਰਾਈਵਰ ਹਨ ਤੇ ਭਾਈ ਗੁਰਦੀਪ ਸਿੰਘ ਰਾਜੂ ਪੰਚ ਪ੍ਰਧਾਨੀ ਦੇ ਦਫਤਰ ਵਿਚ ਸੇਵਾਦਾਰ ਹੈ। ਪੰਚ ਪ੍ਰਧਾਨੀ ਨਾਲ ਸੰਬੰਧਤ ਹੋਣ ਕਾਰਨ ਹੀ ਉਨਹਾਂ ਉਪਰ ਝੂਠਾ ਕੇਸ ਦਰਜ਼ ਕਰਕੇ ਲੰਮੇ ਸਮੇਂ ਲਈ ਨਜ਼ਰਬੰਦ ਰੱਖਿਆ ਹੈ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਨਾਭਾ ਜੇਲ੍ਹ ਵਿਚੋਂ ਬਾਹਰ ਆਉਣ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਸਰਕਾਰ ਉੱਤੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਪੁਲਿਸ ਅਤੇ ਕਾਨੂੰਨ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਸਰਕਾਰ “ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ, 1967” ਜੋ ਕਿ ਨਵੰਬਰ 2008 ਦੇ ਮੁੰਬਈ ਹਮਲਿਆਂ ਤੋਂ ਬਾਅਦ 31 ਦਸੰਬਰ ਨੂੰ “ਸੋਧਿਆਂ” ਗਿਆ ਸੀ, ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਹੁਣ “ਟਾਡਾ” ਅਤੇ “ਪੋਟਾ” ਵਰਗਾ ਹੀ ਇੱਕ ਕਾਲਾ ਕਾਨੂੰਨ ਬਣ ਚੁੱਕਾ ਹੈ, ਜਿਸ ਦੀ ਵਰਤੋਂ ਲੋਕਾਂ ਦੇ ਹੱਕਾਂ, ਅਤੇ ਖਾਸ ਕਰਕੇ ਸਿਆਸੀ ਵਿਰੋਧੀਆਂ ਦੇ ਹੱਕਾਂ, ਨੂੰ ਦਬਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਡੇਢ ਸਾਲ ਦੀ ਨਜ਼ਰਬੰਦੀ ਦੌਰਾਨ ਪੰਜਾਬ ਸਰਕਾਰ ਉਨ੍ਹਾਂ ਖਿਲਾਫ ਇਕ ਵੀ ਗਵਾਹ ਜਾ ਸਬੂਤ ਅਦਾਲਤ ਵਿਚ ਪੇਸ਼ ਨਹੀਂ ਕਰ ਸਕੀ ਜਿਸ ਤੋਂ ਕੋਈ ਛੋਟਾ ਜਿਨਾਂ ਜ਼ੁਰਮ ਸਾਬਤ ਹੁੰਦਾ ਹੋਵੇ। ਉਨ੍ਹਾਂ ਦੋਸ਼ ਲਗਾਇਆਂ ਕਿ ਪੰਜਾਬ ਸਰਕਾਰ ਜਾਣ-ਬੁੱਝ ਕੇ ਮੁਕਦਮਿਆਂ ਦੀ ਕਾਰਵਾਈ ਨੂੰ ਲਮਕਾ ਰਹੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚ ਪ੍ਰਧਾਨੀ ਦੇ ਧਾਰਮਿਕ ਵਿੰਗ ਦੇ ਮੁਖੀ ਬਾਬਾ ਹਰਦੀਪ ਸਿੰਘ ਮਹਿਰਾਜ, ਇਸਤਰੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਬੀਬੀ ਪਰਮਿੰਦਰਪਾਲ ਕੌਰ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਸੇਵਕ ਸਿੰਘ, ਫੈਡਰੇਸ਼ਨ ਦੇ ਮੌਜੂਦਾ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ ਤੇ ਮੀਤ ਪ੍ਰਧਾਨ ਮੱਖਣ ਸਿੰਘ (ਗੰਢੂਆਂ), ਪੰਚ ਪ੍ਰਧਾਨੀ ਦੇ ਆਗੂ ਸੁਰਿੰਦਰ ਸਿੰਘ ਕਿਸ਼ਨਪੁਰਾ, ਅਮਰੀਕ ਸਿੰਘ ਈਸੜੂ, ਸਤਨਾਮ ਸਿੰਘ ਭਾਰਪੁਰ, ਸੰਦੀਪ ਸਿੰਘ ਕੈਨੇਡੀਅਨ, ਸੰਤੋਖ ਸਿੰਘ ਸਲਾਣਾ, ਪਲਵਿੰਦਰ ਸਿੰਘ ਤਲਵਾੜਾ, ਗੁਰਮੀਤ ਸਿੰਘ ਗੋਗਾ, ਜਗਦੀਸ ਸਿੰਘ ਪਟਿਆਲਾ, ਹਰਪਾਲ ਸਿੰਘ ਮੌਜੇਵਾਲ,ਭਗਵੰਤ ਸਿੰਘ ਸੁਨਾਮ, ਗੁਰਦੀਪ ਸਿੰਘ ਕਾਲਾਝਾੜ, ਜਸਵੀਰ ਸਿੰਘ ਡਾਂਗੋ, ਮਹਿੰਦਰਪਾਲ ਸਿੰਘ ਦਾਨਗੜ੍ਹ, ਬਲਜਿੰਦਰ ਸਿੰਘ ਵੀਰ, ਬਾਬੂ ਸਿੰਘ ਕਾਨਗੜ੍ਹ, ਪਰਮਜੀਤ ਸਿੰਘ ਪੰਮਾ, ਹਰਜਿੰਦਰ ਸਿੰਘ ਮਾਂਗਟ, ਸੁਲਤਾਨ ਸਿੰਘ ਸੋਢੀ, ਕਰਮਜੀਤ ਸਿੰਘ ਧੰਜਲ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,